Sat. Apr 4th, 2020

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ `ਤੇ ਦੋ ਰੋਜ਼ਾ ਕੌਮੀ ਸੈਮੀਨਾਰ ਸ਼ੁਰੂ

ਪੰਜਾਬ ਦੀ ਆਰਥਿਕਤਾ ਦੇ ਸਮਕਾਲੀ ਮੁੱਦਿਆਂ `ਤੇ ਦੋ ਰੋਜ਼ਾ ਕੌਮੀ ਸੈਮੀਨਾਰ ਸ਼ੁਰੂ

ਪੰਜਾਬ ਦੀ ਆਰਥਿਕਤਾ ਨੂੰ ਨਿਘਾਰ ਤੋਂ ਉਭਾਰਨ ਦੀ ਲੋੜ: ਮੈਂਬਰ ਵਿਤ ਕਮਿਸ਼ਨ
ਯੂਰੀਆ ਦੀ ਵੱਧ ਵਰਤੋਂ ਅਤੇ ਘੱਟ ਰਿਹਾ ਪਾਣੀ ਦਾ ਪੱਧਰ ਪੰਜਾਬ ਕਿਰਸਾਨੀ ਦੀ ਆਰਥਿਕਤਾ ਦੇ ਨਾਲ ਸਮਾਜ ਲਈ ਘਾਤਕ: ਪ੍ਰੋ. ਵਿਸ਼ਨਦਾਸ

ਅੰਮ੍ਰਿਤਸਰ, 21 ਫਰਵਰੀ, 2020 (ਨਿਰਪੱਖ ਆਵਾਜ਼): ਕਮਿਸ਼ਨ ਫਾਰ ਐਗਰੀਕਲਚਰ ਕੌਸਟ ਐਂਡ ਪਰਾਈਜ਼ਜ਼, ਨਵੀਂ ਦਿੱਲੀ ਦੇ ਸਾਬਕਾ ਚੇਅਰਮੈਨ, ਪ੍ਰੋ. ਡਾ. ਅਸ਼ੋਕ ਵਿਸ਼ਨਦਾਸ ਨੇ ਕਿਹਾ ਹੈ ਕਿ ਪੰਜਾਬ ਦੀ ਕਿਰਸਾਨੀ ਨੂੰ ਆਪਣੇ ਘੇਰਿਆਂ ਤੋਂ ਪਾਰ ਜਾਂਦੇ ਹੋਏ ਉਤਪਾਦਨ, ਸਰਵਿਸ ਖੇਤਰ, ਨਿਪੁੰਨਤਾ ਅਤੇ ਵਿਗਿਆਨ-ਤਕਨਾਲੋਜੀ ਦੇ ਹਾਣੀ ਹੋਣਾ ਪਵੇਗਾ ਤਾਂ ਹੀ ਉਹ ਕਿਰਸਾਨੀ ਤੋਂ ਲਾਹਾ ਪ੍ਰਾਪਤ ਕਰ ਸਕਣਗੇ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ `ਪੰਜਾਬ ਆਰਥਿਕਤਾ ਦੇ ਸਮਕਾਲੀ ਮੁੱਦੇ – ਮਾਰਗਦਰਸ਼ਨ` ਵਿਸ਼ੇ `ਤੇ ਸ਼ੁਰੂ ਹੋਏ ਦੋ ਰੋਜ਼ਾ ਯੂ.ਜੀ.ਸੀ. ਨੈਸ਼ਨਲ ਸੈਮੀਨਾਰ ਦੇ ਉਦਘਾਟਨੀ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਵੱਲੋਂ ਇਸ ਸੈਮੀਨਾਰ ਦਾ ਆਯੋਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਅਕਾਦਿਮਕ ਅਦਾਰਿਆਂ ਤੋਂ ਪ੍ਰਸਿੱਧ ਵਿਦਵਾਨ ਅਤੇ ਖੋਜਾਰਥੀ ਹਿੱਸਾ ਲੈ ਰਹੇ ਹਨ। ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਨੂੰ ਦਰਪੇਸ਼ ਵੱਖ ਵੱਖ ਆਰਥਿਕ ਚੁਣੌਤੀਆਂ ਅਤੇ ਤਬਦੀਲ਼ੀਆਂ ਸਬੰਧੀ ਨਿੱਠ ਕੇ ਵਿਚਾਰ ਚਰਚਾ ਕੀਤੀ ਜਾਵੇਗੀ।
ਪੰਜਾਬ ਸਕੂਲ ਆਫ ਇਕਨਾਮਿਕਸ ਦੇ ਮੁਖੀ, ਪ੍ਰੋ. ਡਾ. ਕੁਲਦੀਪ ਕੌਰ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਖੋਜਾਰਥੀਆਂ ਨੂੰ ਜੀ ਆਇਆਂ ਆਖਦਿਆਂ ਸੈਮੀਨਾਰ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ। 15ਵੇਂ ਵਿਤ ਕਮਿਸ਼ਨ, ਨਵੀਂ ਦਿੱਲੀ ਦੇ ਮੈਂਬਰ ਸ਼੍ਰੀ ਅਜੈ ਨਰਾਇਨਨ ਝਾਅ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਉਦਘਾਟਨੀ ਭਾਸ਼ਣ ਦਿੱਤਾ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਵਿਦਿਆਰਥੀ ਖੋਜਾਰਥੀ ਸ਼ਾਮਿਲ ਹੋਏ। ਡਾ. ਬਲਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ
ਪ੍ਰੋ. ਵਿਸ਼ਨਦਾਸ ਨੇ ਕਿਹਾ ਕਿ ਵਿਸ਼ਵ ਤੇਜੀ ਨਾਲ ਬਦਲ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੋਚਣਾ ਪਵੇਗਾ ਕਿ ਉਹ ਇਸ ਦਾ ਕਿਸ ਤਰ੍ਹਾਂ ਮੁਕਾਬਲਾ ਕਰਨ ਅਤੇ ਇਸ ਦੇ ਹਾਣ ਦੇ ਬਣਨ ਲਈ ਕੀ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਰਸਾਨੀ ਤੋਂ ਵੱਧ ਤੋਂ ਵੱਧ ਲਾਹਾ ਲੈਣ ਅਤੇ ਨੌਜੁਆਨਾਂ ਨੂੰ ਕਿਸਾਨੀ ਪ੍ਰਤੀ ਆਕਰਸ਼ਿਤ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ। ਉਨਾਂ੍ਹ ਕਿਹਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਕਾਰਜ ਮਸ਼ੀਨਾਂ ਨਾਲ ਕਰਨ ਨੂੰ ਤਰਜੀਹ ਦੇਣੀ ਪਵੇਗੀ ਕਿਉਂਕਿ ਆਉਣ ਵਾਲੇ ਸਮੇਂ ਵਿਚ ਮਜਦੂਰੀ ਬਹੁਤ ਮਹਿੰਗੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਵਰਤੋਂ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਹੀ ਬਚਤ ਹੋਵੇਗੀ।
ਉਨ੍ਹਾਂ ਪੰਜਾਬ ਦੀ ਭੂਮੀ ਵਿਚ ਕਿਸਾਨਾਂ ਵੱਲੋਂ ਯੂਰੀਆ ਖਾਦ ਦੀ ਵੱਧ ਕੀਤੀ ਜਾ ਰਹੀ ਵਰਤੋਂ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਯੂਰੀਆ ਖਾਦ ਦੀ ਵੱਧ ਵਰਤੋਂ ਮਨੁੱਖੀ ਸਿਹਤ ਲਈ ਹੀ ਘਾਤਕ ਨਹੀਂ ਸਗੋਂ ਧਰਤੀ ਮਾਂ ਲਈ ਵੀ ਨੁਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਰੀਆ ਖਾਦ ਦੀ ਵਰਤੋਂ ਲੋੜ ਤੋਂ ਵੱਧ ਕਰ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੀਤੀ ਨਿਰਮਾਣਕਾਂ ਨੂੰ ਅਪੀਲ ਕਿ ਵਿਕਾਸ ਨੂੰ ਸਮੁੱਚ ਰੂਪ ਵਿਚ ਪ੍ਰਭਾਸ਼ਿਤ ਕਰਨ ਜਿਸ ਵਿਚ ਆਰਥਿਕਤਾ, ਸਮਾਜ, ਭੂਗੋਲਿਕਤਾ ਦੇ ਨਾਲ ਨਾਲ ਵਾਤਾਵਰਣ ਦੇ ਮੁੱਦੇ ਵੀ ਸਾਮਿਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੀਤੀਆਂ ਵਿਚ ਨੌਜੁਆਨਾਂ ਨੂੰ ਕਿਸਾਨੀ ਪ੍ਰਤੀ ਆਕਰਸ਼ਤ ਕਰਨ ਅਤੇ ਉਨ੍ਹਾਂ ਦਾ ਪਲਾਇਣ ਰੋਕਣ ਲਈ ਪੰਜਾਬ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਨੀਤੀਆਂ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਣਕ ਅਤੇ ਚੌਲ ਦੀ ਖੇਤੀ ਦਾ ਉਤਪਾਦਨ ਲੋੜ ਤੋਂ ਵੱਧ ਹੈ ਜਿਸ ਦਾ ਖਮਿਆਜ਼ਾ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਭੁਗਣਤਾ ਪੈ ਰਿਹਾ ਹੈ ਅਤੇ ਭਵਿੱਖ ਵਿਚ ਇਸ ਦਾ ਬਹੁਤ ਮਾੜਾ ਅਸਰ ਪੰਜਾਬ ਦੀ ਆਰਥਿਕਤਾ ਅਤੇ ਜੀਵਨ ਉਪਰ ਪਵੇਗਾ ਜਿਸ ਬਾਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤੀਜੀ ਫਸਲ `ਸੂਰਜੀ ਊਰਜਾ` ਬਾਰੇ ਵੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਇਸ ਨਾਲ ਕਿਸਾਨ ਦੋ ਤੋਂ ਤਿੰਨ ਲੱਖ ਰੁਪਏ ਤਕ ਪ੍ਰਤੀ ਹੈਕਟੇਅਰ ਕਮਾਈ ਵੱਧ ਕਰ ਸਕਦੇ ਹਨ ਅਤੇ ਉਹ ਅੰਨਦਾਤਾ ਦੇ ਨਾਲ ਨਾਲ ਊਰਜਾ ਦਾਤਾ ਵੀ ਕਹਾ ਸਕਦੇ ਹਨ।
ਸ਼੍ਰੀ ਅਜੈ ਨਰਾਇਨਨ ਝਾਅ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਰੋਸਾਈ ਧਰਤੀ ਪੰਜਾਬ ਇਕ ਮਿਹਨਤੀ ਅਤੇ ਸਿਰੜੀਆਂ ਦੀ ਧਰਤੀ ਹੈ ਜਿਸ ਨੇ ਆਪਣੀ ਮਿਹਨਤ ਸਦਕਾ ਨਾ ਕਿ ਦੇਸ਼ ਸਗੋਂ ਵਿਦੇਸ਼ਾਂ ਵਿਚ ਵੀ ਆਪਣਾ ਨਾਂ ਉਚਾ ਕੀਤਾ ਹੈ। ਗੁਰੂ ਜੀ ਨੇ ਅਧਿਆਤਮ ਨੂੰ ਸਾਰੀਆਂ ਸਮਾਜਿਕ ਅਤੇ ਆਰਥਿਕ ਜਿੰਮੇਵਾਰੀਆਂ ਸਮੇਤ ਪ੍ਰਭਾਸ਼ਿਤ ਕਰਦੇ ਹੋਏ ਜੀਵਨ ਵਿਚ ਅਧਿਆਤਮਿਕਤਾ ਦੇ ਨਾਲ ਸਮਾਜਕ ਪ੍ਰਬੰਧ ਵਿਚ ਸ਼ਮੂਲੀਅਤ ਨੂੰ ਤਰਜੀਹ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਆਰਥਿਕਤਾ ਵਿਚ ਨਿਘਾਰ ਆ ਰਿਹਾ ਹੈ ਅਤੇ ਉਹ ਆਪਣੇ ਪੱਧਰ ਤੋਂ ਖਿਸਕਦਾ ਹੋਇਆ ਹੇਠਾ ਆ ਰਿਹਾ ਹੈ ਜਿਸ ਪ੍ਰਤੀ ਸੋਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਰਥਿਕ ਨੀਤੀਆਂ ਵਿਚ ਮੌਜੂਦਾ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਤਬਦੀਲੀਆਂ ਦੀ ਲੋੜ ਹੈ ਤਾਂ ਜੋ ਪੰਜਾਬ ਮੁੜ ਤੋਂ ਆਪਣੀ ਤਰੱਕੀ ਦੀ ਰਾਹ `ਤੇ ਆ ਸਕੇ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: