Fri. Sep 20th, 2019

ਪੰਜਾਬੀ ਸੱਭਿਆਚਾਰ ਦੇ ਅੰਬਰ ਦਾ ਚਮਕਦਾ ਧਰੂ ਤਾਰਾ ਗੀਤਕਾਰ: ਕੁਲਦੀਪ ਕੰਡਿਆਰਾ

ਪੰਜਾਬੀ ਸੱਭਿਆਚਾਰ ਦੇ ਅੰਬਰ ਦਾ ਚਮਕਦਾ ਧਰੂ ਤਾਰਾ ਗੀਤਕਾਰ: ਕੁਲਦੀਪ ਕੰਡਿਆਰਾ

ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅੱਜ ਸੈਕੜੇ ਨਹੀਂ ਹਜ਼ਾਰਾ ਗੀਤਕਾਰ ਆਪੋ-ਆਪਣਾ ਬਣਦਾ ਯੋਗਦਾਨ ਪਾ ਕੇ ਇਸ ਨੂੰ ਸ਼ਿਖਰਾ ਤੇ ਪਹੁੰਚਾਉਣ ਲਈ ਦਿਨ ਰਾਤ ਲੱਗੇ ਹੋਏ ਹਨ ਪਰੰਤੂ ਗੀਤਕਾਰ ਕੁਲਦੀਪ ਕੰਡਿਆਰਾ ਦਾ ਨਾਂ ਮੂਹਰਲੀਆਂ ਕਤਾਰਾਂ ਵਿੱਚ ਆਉਂਦਾ ਹੈ। ਪਿਤਾ ਸ. ਜੀਰਾ ਸਿਘ ਦੇ ਘਰ ਮਾਤਾ ਅੰਗਰੇਜ਼ ਕੌਰ ਦੀ ਕੁੱਖੋ 19-04-1976 ਨੂੰ ਇਸ ਸੰਸਾਰ ਤੇ ਪਹਿਲੀ ਕਿਲਕਾਰੀ ਮਾਰੀ, ਚਾਰ ਭੈਣਾ ਭਰਾਵਾਂ ਵਿੱਚੋ ਸਾਰਿਆ ਤੋਂ ਵੱਡਾ ਹੋਣ ਦੇ ਨਾਤੇ ਆਪਣੀਆਂ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਫਰੀਦਕੋਟ ਜਿਲੇ ਦੇ ਸ਼ਹਿਰ ਕੋਟਕਪੂਰਾ-ਜੈਤੋ ਰੋਡ ਤੇ ਵੱਸੇ ਪਿੰਡ ਨਾਨਕਸਰ ਦੀਆਂ ਗਲੀਆਂ ਵਿੱਚ ਖੇਡਦੇ ਹੋਏ ਦਸਵੀਂ ਤੱਕ ਦੀ ਪੜਾਈ ਕੀਤੀ। ਬਚਪਨ ਤੋਂ ਹੀ ਸਕੂਲ ਦੀਆਂ ਬਾਲ ਸਭਾਵਾ ਦਾ ਸ਼ਿੰਗਾਰ ਬਣੇ ਕੁਲਦੀਪ ਦੇ ਅੰਦਰ ਹੋਰ ਉੱਚੀਆਂ ਉਡਾਰੀਆਂ ਮਾਰਨ ਦੀ ਤਾਂਘ ਨੇ ਨੁਸਰਤ ਫਤਿਹ ਅਲੀ ਖਾਂ, ਰਾਹਤ ਫਤਿਹ ਅਲੀ ਖਾਂ, ਦੇਬੀ ਮਕਸੂਦਪੁਰੀ ਆਦਿ ਦੀਆਂ ਰੀਲਾਂ ਖਰੀਦ ਕੇ ਸੁਨਣ ਲਈ ਨਾ ਦਿਨ ਦੇਖਿਆ ਤੇ ਨਾ ਰਾਤ ਦੇਖੀ ਪਤਾ ਹੀ ਨਾ ਲੱਗਾ ਕਿ ਕਦੋਂ ਕੁਲਦੀਪ ਅੰਦਰਲੇ ਕਲਾਕਾਰ ਨੇ ਕਾਗਜ਼ ਦੀ ਹਿੱਕ ਤੇ ਹੁਣ ਤੱਕ ਪੰਜ ਹਜ਼ਾਰ ਤੋਂ ਵੱਧ ਗੀਤ ਲਿਖ ਧਰੇ।
ਆਪਣੇ ਲਿਖੇ ਗੀਤਾਂ ਨੂੰ ਰਿਕਾਰਡ ਕਰਵਾਉਣ ਲਈ ਕੁਲਦੀਪ ਨੇ ਬਹੁਤ ਭੱਜ ਨੱਠ ਕੀਤੀ ਪਰੰਤੂ ਭੋਲੀ ਸੂਰਤ ਦੇਖ ਹਰ ਕੋਈ ਨਾਂਹ ਕਹਿਕੇ ਦਿਲਾਸਾ ਦਿੰਦਾ ਕਿ ਬਹੁਤ ਵਧੀਆ ਲਿਖਿਆ ਹੈ ਕਿਉਕਿ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨ ਵਾਲਾ ਦੌਰ ਸ਼ਿਖਰਾ ਤੇ ਸੀ ਲਚਰਤਾ ਚਾਰ-ਚੁਫੇਰੇ ਨੱਚਦੀ ਫਿਰਦੀ ਸੀ ਕੁਲਦੀਪ ਦੀ ਗੀਤਕਾਰੀ ਹਮੇਸ਼ਾ ਇਸ ਤੋਂ ਕੋਹਾਂ ਦੂਰ ਰਹੀ। ਅਚਾਨਕ ਇੱਕ ਦਿਨ ਪਿੰਡ ਦੇ ਹੀ ਗਾਇਕ ਕਲਾਕਾਰ ਦਿਲਬਾਗ ਚਹਿਲ ਨੇ ਆਪਣੇ ਦੋਸਤ ਪ੍ਰਸਿੱਧ ਗਾਇਕ ਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੂੰ ਮਿਲਾਇਆ, ਬਾਈ ਕਰਮਜੀਤ ਅਨਮੋਲ ਦੀ ਪਾਰਖੂ ਅੱਖ ਨੇ ਇਸ ਹੀਰੇ ਨੂੰ ਪਹਿਲੀ ਨਜ਼ਰੇ ਪਛਾਣਦੇ ਹੋਏ ਆਪਣੀ ਨਵੀ ਆ ਰਹੀਂ ਰੀਲ ”ਬਲੋਰੀ ਅੱਖ” ਵਿੱਚ ‘ਤੇਰੇ ਹੀ ਚੁਬਾਰੇ ਵੱਲ ਖੁਲੇ ਗੋਰੀਏ ਨੀ ਸਾਰੇ ਪਿੰਡ ਦੀ ਚੁਬਾਰਿਆਂ ਦੀ ਬਾਰੀ’ (2004 ਵਿੱਚ) ਰਿਕਾਰਡ ਕੀਤਾ ਦੇਸ਼ਾ ਵਿਦੇਸ਼ਾ ਵਿੱਚ ਧੂੰਮਾਂ ਪੈ ਗਈਆ, ਬੱਸ ਇੱਥੋ ਹੀ ਕੁਲਦੀਪ ਕੰਡਿਆਰੇ ਨੇ ਸਫਲਤਾ ਦੀ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਧਰਿਆ ਤੇ ਮੁੜ ਕੇ ਕਦੇ ਪਿੱਛੇ ਨਹੀ ਦੇਖਿਆ। ਨਾਮਵਰ ਕਲਾਕਾਰਾ ਹਰਭਜਨ ਸ਼ੇਰਾ, ਸਿਕੰਦਰ ਸਲੀਮ, ਰਾਜਾ ਸਿੱਧੂ, ਰਾਜਵਿੰਦਰ ਕੌਰ ਪਟਿਆਲਾ, ਕੁਲਵਿੰਦਰ ਕੰਵਲ, ਦਿਲਬਾਗ ਚਹਿਲ, ਮਿਸ ਪੂਜਾ, ਸੁਦੇਸ਼ ਕੁਮਾਰੀ, ਸੁਨਿਧੀ ਚੋਹਾਨ, ਪ੍ਰਗਟ ਭਾਗੂ, ਹਰਲੀਨ ਅਖਤਰ ਆਦਿ ਨੇ ਗਾ ਕੇ ਇਸ ਗੁੱਡੀ ਨੂੰ ਹੋਰ ਉੱਚੇ ਅੰਬਰੀ ਚਾੜਿਆ, ਪਰਦੇ ਦੇ ਸਫਰ ਦੌਰਾਨ ਕਰਮਜੀਤ ਅਨਮੋਲ ਨੇ ਆਪਣੀ ਫਿਲਮ ‘ਯਾਰਾ ਓ ਯਾਰਾ’ ਵਿੱਚ ਕੰਡਿਆਰੇ ਦੀ ਕਲਮ ਦਾ ਗੀਤ ‘ਯਾਰਾ ਵੇ’ ਆਪਣੀ ਵੈਰਾਗਮਈ ਆਵਾਜ਼ ਨਾਲ ਗਾ ਕੇ ਫਿਲਮਾਇਆ ਤਾਂ ਯਾਦਗਾਰੀ ਹੋ ਨਿੱਬੜਿਆ ਜੋ ਅੱਜ ਵੀ ਹਰ ਨੋਜੁਆਨ ਦੀ ਜ਼ੁਬਾਨ ਤੇ ਹੈ। ਇੱਥੋ ਹੀ ਕੁਲਦੀਪ ਦੀ ਕਲਮ ਨੇ ਫਿਲਮੀ ਗੀਤਾਂ ਦੇ ਸਫਰ ਦੀ ਸ਼ੁਰੂਆਤ ਕੀਤੀ ਤਕਰੀਬਨ ਹੁਣ ਤੱਕ ਵੀਹ ਤੋਂ ਵੱਧ ਫਿਲਮਾਂ ‘ਯਾਰਾ ਓ ਯਾਰਾ’, ‘ਜੱਅ ਬੁਆਏ’, ‘ਮੁੰਡੇ ਕਮਾਲ ਦੇ’, ‘ਲੈਦਰ ਲਾਈਫ’, ‘ਰੱਬ ਜੈਸਾ’, ‘ਸੈਕਿੰਡ ਹੈਂਡ ਹਸਬੈਂਡ’, ‘ਯਾਰਾਂ ਵੇ ਟੂ’, ‘ਗੋਰਿਆ ਨੂੰ ਦਫਾ ਕਰੋ’, ‘ਨਿੱਕਾ ਜੈਲਦਾਰ 1 ਅਤੇ 2’, ਮੰਜੇ ਬਿਸਤਰੇ, ਪ੍ਰਾਹੁਣਾ, ‘ਰਮਤੇ-ਰਮਤੇ’, ‘ਮਰਗੇ ਓ ਲੋਕੋ’, ‘ਆਟੇ ਦੀ ਚਿੜੀ’, ‘420 ਰਿਟਰਨ’, ‘ਵਧਾਈਆ ਜੀ ਵਧਾਈਆ’, ‘ਰਾਂਝਾ ਰਫਿਊਜੀ’, ਆਦਿ ਵਿੱਚ ਆਪਣੀ ਕਲਮ ਨਾਲ ਬਾਈ ਕਰਮਜੀਤ ਅਨਮੋਲ ਦੀ ਮਿਹਰਬਾਨੀ ਸਦਕਾ ਹਾਜ਼ਰੀ ਲਵਾ ਚੁੱਕਾ ਹੈ।
ਬਾਈ ਕਰਮਜੀਤ ਅਨਮੋਲ ਵੱਲੋਂ ਕੁਲਦੀਪ ਕੰਡਿਆਰੇ ਦੀ ਕਲਮ ਦੇ ਹੁਣ ਤੱਕ 50 ਤੋਂ ਵੱਧ ਗੀਤ ਫਿਲਮਾਂ ਤੇ ਸਿੰਗਲ ਟਰੈਕ ਗਾਏ ਜਾ ਚੁੱਕੇ ਹਨ ਤੇ ਤਕਰੀਬਨ 100 ਦੇ ਕਰੀਬ ਰਿਕਾਰਡ ਹੋ ਚੁੱਕੇ ਹਨ ਜਿੰਨਾ ਨੂੰ ਵੱਖ-ਵੱਖ ਕਲਾਕਾਰਾ ਨੇ ਆਪਣੀ ਸੁਰੀਲੀ ਅਵਾਜ ਵਿੱਚ ਗਾਇਆ ਹੈ। ਜੋ ਆਉਣ ਵਾਲੇ ਸਮੇਂ ਵਿੱਚ ਸੁਨਣ ਨੂੰ ਮਿਲਣਗੇ। ਬਾਈ ਕਰਮਜੀਤ ਅਨਮੋਲ ਵੱਲੋ ਆਪਣੀ ਵੈਰਾਗਮਈ ਆਵਾਜ ਵਿੱਚ ਗਾਏ ਕੁਲਦੀਪ ਦੀ ਕਲਮ ਦੇ ਸਿੰਗਾਰੇ ਚਰਚਿਤ ਗੀਤ ‘ਸਾਡਾ ਸਾਰਾ ਪਿੰਡ ਵਿਕਾਊ ਏ’ ਨੇ ਮੇਰੇ ਰੰਗਲੇ ਪੰਜਾਬ ਦੀ ਮੋਜੂਦਾ ਅਸਲ ਤਸਵੀਰ ਨੁੂੰ ਲੋਕਾਂ ਸਾਹਮਣੇ ਪੇਸ਼ ਕੀਤਾ ਤਾਂ, ਕਰਮਜੀਤ ਅਨਮੋਲ ਤੇ ਕੁਲਦੀਪ ਕੰਡਿਆਰੇ ਦੇ ਨਾ ਦੀਆਂ ਧੁੰਮਾ ਦੇਸ਼ਾ ਵਿਦੇਸ਼ਾ ਤੱਕ ਪਈਆ ਤੇ ਪੰਜਾਬੀਆ ਨੇ ਮਣਾ-ਮੂੰਹੀ ਪਿਆਰ ਦਿੱਤਾ।
ਕੁਲਦੀਪ ਕੰਡਿਆਰਾ ਕੁਝ ਫਿਲਮਾਂ ਵਿੱਚ ਮਹਿਮਾਨ ਰੋਲ ਵੀ ਨਿਭਾ ਚੁੱਕਾ ਹੈ ‘ਦੇਖ ਬਰਾਤਾ ਚੱਲੀਆਂ’,ਟੇਸ਼ਨ,ਚੰਨਾ ਮੇਰੀਆ,ਆਉਣ ਵਾਲੀਆ ਫਿਲਮਾਂ ਰੱਬਾ-ਰੱਬਾ ਮੀਂਹ ਵਰਸਾ,ਲੱਡੂ ਬਰਫੀ ਆਦਿ ਬਹੁਤ ਜਲਦੀ ਆ ਰਹੀਆਂ ਨਵੀਂਆ ਫਿਲਮਾਂ,ਮਿੰਦੋ ਤਸੀਲਦਾਰਨੀ,ਰੱਬਾ-ਰੱਬਾ ਮੀਂਹ ਵਰਸਾ,ਵਿੱਚ ਵੀ ਕੰਡਿਆਰੇ ਦੀ ਕਲਮ ਤੋਂ ਲਿਖੇ ਗੀਤ ਪ੍ਰਸਿੱਧ ਗਾਇਕ ਨਿੱਜਾਂ,ਨੱਛਤਰ ਗਿੱਲ ਤੇ ਰੋਸ਼ਨ ਪ੍ਰਿੰਸ ਦੀਆਂ ਮਧੁਰ ਅਵਾਜਾ ਵਿੱਚ ਸੁਨਣ ਨੂੰ ਮਿਲਣਗੇ। ਲੱਚਰਤਾਂ ਤੋਂ ਕੋਹਾਂ ਦੂਰ ਕੁਲਦੀਪ ਕੰਡਿਆਰੇ ਦੇ ਲਿਖੇ ਗੀਤਾ ਦੀ ਇੱਕ ਕਿਤਾਬ ‘ਵੰਜਲੀ’ ਵੀ ਕੋਲਾਜ਼ ਪ੍ਰਕਾਸ਼ਨ ਜਲੰਧਰ ਵੱਲੋ ਛਾਪੀ ਗਈ ਹੈ। ਜਿਸ ਦੀ ਸੰਪਾਦਨ ਮੈਡਮ ਰੇਨੂ ਨਈਅਰ ਹੈ ਇਸ ਕਿਤਾਬ ਨੂੰ ਛਾਪਣ ਲਈ ਮੈਡਮ ਰੇਨੂ ਨਈਅਰ ਦਾ ਵੱਡਾ ਯੋਗਦਾਨ ਹੈ। ਦਿਲਬਾਗ ਚਹਿਲ, ਕੁਲਵਿੰਦਰ ਕੰਵਲ, ਸਲੀਮ ਅਖਤਰ ਦਾ ਬਹੁਤ ਸਹਿਯੋਗ ਹੈ ਤੇ ਬਾਈ ਕਰਮਜੀਤ ਅਨਮੋਲ ਨੇ ਤਾਂ ਛੋਟੇ ਵੀਰ ਦੀ ਤਰਾਂ ਕਿਤੇ ਵਧਕੇ ਹੁਣ ਤੱਕ ਪਿਆਰ ਦੇ ਕੇ ਤਰੱਕੀ ਦੀਆਂ ਸਿਖਰਾ ਤੇ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਪਿੰਡ ਨਾਨਕਸਰ ਦੇ ਸਮੂਹ ਵਾਸੀਆਂ ਵੱਲੋਂ ਪਿਆਰ ਨਾਲ ਨਿਵਾਜਦੇ ਹੋਏ ਕੁਲਦੀਪ ਕੰਡਿਆਰੇ ਨੂੰ ਐਤਕੀ ਸਰਬ-ਸੰਮਤੀ ਨਾਲ ਪੰਚਾਇਤ ਮੈਂਬਰ ਵੀ ਚੁਣਿਆ ਗਿਆ ਹੈ। ਧਰਮ ਪਤਨੀ ਸ੍ਰੀਮਤੀ ਰਾਜਵਿੰਦਰ ਕੌਰ ਦਾ ਇਸ ਸਫਰ ਦੌਰਾਨ ਵੱਡਮੁੱਲਾ ਯੋਗਦਾਨ ਰਿਹਾ ਹੈ ਜਿਸ ਨੇ ਬੇਟੀ ਸਰਗਮਜੋਤ ਕੌਰ ਤੇ ਬੇਟਾ ਬਰਕਤਗੀਤ ਸਿੰਘ ਨੂੰ ਚੰਗੀਆ ਸਿੱਖਿਆਵਾਂ ਦੇ ਕੇ ਅੱਜ ਦੇ ਜਮਾਨੇ ਵਾਲੀ ਹਵਾ ਤੋਂ ਕੋਹਾਂ ਦੂਰ ਬਚਾ ਕੇ ਰੱਖਿਆ ਹੈ ਕੰਡਿਆਰਾ ਬਾਈ ਕਰਮਜੀਤ ਅਨਮੋਲ ਦਾ ਕਰਜ਼ਦਾਰ ਹੈ ਇਹ ਉਹ ਖੁਦ ਕਹਿੰਦਾ ਹੈ ਮੇਰੀ ਪਰਮ ਪਿਤਾ ਪਰਮਾਤਮਾ ਦੇ ਚਰਨਾ ਵਿੱਚ ਅਰਦਾਸ ਹੈ ਕਿ ਮਾਲਕ ਪੰਜਾਬੀ ਸੱਭਿਆਚਾਰ ਦੇ ਇਸ ਵਾਰਸ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਪਹੁੰਚਾਏ।

ਜਗਜੀਤ ਸਿੰਘ ਕੰਡਾ
96462-00468

Leave a Reply

Your email address will not be published. Required fields are marked *

%d bloggers like this: