ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ- ਬਿਕਰਮ ਸਿੰਘ ਮਜੀਠੀਆ

ss1

ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ- ਬਿਕਰਮ ਸਿੰਘ ਮਜੀਠੀਆ
ਕੇਜਰੀਵਾਲ ਨੂੰ ਕੇਸ ਦੀ ਰੋਜ਼ਾਨਾ ਸੁਣਵਾਈ ਦੀ ਚੁਣੌਤੀ , ਮਾਈਭਾਗੋ ਵਿਦਿਆ ਯੋਜਨਾ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਮੁਫਤ ਸਾਈਕਲਾਂ ਦੀ ਵੰਡ

4-22ਜਲੰਧਰ , 04 ਅਗਸਤ (ਪ.ਪ.): ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਦੇਸ਼ ਵਿਰੋਧੀ ਤਾਕਤਾਂ ਦੇ ਇਸ਼ਾਰੇ ‘ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਇਸ ਪੰਜਾਬ ਵਿਰੋਧੀ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਅੱਜ ਇੱਥੇ ਡੀ.ਏ.ਵੀ. ਇੰਜੀਨਅਰਿੰਗ ਕਾਲਜ ਵਿਖੇ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲਾਂ ਦੀ ਵੰਡ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ‘ਮਾਰੋ ਤੇ ਭੱਜੋ’ ਦੀ ਨੀਤੀ ਤਹਿਤ ਬੇਬੁਨਿਆਦ ਦੋਸ਼ ਲਾਉਣ ਪਿੱਛੋਂ ਹੁਣ ਅਦਾਲਤੀ ਕੇਸ ਦਾ ਸਾਹਮਣਾ ਕਰਨ ਤੋਂ ਭੱਜਿਆ ਜਾ ਰਿਹਾ ਹੈ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕੇਸ ਦੀ ਰੋਜ਼ਾਨਾ ਸੁਣਵਾਈ ਲਈ ਹੁੰਗਾਰਾ ਭਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਚੇ ਹਨ ਤਾਂ ਉਹ ਕੇਸ ਦਾ ਸਾਹਮਣਾ ਕਰਨ ਤੋਂ ਕਿਉਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਆਗੂ ਅਸ਼ੀਸ਼ ਖੇਤਾਨ ਬਿਮਾਰੀ ਦਾ ਬਹਾਨਾ ਬਣਾਕੇ ਕੇਸ ਦੌਰਾਨ ਪੇਸ਼ੀ ਤੋਂ ਬਚੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੱਚ ਤੋਂ ਦੂਰ ਹਨ।
ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕਰਦਿਆ ਸ. ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਔਰਤਾਂ ਦੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਮੰਦਭਾਗੀ ਗੱਲ ਇਹ ਹੈ ਕਿ ਆਪ ਦੇ ਆਗੂ ਹੀ ਔਰਤਾਂ ਵਿਰੁੱਧ ਅਪਰਾਧਾਂ ਤੇ ਛੇੜਛਾੜ ਦੇ ਕੇਸਾਂ ਵਿਚ ਜੇਲ੍ਹ ਦੀ ਹਵਾ ਖਾ ਰਹੇ ਹਨ।ਜਲੰਧਰ ਵਿਚ ਅਕਾਲੀ ਦਲ ਤੇ ਭਾਜਪਾ ਦਰਮਿਆਨ ਵਖਰੇਵਿਆਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਮਾਮਲਾ ਸੁਲਝ ਗਿਆ ਹੈ ਅਤੇ ਦੋਹੇਂ ਧਿਰਾਂ ਜਲੰਧਰ ਦੇ ਵਿਕਾਸ ਲਈ ਮਿਲਕੇ ਕੰਮ ਕਰਨਗੀਆਂ। ਪੰਜਾਬ ਨੂੰ ਦੇਸ਼ ਭਰ ਵਿਚ ਸਮਾਜਿਕ ਭਲਾਈ ਦੇ ਖੇਤਰ ਦਾ ਮੋਹਰੀ ਦੱਸਦਿਆਂ ਸ, ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਲਾਨਾ 1700 ਕਰੋੜ ਰੁਪੈ ਵੱਖ-ਵੱਖ ਭਲਾਈ ਯੋਜਨਾਵਾਂ ਜਿਵੇਂ ਕਿ ਆਟਾ ਦਾਲ, ਮਾਈਭਾਗੋ ਵਿਦਿਆ ਸਕੀਮ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤੇ ਪੈਨਸ਼ਨਾਂ ‘ਤੇ ਖਰਚ ਕੀਤੇ ਜਾ ਰਹੇ ਹਨ।ਇਸ ਤੋਂ ਪਹਿਲਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਸ, ਮਜੀਠੀਆ ਨੇ ਕਿਹਾ ਕਿ ਦੇਸ਼ ਦੇ ਪੂਰਨ ਵਿਕਾਸ ਲਈ ਕੁੜੀਆਂ ਦਾ ਸਿੱਖਿਅਤ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਸਿੱਖਿਆ ਨੂੰ ਕੇਵਲ ਅੰਕ ਪ੍ਰਾਪਤ ਕਰਨ ਦੀ ਥਾਂ ਸ਼ਖਸ਼ੀਅਤ ਵਿਕਾਸ ਵੱਲ ਸੇਧਿਤ ਕਰਨ ‘ਤੇ ਜ਼ੋਰ ਦਿੰਦਿਆਂ ਵਿਦਿਆਰਥਣਾਂ ਨੂੰ ਕਲਪਨਾ ਚਾਵਲਾ, ਇੰਦਰਾ ਨੂਈ ਤੇ ਹੋਰ ਮਹਾਨ ਔਰਤਾਂ ਨੂੰ ਆਪਣਾ ਆਦਰਸ਼ ਮੰਨਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਸਾਲ 2011-12 ਵਿਚ ਮੁਫਤ ਸਾਈਕਲ ਵੰਡਣ ਦੀ ਯੋਜਨਾ ਦੀ ਸ਼ੁਰੂਆਤ ਕੁੜੀਆਂ ਵਲੋਂ 10 ਵੀਂ ਜਮਾਤ ਪਿੱਛੋਂ ਸਕੂਲ ਛੱਡਣ ਦੀ ਦਰ ਨੂੰ ਖਤਮ ਕਰਨ ਲਈ ਕੀਤੀ ਗਈ ਸੀ, ਜਿਸ ਵਿਚ ਪੰਜਾਬ ਸਰਕਾਰ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 135 ਕਰੋੜ ਰੁਪੈ ਦੀ ਲਾਗਤ ਨਾਲ 4 ਲੱਖ 83 ਹਜ਼ਾਰ ਤੋਂ ਵੱਧ ਵਿਦਿਆਰਥਣਾਂ ਨੂੰ ਸਾਈਕਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਚ ਹੁਣ ਤੱਕ ਵਿਦਿਆਰਥਣਾਂ ਨੂੰ 9 ਕਰੋੜ ਦੇ 34645 ਸਾਈਕਲ ਤਕਸੀਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਲ 1.59 ਕਰੋੜ ਦੀ ਲਾਗਤ ਨਾਲ 6000 ਲੜਕੀਆਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ‘ਤੇ ਸ਼ਹਿਰ ਦੇ ਵੱਖ ਵੱਖ ਸਕੂਲਾਂ ਨਾਲ ਸਬੰਧਿਤ 1000 ਲੜਕੀਆਂ ਨੂੰ ਸਾਈਕਲ ਤਕਸੀਮ ਕੀਤੇ। ਇਸ ਮੌਕੇ ਮੁੱਖ ਤੌਰ ‘ਤੇ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਕੇ.ਡੀ. ਭੰਡਾਰੀ, ਸਾਬਕਾ ਮੰਤਰੀ ਤੇ ਵਿਧਾਇਕ ਸਰਵਣ ਸਿੰਘ ਫਿਲੌਰ,ਮੇਅਰ ਨਗਰ ਨਿਗਮ ਸ੍ਰੀ ਸੁਨੀਲ ਜੋਤੀ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ, ਅਕਾਲੀ ਆਗੂ ਬਲਜੀਤ ਸਿੰਘ ਨੀਲਾਮਹਿਲ, ਦੁਆਬਾ ਜ਼ੋਨ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਵਧੀਕ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਹਾਜ਼ਰ ਸਨ।

Share Button

Leave a Reply

Your email address will not be published. Required fields are marked *