ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪੰਜਾਬੀ ਸਾਹਿਤ ਦੀ ਹਰਮਨ ਪਿਆਰੀ ਕੂੰਜ

ਪੰਜਾਬੀ ਸਾਹਿਤ ਦੀ ਹਰਮਨ ਪਿਆਰੀ ਕੂੰਜ

ਧੀਆਂ ਕੂੰਜਾਂ ਬੈਠ ਸਦਾ ਨਾ ਰਹਿਣਾ ਆਖਰ ਜਾਣੀ ਮਾਰ ਉਡਾਰੀ।

ਉੱਡਣਾ ਪੈਂਦਾ ਆਖਿਰ ਨੂੰ ਨਾ ਰੱਖਿਆ ਰਹਿੰਦੀਆਂ ਧੀਆਂ ਅਤੇ ਕੂੰਜਾਂ।

ਉੱਚਾਈ, ਲੰਬਾਈ, ਪਤਲੇਪਣ, ਕੋਮਲਤਾ ਆਦਿ ਵਰਗੇ ਪੱਖੋਂ ਪੰਜਾਬੀ ਮੁਟਿਆਰ ਦੀ ਕੂੰਜ ਨਾਲ ਅਕਸਰ ਤੁਲਨਾ ਕੀਤੀ ਜਾਂਦੀ ਹੈ। ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਦੇ ਨਾਚ ਨੂੰ ਕਾਲਪਨਿਕ ਤਰੀਕੇ ਨਾਲ ਕੂੰਜਾਂ ਦੀ ਡਾਰ ਨਾਲ ਕੁਝ ਇਸ ਤਰ੍ਹਾਂ ਤੁਲਨਾਇਆ ਜਾਂਦਾ ਹੈ:

’ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ ਇਕੋ ਜਿਹੀਆਂ ਮੁਟਿਆਰਾਂ।

ਦੂਹਰੀਆਂ ਹੋ ਕੇ ਨੱਚਣ ਲੱਗੀਆਂ ਜਿਉਂ ਕੂੰਜਾਂ ਦੀਆਂ ਡਾਰਾਂ।

ਪੰਜਾਬੀ ਸਾਹਿਤ ਦੇ ਲੋਕ ਗੀਤਾਂ ਵਿੱਚ ਕੂੰਜ ਲਫ਼ਜ਼ ਦਾ ਜ਼ਿਕਰ ਵਾਰ-ਵਾਰ ਆਉਂਦਾ ਸੀ।ਵੱਖ ਵੱਖ ਪੰਛੀ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਦਾ ਹੀ ਇਕ ਪੰਛੀ ਹੈ ਕੂੰਜ।ਕੂੰਜ ਇਕ ਪਰਵਾਸੀ ਪੰਛੀ ਹੈ। ਇਸਦੇ ਪਰਵਾਸੀ ਪੰਛੀ ਹੋਣ ਦੇ ਬਾਵਜੂਦ ਇਹ ਪੰਜਾਬੀਆਂ ਵਿਚ ਕਾਫ਼ੀ ਹਰਮਨਪਿਆਰਾ ਅਤੇ ਪੰਜਾਬੀ ਸੱਭਿਆਚਾਰ ਵਿਚ ਖ਼ਾਸ ਸਥਾਨ ਰੱਖਦਾ ਹੈ।ਹਿੰਦੀ ਵਿੱਚ ਕੂੰਜਾਂ ਨੂੰ ‘ਕਰਕਰਾਂ’ ਅਤੇ ਅੰਗਰੇਜ਼ੀ ਵਿੱਚ ‘ਕਰੇਨਸ’ ਕਹਿੰਦੇ ਹਨ।ਸਾਰੀ ਦੁਨੀਆਂ ਵਿੱਚ ਕੁੱਲ 15 ਜਾਤੀਆਂ ਦੀਆਂ ‘ਕਰੇਨਸ’ ਮਿਲਦੀਆਂ ਹਨ ਜਿਨ੍ਹਾਂ ਦੇ ਪਰਿਵਾਰ ਨੂੰ ‘ਗਰੂਈਡੇਈ’ ਸੱਦਦੇ ਹਨ। ਇਨ੍ਹਾਂ ਪੰਦਰਾਂ ਜਾਤੀਆਂ ਵਿੱਚੋਂ ਸੱਤ ਜਾਤੀਆਂ ਦੀ ਹੋਂਦ ਖ਼ਤਰੇ ਦੇ ਕਗ਼ਾਰ ਉੱਤੇ ਪਹੁੰਚ ਚੁੱਕੀ ਹੈ। ਭਾਰਤ ਵਿੱਚ ਮਿਲਣ ਵਾਲੀਆਂ ਚਾਰ ਜਾਤੀਆਂ ਵਿੱਚੋਂ ਸਿਰਫ਼ ਇੱਕ ‘ਸਾਰਸ ਕਰੇਨ’ ਹੀ ਇੱਥੇ ਸਾਰਾ ਸਾਲ ਰਹਿੰਦੀ ਹੈ। ਬਾਕੀ ਦੀਆਂ ਤਿੰਨ ਜਾਤੀਆਂ ਸਿਰਫ਼ ਸਰਦੀਆਂ ਕੱਟਣ ਇੱਥੇ ਆਉਂਦੀਆਂ ਹਨ। ਪੰਜਾਬ ਦੀ ਹਰਮਨ ਪਿਆਰੀ ਤੇ ਸਾਹਿਤ ਨਾਲ ਜੁੜੀ ਹੋਈ ਕੂੰਜ 15 ਜਾਤੀਆਂ ਵਿੱਚੋ ਸਭ ਤੋਂ ਛੋਟੀ ਹੈ, ਇਸ ਲਈ ਉਸ ਨੂੰ ਛੋਟੀ ਕੂੰਜ ਦਾ ਨਾਮ ਦਿੱਤਾ ਗਿਆ ਅਤੇ ਅੰਗਰੇਜ਼ੀ ਵਿੱਚ ‘ਡੀਮੌਆਏਸੀਲੀ ਕਰੇਨ’ ਕਹਿੰਦੇ ਹਨ।ਛੋਟੇ ਸਿਰ, ਲੰਮੀ ਧੌਣ ਅਤੇ ਲੰਮੀਆਂ ਲੱਤਾਂ ਵਾਲੀਆਂ ‘ਛੋਟੀਆਂ ਕੂੰਜਾਂ’ ਦੀ ਉਚਾਈ 75 ਸੈਂਟੀਮੀਟਰ, ਸਰੀਰ ਦੀ ਲੰਬਾਈ 85 ਤੋਂ 100 ਸੈਂਟੀਮੀਟਰ, ਪਰਾਂ ਦਾ ਪਸਾਰ 155 ਤੋਂ 180 ਸੈਂਟੀਮੀਟਰ ਅਤੇ ਭਾਰ 2 ਤੋਂ 3 ਕਿਲੋ ਹੁੰਦਾ ਹੈ। ਦੂਰੋਂ ਸ਼ੁਤਰਮੁਰਗ ਵਰਗੀ ਦਿੱਖ ਵਾਲੀ ਇਸ ‘ਛੋਟੀ ਕੂੰਜ’ ਦਾ ਰੰਗ ਪਿਲਤਣ ਵਾਲੀ ਨੀਲੀ ਭਾਹ ਵਾਲਾ ਸਲੇਟੀ ਹੁੰਦਾ ਹੈ। ਇਨ੍ਹਾਂ ਦੇ ਕਾਲੇ ਸਿਰ ਹੇਠਾਂ ਠੋਡੀ ਤੋਂ ਲੰਮੀ ਗਰਦਨ ਦੀ ਜੜ੍ਹ ਤਕ ਕਾਲੇ ਲੰਮੇ ਖੰਭਾਂ ਦੀ ਦਾੜ੍ਹੀ ਜਿਹੀ ਹੁੰਦੀ ਹੈ। ਕੂੰਜਾਂ ਦੀਆਂ ਲਾਲ ਅੱਖਾਂ ਦੇ ਪਿੱਛੋਂ ਕੰਨਾਂ ਉੱਤੇ ਥੱਲਿਓਂ ਅੱਗੇ ਨੂੰ ਮੁੜੇ ਹੋਏ ਕੋਈ 4-5 ਇੰਚ ਲੰਮੇ ਕੁਝ ਦੁੱਧ ਚਿੱਟੇ ਖੰਭ ਹੁੰਦੇ ਹਨ।

ਗਰਦਨ ਦਾ ਪਿੱਠ ਵਾਲਾ ਪਾਸਾ ਚਿੱਟਾ ਹੁੰਦਾ ਹੈ। ਹੇਠਾਂ ਨੂੰ ਮੁੜੇ ਹੋਏ ਲੰਮੇ-ਲੰਮੇ ਖੰਭਾਂ ਨਾਲ ਬਣੀ ਪੂਛ ਕਾਲੀ ਹੁੰਦੀ ਹੈ। ਵੱਡੇ ਗੋਲ ਪਰਾਂ ਉੱਤੇ ਲੱਗੇ ਉੱਡਣ ਵਾਲੇ ਖੰਭਾਂ ਦੇ ਸਿਰੇ ਵੀ ਕਾਲੇ ਹੀ ਹੁੰਦੇ ਹਨ। ਇਸ ਦੇ ਨਾਲ ਇਨ੍ਹਾਂ ਦੀ ਪਤਲੀ ਛੋਟੀ ਚੁੰਝ ਅਤੇ ਲੰਮੀਆਂ ਖੁਰਦਰੀਆਂ ਦਿਸਣ ਵਾਲੀਆਂ ਲੱਤਾਂ ਵੀ ਕਾਲੀਆਂ ਹੀ ਹੁੰਦੀਆਂ ਹਨ।ਭਾਰਤ ਵਿੱਚ ਆਉਣ ਵਾਲੀਆਂ ਛੋਟੀਆਂ ਕੂੰਜਾਂ ਮੰਗੋਲਿਆ, ਚੀਨ ਅਤੇ ਮੱਧ-ਯੂਰਪ ਵਿੱਚ ਆਪਣੀਆਂ ਗਰਮੀਆਂ ਕੱਟਦੀਆਂ ਹਨ ਅਤੇ ੳੁੱਥੇ ਹੀ ਬੱਚੇ ਦਿੰਦੀਆਂ ਹਨ। ਅਗਸਤ ਦੇ ਮਹੀਨੇ ਵਿੱਚ ਇਹ ਇਕੱਲੀਆਂ ਹੋਣਾ ਸ਼ੁਰੂ ਕਰ ਦਿੰਦੀਆਂ ਹਨ ਅਤੇ ਕੋਈ ਚਾਰ ਸੌ ਤਕ ਦੇ ਕਾਫ਼ਲਿਆਂ ਵਿੱਚ ਇਹ ਅੰਗਰੇਜ਼ੀ ਦੇ ਅੱਖਰ ’ਵੀ’ ਦੇ ਆਕਾਰ ਵਿੱਚ 5,000 ਤੋਂ 8,000 ਮੀਟਰ ਦੀ ਉੱਚਾਈ ’ਤੇ ਉੱਡਦੀਆਂ ਹਿਮਾਲਿਆ ਪਰਬਤ ਨੂੰ ਪਾਰ ਕਰਕੇ ਅਕਤੂਬਰ ਦੇ ਸ਼ੁਰੂ ਵਿੱਚ ਭਾਰਤ ਪਹੁੰਚ ਜਾਂਦੀਆਂ ਹਨ। ਕੂੰਜਾਂ ਦੇ ਇਸ ਤਰ੍ਹਾਂ ਦੇ ਆਕਾਰ ਵਿਚ ਉੱਡਣ ਪਿੱਛੇ ਵਿਗਿਆਨਕ ਕਾਰਨ ਹਵਾ ਦੇ ਵੇਗ ਦੇ ਪ੍ਰਭਾਵ ਨੂੰ ਘੱਟ ਕਰਨਾ ਹੁੰਦਾ ਹੈ। ਇਸਦੇ ਨਾਲ ਅਗਵਾਈ ਕਰਨ ਵਾਲੀ ਕੂੰਜ ਨੂੰ ਵਧੇਰ ਤਾਕਤ ਲਗਾਉਣੀ ਪੈਂਦੀ ਹੈ, ਜਦੋਂਕਿ ਉਸ ਪਿਛਲੀਆਂ ਕੂੰਜਾਂ ਨੂੰ ਉੱਡਣਾ ਕੁਝ ਆਸਾਨ ਰਹਿੰਦਾ ਹੈ। ਮੂਹਰੇ ਵਾਲੀ ਕੂੰਜ ਦੇ ਥੱਕਣ ’ਤੇ ਉਹ ਆਪਣੀ ਥਕਾਵਟ ਨੂੰ ਘੱਟ ਕਰਨ ਲਈ ਕਤਾਰ ਵਿਚੋਂ ਪਿੱਛੇ ਚਲੀ ਜਾਂਦੀ ਹੈ। ਉਸਤੋਂ ਪਿਛਲੀ ਕੂੰਜ ਕਤਾਰ ਦੀ ਅਗਵਾਈ ਕਰਨ ਲੱਗਦੀ ਹੈ।

ਕਤਾਰਾਂ ਵਿਚ ਉੱਡਦੀਆਂ ਕੂੰਜਾਂ ‘ਕੁਰਰ ਕੁਰਰ ਕੁਰਰ’ ਦੀ ਆਵਾਜ਼ ਪੈਦਾ ਕਰਦੀਆਂ ਹਨ। ਇਕ ਦੇ ਬੋਲਣ ਦਾ ਜਵਾਬ ਦੂਸਰੀਆਂ ਦਿੰਦੀਆਂ ਹਨ। ਜਿਹੜੀ ਕਿਸੇ ਵੀ ਸੰਗੀਤ ਤੋਂ ਘੱਟ ਨਹੀਂ ਹੁੰਦੀ।ਆਪਣੀ ਥਕਾਣ ਲਾਹੁਣ, ਗੁੱਸਾ ਠੰਡਾ ਕਰਨ ਅਤੇ ਬਹਾਰ ਦੇ ਮੌਸਮ ਵਿੱਚ ਜਦੋਂ ਵੀ ਇਨ੍ਹਾਂ ਦਾ ਦਿਲ ਕਰਦਾ ਹੈ ਇਹ ਆਪਣੇ ਪਰਾਂ ਨੂੰ ਪਾਸਿਆਂ ਨੂੰ ਖੋਲ੍ਹ ਕੇ ਸਿਰ ਉੱਪਰ ਨੂੰ ਚੁੱਕ ਕੇ ਗੋਲ-ਗੋਲ ਚੱਕਰਾਂ ਵਿੱਚ ਛਲਾਂਗਾਂ ਮਾਰਦੀਆਂ ਦੌੜਦੀਆਂ ਹਨ। ਉਸ ਵੇਲੇ ਵਿੱਚ-ਵਿੱਚ ਦੀ ਰੁਕ ਕੇ ਕੋਈ ਸੁੱਕੀ ਸੋਟੀ ਜਾਂ ਘਾਹ ਆਪਣੀ ਚੁੰਝ ਨਾਲ ਚੁੱਕ ਕੇ ਉੱਪਰ ਨੂੰ ਹਵਾ ਵਿੱਚ ਸੁੱਟ ਕੇ ਉਸ ਨੂੰ ਬੋਚਦੀਆਂ ਵੀ ਹਨ।ਕੂੰਜਾਂ ਦਾ ਆਹਰ ਠੰਢੇ ਇਲਾਕਿਆਂ ਵਿੱਚ ਤਾਂ ਇਹ ਖ਼ੁਸ਼ਕ ਘਾਹ ਦੇ ਮੈਦਾਨਾਂ ਵਿੱਚ ਹਰਿਆਵਲ ਹੀ ਖਾਂਦੀਆਂ ਹਨ, ਪਰ ਭਾਰਤ ਵਿੱਚ ਇਹ ਪਾਣੀ ਦੇ ਸੋਮਿਆਂ (ਝੀਲਾਂ, ਛੰਭਾਂ, ਛੱਪੜਾਂ, ਵੱਡੇ ਦਰਿਆਵਾਂ) ਦੇ ਨੇੜੇ ਰਹਿੰਦੀਆਂ ਹਨ ਅਤੇ ਖੇਤਾਂ ਵਿੱਚੋਂ ਮੂੰਗਫਲੀ, ਦਾਣੇ, ਕੀੜੇ-ਮਕੌੜੇ, ਡੱਡੂ, ਕਿਰਲੀਆਂ, ਸੱਪ ਆਦਿ ਦੇ ਨਾਲ ਨਾਲ ਪੁੰਗਰਦੇ ਛੋਲੇ, ਜੌਂ, ਕਣਕ ਵਰਗੀਆਂ ਦੂਸਰੀਆਂ ਹਾੜੀ ਦੀਆਂ ਫ਼ਸਲਾਂ ਦੇ ਬੀਜ ਤੇ ਛੋਟੇ ਪੌਦੇ ਹੁੰਦੇ ਹਨ। ਇਸ ਕਰਕੇ ਇਨ੍ਹਾਂ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਖੇਤਰਾਂ ਦੇ ਕਿਸਾਨ ਇਨ੍ਹਾਂ ਤੋਂ ਕੁਝ ਪ੍ਰੇਸ਼ਾਨ ਹੁੰਦੇ ਹਨ। ਕੂੰਜਾਂ ਨੂੰ ਕੋਸਦੇ ਹਨ ਅਤੇ ਇਨ੍ਹਾਂ ਤੋਂ ਫ਼ਸਲਾਂ ਦੇ ਬਚਾਅ ਲਈ ਉਪਾਅ ਕਰਦੇ ਹਨ,। ਇਸ ਸੰਬੰਧੀ ਲੋਕ ਗੀਤ

ਕੁੜੀਆਂ ਅਤੇ ਕੂੰਜਾਂ ਕਦੋਂ ਫ਼ਸਲਾਂ ਉਜਾੜੀਆਂ ਨੇ
ਫਿਰ ਵੀ ਪਤਾ ਨਹੀਂ ਰੱਬਾ ਇਹ ਕਿਉਂ ਮਾੜੀਆਂ ਨੇ।

ਕੂੰਜਾਂ ਆਪਣੇ ਸਾਥੀ ਲਈ ਸਾਰੀ ਉਮਰ ਵਫ਼ਾਦਾਰ ਰਹਿੰਦੀਆਂ ਹਨ ਅਤੇ ਜੇ ਇਨ੍ਹਾਂ ਵਿੱਚੋਂ ਇੱਕ ਨੂੰ ਕੁਝ ਹੋ ਜਾਵੇ ਤਾਂ ਦੂਜੀ ਕੂੰਜ ਕਈ ਦਿਨ ਕੁਰਲਾਉਂਦੀ ਹੈ ਅਤੇ ਖਾਣਾ-ਪੀਣਾ ਵੀ ਬੰਦ ਕਰ ਦਿੰਦੀ ਹੈ।ਮਾਰਚ ਦੇ ਮਹੀਨੇ ਵਿੱਚ ਉਸੇ ਪੈਂਡੇ ਤੋਂ ਇਹ ਵਾਪਸ ਆਪਣੇ ਗਰਮੀਆਂ ਦੇ ਅੱਡੇ ਵੱਲ ਚਲੀਆਂ ਜਾਂਦੀਆਂ ਹਨ। ਉੱਥੋਂ ਇਹ ਪਾਣੀ ਦੇ ਸੋਮਿਆਂ ਦੇ ਨੇੜੇ ਘਾਹ ਦੇ ਮੈਦਾਨਾਂ ਵਿੱਚ ਰਹਿੰਦੀਆਂ ਹਨ, ਜਿੱਥੇ ਘਾਹ ਐਨਾ ਉੱਚਾ ਹੋਣਾ ਚਾਹੀਦਾ ਹੈ ਜਿਸ ਵਿੱਚ ਇਹ ਲੁਕ ਸਕਣ, ਇੱਥੇ ਕਿਸੇ ਥੋੜ੍ਹੀ ਜਿੰਨੀ ਰੜੀ ਥਾਂ ਉੱਤੇ ਮਾਦਾ ਦੋ ਫਿੱਕੀ ਪੀਲੀ ਭਾਹ ਵਾਲੇ ਸਲੇਟੀ ਅੰਡੇ ਦਿੰਦੀ ਹੈ। ਅੰਡਿਆਂ ਉੱਤੇ ਲਾਖੀ ਭਾਹ ਵਾਲੀਆਂ ਗੂੜ੍ਹੀਆਂ ਭੂਰੀਆਂ ਵਿਰਲੀਆਂ-ਵਿਰਲੀਆਂ ਬਿੰਦੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਵਾਰੀ-ਵਾਰੀ 27 ਤੋਂ 29 ਦਿਨ ਅੰਡੇ ਸੇਕ ਕੇ ਚੂਚੇ ਕੱਢ ਲੈਂਦੇ ਹਨ। ਚੂਚੇ 55 ਤੋਂ 65 ਦਿਨਾਂ ਵਿੱਚ ਉੱਡਣ ਦੇ ਕਾਬਲ ਹੋ ਜਾਂਦੇ ਹਨ, ਪਰ ਪੂਰਾ ਇੱਕ ਸਾਲ ਉਹ ਰਹਿੰਦੇ ਆਪਣੇ ਮਾਂ-ਬਾਪ ਦੀ ਡਾਰ ਵਿੱਚ ਹੀ ਹਨ।

ਕੂੰਜ ਜ਼ਿਕਰ ਪੰਜਾਬੀ ਸਾਹਿਤ ਦੇ ਨਾਲ ਨਾਲ ਪੁਰਾਤਨ ਗ੍ਰੰਥਾਂ ਵਿੱਚ ਵੀ ਆਉਦਾ ਹੈ। ਕੂੰਜ ਨੂੰ ਧਾਰਮਿਕ ਪੰਛੀ ਵੀ ਮੰਨਿਆ ਗਿਆ ਹੈ।ਗੁਰੂ ਗ੍ਰੰਥ ਸਾਹਿਬ ਵਿਚ ਵੀ ਕੂੰਜ ਦਾ ਵਰਣਨ ਪ੍ਰਤੀਕਾਤਮਕ ਤਰੀਕੇ ਨਾਲ ਵੱਖ ਵੱਖ ਅਰਥਾਂ ਵਿਚ ਕੀਤਾ ਗਿਆ ਹੈ:

ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ॥ ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ॥ ਜੈਸੇ ਬਚਰਹਿ ਕੂੰਜ ਮਨ ਮਾਇਆ ਮਮਤਾ ਰੇ॥ ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ॥

ਇੱਕ ਸ਼ਿਕਾਰੀ ਨੇ ਜਦੋਂ ਕੂੰਜਾਂ ਦੀ ਇੱਕ ਜੋੜੀ ਵਿੱਚੋਂ ਇੱਕ ਨੂੰ ਤੀਰ ਮਾਰ ਕੇ ਮਾਰ ਦਿੱਤਾ ਸੀ ਤਾਂ ਜੋੜੀ ਦੀ ਦੂਜੀ ਕੂੰਜ ਦਾ ਕੁਰਲਾਉਣਾ ਸੁਣ ਕੇ ਬਾਬਾ ਬਾਲਮੀਕ ਨੂੰ ਰਮਾਇਣ ਲਿਖਣ ਦੀ ਪ੍ਰੇਰਨਾ ਮਿਲੀ ਸੀ। ਕੂੰਜਾਂ ਦਾ ਜ਼ਿਕਰ ਕੁਰਾਨ ਵਿੱਚ ਆਉਣ ਨਾਲ ਇਸਲਾਮ ਨੂੰ ਮੰਨਣ ਵਾਲੇ ਇਨ੍ਹਾਂ ਨੂੰ ਪਾਕ ਪੰਛੀ ਮੰਨਦੇ ਹਨ ਅਤੇ ਇਨ੍ਹਾਂ ਦੀ ਹਿਫ਼ਾਜ਼ਤ ਕਰਦੇ ਹਨ।

ਰਾਜਸਥਾਨ ਦੇ ‘ਕੀਚਨ’ ਪਿੰਡ ਦੇ ਲੋਕੀਂ ਇਨ੍ਹਾਂ ਕੂੰਜਾਂ ਨੂੰ ਦਾਣੇ ਪਾਉਂਦੇ ਹਨ ਅਤੇ ਉੱਥੇ ਸਰਦੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੂੰਜਾਂ ਆਉਂਦੀਆਂ ਹਨ। ਸੈਲਾਨੀ ਇਨ੍ਹਾਂ ਕੂੰਜਾਂ ਨੂੰ ਦੇਖਣ ਦੂਰੋਂ-ਦੂਰੋਂ ਪਿੰਡ ਕੀਚਨ ਜਾਂਦੇ ਹਨ। ‘ਸਾਰਸ ਕੂੰਜ’ ਦੇ ਖ਼ਤਰੇ ਦੇ ਕਗਾਰ ਉੱਤੇ ਪਹੁੰਚਣ ਕਰਕੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਨੂੰ ਆਪਣਾ ‘ਰਾਜ ਪੰਛੀ’ ਘੋਸ਼ਿਤ ਕੀਤਾ ਹੈ।ਵਿਸਾਖ ਮਹੀਨੇ ਕੂੰਜਾਂ ਦੇ ਆਪਣੇ ਵਤਨ ਮੌਸਮ ਠੀਕ ਹੋਣ ਅਤੇ ਉੱਤਰੀ ਭਾਰਤ ਵਿਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ’ਤੇ ਇਹ ਆਪਣੇ ਵਤਨ ਵਾਪਸ ਚਲੀਆਂ ਜਾਂਦੀਆਂ ਹਨ। ਇਸ ਸਮੇਂ ਹੀ ਪੰਜਾਬ ਵਿਚ ਕਣਕਾਂ ਪੱਕ ਕੇ ਕਟਾਈ ਲਈ ਤਿਆਰ ਹੁੰਦੀਆਂ ਹਨ। ਇਸੇ ਕਾਰਨ ਦੋਹਾਂ ਸਬੰਧੀ ਪ੍ਰਸਿੱਧ ਹੈ:

ਕਣਕੀਂ ਕੂੰਜੀਂ ਮਹਿਣਾ ਜੇ ਰਹਿਣ ਵਿਸਾਖ।

ਭਾਵੇਂ ਕਈ ਨਵੇਂ ਗੀਤਾਂ ‘ਚ ਵੀ ਕੂੰਜਾਂ ਦਾ ਜ਼ਿਕਰ ਆਉਂਦਾ ਹੈ ਪਰ ਅਫ਼ਸੋਸ ਨਵੀਂ ਪੀੜ੍ਹੀ ਨੂੰ ਨਾ ਕੂੰਜ ਬਾਰੇ ਪਤਾ ਹੈ ਤੇ ਨਾ ਹੀ ਉਸ ਦੀ ਮਹੱਤਤਾ ਬਾਰੇ–ਇਸੇ ਲਈ ਅੱਜ ਦੀ ਪੀੜ੍ਹੀ ਦੇ ਨੌਜਵਾਨ ਗ਼ੈਰ ਅਨੁਸ਼ਾਸਿਤ ਹੋ ਕੇ ਬੇਲਗਾਮ ਹੋਏ ਫਿਰਦੇ ਹਨ।

ਰਵਨਜੋਤ ਕੌਰ ਸਿੱਧੂ ਰਾਵੀ
ਜੱਬੋਵਾਲ ਸ਼ਹੀਦ ਭਗਤ ਸਿੰਘ ਨਗਰ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: