Sat. Jul 20th, 2019

ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ‘ਚ ਹੋਇਆ ਖਤਰਨਾਕ ਵਾਧਾ: ਅਕਾਲੀ ਦਲ

ਪੰਜਾਬ ‘ਚ ਕਿਸਾਨ ਖੁਦਕੁਸ਼ੀਆਂ ‘ਚ ਹੋਇਆ ਖਤਰਨਾਕ ਵਾਧਾ: ਅਕਾਲੀ ਦਲ

ਕਾਂਗਰਸੀ ਆਗੂਆਂ ਉੱਤੇ ਕਰਜ਼ਾ ਰਾਹਤ ਦੇ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਦੋਸ਼ ਲਾਏ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸੀ ਆਗੂਆਂ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਮਾਮੂਲੀ ਕਰਜ਼ਾ ਰਾਹਤ ਦੇਣ ਦੀ ਆੜ ਵਿਚ ਸੈਂਕੜੇ ਕਰੋੜ ਰੁਪਏ ਦੀ ਹੇਰਾਫੇਰੀ ਕਰਨ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਜੁਆਬ ਮੰਗਿਆ ਹੈ ਕਿ ਉਹਨਾਂ ਵੱਲੋਂ ਕਰਜ਼ਾ ਮੁਆਫੀ ਦੇ ਕੀਤੇ ਜਾ ਰਹੇ ਵੱਡੇ ਦਾਅਵਿਆਂ ਦੇ ਬਾਵਜੂਦ ਕਾਂਗਰਸੀ ਹਕੂਮਤ ਅਧੀਨ ਸੂਬੇ ਅੰਦਰ ਕਿਸਾਨ ਖੁਦਕੁਸ਼ੀਆਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਕਿਉਂ ਹੋ ਰਿਹਾ ਹੈ?

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਤੰਤਰ ਏਜੰਸੀਆਂ ਦੇ ਰਵਾਇਤੀ ਅੰਦਾਜ਼ਿਆਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਕਾਂਗਰਸ ਸਰਕਾਰ ਦੇ 700 ਦਿਨ ਦੇ ਮਾੜੇ ਸਾਸ਼ਨ ਦੌਰਾਨ1090 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਇਹਨਾਂ ਵਿਚ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਉਹਨਾਂ ਬੱਚਿਆਂ ਅਤੇ ਔਰਤਾਂ ਦੀ ਗਿਣਤੀ ਸ਼ਾਮਿਲ ਨਹੀਂ ਹੈ, ਜਿਹਨਾਂ ਨੇ ਅਮਰਿੰਦਰ ਵੱਲੋਂ ਕੀਤੇ ਵਿਸ਼ਵਾਸ਼ਘਾਤ ਮਗਰੋਂ ਪਏ ਆਰਥਿਕ ਅਤੇ ਮਾਨਸਿਕ ਦਬਾਅ ਦੇ ਕਾਰਣ ਆਪਣੀਆਂ ਜ਼ਿੰਦਗੀਆਂ ਸਮਾਪਤ ਕਰ ਲਈਆਂ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਕੈਪਟਨ ਉੱਤੇ ਇਸ ਲਈ ਭਰੋਸਾ ਕੀਤਾ ਸੀ, ਕਿਉਂਕਿ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੀ ਸਹੁੰ ਖਾਧੀ ਸੀ। ਹੁਣ ਕਰਜ਼ੇ ਥੱਲੇ ਦਬੇ ਕਿਸਾਨ ਪਰਿਵਾਰਾਂ ਦੀਆਂ ਸਾਰੀਆਂ ਉਮੀਦਾਂ ਢਹਿ ਢੇਰੀ ਹੋ ਜਾਣ ਕਰਕੇ ਕਿਸਾਨ ਖੁਦਕੁਸ਼ੀਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਵਿਚ ਬੇਰੁਜ਼ਗਾਰੀ ਤੋਂ ਤੰਗ ਹੋ ਕੇ ਖੁਦਕੁਸ਼ੀਆਂ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਸ਼ਾਮਿਲ ਨਹੀਂ ਹੈ।

ਸਰਦਾਰ ਭੂੰਦੜ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਮਾਮੂਲੀ ਕਰਜ਼ਾ ਰਾਹਤ ਦੀ ਰਾਸ਼ੀ ਨੂੰ ਵੀ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਮਾਲ ਅਧਿਕਾਰੀਆਂ ਅਤੇ ਦੂਜੇ ਅਫਸਰਾਂ ਨਾਲ ਮਿਲੀਭੁਗਤ ਕਰਕੇ ਠੱਗਿਆ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਸੂਬਾ ਸਰਕਾਰ ਵੱਲੋਂ ਦਿੱਤੀ ਮਾਮੂਲੀ ਕਰਜ਼ਾ ਰਾਹਤ ਵਿੱਚੋਂ ਵੀ ਆਪਣਾ ਹਿੱਸਾ ਲੈ ਰਹੇ ਹਨ, ਜਿਸ ਕਰਕੇ ਲੋੜਵੰਦ ਕਿਸਾਨਾਂ ਨੂੰ ਕੋਈ ਕਰਜ਼ਾ ਰਾਹਤ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 60 ਫੀਸਦੀ ਤੋਂ ਵੱਧ ਹੱਕਦਾਰ ਕਿਸਾਨਾਂ ਨੂੰ ਬਹੁਤ ਹੀ ਮਾਮੂਲੀ ਕਰਜ਼ਾ ਰਾਹਤ ਮਿਲੀ ਹੈ, ਜਦਕਿ ਅਮਰਿੰਦਰ ਨੇ ਗੁਰੂ ਸਾਹਿਬ ਦੇ ਪਾਵਨ ਚਰਨਾਂ ਦੀ ਸਹੁੰ ਖਾ ਕੇ ਸੂਬੇ ਦੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਉਹਨਾਂ ਕਿਹਾ ਕਿ ਅਮਰਿੰਦਰ ਵੱਲੋਂ ਸੰਕਟ ਗ੍ਰਸਤ ਕਿਸਾਨਾਂ ਨਾਲ ਕੀਤਾ ਗਿਆ ਇਹ ਬਹੁਤ ਵੱਡਾ ਵਿਸ਼ਵਾਸ਼ਘਾਤ ਹੈ, ਜਿਹੜੇ ਉਸ ਦੀ ਸਹੁੰ ਉੱਤੇ ਭਰੋਸਾ ਕਰਕੇ ਠੱਗੇ ਗਏ।

ਅਕਾਲੀ ਆਗੂ ਨੇ ਇੱਕ ਤਾਜ਼ਾ ਰਿਪੋਰਟ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇੱਕਲੇ ਸੰਗਰੂਰ ਜ਼ਿਲ ਦੇ ਤਿੰਨ ਪਿੰਡਾਂ ਵਿਚ ਲਗਭਗ 600 ਛਾਂਟੇ ਗਏ ਲਾਭਪਾਤਰੀਆਂ ਵਿਚੋਂ ਕਿਸੇ ਇੱਕ ਨੂੰ ਵਾਅਦੇ ਅਨੁਸਾਰ ਕਰਜ਼ਾ ਰਾਹਤ ਨਹੀਂ ਦਿੱਤੀ ਗਈ ਹੈ। ਇਹਨਾਂ ਕਿਸਾਨਾਂ ਨੂੰ ਪਹਿਲੀ ਅਤੇ ਦੂਜੀ ਸੂਚੀ ਵਿਚ ਪਾਇਆ ਗਿਆ ਸੀ। ਉਹਨਾਂ ਕਿਹਾ ਕਿ ਪ੍ਰਭਾਵਿਤ ਕਿਸਾਨ ਇੱਕ ਦਫਤਰ ਤੋਂ ਦੂਜੇ ਦਫਤਰ ਤੱਕ ਧੱਕੇ ਖਾ ਰਹੇ ਹਨ ਪਰ ਫਿਰ ਵੀ ਪੱਲੇ ਕੁੱਝ ਨਹੀਂ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੇ ਕਿਸਾਨਾਂ ਕੋਲੋਂ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਵੱਲੋਂ ਤਕਰੀਬਨ 60 ਲੱਖ ਰੁਪਏ ਲੁੱਟੇ ਜਾ ਚੁੱਕੇ ਹਨ। ਜਦੋਂ ਤੁਸੀਂ ਇਸ ਅੰਕੜੇ ਨੂੰ ਸੂਬੇ ਦੇ 12,500 ਪਿੰਡਾਂ ਤਕ ਫੈਲਾ ਕੇ ਵੇਖਦੇ ਹੋ ਤਾਂ ਪਤਾ ਚੱਲਦਾ ਹੈ ਕਿ ਕਰਜ਼ਾ ਮੁਆਫੀ ਦੇ ਨਾਂ ਉੱਤੇ ਕਾਂਗਰਸੀ ਆਗੂਆਂ ਵੱਲੋਂ ਕਿੰਨਾ ਵੱਡਾ ਘਪਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਅਫਸਰਾਂ ਨਾਲ ਮਿਲੀ ਭੁਗਤ ਕਰਕੇ ਜ਼ਿਆਦਾ ਨਹੀਂ ਤਾਂ ਸੈਂਕੜੇ ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਜਾ ਚੁੱਕੀ ਹੈ ਜਦਕਿ ਗਰੀਬ ਕਿਸਾਨ ਕਰਜ਼ਾ ਰਾਹਤ ਲਈ ਚੀਕਾਂ ਮਾਰ ਰਿਹਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸੂਬੇ ਦੇ ਸਾਰੇ ਕਿਸਾਨਾਂ ਦੇ ਸਾਰੇ ਕਰਜ਼ਿਆਂ ਨੂੰ ਮੁਆਫ ਕਰਨ ਦੇ ਵਾਅਦੇ ਤੋਂ ਮੁਕਰ ਚੁੱਕਿਆ ਹੈ।

Leave a Reply

Your email address will not be published. Required fields are marked *

%d bloggers like this: