ਪੰਜਾਬ ਉਦਯੋਗਿਕ ਹੱਬ ਬਣਨ ਦੀ ਰਾਹ ‘ਤੇ ਸਭ ਤੋਂ ਵੱਧ ਸਾਈਕਲ ਨਿਰਮਾਣ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣੇਗਾ- ਸੁਖਬੀਰ ਸਿੰਘ ਬਾਦਲ

ss1

ਪੰਜਾਬ ਉਦਯੋਗਿਕ ਹੱਬ ਬਣਨ ਦੀ ਰਾਹ ‘ਤੇ ਸਭ ਤੋਂ ਵੱਧ ਸਾਈਕਲ ਨਿਰਮਾਣ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣੇਗਾ- ਸੁਖਬੀਰ ਸਿੰਘ ਬਾਦਲ

ਉੱਪ ਮੁੱਖ ਮੰਤਰੀ ਨੇ ਧਨਾਨਸੂ ਵਿਖੇ ਹਾਈ-ਟੈੱਕ ਸਾਈਕਲ ਵੈਲੀ ਅਤੇ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਿਆ

ਮੱਤੇਵਾੜਾ (ਲੁਧਿਆਣਾ), 26 ਨਵੰਬਰ 2016: ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਾਹਨੇਵਾਲ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਧਨਾਨਸੂ ਵਿਖੇ ਹਾਈ ਟੈੱਕ ਸਾਈਕਲ ਵੈਲੀ ਅਤੇ ਐਗਜ਼ੀਬਿਸ਼ਨ-ਕਮ-ਕਨਵੈਨਸ਼ਨ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਹ ਸਾਈਕਲ ਵੈਲੀ 400 ਏਕੜ ਵਿਚ 400 ਕਰੋੜ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗੀ।ਇਸ ਦੇ ਨਾਲ ਹੀ ਇਸ ਸਾਈਕਲ ਵੈਲੀ ਤੱਕ ਚੰਡੀਗੜ-ਲੁਧਿਆਣਾ ਸੜਕ ਤੋਂ ਜਾਂਦੇ ਰਸਤੇ ਦੇ ਨਿਰਮਾਣ ਲਈ ਵੀ ਉੱਪ ਮੰਤਰੀ ਨੇ ਨੀਂਹ ਪੱਥਰ ਰੱਖਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਉਦਯੋਗਿਕ ਹੱਬ ਬਣਨ ਦੀ ਰਾਹ ‘ਤੇ ਹੈ ਅਤੇ ਬਹੁਤ ਜਲਦ ਹੀ ਪੰਜਾਬ ਸਭ ਤੋਂ ਵੱਧ ਸਾਈਕਲ ਨਿਰਮਾਣ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਈਕਲ ਵੈਲੀ ਦੇ ਬਣਨ ਨਾਲ ਪੰਜਾਬ ਦੇ 20000 ਤੋਂ ਜ਼ਿਆਦਾ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇੱਥੇ ਕੋਰੀਆ, ਜਪਾਨ ਅਤੇ ਤਾਇਵਾਨ ਵਰਗੇ ਮੁਲਕਾਂ ਦੇ ਸਾਈਕਲ ਨਿਰਮਾਤਾ ਵੱਲੋਂ ਆਪਣੇ ਯੂਨਿਟ ਸਥਾਪਿਤ ਕਰਨ ਨਾਲ ਸੂਬੇ ਵਿਚ ਖੁਸ਼ਹਾਲੀ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਈਕਲ ਵੈਲੀ ਵਿਚ ਨਿਵੇਸ਼ਕਾਂ ਨੂੰ ਵਿਕਸਿਤ ਸਨਅਤੀ ਪਲਾਂਟ ਵਾਜਬ ਰੇਟਾਂ ‘ਤੇ ਮੁਹੱਈਆ ਕਰਵਾਏ ਜਾਣਗੇ ਅਤੇ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੈਂਕ, ਸਿਹਤ ਸੰਸਥਾਵਾਂ ਅਤੇ ਸਿੱਖਿਅਤ ਸੰਸਥਾਵਾਂ ਆਦਿ ਵੀ ਸਥਾਪਿਤ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਸ. ਬਾਦਲ ਨੇ ਮੱਤੇਵਾੜਾ ਵਿਖੇ ਸਤਲੁਜ ਦਰਿਆ ‘ਤੇ ਬਣੇ ਹਾਈ ਲੈਵਲ ਪੁਲ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਭਰੋਸਾ ਦਿੱਤਾ ਕਿ ਰਾਜਪੂਤ ਭਾਈਚਾਰੇ ਨੂੰ ਪੱਛੜੀਆਂ ਸ਼੍ਰੇਣੀਆਂ ਵਰਗ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਸਾਹਨੇਵਾਲ ਵਿਧਾਨ ਸਭਾ ਹਲਕੇ ਲਈ 7 ਕਰੋੜ ਰੁਪਏ ਦੀ ਵਿਕਾਸ ਗ੍ਰਾਂਟ ਦੇਣ ਤੋਂ ਇਲਾਵਾ ਧਨਾਨਸੂ ਵਿਖੇ 400 ਕੇਵੀ ਪਾਵਰ ਸਟੇਸ਼ਨ, ਮੱਤੇਵਾੜਾ ਵਿਖੇ ਇਕ ਕਾਲਜ ਅਤੇ ਮੰਡੀ ਦੇ ਵਿਸਥਾਰ ਲਈ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ।
ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਪਾਏ ਅਹਿਮ ਯੋਗਦਾਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਸੂਬੇ ਵਿਚ 150 ਤੋਂ ਜ਼ਿਆਦਾ ਰੇਲਵੇ ਪੁਲਾਂ ਦਾ ਨਿਰਮਾਣ ਕੀਤਾ ਉੱਥੇ ਹੀ 100 ਤੋਂ ਜ਼ਿਆਦਾ ਸ਼ਹਿਰਾਂ ਵਿਚ 6000 ਕਰੋੜ ਰੁਪਏ ਖਰਚ ਕੇ ਸਾਫ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੀ ਵਿਵਸਥਾ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦਾ ਸੜਕੀ ਢਾਂਚਾ ਲਾਜਵਾਬ ਹੈ ਅਤੇ ਸਾਰੇ ਪ੍ਰਮੁੱਖ ਸ਼ਹਿਰ 4 ਅਤੇ 6 ਮਾਰਗੀ ਸੜਕਾਂ ਨਾਲ ਜੋੜੇ ਗਏ ਹਨ। ਇਸ ਤੋਂ ਇਲਾਵਾ ਮੁਫਤ ਦਵਾਈ ਦੀਆਂ ਦੁਕਾਨਾਂ, ਸਕਿੱਲ ਸੈਂਟਰ, ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਮੁਫਤ ਸਿਹਤ ਬੀਮਾ, ਆਟਾ-ਦਾਲ ਸਕੀਮ, ਸ਼ਗਨ ਸਕੀਮ, ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਬਿਲ ਮੁਆਫ ਅਤੇ ਹੋਰ ਬਹੁਤ ਸਾਰੀਆਂ ਭਲਾਈ ਸਕੀਮਾਂ ਅਕਾਲੀ-ਭਾਜਪਾ ਸਰਕਾਰ ਦੀ ਅਹਿਮ ਪ੍ਰਾਪਤੀਆਂ ਹਨ।
ਉਨ੍ਹਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਅਗਲੇ 5 ਸਾਲਾਂ ਵਿਚ 35000 ਕਰੋੜ ਰੁਪਏ ਖਰਚ ਕਰਕੇ ਸਾਰੇ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਸੀਮੇਂਟ ਦੀਆਂ ਬਣਾਉਣ ਤੋਂ ਇਲਾਵਾ ਪਿੰਡਾਂ ਵਿਚ ਸੀਵਰੇਜ ਅਤੇ ਸੂਰਜੀ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਲਦ ਹੀ ਸਾਰੇ ਗਰੀਬ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਵੀ ਮੁਹੱਈਆ ਕਰਵਾ ਦਿੱਤੇ ਜਾਣਗੇ।
ਕਾਂਗਰਸ ‘ਤੇ ਵਾਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਅਤੇ ਸਿੱਖਾਂ ਦੇ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ 84 ਦੰਗਿਆਂ ਦੀ ਦੋਸ਼ੀ ਪਾਰਟੀ ਅਤੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਪਾਰਟੀ ਨੂੰ ਪੰਜਾਬੀ ਕਦੇ ਵੀ ਵੋਟਾਂ ਨਹੀਂ ਪਾਉਣਗੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਅਤੇ ਵਿਕਾਸ ਲਈ ਕਾਂਗਰਸ ਨੇ ਕਦੇ ਵੀ ਕੋਈ ਕੰਮ ਨਹੀਂ ਕੀਤਾ ਹੈ ਅਤੇ ਅਜਿਹੀ ਕੋਈ ਵਿਕਾਸ ਪ੍ਰਾਪਤੀ ਨਹੀਂ ਹੈ ਜਿਹੜੀ ਕਾਂਗਰਸੀ ਗਿਣਾ ਸਕਦੇ ਹੋਣ।
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੰਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੇਕਰ ਕੇਜਰੀਵਾਲ ਪੰਜਾਬ ਵਿਚ ਅਸਲ ‘ਚ ਕਿਸੇ ਦਲਿਤ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਹਮਾਇਤੀ ਹੈ ਤਾਂ ਉਹ ਪਹਿਲਾਂ ਦਿੱਲੀ ਵਿਚ ਅਜਿਹਾ ਕਰਕੇ ਵਿਖਾਵੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਐਸਵਾਈਐਲ ਦੇ ਮੁੱਦੇ ‘ਤੇ ਵੀ ਆਪਣਾ ਪੱਖ ਸਪੱਸ਼ਟ ਕਰੇ ਅਤੇ ਐਵੇਂ ਹੀ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆਂ ਅਤੇ ਲਾਰਿਆਂ ਨਾਲ ਨਾ ਭਰਮਾਵੇ।
ਇਸ ਮੌਕੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਸਾਹਨੇਵਾਲ ਸਮੇਤ ਸਾਰੇ ਪੰਜਾਬ ਦੇ ਸਮੁੱਚੇ ਵਿਕਾਸ ਲਈ ਉੱਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਗਤੀ ਨੂੰ ਵੇਖਦਿਆਂ ਪੰਜਾਬ ਵਾਸੀ ਤੀਜੀ ਵਾਰ ਵੀ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਸੌਂਪ ਕੇ ਸੇਵਾ ਦਾ ਮੌਕਾ ਦੇਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਨਅਤ ਮੰਤਰੀ ਮਦਨ ਮੋਹਨ ਮਿੱਤਲ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਸੰਤਾ ਸਿੰਘ ਉਮੈਦਪੁਰੀ, ਯੂਥ ਅਕਾਲੀ ਆਗੂ ਸਿਮਰਨਜੀਤ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *