Thu. Nov 14th, 2019

ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ

ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ
ਕੌਮੀ ਐਥਲੀਟ ਹਰਮਿਲਨ ਬੈਂਸ ਨੇ ਤੋੜਿਆ ਆਪਣਾ ਹੀ ਰਿਕਾਰਡ
ਲਗਭਗ 50 ਕਾਲਜਾਂ ਦੇ 900 ਐਥਲੀਟ ਲੈ ਰਹੇ ਹਨ ਹਿੱਸਾ

ਪਟਿਆਲਾ 18 ਅਕਤੂਬਰ (ਪ੍ਰਿੰਸ ਘੁੰਮਣ): : ਖੇਡ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਡਾ. ਬੀ.ਐਸ. ਘੁੰਮਣ ਮਾਣਯੋਗ ਵਾਈਸ ਚਾਂਸਲਰ ਦੀ ਸਰਪ੍ਰਸਤੀ ਹੇਠ ਪੰਜਾਬੀ ਯੂਨੀਵਰਸਿਟੀ ਦੀ 57ਵੀਂ ਸਾਲਾਨਾ ਐਥਲੈਟਿਕ ਮੀਟ, 2019-20 ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਦਾ ਸ਼ੁਭਆਰੰਭ ਅੱਜ ਹੋ ਗਿਆ ਹੈ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕ ਖੇਡ ਵਿਭਾਗ ਦੀ ਅਗਵਾਈ ਵਿੱਚ ਤਿੰਨ ਰੋਜ਼ਾ ਚੱਲਣ ਵਾਲੇ ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੀਆਂ 40 ਲੜਕੀਆਂ ਅਤੇ 45 ਲੜਕਿਆਂ ਦੀਆਂ ਟੀਮਾਂ ਵਿੱਚ ਲਗਭਗ 900 ਖਿਡਾਰੀ/ਖਿਡਾਰਣਾਂ ਭਾਗ ਲੈ ਰਹੇ ਹਨ। ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਸ਼੍ਰੀ ਮਦਨ ਲਾਲ ਜਲਾਲਪੁਰ ਐਮ.ਐਲ.ਏ. ਹਲਕਾ ਘਨੌਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਤੇ ਸਹਾਇਕ ਡਾਇਰੈਕਟਰ ਸਪੋਰਟਸ ਡਾ. ਦਲਬੀਰ ਸਿੰਘ ਰੰਧਾਵਾ ਅਤੇ ਸ਼੍ਰੀਮਤੀ ਮਹਿੰਦਰਪਾਲ ਕੌਰ ਅਤੇ ਸਮੂਹ ਖੇਡ ਵਿਭਾਗ ਵੱਲੋਂ ਆਏ ਹੋਏ ਪਤਵੰਤੇ ਸੰਜਣਾਂ ਦਾ ਸਵਾਗਤ ਕੀਤਾ ਗਿਆ। ਇਸ ਅਵਸਰ ਤੇ ਹਾਲ ਹੀ ਵਿੱਚ ਚੁਣੀ ਗਈ ਏ ਕਲਾਸ ਆਫੀਸਰਜ਼ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਵੱਲੋਂ ਵੀ ਮੁੱਖ ਮਹਿਮਾਨ ਦਾ ਹਾਰ ਪਾ ਕੇ ਅਤੇ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਜਿਨ੍ਹਾਂ ਵਿੱਚ ਸ਼੍ਰੀਮਤੀ ਸਿਮਰਤ ਕੌਰ ਫਿਜ਼ੀਕਲ ਕਾਲਜ ਪਟਿਆਲਾ, ਸ਼੍ਰੀਮਤੀ ਕੁਲਵੰਤ ਕੌਰ ਫਿਜ਼ੀਕਲ ਕਾਲਜ ਚੁਪਕੀ, ਸ. ਓਂਕਾਰ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸ. ਅਮਰਜੀਤ ਸਿੰਘ ਅਤੇ ਡਾ. ਜਸਬੀਰ ਸਿੰਘ ਕ੍ਰਮਵਾਰ ਪ੍ਰਿੰਸੀਪਲ ਅਤੇ ਡਾਇਰੈਕਟਰ ਚਹਿਲ ਫਿਜ਼ੀਕਲ ਕਾਲਜ ਕਲਿਆਣ ਅਤੇ ਡਾ. ਖੁਸ਼ਵਿੰਦਰ ਕੁਮਾਰ ਮੋਦੀ ਕਾਲਜ ਪਟਿਆਲਾ ਦਾ ਮੁੱਖ ਮਹਿਮਾਨ ਵੱਲੋਂ ਸਿਰੋਪਾਉ ਭੇਂਟ ਕਰਕੇ ਵਸ਼ੇਸ਼ ਸਨਮਾਨ ਕੀਤਾ ਗਿਆ ਜਦੋਂਕਿ ਯੂਨੀਵਰਸਿਟੀ ਤੋਂ ਡਾ. ਮੁਹੰਮਦ ਇਦਰੀਸ਼ ਨੂੰ ਵੀ ਸਿਰੋਪਾਉ ਪਾ ਕੇ ਸਨਮਾਨਿਆ ਗਿਆ। ਇਸ ਮੌਕੇ ਤੇ ਬੋਲਦਿਆਂ ਸ੍ਰੀ ਜਲਾਲਪੁਰ ਨੇ ਕਿਹਾ ਕਿ ਖੇਡ ਵਿਭਾਗ ਯੂਨੀਵਰਸਿਟੀ ਵੱਲੋਂ ਆਯੋਜਿਤ ਇਸ ਐਥਲੈਟਿਕ ਮੀਟ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਨਾ ਇੱਕ ਪ੍ਰਸ਼ੰਸ਼ਾਯੋਗ ਕਦਮ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਮਾਜਿਕ ਸੇਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕਿ ਜੀਵਨ ਵਿੱਚ ਅੱਗੇ ਵੱਧਣ ਦੀ ਜ਼ਰੂਰਤ ਹੈ। ਜਦੋਂ ਕਿ ਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬੱਤਰਾ ਨੇ ਖੇਡ ਵਿਭਾਗ ਦੁਆਰਾ ਸਮੇਂ ਸਮੇਂ ਸਿਰ ਖਿਡਾਰੀਆਂ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉੱਚ ਅਥਾਰਿਟੀ ਵੱਲੋਂ ਹਰ ਸਮੇਂ ਸਹਿਯੋਗ ਦਾ ਆਸ਼ਵਾਸਨ ਦਿੱਤਾ।
ਅੱਜ ਦੇ ਨਤੀਜੇ:
ਅੱਜ ਪਹਿਲੇ ਦਿਨ ਸਭ ਤੋਂ ਪਹਿਲਾਂ ਹੋਏ ਮਹਿਲਾਵਾਂ ਦੇ ਹੋਏ 800 ਮੀਟਰ ਦੌੜ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਕੌਮੀ ਐਥਲੀਟ ਹਰਮਿਲਨ ਬੈਂਸ ਨੇ ਆਪਣਾ ਪਿਛਲੇ ਸਾਲ ਦਾ ਹੀ ਰਿਕਾਰਡ ਜੋ ਕਿ 2:13.76 ਸੈਕਿੰਡ ਸੀ ਨੂੰ ਤੋੜਦੇ ਹੋਏ 2:13.15 ਸੈਕਿੰਡ ਨਾਲ ਨਵਾਂ ਰਿਕਾਰਡ ਕਾਇਮ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਗੌ. ਮਹਿੰਦਰਾ ਕਾਲਜ ਦੀਆਂ ਐਥਲੀਟਾਂ ਰੇਨੂੰ ਰਾਣੀ ਅਤੇ ਜੋਤੀ ਨੇ ਕ੍ਰਮਵਾਰ 2:19.41 ਸੈਕਿੰਡ ਨਾਲ ਦੂਜਾ ਅਤੇ 2:50.40 ਸੈਕਿੰਡ ਨਾਲ ਤੀਜਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਸ਼੍ਰੀ ਮਦਨ ਲਾਲ ਜਲਾਲਪੁਰ ਵੱਲੋਂ ਵਿਸ਼ੇਸ਼ ਤੌਰ ਤੇ ਖਿਡਾਰਣਾ ਦਾ ਸਨਮਾਨ ਕਰਦੇ ਹੋਏ ਪਹਿਲੇ ਸਥਾਨ ਤੇ ਰਹੀ ਹਰਮਿਲਨ ਬੈਂਸ ਨੂੰ 31 ਹਜ਼ਾਰ, ਦੂਜੇ ਅਤੇ ਤੀਜੇ ਸਥਾਨ ਤੇ ਰਹੀ ਰੇਨੂੰ ਰਾਣੀ ਅਤੇ ਜੋਤੀ ਨੂੰ ਕ੍ਰਮਵਾਰ 21-21 ਹਜ਼ਾਰ ਰੁਪਏ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਮਹਿਲਾਵਾਂ ਦੇ ਹੀ 5000 ਮੀ. ਦੌੜ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਪਰਮਿੰਦਰ ਕੌਰ ਨੇ 18:29.26 ਸੈਕਿੰਡ ਦਾ ਸਮਾਂ ਲੈ ਕੇ ਪਹਿਲਾ, ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਸ਼ੈਲੀ ਧਾਮ ਨੇ 19:31.83 ਸੈਕਿੰਡ ਦਾ ਸਮਾਂ ਲੈ ਕੇ ਦੂਜਾ ਅਤੇ ਇਸੇ ਕਾਲਜ ਦੀ ਮਨੀਸ਼ਾ ਨੇ 20:00.59 ਸੈਕਿੰਡ ਦਾ ਸਮਾਂ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ ਦੇ ਮੁਕਾਬਲਿਆਂ ਵਿਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਅਲਕਾ ਸਿੰਘ ਨੇ 42.56 ਮੀਟਰ ਨਾਲ ਪਹਿਲਾ, ਯੂਨਵਰਸਿਟੀ ਕਾਲਜ ਸਰਦੂਲਗੜ੍ਹ ਦੀ ਸਰੋਜ ਦੇਵੀ ਨੇ 40.23 ਮੀਟਰ ਨਾਲ ਦੂਜਾ ਅਤੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਨਿਕੀਤਾ ਰਾਵਤ ਨੇ 37.84 ਮੀਟਰ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾਵਾਂ ਦੇ ਤੀਹਰੀ ਛਾਲ ਈਵੈਂਟ ਵਿਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੀ ਕੁਮਾਰੀ ਅਲਕਾ ਨੇ 9.77 ਮੀਟਰ ਨਾਲ ਪਹਿਲਾ, ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਦੀ ਰਮਨਦੀਪ ਕੌਰ ਨੇ 8.49 ਮੀਟਰ ਨਾਲ ਦੂਜਾ ਅਤੇ ਯੂਨੀਵਰਸਿਟੀ ਕਾਲਜ ਬੇਨੜਾ ਧੂਰੀ ਦੀ ਰੁਪਿੰਦਰ ਕੌਰ ਨੇ 8.11 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ।
ਪੁਰਸ਼ਾਂ ਦੇ ਡਿਸਕਸ ਥਰੋਅ ਮੁਕਾਬਲਿਆਂ ਵਿਚ ਚਹਿਲ ਫਿਜ਼ੀਕਲ ਕਾਲਜ ਕਲਿਆਣ ਦੇ ਮਨਿੰਦਰਜੀਤ ਸਿੰਘ ਨੇ 48.28 ਮੀਟਰ ਨਾਲ ਪਹਿਲਾ, ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸੁਖਵੰਤ ਸਿੰਘ ਨੇ 47.15 ਮੀਟਰ ਨਾਲ ਦੂਜਾ ਅਤੇ ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਕਰਨਵੀਰ ਸਿੰਘ ਨੇ 42.81 ਮੀਟਰ ਨਾਲ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਹਾਸਲ ਕੀਤੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: