ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ

ss1

ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ

ਚੰਡੀਗੜ, 6 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਤੇ ਇਜ਼ਰਾਈਲ ਨੇ ਜਲ ਸੰਭਾਲ ਤੇ ਸੁਰੱਖਿਆ ਦੇ ਨਾਜ਼ੁਕ ਖੇਤਰਾਂ ਵਿੱਚ ਤਕਨਾਲੋਜੀ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਖੇਤੀਬਾੜੀ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਮਿਲਵਰਤਣ ‘ਤੇ ਸਹਿਮਤੀ ਪ੍ਰਗਟਾਈ ਹੈ।
ਅੱਜ ਇੱਥੇ ਨਾਸ਼ਤੇ ‘ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇਜ਼ਾਈਰਲ ਦੇ ਭਾਰਤੀ ਸਫ਼ੀਰ ਡੇਨੀਅਲ ਕਾਰਮੋਨ ਨੇ ਦੁਵੱਲੇ ਹਿੱਤ ਵਾਲੇ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਦੀ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਤੋਂ ਨਿਰਾਧਤ ਰਵਾਨਗੀ ਤੋਂ ਪਹਿਲਾਂ ਇਜ਼ਾਈਰਲ ਸਫ਼ੀਰ ਨੇ ਉਨਾੰ ਨਾਲ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਸੋਂ ਉਨਾਂ ਦੇ ਇਜ਼ਰਾਈਲ ਦੌਰੇ ਨੂੰ ਪ੍ਰਵਾਨਗੀ ਮਿਲਣ ਨਾਲ ਉਹ ਛੇਤੀ ਹੀ ਪੱਛਮੀ ਏਸ਼ੀਆਈ ਮੁਲਕ ਦਾ ਦੌਰਾ ਕਰਨ ਦੇ ਇਛੁੱਕ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਜ਼ਮੀਨੀ ਪਾਣੀ ਦੀ ਸੰਭਾਲ ਸਬੰਧੀ ਕਾਇਮ ਕੀਤੀ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਇਜ਼ਰਾਇਲ ਦਾ ਦੌਰਾ ਕਰੇਗੀ, ਉਨਾ ਨੂੰ ਇਸ ਤੋਂ ਪਹਿਲਾਂ ਕੁਝ ਜ਼ਰੂਰੀ ਸਮਝੌਤੇ ਸਹੀਬੰਦ ਕਰਨ ਹੋਣ ਦੀ ਆਸ ਹੈ। ਉਨਾੰ ਨੇ ਰਾਜਦੂਤ ਨੂੰ ਦੱਸਿਆ ਕਿ ਖੇਤੀ ਵੰਨ-ਸੁਵੰਨਤਾ ਬਾਰੇ ਇਜ਼ਰਾਈਲ ਵੱਲੋਂ ਵਰਤੇ ਜਾਂਦੇ ਢੰਗ-ਤਰੀਕਿਆਂ ਦਾ ਅਧਿਐਨ ਕਰਨ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਪਾਣੀ ਦੀ ਖਪਤ ਘੱਟ ਕਰਨ ਦੇ ਨਾਲ-ਨਾਲ ਅਜਾਈਂ ਜਾਂਦੇ ਪਾਣੀ ਦੀ ਮੁੜ ਵਰਤੇ ਕੀਤੀ ਜਾ ਸਕੇ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਇਜ਼ਰਾਈਲ ਸਰਕਾਰ ਦੀ ਛੱਤਰੀ ਹੇਠ ਆਧੁਨਿਕ ਤਕਨਾਲੋਜੀ ਨਾਲ ਲੈਸ ਪ੍ਰਾਈਵੇਟ ਕੰਪਨੀਆਂ ਰਾਹੀਂ ਪਾਇਲਟ ਪ੍ਰਾਜੈਕਟ ਚਲਾਉਣ ਦਾ ਸੁਝਾਅ ਦਿੱਤਾ। ਇਜ਼ਰਾਈਲ ਦੇ ਰਾਜਦੂਤ ਨੇ ਸੁਝਾਅ ਦਿੱਤਾ ਸੀ ਕਿ ਇਜ਼ਰਾਈਲ ਦੀ ਇਕ ਸਰਕਾਰੀ ਏਜੰਸੀ ‘ਨਿਊਟੈੱਕ’ ਭਾਰਤ ਦੀਆਂ ਸੂਬਾ ਸਰਕਾਰਾਂ ਅਤੇ ਉਨਾਂ ਦੇ ਮੁਲਕ ਵਿੱਚ ਪ੍ਰਾਈਵੇਟ ਕੰਪਨੀਆਂ ਨਾਲ ਤਾਲਮੇਲ ਕਰਦੀ ਹੈ ਜਿਸ ਪਿੱਛੋਂ ਮੁੱਖ ਮੰਤਰੀ ਨੇ ਪਾਇਲਟ ਪ੍ਰਾਜੈਕਟਾਂ ਬਾਰੇ ਇੱਛਾ ਜ਼ਾਹਰ ਕੀਤੀ ਸੀ। ਰਾਜਦੂਤ ਨੇ ਇਹ ਵੀ ਦੱਸਿਆ ਕਿ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਤਿੰਨ ਇਜ਼ਾਈਲੀ ਕੰਪਨੀਆਂ ਤੁਪਕਾ ਸਿੰਜਾਈ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀਆਂ ਹਨ।
ਰਾਜਦੂਤ ਨੇ ਆਖਿਆ ਕਿ ਪੰਜਾਬ ਸਰਕਾਰ ਉਨਾੰ ਕੰਪਨੀਆਂ ਦੀ ਨਿਸ਼ਾਨਦੇਹੀ ਕਰੇ, ਜਿਨਾਂ ਕੰਪਨੀਆਂ ਨਾਲ ਉਹ ਕੰਮ ਕਰਨ ਦੀ ਇਛੁੱਕ ਹੈ। ਉਨਾਂ ਨੇ ਵਾਅਦਾ ਕੀਤਾ ਕਿ ਦੋਵਾਂ ਸਰਕਾਰ ਦਰਮਿਆਨ ਲੋੜੀਂਦੇ ਸਮਝੌਤੇ ਸਹੀਬੰਦ ਕਰਨ ਵਿੱਚ ਮਦਦ ਕਰਨ ਲਈ ਸੂਬਾ ਸਰਕਾਰ ਦੀਆਂ ਤਜਵੀਜ਼ਾਂ ਦੀ ਘੋਖ ਕਰਨਗੇ।
ਸਫ਼ੀਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਆਪਣੇ ਭਾਰਤੀ ਹਮਰੁਤਬਾ ਨੂੰ ਪਿਛਲੇ ਇਕ ਸਾਲ ਵਿੱਚ ਦੋ ਵਾਰ ਮਿਲੇ ਹਨ ਜਿਸ ਦੌਰਾਨ ਬਰਬਾਦ ਹੁੰਦੇ ਪਾਣੀ ਨੂੰ ਸੋਧਣ ਅਤੇ ਸ਼ੋਰਾ ਖਤਮ ਕਰਨ ਦੀ ਪ੍ਰਣਾਲੀ ਨਾਲ ਸਬੰਧਤ ਤਕਨਾਲੋਜੀ ਸਾਂਝੀ ਕਰਨ ਦਾ ਵਾਅਦਾ ਕੀਤਾ। ਉਨਾਂ ਕਿਹਾ ਕਿ ਬਾਗਬਾਨੀ ਅਤੇ ਖੇਤੀਬਾੜੀ ਤੋਂ ਬਾਅਦ ਅਗਲਾ ਖੇਤਰ ਪਾਣੀ ਹੈ ਜਿਸ ਵਿੱਚ ਇਜ਼ਰਾਈਲ ਵੱਲੋਂ ਭਾਰਤ ਨਾਲ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।
ਕਾਰਮੋਨ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸੰਭਾਲ ਲਈ ਭਾਰਤ ਵੱਲੋਂ ਆਰੰਭੀ ਮੁਹਿੰਮ ਵਿੱਚ ਇਜ਼ਰਾਈਲ ਵੀ ਸ਼ਾਮਲ ਹੋਇਆ ਹੈ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਮਾਹਿਰਾਂ ਵੱਲੋਂ ਛੇਤੀ ਹੀ ਉੱਤਰ ਪ੍ਰਦੇਸ਼ ਦੀ ਸਰਕਾਰ ਨਾਲ ਸਮਝੌਤਾ ਸਹੀਬੰਦ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਨਾਲ ਵੀ ਅਜਿਹਾ ਸਮਝੌਤਾ ਨਾ ਕਰਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।
Îਮੁੱਖ ਮੰਤਰੀ ਨੇ ਪੰਜਾਬ ਅਤੇ ਇਜ਼ਰਾਈਲ ਦੀਆਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਗਿਆਨ ਤੇ ਵਿਚਾਰ ਸਾਂਝੇ ਕਰਨ ਦਾ ਪ੍ਰਸਤਾਵ ਵੀ ਰੱਖਿਆ।
ਰਾਜਦੂਤ ਨੇ ਸਮਾਜਿਕ ਵਿਕਾਸ ‘ਤੇ ਇਕਜੁਟ ਹੋ ਕੇ ਕੰਮ ਕਰਨ ਦੀ ਤਜਵੀਜ਼ ਰੱਖੀ ਜਿਸ ਲਈ ਉਨਾਂ ਦੇ ਮੁਲਕ ਨੇ ਪਹਿਲਾਂ ਹੀ ਸੰਕਲਪ ਪੇਪਰ ਤਿਆਰ ਕੀਤਾ ਹੋਇਆ ਹੈ ਜਿਸ ਨੂੰ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ, ਡੀ.ਜੀ.ਪੀ.  ਸੁਰੇਸ਼ ਅਰੋੜਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾਰ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ. ਗਿਰੀਸ਼ ਦਯਾਲਨ ਹਾਜ਼ਰ ਸਨ। ਵਫ਼ਦ ਵਿੱਚ ਫਸਟ ਸੈਕਟਰੀ (ਪੋਲੀਟੀਕਲ) ਨੋਆ ਹਾਕਿਮ ਅਤੇ ਲਾਇਨ ਬੇਨ ਅਮੀ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *