ਪੰਜਾਬ ਚ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ

ss1

ਪੰਜਾਬ ਚ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਕੀਟਨਾਸ਼ਕਾਂ ਦੀ ਵਿਕਰੀ ‘ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੀ ਰਜਿਸਟਰੇਸ਼ਨ ਕਮੇਟੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ (ਪੀਐਸਐਫ.ਸੀ) ਦੀਆਂ ਸਿਫ਼ਾਰਸ਼ਾਂ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਮੰਤਰੀ ਜਿਨਾਂ ਕੋਲ ਖੇਤੀਬਾੜੀ ਵਿਭਾਗ ਦਾ ਚਾਰਜ ਵੀ ਹੈ, ਨੇ 1 ਫਰਵਰੀ, 2018 ਤੋਂ ਇਨਾਂ ਕੀਟਨਾਸ਼ਕਾਂ ਉੱਤੇ ਪਾਬੰਦੀ ਲਈ ਸਹਿਮਤੀ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿਚ ਕਿਸੇ ਵੀ ਤਰਾਂ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨਾਂ ਨੇ ਇਸ ਪਾਬੰਦੀ ਨੂੰ ਸਹੀ ਅਤੇ ਸਖ਼ਤ ਢੰਗ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ।

ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਵਿਸ਼ੇਸ਼ ਸਕੱਤਰ ਖੇਤੀਬਾੜੀ ਨੇ ਸੂਬੇ ਵਿੱਚ ਕੀਟਨਾਸ਼ਕਾਂ ਦੀ ਵਿੱਕਰੀ ਅਤੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਲਈ ਵਿਸਤ੍ਰਤ ਦਿਸ਼ਾ ਨਿਰਦੇਸ਼ ਖੇਤੀਬਾੜੀ ਡਾਇਰੈਕਟਰ ਨੂੰ ਜਾਰੀ ਕੀਤੇ ਹਨ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਕਿਹਾ ਗਿਆ ਹੈ ਕਿ ਉਹ ਇਨਾਂ ਕੀਟਨਾਸ਼ਕਾਂ ਲਈ ਦਿੱਤੇ ਗਏ ਸਾਰੇ ਲਾਇਸੈਂਸਾਂ ਦੀ ਸਮੀਖਿਆ ਕਰਨ ਅਤੇ ਅੱਗੇ ਹੋਰ ਕੋਈ ਵੀ ਨਵਾਂ ਲਾਇਸੈਂਸ 1 ਫਰਵਰੀ, 2018 ਤੋਂ ਇਨਾਂ ਕੀਟਨਾਸ਼ਕਾਂ ਲਈ ਜਾਰੀ ਨਾ ਕਰਨ।

ਇਨਾਂ 20 ਕੀਟਨਾਸ਼ਕਾਂ ਦੀ ਸੂਚੀ ਵਿਚ ਫੋਸਫਾਮਿਡੋਨ, ਟ੍ਰਿਕਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਂਡੋਸਲਫਾਨ, ਬਿਫੈਨਥ੍ਰਿਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ, ਡੀਫਲੁਬੇਨਜ਼ੁਰੋਨ, ਫੈਨੀਟਰੋਥਯੋਨ, ਮੈਟਲਡੀਹਾਈਡ, ਕਾਸੂਗੈਮੇਸਿਨ, ਐਥੋਫੈਨਪਰੋਕਸ (ਐਟੋਫੈਨਪਰੋਕਸ), ਫੋਰੇਟ, ਟ੍ਰਾਈਆਜੋਫੋਸ, ਅਲਾਚੀਓਰ ਅਤੇ ਮੋਨੋਕਰੋਟੋਫੋਸ ਸ਼ਾਮਲ ਹਨ।

Share Button

Leave a Reply

Your email address will not be published. Required fields are marked *