Sun. Apr 21st, 2019

ਪੰਜਾਬ ਦੀ ਖੇਤੀ ਵਿੱਚ ਬਦਲਾਅ ਦੀ ਅਹਿਮ ਲੋੜ

ਪੰਜਾਬ ਦੀ ਖੇਤੀ ਵਿੱਚ ਬਦਲਾਅ ਦੀ ਅਹਿਮ ਲੋੜ

30-3
ਦਿੜ੍ਹਬਾ ਮੰਡੀ 29 ਮਈ (ਰਣ ਸਿੰਘ ਚੱਠਾ) ਹਵਾ ਪਾਣੀ ਅਤੇ ਮਿੱਟੀ ਸਾਡੇ ਅਹਿਮ ਪ੍ਰਾਕਿਰਤਿਕ ਸੋਮੇ ਹਨ। ਹਰ ਤਰ੍ਹਾਂ ਦੇ ਪੌਦੇ, ਜੀਵ-ਜੰਤੂ, ਪਸ਼ੂ, ਪੰਛੀ ਅਤੇ ਮਨੁੱਖ ਇਨ੍ਹਾਂ ਕੁਦਰਤੀ ਸੋਮਿਆਂ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ। ਪੌਦੇ ਅਤੇ ਜੀਵ ਆਪਸ ਵਿਚ ਵੀ ਇਕ-ਦੂਜੇ ਉਤੇ ਨਿਰਭਰ ਕਰਦੇ ਹਨ ਅਤੇ ਇਹ ਕੁਦਰਤੀ ਸੋਮਿਆਂ ਉਤੇ ਵੀ ਨਿਰਭਰ ਕਰਦੇ ਹਨ। ਇਹ ਸਭ ਰਲ ਕੇ ਆਪਸੀ ਇਕਮੁੱਠਤਾ ਅਤੇ ਆਪਸੀ ਨਿਰਭਰਤਾ ਵਾਲੀ ਪ੍ਰਣਾਲੀ ਬਣਾਉਂਦੇ ਹਨ ਅਤੇ ਇਕ ਕੜੀ ਵਿਚ ਬੱਝੇ ਹੋਏ ਹਨ। ਜੇਕਰ ਅਸੀਂ ਇਸ ਕੁਦਰਤੀ ਕੜੀ ਵਿਚੋਂ ਕੁਝ ਵੀ ਕੱਢਦੇ ਹਾਂ ਜਾਂ ਵੱਧ-ਘੱਟ ਕਰਦੇ ਹਾਂ ਤਾਂ ਇਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ ਅਤੇ ਇਹ ਹੀ ਘਾਟਾ ਪਾਇਆ ਹੈ ਹਰੇ ਇਨਕਲਾਬ ਨੇ ਪੰਜਾਬ ਵਿਚ। ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਪਣੀ ਪ੍ਰਣਾਲੀ ਨੂੰ ਤੰਦਰੁਸਤ ਰੱਖ ਸਕੀਏ ਤਾਂ ਸਾਨੂੰ ਖੇਤੀ ਵਿਭਿੰਨਤਾ ਤੁਰੰਤ ਅਪਣਾਉਣੀ ਹੀ ਪਵੇਗੀ। ਇਸੇ ਕਰਕੇ ਸਾਨੂੰ ਫ਼ਸਲਾਂ ਦੀ ਕਾਸ਼ਤ ਕਰਦਿਆਂ ਸਬਜ਼ੀਆਂ ਦੀ ਕਾਸ਼ਤ, ਖੁੰਭਾਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਬਾਗਬਾਨੀ, ਜੈਵਿਕ ਖੇਤੀ, ਡੇਅਰੀ, ਖਰਗੋਸ਼ ਪਾਲਣਾ, ਸੂਰ ਪਾਲਣਾ, ਮੱਛੀ ਪਾਲਣਾ, ਮੁਰਗੀ ਪਾਲਣਾ, ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ਵਰਗੇ ਸਹਾਇਕ ਧੰਦਿਆਂ ਨੂੰ ਵੀ ਆਪਣੇ ਰੋਜ਼ਾਨਾ ਦੇ ਕਾਰ-ਵਿਹਾਰ ਦਾ ਹਿੱਸਾ ਬਣਾਉਣਾ ਹੀ ਪਵੇਗਾ।
ਪਿਛਲੇ ਸਾਲਾਂ ਵਿਚ ਅਸੀਂ ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਆਪਣੇ ਜ਼ਮੀਨੀ ਪਾਣੀ ਨੂੰ ਮੁਕਾਉਣ ਦੇ ਨਾਲ-ਨਾਲ ਇਸ ਦੀ ਗੁਣਵਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਕਣਕ ਅਤੇ ਝੋਨੇ ਵਿਚ ਬੇਲੋੜੀਆਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਵਰਤ-ਵਰਤ ਕੇ ਅਸੀਂ ਆਪਣੀ ਮਿੱਟੀ ਅਤੇ ਹਵਾ ਦੀ ਸ਼ੁੱਧਤਾ ਨੂੰ ਵੱਡਾ ਖੋਰਾ ਲਾਇਆ ਹੈ। ਜਦੋਂ ਇਕੋ ਹੀ ਫਸਲ ਹਰ ਸਾਲ ਇਕ ਖੇਤ ਵਿਚ ਬੀਜੀ ਜਾਂਦੀ ਹੈ ਤਾਂ ਉਸ ਦੇ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਜੀਵਨ ਚੱਕਰ ਨਹੀਂ ਟੁੱਟਦਾ ਅਤੇ ਇਨ੍ਹਾਂ ਦਾ ਹਮਲਾ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਸਾਨੂੰ ਜ਼ਹਿਰਾਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸ ਦੇ ਨਾਲ ਹੀ ਜ਼ਮੀਨ ਵਿਚਲੇ ਤੱਤਾਂ ਦਾ ਸਹੀ ਇਸਤੇਮਾਲ ਵੀ ਨਹੀਂ ਹੁੰਦਾ ਕਿਉਂਕਿ ਕੁਝ ਤੱਤਾਂ ਦੀ ਲਗਾਤਾਰ ਘਾਟ ਆਉਂਦੀ ਰਹਿੰਦੀ ਹੈ, ਜੋ ਰਸਾਇਣਿਕ ਖਾਦਾਂ ਦੇ ਰੂਪ ਵਿਚ ਪੂਰੀ ਕੀਤੀ ਜਾਂਦੀ ਹੈ ਅਤੇ ਕੁਝ ਤੱਤ ਕਾਫ਼ੀ ਮਾਤਰਾ ਵਿਚ ਜ਼ਮੀਨ ਵਿਚ ਅਣਵਰਤੇ ਪਏ ਰਹਿੰਦੇ ਹਨ।
ਪੰਜਾਬ ਵਿਚ 1961 ਵਿਚ ਝੋਨੇ ਹੇਠ ਰਕਬਾ 2.4 ਲੱਖ ਹੈਕਟੇਅਰ ਸੀ ਜੋ ਸਾਲ 2014-2015 ਦੌਰਾਨ ਵਧ ਕੇ 28-29 ਲੱਖ ਹੈਕਟੇਅਰ ਹੋ ਗਿਆ। ਇਸ ਸਮੇਂ ਦੌਰਾਨ ਘਾਣ ਹੋਏ ਕੁਦਰਤੀ ਸੋਮਿਆਂ ਦੀ ਬਹਾਲੀ ਲਈ ਝੋਨੇ ਹੇਠੋਂ ਰਕਬਾ ਕੱਢ ਕੇ ਹੋਰ ਬਦਲਵੀਆਂ ਫਸਲਾਂ ਜਿਵੇਂ ਮੱਕੀ, ਕਪਾਹ, ਗੰਨਾ, ਗੁਆਰਾ, ਚਾਰਾ, ਅਰਹਰ, ਮੂੰਗਫਲੀ ਅਤੇ ਮੂੰਗੀ, ਫਲਦਾਰ ਬੂਟੇ ਜਿਵੇਂ ਕਿੰਨੂ, ਅਮਰੂਦ, ਨਾਸ਼ਪਾਤੀ ਆਦਿ। ਸਬਜ਼ੀਆਂ ਜਿਵੇਂ ਮਿਰਚ, ਹਲਦੀ, ਟਮਾਟਰ, ਲਸਣ, ਕਾਲੀ ਮਿਰਚ ਅਤੇ ਪਿਆਜ਼ ਅਤੇ ਵਣ ਖੇਤੀ ਹੇਠ ਲਿਆਉਣ ਦੀ ਲੋੜ ਹੈ ਅਤੇ ਪੈਦਾਵਾਰ ਦੇ ਮੰਡੀਕਰਨ ਅਤੇ ਰੇਟ ਨਿਰਧਾਰਤ ਕਰਨ ਲਈ ਵੀ ਉਚੇਚੀ ਤਿਆਰੀ ਕੀਤੀ ਜਾਵੇ।
ਸਰਕਾਰ ਵੱਲੋਂ ਇਨ੍ਹਾਂ ਫਸਲਾਂ ਅਤੇ ਬੂਟਿਆਂ ਨਾਲ ਸਬੰਧਤ ਮਸ਼ੀਨਰੀ, ਬੀਜ, ਦਵਾਈਆਂ, ਖਾਦਾਂ ਉਤੇ 50 ਫ਼ੀਸਦੀ ਸਬਸਿਡੀ ਦੇਣ ਦੇ ਨਾਲ-ਨਾਲ ਇਨ੍ਹਾਂ ਦੀ ਉਪਜ ਤੋਂ ਵੱਖ-ਵੱਖ ਉਤਪਾਦ ਬਣਾਉਣ ਲਈ ਵੀ ਹਰ ਉਪਾਅ ਕੀਤਾ ਜਾਵੇ। ਦੁਧਾਰੂ ਪਸ਼ੂਆਂ ਦੀਆਂ ਵਧੀਆਂ ਨਸਲਾਂ ਅਤੇ ਛੋਟੇ ਜ਼ਿਮੀਂਦਾਰਾਂ ਲਈ ਬੱਕਰੀਆਂ ਅਤੇ ਸੂਰਾਂ ਲਈ ਸਪੈਸ਼ਲ ਸਹੂਲਤ ਦਿੱਤੀ ਜਾਵੇ।
ਇਸ ਵਿਚ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਪੰਜਾਬ ਦਾ ਤਕਰੀਬਨ ਅੱਧਾ ਰਕਬਾ ਝੋਨਾ ਲਾਉਣ ਲਈ ਉਚਿਤ ਨਹੀਂ ਹੈ ਪਰ ਸਾਰੇ ਦੇਸ਼ ਦਾ ਢਿੱਡ ਭਰਨ ਕਰਕੇ ਅਤੇ ਹੋਰ ਫਸਲਾਂ ਲਈ ਕੋਈ ਠੋਸ ਪਾਲਿਸੀ ਨਾ ਹੋਣ ਕਰਕੇ ਕਿਸਾਨਾਂ ਨੇ ਆਪਣੀ ਪ੍ਰਕਿਰਤੀ ਨੂੰ ਖੋਰਾ ਲਾਇਆ ਹੈ।ਸਰਕਾਰ ਵੱਲੋਂ ਕੀਤੇ ਜਾ ਰਹੇ ਇਹ ਸਾਰੇ ਵਸੀਲੇ ਤਾਂ ਹੀ ਅਮਲੀ ਰੂਪ ਲੈਣਗੇ, ਜੇਕਰ ਉਸ ਵੱਲੋਂ ਬਣਾਈ ਜਾਂਦੀ ਹਰ ਯੋਜਨਾ ਕਿਸਾਨ ਪੱਖੀ ਹੋਵੇ ਅਤੇ ਇਹ ਮੌਸਮ, ਜ਼ਮੀਨ ਤੇ ਪਾਣੀ ਦੇ ਅਨੁਸਾਰ ਹੋਵੇ। ਕਿਸਾਨ ਭਰਾਵਾਂ ਨੂੰ ਵੀ ਕਣਕ-ਝੋਨੇ ਵਾਲੀ ਆਪਣੀ ਸੋਚ ਬਦਲਣ ਲਈ ਖੇਤੀ ਸਾਹਿਤ, ਖੇਤੀ ਮਾਹਿਰਾਂ ਅਤੇ ਕਿਸਾਨ ਮੇਲਿਆਂ ਵਿਚ ਦਿਲਚਸਪੀ ਪੈਦਾ ਕਰਨੀ ਪਵੇਗੀ ਅਤੇ ਵਿਗਿਆਨਿਕ ਵਿਧੀ ਨਾਲ ਆਧੁਨਿਕ ਤਕਨੀਕੀ ਖੇਤੀ ਕਰਨੀ ਪਵੇਗੀ ਤਾਂ ਹੀ ਉਹ ਆਪਣੇ-ਆਪ ਨੂੰ ਖੁਸ਼ਹਾਲ ਕਰਨ ਦੇ ਨਾਲ-ਨਾਲ ਆਪਣੀਆਂ ਰੱਬੀ ਦਾਤਾਂ ਨੂੰ ਸੁਰੱਖਿਅਤ ਰੱਖ ਸਕੇਗਾ। ਇਥੇ ਇਹ ਕਹਿਣਾ ਵਧੇਰੇ ਵਾਜਿਬ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਕਿਸਾਨਾਂ ਨੂੰ ਸਾਂਝੇ ਯਤਨ ਕਰਕੇ ਹੀ ਇਸ ਮਹੱਤਵਪੂਰਨ ਕੰਮ ਨੂੰ ਸੰਪੂਰਨਤਾ ਮਿਲ ਸਕਦੀ ਹੈ।

Share Button

Leave a Reply

Your email address will not be published. Required fields are marked *

%d bloggers like this: