Fri. Jul 19th, 2019

ਪੰਜਾਬੀ ਸਿਨੇਮਾਂ ਨੂੰ ਕਲਾਤਮਕਤਾ ਦੇ ਨਵੇਂ ਰੰਗਾਂ ਵਿਚ ਢਾਲਣਾ ਰਹੇਗੀ ਵਿਸ਼ੇਸ਼ ਪਹਿਲਕਦਮੀ ਨਿਰਦੇਸ਼ਕ : ਭਗਵੰਤ ਕੰਗ

ਪੰਜਾਬੀ ਸਿਨੇਮਾਂ ਨੂੰ ਕਲਾਤਮਕਤਾ ਦੇ ਨਵੇਂ ਰੰਗਾਂ ਵਿਚ ਢਾਲਣਾ ਰਹੇਗੀ ਵਿਸ਼ੇਸ਼ ਪਹਿਲਕਦਮੀ ਨਿਰਦੇਸ਼ਕ : ਭਗਵੰਤ ਕੰਗ
ਨਵੀਂ ਲਘੂ ਫ਼ਿਲਮ ‘ਚਗਲ’ ਨਾਲ ਸਿਨੇਮਾਂ ਖਿੱਤੇ ਵਿਚ ਹੋਰ ਨਵੇਂ ਦਿਸਹਿੱਦੇ ਕਾਇਮ ਕਰਨ ਵੱਲ ਵਧੇ

ਪੰਜਾਬੀਅਤ ਵਿਰਸਾ ਦੁਨੀਆਂਭਰ ਵਿਚ ਆਪਣੀ ਮਾਣਮੱਤੀ ਪਹਿਚਾਣ, ਸਤਿਕਾਰ ਰੱਖਦਾ ਹੈ, ਜਿਸ ਦੇ ਮੁਹਾਂਦਰੇ ਨੂੰ ਪੰਜਾਬੀ ਸਿਨੇਮਾਂ ਦੇ ਮਾਧਿਅਮ ਰਾਹੀਂ ਚਾਰ ਚੰਨ ਲਾਉਣਾ ਹਮੇਸ਼ਾ ਵਿਸ਼ੇਸ਼ ਪਹਿਲਕਦਮੀ ਰਹੇਗੀ। ਇਹ ਵਿਚਾਰ ਪ੍ਰਗਟਾਵਾ ਕਲਾ ਖਿੱਤੇ ਵਿਚ ਵਿਲੱਖਣ ਪਹਿਚਾਣ ਕਰ ਚੁੱਕੇ ਪ੍ਰਤਿਭਾਵਾਨ ਨਿਰਦੇਸ਼ਕ ਭਗਵੰਤ ਮਾਨ ਨੇ ਆਪਣੀ ਤਾਜ਼ਾ ਲਘੂ ਫ਼ਿਲਮ ‘ਚਗਲ’ ਦੇ ਯੂ ਟਿਊਬ ਪ੍ਰੀਮਿਅਰ ਦੌਰਾਨ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨਾਂ ਕਿਹਾ ਕਿ ਮਾਂ ਬੋਲੀ ਸਿਨੇਮਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਇੱਥੇ ਵੀ ਬਾਲੀਵੁੱਡ ਤਰਾਂ ਅਸਲ ਕਥਾਵਾਂ ਅਤੇ ਜੀਵਨੀਆਂ ਅਧਾਰਿਤ ਫ਼ਿਲਮਾਂ ਦਾ ਪ੍ਰਚਲਣ ਜੋਰ ਫੜ ਰਿਹਾ ਹੈ, ਜਿਸ ਨਾਲ ਮਸ਼ਹੂਰ ਲੇਖਕਾਂ ਦੀਆਂ ਕਈ ਅਨਮੋਲ ਕਿਰਤਾਂ ਨੂੰ ਸਿਨੇਮਾਂ ਸਕਰੀਨ ਰਾਹੀਂ ਹੋਰ ਸ਼ਾਨਦਾਰ ਨਕਸ਼ ਮਿਲ ਰਹੇ ਹਨ। ਉਨਾਂ ਅੱਗੇ ਕਿਹਾ ਕਿ ਬਤੌਰ ਨਿਰਦੇਸ਼ਕ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਉਨਾਂ ਹਮੇਸ਼ਾ ਨਾਯਾਬ ਅਤੇ ਅਜਿਹੀਆਂ ਸਿਨੇਮਾਂ ਕੋਸ਼ਿਸ਼ਾਂ ਨੂੰ ਹੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਨੌਜਵਾਨ ਪੀੜੀ ਨੂੰ ਅਸਲ ਕਦਰਾਂ , ਕੀਮਤਾਂ ਨਾਲ ਜੋੜਨ ਦੇ ਨਾਲ ਨਾਲ ਪੰਜਾਬੀ ਰੀਤੀ ਰਿਵਾਜ਼ਾ ਨੂੰ ਵੀ ਮਾਣਪੂਰਵਕ ਸਹੇਜਿਆਂ ਜਾ ਸਕੇ। ਪੰਜਾਬੀ ਫ਼ਿਲਮ ਸਨਅਤ ਵਿਚ ਇਕ ਰਿਅਲਸਿਟਕ ਵਿਜ਼ਨ ਸਥਾਪਿਤ ਕਰਨ ਦੀ ਚਾਹ ਰੱਖਦੇ ਨਿਰਦੇਸ਼ਕ ਵਜੋਂ ਜਾਂਦੇ ਜਾਂਦੇ ਸ੍ਰੀ ਕੰਗ ਨੇ ਅੱਗੇ ਦੱਸਿਆ ਕਿ ਉਨਾਂ ਦੇ ਕਰਿਅਰ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਉਨਾਂ ਨੂੰ ਪ੍ਰਸਿੱਧ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਕਹਾਣੀ ਆਧਾਰਿਤ ਪੰਜਾਬੀ ਲਘੂ ਫ਼ਿਲਮ ‘ਚਗਲ’ ਨਿਰਦੇਸ਼ਿਤ ਕਰਨ ਦਾ ਅਵਸਰ ਮਿਲਿਆ ਹੈ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਨਵੇਂ ਆਯਾਮ ਹਾਸਿਲ ਹੋਣ ਦੀ ਉਮੀਦ ਹੈ। ਉਨਾਂ ਕਿਹਾ ਕਿ ਪੰਜਾਬੀ ਸਿਨੇਮਾਂ ਦੇ ਪ੍ਰਚਾਰ , ਪ੍ਰਸਾਰ ਵਿਚ ਅੰਤਰਰਾਸ਼ਟਰੀ ਪੱਧਰ ਤੇ ਮਾਣ ਭਰੀਆਂ ਕੋਸਿਸ਼ਾਂ ਨੂੰ ਅੰਜਾਮ ਦੇ ਰਹੇ ਨਿਰਮਾਤਾ, ਪੇਸ਼ਕਰਤਾ ਸਾਬੀ ਸਾਂਝ ਦੀ ਦੇਖਰੇਖ਼ ਹੇਠ ਅਤੇ ਫ਼ੋਕ ਫ਼ਿਲਮ ਸਟੂਡੀਓ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਮਨਦੀਪ ਸਿੱਧੂ, ਹਰਮੀਤ ਭੁੱਲਰ, ਸਹਿ ਨਿਰਮਾਤਾ ਜੱਸ ਸੰਧੂ ਅਤੇ ਹਸਨਪ੍ਰੀਤ ਸਿੱਧੂ ਅਤੇ ਵੀਡੀਓ ਐਡੀਟਰ ਨਵਜੋਤ ਸਿੰਘ, ਹਨ।
ਜਦਕਿ ਪੰਜਾਬੀ ਸਿਨੇਮਾਂ ਨੂੰ ਅਰਥਭਰਪੂਰ ਸਿਨੇਮਾਂ ਦੀ ਰਾਹੇਂ ਅੱਗੇ ਵਧਾਉਣ ਦੀ ਪੂਰਨ ਸਮਰੱਥਾ ਰੱਖਦੀ ਇਸ ਮਾਣਮੱਤੀ ਲਘੂ ਫ਼ਿਲਮ ਵਿਚ ਥੀਏਟਰ ਜਗਤ ਦੇ ਮੰਝੇ ਹੋਏ ਕਲਾਕਾਰਾਂ ਬਲਜੀਤ ਸਿੰਘ , ਅਮਨ ਭੋਗਲ ਅਤੇ ਚੰਨੀ ਨਿਰਮਾਣ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਉਨਾਂ ਕਿਹਾ ਕਿ ਫੋਕ ਫ਼ਿਲਮ ਸਟੂਡੀਓ ਵੱਲੋਂ ਪੰਜਾਬੀ ਸਾਹਿਤ ਖਿੱਤੇ ਵਿਚ ਵਿਲੱਖਣ ਅਤੇ ਸਤਿਕਾਰਿਤ ਪਹਿਚਾਣ ਰੱਖਦੇ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ ‘ਦੀਵੇ ਵਾਂਗ ਬਲਦੀ ਅੱਖ’ ਅਤੇ ‘ਤੋਰੀ ਦੀ ਵੇਲ’ ਉਪਰ ਪਹਿਲਾਂ ਹੀ ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਉਪਰੰਤ ਫਾਰਮੂਲਾ ਲੀਕ ਤੋਂ ਹਟ ਕੇ ਅਤੇ ਅਸਲ ਕਹਾਣੀਆਂ, ਸੱਭਿਆਚਾਰ ਆਧਾਰਿਤ ਹੋਰ ਫ਼ਿਲਮਜ਼ ਵੀ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਲਿਆਂਦੀਆਂ ਜਾਣਗੀਆਂ, ਜਿੰਨਾਂ ਦੁਆਰਾ ਅਜਿਹੇ ਪ੍ਰਤਿਭਾਵਾਨ ਚਿਹਰਿਆਂ ਨੂੰ ਵੀ ਬੇਹਤਰੀਨ ਪਲੇਟਫਾਰਮ ਮੁਹੱਈਆਂ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਉਨਾਂ ਦੇ ਸੁਪਨਿਆਂ ਦੀ ਤਾਬੀਰ ਮਾਣ ਭਰੇ ਢੰਗ ਨਾਲ ਹੋ ਸਕੇ। ਪੰਜਾਬੀ ਫ਼ਿਲਮ ਜਗਤ ਵਿਚ ਕਾਮੇਡੀ ਅਤੇ ਵਿਆਹ ਵਿਸ਼ਿਆਂ ਸਬੰਧਤ ਫਿਲਮਾਂ ਦੇ ਵਧ ਰਹੇ ਰੁਝਾਂਨ ਦਾ ਜਵਾਬ ਦਿੰਦਿਆਂ ਨਿਰਦੇਸ਼ਕ ਸ੍ਰੀ ਕੰਗ ਨੇ ਦੱਸਿਆ ਕਿ ਹਰ ਰੁਝਾਨ ਤਦ ਹੀ ਪ੍ਰਫੱਲਤ ਹੁੰਦਾ ਹੈ, ਜਦ ਦਰਸਕਾਂ ਵੱਲੋਂ ਇਸ ਸਬੰਧੀ ਪੂਰਨ ਹੁੰਗਾਰਾਂ ਦਿੱਤਾ ਜਾਂਦਾ ਹੈ ਅਤੇ ਅਜਿਹੀ ਜਿੰਮੇਵਾਰੀ ਦਰਸ਼ਕਾਂ ਨੂੰ ਹੀ ਸਮਝਣੀ ਚਾਹੀਦੀ ਹੈ ਕਿ ਕੇਵਲ ਉਨਾਂ ਫਿਲਮਜ਼ ਨੂੰ ਹੀ ਵੇਖਣ ਤਵੱਜੋਂ ਦਿੱਤੀ ਜਾਵੇ , ਜਿਸ ਨੂੰ ਪੂਰਾ ਪਰਿਵਾਰ ਇਕੱਠਿਆਂ ਬੈਠ ਕੇ ਵੇਖਣ ਵਿਚ ਫ਼ਖਰ ਮਹਿਸੂਸ ਕਰੇ।

ਪਰਮਜੀਤ, ਫ਼ਰੀਦਕੋਟ
ਮੁੰਬਈ
9855820713

Leave a Reply

Your email address will not be published. Required fields are marked *

%d bloggers like this: