Sun. Jul 21st, 2019

ਪੰਜਾਬੀ ਲੋਕ ਸੰਗੀਤ ਦੀਆਂ ਜੜ੍ਹਾਂ ਚੋਂ ਵਿਰਾਸਤੀ ਮਿੱਟੀ ਖ਼ੁਰ ਰਹੀ ਹੈ, ਸੰਭਾਲੋ : ਮਲਕੀਤ ਸਿੰਘ

ਪੰਜਾਬੀ ਲੋਕ ਸੰਗੀਤ ਦੀਆਂ ਜੜ੍ਹਾਂ ਚੋਂ ਵਿਰਾਸਤੀ ਮਿੱਟੀ ਖ਼ੁਰ ਰਹੀ ਹੈ, ਸੰਭਾਲੋ : ਮਲਕੀਤ ਸਿੰਘ

ਲੁਧਿਆਣਾ 2 ਜਨਵਰੀ: ਇੰਗਲੈਂਡ ਵੱਸਦੇ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਬੀਤੀ ਸ਼ਾਮ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਹੋਣ ਉਪਰੰਤ ਕਿਹਾ ਹੈ ਕਿ ਪੰਜਾਬ ਲੋਕ ਸੰਗੀਤ ਦੀਆਂ ਜੜ੍ਹਾਂ ਹੇਠੋਂ ਵਿਰਾਸਤੀ ਮਿੱਟੀ ਖ਼ੁਰ ਰਹੀ ਹੈ, ਇਸ ਨੂੰ ਸੰਭਾਲਣ ਲਈ ਸੰਗੀਤਕਾਰਾਂ, ਗਾਇਕਾਂ, ਸਭਿਆਚਾਰਕ ਸੰਸਥਾਵਾਂ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹਿਤੈਸ਼ੀਆਂ ਨੂੰ ਵਕਤ ਸੰਭਾਲਣ ਦੀ ਲੋੜ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਬੀਤੀ ਸ਼ਾਮ ਚੋਣਵੇਂ ਕਲਾਕਾਰਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰੇ ਦੌਰਾਨ ਕਿਹਾ ਕਿ ਉਹ 33 ਸਾਲ ਪਹਿਲਾਂ ਇੰਗਲੈਂਡ ਚਲਾ ਗਿਆ ਸੀ ਪਰ ਇੰਗਲੈਂਡ ਵਰਗਾ ਬਣਨ ਦੀ ਥਾਂ ਉਸ ਦੇ ਮਿੱਤਰ ਕਾਫ਼ਲੇ ਦੇ ਯਤਨਾਂ ਨੇ ਇੰਗਲੈਂਡ ਨੂੰ ਪੰਜਾਬੀ ਸੰਗੀਤ ਮਾਨਣ ਯੋਗ ਬਣਾ ਲਿਆ ਹੈ।
ਮਲਕੀਤ ਸਿੰਘ ਨੇ ਕਿਹਾ ਕਿ ਅੱਜ ਵੀ ਨਵੇਂ ਗੀਤਾਂ ਦੀ ਤਰਜ਼ ਬਣਾਉਣ ਲੱਗਿਆਂ ਉਸ ਦੇ ਅੰਗ ਸੰਗ ਲੋਕ ਸੰਗੀਤਕ ਤਰਜ਼ਾਂ ਹੀ ਸਹਾਈ ਹੁੰਦੀਆਂ ਹਨ। ਉਸਤਾਦ ਲਾਲ ਚੰਦ ਯਮਲਾ ਜੱਟ, ਮੁਹੰਮਦ ਸਦੀਕ, ਕੁਲਦੀਪ ਮਾਣਕ ਤੇ ਸੁਰਿੰਦਰ ਸ਼ਿੰਦਾ ਦੇ ਗੀਤਾਂ ਦੀਆਂ ਤਰਜ਼ਾਂ ਚੋਂ ਪੰਜਾਬ ਬੋਲਦਾ ਹੈ ਪਰ ਅੱਜ ਦੇ ਬਹੁਤੇ ਗੀਤਾਂ ਚੋਂ ਪੰਜਾਬ ਹੀ ਗੈਰਹਾਜ਼ਰ ਹੈ। ਨਸ਼ਾ,ਹਥਿਆਰ, ਫੈਲਸੂਫੀਆਂ ਦੀ ਭਰਮਾਰ ਵਿੱਚ ਪੰਜਾਬ ਗੁਆਚ ਰਿਹਾ ਹੈ। ਉਨ੍ਹਾਂ ਕਿਹਾ ਕਿ ਚੜ੍ਹਦੀ ਜਵਾਨੀ ਵੇਲੇ 36 ਸਾਲ ਪਹਿਲਾਂ ਆਪਣੇ ਮਿੱਤਰ ਤੇ ਪੰਜਾਬੀ ਲੇਖਕ ਵਿਜੈ ਧੰਮੀ ਨੂੰ ਨਾਲ ਲੈ ਕੇ ਲੁਧਿਆਣੇ ਸੁਰਿੰਦਰ ਸ਼ਿੰਦਾ ਜੀ ਨੂੰ ਉਸਤਾਦ ਧਾਰਨ ਆਇਆ ਸੀ ਪਰ ਮਿਲਾਪ ਨਾ ਹੋ ਸਕਿਆ। ਹੁਣ ਤੀਕ ਵੀ ਇਹ ਮੇਰੇ ਪ੍ਰੇਰਨਾ ਸਰੋਤ ਹਨ।
ਇਸ ਮੌਕੇ ਲੋਕ ਵਿਰਾਸਤ ਅਕਾਡਮੀ ਵੱਲੋਂ ਇਸ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬ ਸਰਕਾਰ ਵੱਲੋਂ ਸਨਮਾਨਿਤ ਸ਼੍ਰੋਮਣੀ ਲੋਕ ਗਾਇਕ ਸੁਰਿੰਦਰ ਸ਼ਿੰਦਾ, ਸਰਦਾਰਨੀ ਜਸਵਿੰਦਰ ਕੌਰ ਗਿੱਲ, ਕੈਨੇਡਾ ਵੱਸਦੇ ਲੋਕ ਗਾਇਕ ਤੇ ਸੁਰਿੰਦਰ ਸ਼ਿੰਦਾ ਦੇ ਬੇਟੇ ਮਨਿੰਦਰ ਸ਼ਿੰਦਾ ਨੇ ਮਲਕੀਤ ਸਿੰਘ ਨੂੰ ਅਕਾਡਮੀ ਵੱਲੋਂ ਪ੍ਰਕਾਸ਼ਿਤ ਸੁਹਾਗ , ਘੋੜੀਆਂ ਤੇ ਲੰਮੀ ਹੇਕ ਵਾਲੇ ਗੀਤਾਂ ਦੀ ਪ੍ਰੋ: ਪਰਮਜੀਤ ਕੌਰ ਨੂਰ ਵੱਲੋਂ ਸੰਪਾਦਿਤ ਪੁਸਤਕ ਸ਼ਗਨਾਂ ਵੇਲਾ, ਦੋਸ਼ਾਲਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਬਦੇਸ਼ਾਂ ਚ ਚੰਗੇ ਵਿਹਾਰ, ਸੋਹਣੀ ਦਸਤਾਰ ਤੇ ਨੇਕ ਵਿਚਾਰਾਂ ਕਾਰਨ ਮਲਕੀਤ ਸਿੰਘ ਸਤਿਕਾਰ ਯੋਗ ਗਾਇਕ ਹੈ ਜਿਸ ਨੂੰ ਕਦੇ ਵੀ ਬਾਜ਼ਾਰ ਚ ਤਖ਼ਤੀ ਲਾ ਕੇ ਨਹੀਂ ਬਹਿਣਾ ਪਿਆ ਸਗੋਂ ਪਿਛਲੇ ਤਿੰਨ ਦਹਾਕਿਆਂ ਤੋਂ ਉਸ ਦੀ ਪੁੱਛ ਦੱਸ ਪੂਰੀ ਕਾਇਮ ਹੈ। ਮਲਕੀਤ ਸਿੰਘ ਦੇ ਲੋਕ ਸੰਗੀਤ ਬਾਰੇ ਫਿਕਰ ਸੱਚੇ ਹਨ ਜਿਸ ਬਾਰੇ ਮਹਿਸੂਸ ਤਾਂ ਸਾਰੇ ਕਰਦੇ ਹਨ ਪਰ ਟੋਕਦਾ ਸਮਝਾਉਂਦਾ ਕੋਈ ਨਹੀਂ। ਮਹਿੰਗਾ ਸੰਗੀਤ ਹੋਣ ਕਾਰਨ ਲੋਕ ਸੰਗੀਤ ਦੇ ਪੇਸ਼ਕਾਰ ਪਿੱਛੇ ਸਰਕ ਰਹੇ ਹਨ ਅਤੇ ਮੰਡੀ ਵਿੱਚ ਅਣਸਿੱਖਿਅਤ ਗਾਇਕਾਂ ਦਾ ਸੰਗੀਤ ਪਸਰ ਰਿਹਾ ਹੈ। ਉਨ੍ਹਾਂ ਆਪਣੇ ਉਸਤਾਦ ਜਸਵੰਤ ਭੰਵਰਾ ਜੀ ਦੇ ਹਵਾਲੇ ਨਾਲ ਕਿਹਾ ਕਿ ਸਿਖਿਅਕ ਗਾਇਕ ਨੂੰ ਆਪਣੇ ਘਰਾਣੇ ਦੀ ਰਵਾਇਤ ਦੀ ਲਾਜ ਪਾਲਣੀ ਪੈਂਦੀ ਹੈ ਪਰ ਆਪਹੁਦਰੇ ਗਾਇਕ ਹਮੇਸ਼ਾਂ ਲੋਕ ਸੰਗੀਤ ਦਾ ਮੁਹਾਂਦਰਾ ਵਿਗਾੜ ਕੇ ਬਾਕੀਆਂ ਲਈ ਵੀ ਕੰਡੇ ਬੀਜਦੇ ਹਨ। ਇਹ ਵੇਲਾ ਸੱਚਮੁੱਚ ਸੰਭਲਣ ਦਾ ਹੈ।
ਲੋਕ ਵਿਰਾਸਤ ਅਕਾਡਮੀ ਦੇ ਤੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੋਕ ਵਿਰਾਸਤ ਅਕਾਡਮੀ ਵੱਲੋਂ ਫਰਵਰੀ ਤੋਂ ਬਾਅਦ ਕੁਝ ਖੇਤਰੀ ਵਿਚਾਰ ਚਰਚਾ ਗੋਸ਼ਟੀਆਂ ਕਰਵਾ ਕੇ ਪੰਜਾਬ ਲੋਕ ਸੰਗੀਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਬਹਿਸ ਛੇੜੀ ਜਾਵੇਗੀ ਜਿਸ ਚ ਸਭ ਧਿਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਸਾਹਿੱਤ ਸੰਸਥਾਵਾਂ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਤੇ ਸਰਕਾਰੀ ਗੈਰ ਸਰਕਾਰੀ ਸਭਿਆਚਾਰਕ ਸੰਸਥਾਵਾਂ ਤੋਂ ਇਲਾਵਾ ਯੂਨੀਵਰਸਿਟੀਆਂ ਤੇ ਕਾਲਜਾਂ ਦਾ ਸਹਿਯੋਗ ਲਿਆ ਜਾਵੇਗਾ ਤਾਂ ਜੋ ਸਭਿਆਚਾਰਕ ਗਿਰਾਵਟ ਤੇ ਪ੍ਰਦੂਸ਼ਣ ਨੂੰ ਕੁਝ ਹੱਦ ਤੀਕ ਰੋਕਿਆ ਜਾ ਸਕੇ।

Leave a Reply

Your email address will not be published. Required fields are marked *

%d bloggers like this: