ਪੰਜਾਬ ’ਚ ਗਠਜੋੜ ਸਰਕਾਰ ਲਈ ਹਾਰ ਦਾ ਕਾਰਨ ਬਣ ਸਕਦਾ ਨਸ਼ਾ ਤਸਕਰੀ ਦਾ ਧੰਦਾਂ

ss1

ਪੰਜਾਬ ’ਚ ਗਠਜੋੜ ਸਰਕਾਰ ਲਈ ਹਾਰ ਦਾ ਕਾਰਨ ਬਣ ਸਕਦਾ ਨਸ਼ਾ ਤਸਕਰੀ ਦਾ ਧੰਦਾਂ
ਪੰਜਾਬ ਵਿੱਚ ਦੁੱਧ ਦੀਆਂ ਡੇਅਰੀਆਂ ਘੱਟ ਤੇ ਠੇਕੇ ਵੱਧ

23-9

ਦਿੜ੍ਹਬਾ ਮੰਡੀ 23 ਜੂਨ (ਰਣ ਸਿੰਘ ਚੱਠਾ)-ਪੰਜਾਬ ਅੰਦਰ ਨਸ਼ੇ ਤਸਕਰੀ ਦੀ ਗੰਭੀਰ ਸੱਮਸਿਆ ਦੇ ਚੱਲਦੇ ਆਮ ਲੋਕਾਂ ਦਾ ਪ੍ਰੇਸ਼ਾਨ ਹੋਣਾ ਲਾਜ਼ਮੀ ਹੈ,ਪਰ ਇਸੇ ਕਾਰਨ ਸੂਬੇ ਦੀ ਸਿਆਸਤ ਅੰਦਰ ਖਲਬਲੀ ਜਹੀ ਮੱਚੀ ਹੋਈ ਹੈ।ਨਾ ਕੇਵਲ ਸੂਬੇ ਦੀ ਵਿਰੋਧੀ ਕਾਂਗਰਸ ਦਾ ਤਾਂ ਨਸ਼ੇ ਦੀ ਖਲਾਫਤ ਕਰਨਾ ਸੁਭਾਵਕ ਹੀ ਮਂਨਿਆ ਜਾਂਦਾ ਹੈ ,ਪਰ ਅਕਾਲੀ-ਭਾਜਪਾ ਗਠਜੋੜ ਦੇ ਸਿਰਕੱਢ ਲੀਡਰਾਂ ਦਾ ਨਸ਼ੇ ਦੀ ਤਸੱਕਰੀ ਨੂੰ ਲੈ ਕੇ ਕੀਤੀ ਜਾ ਰਹੀ ਪਰਸਪਰ ਵਿਰੋਧੀ ਬਿਆਨਬਾਜ਼ੀ ਨੇ ਕੜਾਕੇ ਦੀ ਗਰਮੀ ਵਿੱਚ ਪੰਜਾਬ ਅੰਦਰਲੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਪਾਣੀ ਪਾਣੀ ਕੀਤਾ ਹੋਇਆ ਹੈ।ਜਿੱਥੇ ਇੱਕ ਪਾਸੇ ਗਠਜੋੜ ਦੇ ਅਹਿਮ ਆਗੂਆਂ ਵਿਚ ਉਕਤ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਜੁਬਾਨੀ ਯੁੱਧ ਸਿਖਰਾਂ ਤੇ ਪੁੱਜਿਆ ਨਜ਼ਰ ਆਉਂਦਾ ਹੈ। ਇਸੇ ਕੜੀ ਦੇ ਤਹਿਤ ਜਿੱਥੇ ਪੰਜਾਬ ਸਰਕਾਰ ਖਿਲਾਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਪੁਤਲੇ ਫੂਕੇ ਜਾ ਰਹੇ ਹਨ ਉੱਥੇ ਨਾਲ ਹੀ ਸੂਬੇ ਦੇ ਕਾਬਜ ਇਹਨਾਂ ਸਿਆਸੀ ਪਾਰਟੀਆਂ ਦੀ ਸਾਖ,ਜਨਤਾ ਵਿਚ ਧੁੰਦਲੀ ਹੋ ਰਹੀ ਹੈ ਅਤੇ ਜਿਸਦਾ ਸਿੱਧਾ ਲਾਭ ਵਿਰੋਧੀ ਧਿਰ ਕਾਂਗਰਸ ਅਤੇ ਆਪ ਨੂੰ ਮਿਲਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਜੇਕਰ ਇਸ ਮਾਮਲੇ ਨੂੰ ਬਾਂਦਰ ਅਤੇ ਬਿਲਿਆਂ ਦੀ ਕਹਾਵਤ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿੳਂਕਿ ਅਕਾਲੀ ਭਾਜਪਾ ਗਠਜੋੜ ਨਸ਼ੇ ਦੀ ਤਸਕਰੀ ਨੂੰ ਲੈ ਕੇ ਆਪਣੇ ਹੀ ਰਚੇ ਚੱਕਰਵਿਊ ਵਿਚ ਫੱਸਦੇ ਨਜ਼ਰ ਆ ਰਹੇ ਹਨ। ਨਸ਼ੇ ਨੂੰ ਲੈ ਕੇ ਆਪਸੀ ਖਿੱਚੋਤਾਣ ਵਿਚ ਪੁਲਿਸ ਵਿਭਾਗ ਵੀ ਇਕ ਅਜੀਬ ਤਰਾਂ ਦਾ ਦਬਾ ਮਹਿਸੂਸ ਕਰ ਰਿਹਾ ਹੈ ਅਤੇ ਉਹ ਗਠਜੋੜ ਵਿਚ ਸ਼ਾਮਿਲ ਦੋਵਾਂ ਪਾਰਟੀਆਂ ਵਿਚੋਂ ਕਿਸ ਪਾਰਟੀ ‘ਤੇ ਸ਼ਿਕੰਜਾ ਕੱਸੇ ਤੇ ਕਿਸ ਨੂੰ ਢਿੱਲ ਦੇਵੇ ਇਹ ਇਕ ਅਣਸੁਲਝਿਆ ਸਵਾਲ ਬਣ ਕੇ ਰਹਿ ਗਿਆ ਹੈ ।ਪੁਲਿਸ ਅਫਸਰਾਂ ਵਿਚ ਇਹ ਕਨਸੋਆਂ ਹਨ ਕਿ ਜੇਕਰ ਉਹ ਅਕਾਲੀਆਂ ਨੂੰ ਸ਼ੱਕ ਦੇ ਘੇਰੇ ਵਿਚ ਲਿਆੳਂਦੇ ਹਨ ਤਾਂ ਓਹਨਾਂ ਨੂੰ ਸੁਖਬੀਰ ਬਾਦਲ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਜੇਕਰ ਉਹ ਭਾਜਪਾ ਦੇ ਆਗੂਆਂ ‘ਤੇ ਸ਼ੱਕ ਦੀ ਸੂਈ ਟਿਕਾੳਂਦੇ ਹਨ ਤਾਂ ਓਹਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਦਾ ਡੰਡਾ ਨਜ਼ਰ ਆਉਂਦਾ ਹੈ, ਜਿਸਦੇ ਚੱਲਦੇ ਪੁਲਿਸ ਵੀ ਗਠਬੰਧਨ ਦੀਆਂ ਦੋਨੋਂ ਪਾਰਟੀਆਂ ਨੂੰ ਲੈ ਕੇ ਦੁਬਿਧਾ ਵਿਚ ਫੱਸੀ ਹੋਈ ਹੈ। ਦੂਜੇ ਪਾਸੇ ਦੇਸ਼ ਵਿਚ ਹੋਈਆਂ ਵੱਖ-ਵੱਖ ਚੋਣਾਂ ਅੰਦਰ ਜਨਤਾ ਦੀ ਨਰਾਜ਼ਗੀ ਕਾਰਨ ਕੱਖੋਂ ਹੌਲੀ ਹੋਈ ਕਾਂਗਰਸ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਘੇਰਣ ਲਈ ਪਹਿਲਾਂ ਤੋਂ ਹੀ ਮੁਦਿੱਆਂ ਦੀ ਤਲਾਸ਼ ਵਿਚ ਸੀ, ਨਸ਼ਾ ਤਸੱਕਰੀ ਦੇ ਇਸ ਭੱਖਦੇ ਮਸਲੇ ਅੰਦਰ ਉਲਝੀਆਂ ਦੋਨੋਂ ਭਾਈਵਾਲ ਪਾਰਟੀਆਂ ਨੂੰ ਠਿੱਬੀ ਦੇਣ ਲਈ ਸੂਬੇ ਦੇ ਸਿਆਸੀ ਮਾਹੌਲ ਦਾ ਪਾਰਾ ਵਧਾ ਕੇ ਆਪਣੀ ਥਾਂ ਬਨਾਉਣ ਦਾ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੁੰਦੀ।ਭਾਂਵੇ ਕਿ ਪੰਜਾਬ ਅੰਦਰ ਨਸ਼ੇ ਦੀ ਵੱਧ ਰਹੀ ਵਰਤੋਂ ਇਕ ਅਤਿ ਸੰਵੇਦਨਸ਼ੀਲ ਮੁੱਦਾ ਹੈ ਪਰ ਸੂਬੇ ਦੀ ਸਰਕਾਰ ਦਾ ਲੋਕ ਮਸਲਿਆਂ ਨੂੰ ਵਿਸਾਰ ਕੇ ਆਪਣੇ ਹੀ ਭਾਈਵਾਲਾਂ ਤੇ ਤੋਹਮਤਾਂ ਲੱਗਾ ਕੇ ਆਪਣੀ ਸਿਆਸੀ ਸਾਖ ਨੂੰ ਬਚਾਉਣ ਵਿਚ ਜੁੱਟੀ ਹੋਈ ਹੈ।ਪੰਜਾਬ ਦੀ ਹੁਕਮਰਾਨ ਪਾਰਟੀ ਦੇ ਇਕ ਅਹਿਮ ਆਗੂ ਦੇ ਇਸ ਮਸਲੇ ਵਿਚ ਨਾਂ ਉਛਲਣ ਨਾਲ ਪਾਰਟੀ ਵਲੋਂ ਆਪਣੇ ਆਪ ਨੂੰ ਸਾਫ ਸ਼ਫਾਫ ਇਸ ਮਾਮਲੇ ਵਿਚੋਂ ਨਿਕਲਣ ਲਈ ਸਿਆਸਤ ਦੀ ਖੇਡ ਖੇਡਦਿਆਂ ਨਸ਼ਾ ਤਸਕਰੀ ਦੇ ਜਾਲ ਨੂੰ ਕੇਂਦਰ ਦੀਆਂ ਬਰੂਹਾਂ ਤੱਕ ਵਿਛਾ ਦਿੱਤਾ ਤਾਂ ਜੋ ਰਾਜ ਦੇ ਲੋਕਾਂ ਵਿਚ ਉਨ੍ਹਾਂ ਦਾ ਸਿਆਸੀ ਕੱਦ ਹੋਰ ਉੱਚਾ ਹੋ ਜਾਵੇ । ਨਸ਼ਾ ਤਸਕਰੀ ਦਾ ਇਹ ਮਾਮਲਾ ਪੰਜਾਬ ਦੀ ਸਿਆਸਤ ਵਿਚ ਕਿਹੜੀ ਰੰਗਤ ਅਖਤਿਆਰ ਕਰਦਾ ਹੈ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿਚ ਲੁਕਿਆ ਰਾਜ਼ ਹੈ।ਪਰ ਪੰਜਾਬ ਵਿੱਚ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਇਹ ਫੈਲਿਆ ਨਸ਼ਾ ਤਸਕਰੀ ਦਾ ਧੰਦਾਂ ਅਤੇ ਨਸ਼ੇ ਦਾ ਪੰਜਾਬ ਵਿੱਚ ਬੋਲਬਾਲਾ ਸ੍ਰੋਮਣੀ ਅਕਾਲੀ ਦਲ ਭਾਜਪਾ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ।

Share Button

Leave a Reply

Your email address will not be published. Required fields are marked *