ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਿਵਾਦਿਤ ਫਿਲਮ ‘ਦਾਸਤਾਨ ਏ ਮੀਰੀ-ਪੀਰੀ’ ਖਿਲਾਫ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਵਿਵਾਦਿਤ ਫਿਲਮ ‘ਦਾਸਤਾਨ ਏ ਮੀਰੀ-ਪੀਰੀ’ ਖਿਲਾਫ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਵੱਲੋਂ ਗੁਰੂ ਸਾਹਿਬ ਨੂੰ ਕਾਰਟੂਨ ਰੂਪ ਵਿਚ ਵਖਾ ਕੇ ਬੇਅਦਬੀ ਕਰਨ ਵਾਲੀ ਫਿਲਮ “ਦਾਸਤਾਨ ਏ ਮੀਰੀ-ਪੀਰੀ” ਤੇ ਪਾਬੰਦੀ ਲਾਉਣ ਲਈ ਇਕ ਸੰਕੇਤਕ ਰੋਸ ਮੁਜਾਹਰਾ ਯੂਨੀਵਰਸਿਟੀ ਦੇ ਮੁੱਖ ਦਰਵਾਜੇ ‘ਤੇ ਕੀਤਾ ਗਿਆ। ਅੰਗਰੇਜੀ ਤੇ ਪੰਜਾਬੀ ਭਾਸ਼ਾ ਵਿਚ ਵਿਦਿਆਰਥੀਆਂ ਦੇ ਹੱਥਾਂ ਵਿਚ ਫੜੀਆਂ ਤਖਤੀਆਂ ਉੱਤੇ ਦਾਸਤਾਨ ਏ ਮੀਰੀ-ਪੀਰੀ ‘ਤੇ ਪਾਬੰਦੀ ਦੀ ਮੰਗ ਲਈ ਸਿੱਖੀ ਨੁਕਤਾ ਨਜਰ ਤੋਂ ਸਿਧਾਂਤਕ ਤੁੱਕਾਂ ਲਿਖੀਆਂ ਗਈਆਂ ਸਨ।

ਹੱਥਾਂ ਵਿਚ ਤਖਤੀਆਂ ਲਈ ਖੜੇ ਖਾਮੋਸ਼ ਵਿਦਿਆਰਥੀ ਗੁਰੂ ਸਾਹਿਬ ਦੀ ਅਜੀਮ ਸਖਸ਼ੀਅਤ ਨੂੰ ਸਿਨੇਮੇ ਵਰਗੇ ਹਲਕੇ ਮਾਧਿਅਮ ਰਾਹੀਂ ਵਿਖਾਉਣ ਦਾ ਜੋਰਦਾਰ ਵਿਰੋਧ ਦਰਜ ਕਰਾ ਰਹੇ ਸਨ ਤੇ ਦੱਸ ਰਹੇ ਸਨ ਕਿ ‘ਦਾਸਤਾਨ ਏ ਮੀਰੀ-ਪੀਰੀ’ ਵਰਗੀਆਂ ਫਿਲਮਾਂ ਸਿੱਖ ਪੰਥ ਨੂੰ ਸ਼ਬਦ ਨਾਲੋਂ ਤੋਂੜ ਕੇ ਦੇਹ ਨਾਲ ਜੋੜਨ ਦੀ ਨਾਪਾਕ ਕੋਸ਼ਿਸ਼ ਹੈ।

ਵੱਖ ਵੱਖ ਵਿਭਾਗਾਂ ਦੇ ਖੋਜਾਰਥੀ ਤੇ ਵਿਦਿਆਰਥੀ, ਵਿਦਿਆਰਥਣਾਂ ਨੇ ਸਿੱਖ ਵਿਦਵਾਨਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਬੁੱਤ, ਤਸਵੀਰ, ਨਾਟਕ ਤੇ ਫਿਲਮ ਵਿਚ ਕੋਈ ਫਰਕ ਨਹੀਂ। ਫਿਲਮ ਚਲਦਾ ਫਿਰਦਾ ਬੁੱਤ ਹੈ। ਇਸ ਖਿੱਤੇ ਵਿਚ ਬੁੱਤਾਂ ਦਾ ਪ੍ਰਚਲਨ ਪਹਿਲਾਂ ਵੀ ਸੀ, ਪਰ ਗੁਰੂ ਜੀ ਨੇ ਹਰੇਕ ਕਿਸਮ ਦੇ ਸਥੂਲ ਤੇ ਸੂਖਮ ਬੁੱਤਾਂ ਦਾ ਵਿਰੋਧ ਕੀਤਾ। ‘ਦਾਸਤਾਨ ਏ ਮੀਰੀ-ਪੀਰੀ’ ਸਮੇਤ ਸਾਰੀਆਂ ਹੀ ਐਨੀਮੇਸ਼ਨ ਫਿਲਮਾਂ ਦੀ ਪੇਸ਼ਕਾਰੀ ਸਿੱਖਾਂ ਲਈ ਰੂਹਾਨੀ ਖੁਦਕੁਸ਼ੀ ਸਾਬਿਤ ਹੋਵੇਗੀ ਤੇ ਬੱਚਿਆਂ ਅਤੇ ਅਣਜਾਣ ਲੋਕਾਂ ਨੂੰ ਨਵੇਂ ਬੁੱਤਾਂ ਰਾਹੀਂ ਸਿੱਖੀ ਬਾਰੇ ਦਿੱਤੀ ਗਈ ਜਾਣਕਾਰੀ ਉਹਨਾਂ ਨੂੰ ਕਦੇ ਵੀ ਇਸ ਨੁਕਤੇ ਤੇ ਪਹੁੰਚਣ ਨਹੀਂ ਦੇਵੇਗੀ ਕਿ ਗੁਰੂ ਸਾਹਿਬ ਬੁਨਿਆਦੀ ਰੂਪ ਵਿਚ ਬੁੱਤ-ਬੰਦੇ ਦੀ ਪੂਜਾ ਦੇ ਵਿਰੁੱਧ ਸਨ। ਉਦਾਹਾਰਨ ਵਜੋਂ ਮਹਾਤਮਾ ਬੁੱਧ ਇਸ ਖਿੱਤੇ ਵਿਚ ਮੂਰਤੀ ਪੂਜਾ ਦੇ ਪਹਿਲੇ ਵਿਰੋਧੀ ਸਨ ਪਰ ਅੱਜ ਸਭ ਤੋਂ ਵੱਧ ਬੁੱਤ ਉਹਨਾਂ ਦੇ ਹੀ ਹਨ। ਇਹ ਰੁਝਾਨ ਇਕ ਪਾਸੇ ਬਿਪਰ ਮਾਨਤਾਵਾਂ ਦੇ ਅਸਰ ਹੇਠ ਹੈ ਅਤੇ ਦੂਜੇ ਪਾਸੇ ਪਰਚਾਰ ਦੇ ਪੱਛਮੀ ਤਰੀਕੇ ਤੋਂ ਪ੍ਰਭਾਵਿਤ ਹੈ।

ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਗੁਰੂ ਸਾਹਿਬਾਨ ਤੇ ਇਤਿਹਾਸਕ ਹਸਤੀਆਂ ਨੂੰ ਪਾਤਰਾਂ ਵਿਚ ਢਾਲਣਾ ਉਹਨਾਂ ਦੇ ਸਨਮਾਨ ਨੂੰ ਸਿਖ ਮਨਾਂ ਵਿਚੋਂ ਹੂੰਝ ਕੇ ਸੁੱਟ ਦੇਵੇਗਾ। ਉਨਾਂ ਇਤਿਹਾਸਕ ਹਵਾਲੇ ਨਾਲ ਦੱਸਿਆ ਕਿ ਸਿਖਾਂ ਨੇ ਇਤਿਹਾਸ ਫਿਲਮਾਂ ਦੇਖ ਕੇ ਨਹੀਂ ਬਲਕਿ ਸਾਖੀਆਂ ਤੇ ਬਾਣੀ ਦੀ ਗੁੜਤੀ ਨਾਲ ਰਚਿਆ ਹੈ।

ਮੁੱਖ ਦਰਵਾਜੇ ਤੋਂ ਵਿਦਿਆਰਥੀਆਂ ਦਾ ਇਹ ਮਾਰਚ ਯੂਨੀਵਰਸਿਟੀ ਲਾਇਬਰੇਰੀ ਨੇੜੇ ਖਤਮ ਹੋਇਆ ਤੇ ਵਿਦਿਆਰਥੀਆਂ ਨੇ ਇਕਮੁੱਠ ਹੋ ਕੇ ਕਿਹਾ ਕਿ ਇਸ ਫਿਲਮ ਨੂੰ ਹਰਗਿਜ ਨਹੀਂ ਚੱਲਣ ਦੇਣਗੇ।

ਦੱਸ ਦਈਏ ਕਿ ਇਸ ਫਿਲਮ ਖਿਲਾਫ ਸਿੱਖਾਂ ਵਿੱਚ ਵਿਆਪਕ ਰੋਸ ਫੈਲ ਰਿਹਾ ਹੈ ਤੇ ਕੱਲ੍ਹ 29 ਮਈ ਨੂੰ ਸ਼ਾਮ 5 ਵਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਵੀ ਇਸ ਫਿਲਮ ਨੂੰ ਬੰਦ ਕਰਵਾਉਣ ਦੀ ਮੰਗ ਲਈ ਫਿਲਮ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: