Thu. Jul 18th, 2019

ਪੰਜਾਬੀ ਸੱਭਿਆਚਾਰ ਵਿੱਚ ਪੰਜ ਦਾ ਮਹੱਤਵ

ਪੰਜਾਬੀ ਸੱਭਿਆਚਾਰ ਵਿੱਚ ਪੰਜ ਦਾ ਮਹੱਤਵ

ਪੰਜਾਬੀ ਸੱਭਿਆਚਾਰ ਚ ਪੰਜ ਦੇ ਅੰਕ ਤੇ ਸੰਕਲਪ ਦਾ ਵਿਸ਼ੇਸ਼ ਸਥਾਨ ਹੈ । ਪੰਜਾਬ ਇਕ ਅਜਿਹੇ ਭੂਗੋਲਿਕ ਖ਼ਿੱਤੇ ਦਾ ਨਾਮ ਹੈ ਜੋ ਪੰਜਾਂ ਦਰਿਆਵਾਂ (ਸਤਲੁਜ, ਬਿਆਸ, ਰਾਵੀ, ਝਨਾਂ ਤੇ ਜਿਹਲਮ)ਦੇ ਵਿਚਕਾਰ ਸਥਿਤ ਹੈ। ਪੰਜਾਂ ਦਰਿਆਵਾਂ ਦੀ ਇਸ ਧਰਤੀ ਦਾ ਪੰਜ ਦੇ ਅੰਕੜੇ ਨਾਲ ਵਿਸ਼ੇਸ਼ ਸੰਬੰਧ ਹੈ । ਦੂਜੇ ਸ਼ਬਦਾਂ ਚ ਇੰਜ ਕਹਿ ਸਕਦੇ ਹਾਂ ਕਿ ਪੰਜਾਬ ਕਦੇ ਵੀ ਪੰਜਾਬ ਨਾ ਹੁੰਦਾ ਜੇਕਰ ਇਸ ਧਰਤੀ ‘ਤੇ ਪੰਜ ਦਰਿਆਵਾਂ ਦਾ ਵਹਿਣ ਨਾ ਹੁੰਦਾ। ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦੇ ਨਾਤੇ, ਨਾ ਹੀ ਪੰਜਾਬ ਪੰਜਾ ਦਰਿਆਵਾਂ ਤੋਂ ਮੁਕਤ ਹੋ ਸਕਦਾ ਹੈ, ਨਾ ਹੀ ਪੰਜ ਦੋਆਬਿਆਂ, ਪੰਜ ਪੀਰਾਂ, ਪੰਜ ਪਾਂਡਵਾਂ, ਪੰਜਾਬੀ ਬੋਲੀ ਤੇ ਪੰਜ ਕੰਨਿਆਵਾਂ ਤੋਂ । ਇਸ ਦੇ ਪੰਜ ਹੀ ਪਿਆਲੇ ਹਨ ਤੇ ਪੰਜ ਹੀ ਇਸ਼ਨਾਨ ਹਨ। ਪੰਜ ਪਿਆਰਿਆਂ ਨਾਲ ਗੁਰੂ ਚੇਲੇ ਦੀ ਇਕਮਿਕਤਾ ਹੈ । ਇੱਥੋਂ ਦੇ ਵਾਸੀ ਪੰਜ ਖੰਡਾਂ, ਪੰਜ ਭੌਤਿਕ ਤੱਤਾਂ(ਅੱਗ, ਹਵਾ, ਪਾਣੀ, ਧਰਤੀ ਤੇ ਅਕਾਸ਼) ਪੰਜ ਵਿਸ਼ੇ ਵਿਕਾਰਾਂ (ਕਾਮ,ਕਰੋਧ, ਲੋਭ, ਮੋਹ ਤੇ ਹੰਕਾਰ) ਤੇ ਪੰਜਾ ਪਾਡਵਾਂ ਦਾ ਮਹੱਤਵ ਸਮਝਦੇ ਹਨ ।

ਪੰਜਾ ਕਕਾਰਾਂ ਦੇ ਅਨੁਸ਼ਾਸਨ ਚ ਰਹਿਣ ਵਾਲੇ ਇੱਥੋਂ ਦੇ ਬਹੁ ਗਿਣਤੀ ਲੋਕਾਂ ਦੀ ਪੰਜ ਵਿਸ਼ੇ ਵਿਕਾਰਾਂ ਨਾਲ ਟੱਕਰ ਹੈ । ਇਹ ਪੰਜਾਂ ਚ ਪਰਮੇਸ਼ਵਰ ਮੰਨਦੇ ਹੋਏ ਪੰਜਾਂ ਪੰਚਾਂ ਦੇ ਫ਼ੈਸਲੇ ਖਿੜੇ ਮੱਥੇ ਪਰਵਾਨ ਕਰਦੇ ਹਨ । ਜੰਗ ਵੇਲੇ ਵੈਰੀ ਨਾਲ ਪੰਜਾ ਕਿਵੇਂ ਲੜਾਉਣਾ ਹੈ ਤੇ ਖੁਸ਼ੀ ਵੇਲੇ ਪੰਜੇ ਉੰਗਲਾਂ ਘਿਓ ਚ ਕਿਵੇਂ ਰੱਖਣ ਦੇ ਪੂਰੀ ਤਰਾਂ ਮੁਹਾਰਤੀ ਹਨ । ਵਿਆਹ ਵੇਲੇ ਪੰਜ ਪੰਜ ਛੂਛਕਾਂ ਖੇਡਣਾ ਤੇ ਵੱਡਿਆਂ ਤੋਂ ਪੰਜੇ ਦਾ ਅਸ਼ੀਰਵਾਦ ਪਰਾਪਤ ਕਰਨਾ ਇੱਥੋਂ ਦੇ ਵਸ਼ਿੰਦਿਆਂ ਦੀ ਪੁਰਾਣੀ ਪਰੰਪਰਾ ਹੈ । ਸੋ ਕਹਿ ਸਕਦੇ ਹਾਂ ਕਿ ਪੰਜ ਦਾ ਅੰਕੜਾ ਪੰਜਾਬੀਆਂ ਵਾਸਤੇ ਬਹੁਤ ਅਹਿਮ ਹੀ ਨਹੀਂ ਸਗੋਂ ਉਹਨਾਂ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Leave a Reply

Your email address will not be published. Required fields are marked *

%d bloggers like this: