Fri. Jul 19th, 2019

ਪੰਜਾਬੀ, ਭਾਸ਼ਾ, ਸਾਹਿਤ, ਗੀਤ-ਸੰਗੀਤ ਅਤੇ ਸੱਭਿਆਚਾਰ ਦੇ ਖ਼ਜ਼ਾਨੇ ਨੂੰ ਸੰਭਾਲਣ ‘ਚ ਪੰਜਾਬੀ ਯੂਨੀਵਰਸਿਟੀ ਦਾ ਯੋਗਦਾਨ ਅਹਿਮ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸੰਗੀਤਮਈ ਸ਼ਾਮ ‘ਚ ਪ੍ਰੋ. ਨਿਵੇਦਿਤਾ ਸਿੰਘ ਨੇ ਗੀਤਾਂ ਦੀ ਲਾਈ ਛਹਿਬਰ

ਪੰਜਾਬੀ, ਭਾਸ਼ਾ, ਸਾਹਿਤ, ਗੀਤ-ਸੰਗੀਤ ਅਤੇ ਸੱਭਿਆਚਾਰ ਦੇ ਖ਼ਜ਼ਾਨੇ ਨੂੰ ਸੰਭਾਲਣ ‘ਚ ਪੰਜਾਬੀ ਯੂਨੀਵਰਸਿਟੀ ਦਾ ਯੋਗਦਾਨ ਅਹਿਮ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਸੰਗੀਤਮਈ ਸ਼ਾਮ ‘ਚ ਪ੍ਰੋ. ਨਿਵੇਦਿਤਾ ਸਿੰਘ ਨੇ ਗੀਤਾਂ ਦੀ ਲਾਈ ਛਹਿਬਰ

ਪਟਿਆਲਾ, 02 ਮਈ 2018:    ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬੀ ਭਾਸ਼ਾ, ਸਾਹਿਤ, ਗੀਤ-ਸੰਗੀਤ ਅਤੇ ਪੰਜਾਬੀਅਤ ਦੇ ਸੱਭਿਆਚਾਰਕ ਖ਼ਜ਼ਾਨੇ ਨੂੰ ਸੰਭਾਲਣ ‘ਚ ਪੰਜਾਬੀ ਯੂਨੀਵਰਸਿਟੀ ਵੱਲੋਂ ਪਾਏ ਗਏ ਯੋਗਦਾਨ ਨੂੰ ਅਹਿਮ ਦੱਸਿਆ ਹੈ। ਸ. ਬਾਜਵਾ ਪੰਜਾਬੀ ਯੂਨੀਵਰਸਿਟੀ ਦੇ 57ਵੇਂ ਸਥਾਪਨਾ ਦਿਵਸ ਮੌਕੇ ਕਰਵਾਈ ਜਾ ਰਹੀ ਸੱਤਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫਰੰਸ ਦੌਰਾਨ ਪ੍ਰੋ. ਨਿਵੇਦਿਤਾ ਸਿੰਘ ਵੱਲੋਂ ਗਾਏ ਗੀਤਾਂ ਦੀ ਸੰਗੀਤਕ ਸ਼ਾਮ ਸਬੰਧੀਂ ਕਲਾ ਭਵਨ ਵਿਖੇ ਕਰਵਾਏ ਪ੍ਰੋਗਰਾਮ ‘ਚ ਮੰਗਲਵਾਰ ਦੀ ਸ਼ਾਮ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਇਹ ਯੂਨੀਵਰਸਿਟੀ ਪੰਜਾਬੀ ਸੱਭਿਆਚਾਰ ਦੇ ਵੱਖੋ-ਵੱਖਰੇ ਅੰਗਾਂ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ‘ਚ ਉਹ ਭਾਵੇਂ ਪਹਿਲੀ ਵਾਰ ਆਏ ਹਨ ਪਰੰਤੂ ਇਥੋਂ ਦੇ ਮਾਹੌਲ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ, ਜਿਸ ਲਈ ਉਹ ਹੁਣ ਇਥੇ ਵਾਰ-ਵਾਰ ਆਇਆ ਕਰਨਗੇ।
ਸ. ਬਾਜਵਾ ਨੇ ਪ੍ਰੋ. ਨਿਵੇਦਿਤਾ ਸਿੰਘ ਵੱਲੋਂ ਗਾਏ ਗੀਤਾਂ ਅਤੇ ਸੰਗੀਤਕ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੜਕ-ਫੜਕ ਵਾਲੇ ਮੌਜੂਦਾ ਗੀਤ ਸੰਗੀਤ ਦੇ ਦੌਰ ‘ਚ ਅਜਿਹੇ ਸੁਰ, ਤਾਲ ਅਤੇ ਲੈਅ ‘ਚ ਬੱਝ ਕੇ ਕਿਸੇ ਸੁਰੀਲੇ ਗਲੇ ‘ਚੋਂ ਨਿਕਲਦਾ ਸੰਗੀਤ ਹੀ ਸ੍ਰੋਤਿਆਂ ਨੂੰ ਅਸਲ ‘ਚ ਮੰਤਰ ਮੁਗਧ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੰਗੀਤ ਨੂੰ ਸੰਭਾਲਣ ਦੀ ਜਿੰਮੇਵਾਰੀ ਯੂਨੀਵਰਸਿਟੀਆਂ ਦੇ ਬੁੱਧੀਜੀਵੀਆਂ ਦੇ ਸਿਰ ਹੁੰਦੀ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀ ਯੂਨੀਵਰਸਿਟੀ ਇਸ ਪੱਖੋਂ ਸਫ਼ਲਤਾ ਪੂਰਵਕ ਆਪਣਾ ਯੋਗਦਾਨ ਪਾ ਰਹੀ ਹੈ। ਸ. ਬਾਜਵਾ ਨੇ ਯੂਨੀਵਰਸਿਟੀ ਲਈ ਆਪਣੇ ਅਖ਼ਤਿਆਰੀ ਕੋਟੇ ‘ਚੋਂ 5 ਲੱਖ ਰੁਪਏ ਦਾ ਫੰਡ ਦੇਣ ਦਾ ਐਲਾਨ ਵੀ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਪੰਚਾਇਤ ਵਿਭਾਗ ਇਸ ਵੇਲੇ ਜੁਲਾਈ ਮਹੀਨੇ ਦੌਰਾਨ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਦੋਂ ਕਿ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸੂਬੇ ਦਾ ਇਕਸਾਰ ਸ਼ਹਿਰੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇੱਕ ਸਵਾਲ ਦੇ ਜੁਆਬ ‘ਚ ਉਨ੍ਹਾਂ ਦੱਸਿਆ ਕਿ ਨਵੀਆਂ ਕਲੋਨੀਆਂ ‘ਚ ਬੀ.ਪੀ.ਐਲ.  ਵਰਗ ਦੇ ਹਿੱਤ ਵਿਸ਼ੇਸ਼ ਤੌਰ ‘ਤੇ ਸੁਰੱਖਿਅਤ ਰੱਖੇ ਜਾਣਗੇ ਅਤੇ ਇਨ੍ਹਾਂ ਦਾ ਬਣਦਾ ਹੱਕ ਜਰੂਰ ਦਿਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਬੀ.ਐਸ. ਘੁੰਮਣ ਨੇ ਸ. ਬਾਜਵਾ ਦਾ ਸਵਾਗਤ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਅਕਾਦਮਿਕ ਜਗਤ ‘ਚ ਇੱਕ ਨਿਵੇਕਲਾ ਸਥਾਨ ਹੈ ਅਤੇ ਉਹ ਇਸਨੂੰ ਹੋਰ ਵੀ ਉਚਾਈਆਂ ‘ਤੇ ਲਿਜਾਣ ਲਈ ਆਪਣੀ ਵਚਨਬੱਧਤਾ ਪੂਰੀ ਸ਼ਿਦਤ ਨਾਲ ਨਿਭਾਉਣਗੇ। ਇਸ ਮੌਕੇ ਯੂਨੀਵਰਸਿਟੀ ਵੱਲੋਂ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਸਨਮਾਨ ਵੀ ਕੀਤਾ ਗਿਆ।
ਇਸ ਸੰਗੀਤਮਈ ਸ਼ਾਮ ਦੌਰਾਨ ਪ੍ਰੋ. ਨਿਵੇਦਿਤਾ ਸਿੰਘ ਨੇ ਡਾ. ਹਰਭਜਨ ਸਿੰਘ ਦੀ ਰਚਨਾ ‘ਦੋ ਚਾਰ ਸਫ਼ੇ ਦਰਦਾਂ ਦੇ ਲਿਖੇ ਨੇ’, ਨਾਲ ਸ਼ੁਰੂ ਕਰਕੇ ਹਰਭਜਨ ਹਲਵਾਰਵੀ ਦੀ ‘ਅੱਜ ਦੀ ਰੁਤੇ ਮੈਂ ਤੁਰ ਜਾਣਾ, ਤੂੰ ਤੁਰ ਜਾਣਾ ਭਲਕੇ’, ਡਾ. ਜਗਤਾਰ ਦੀ ਰਚਨਾ ‘ਹਰ ਮੋੜ ‘ਤੇ ਸਲੀਬਾਂ, ਹਰ ਮੋੜ ‘ਤੇ ਹਨੇਰਾ’ ਗਾ ਕੇ ਮਈ ਦਿਵਸ ਦੇ ਕਿਰਤੀਆਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮਗਰੋਂ ਪ੍ਰੋ. ਨਿਵੇਦਿਤਾ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦੀ ‘ਹਾਏ ਨੀ ਅੱਜ ਅੰਬਰ ਲਿੱਸੇ ਲਿੱਸੇ, ਹਾਏ ਨੀ ਤਾਰੇ ਹਿੱਸੇ ਹਿੱਸੇ’ ਸਮੇਤ ਧਨੀ ਰਾਮ ਚਾਤ੍ਰਿਕ ਦੀ ਰਚਨਾ ‘ਨੀ ਕੋਇਲ ਕੂ ਕੂ ਗਾ, ਕੰਠ ਤੇਰੇ ਵਿੱਚੋਂ ਸੁਰ ਪੰਚਮ ਦਾ’ ਨੂੰ ਰਾਗ ਮਲ੍ਹਾਰ ‘ਚ ਗਾਇਆ ਜਦੋਂਕਿ ਆਖ਼ਰ ‘ਚ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੀ ਰਚਨਾ ‘ਇਊਂ ਨਾ ਤੂ ਫੇਰ ਅੱਖੀਆਂ, ਇਊਂ ਨਾ ਨਕਾਰ ਮੈਨੂੰ’ ਦੀ ਪੇਸ਼ਕਾਰੀ ਕਰਕੇ ਸਰੋਤੇ ਚੰਗੀ ਛਹਿਬਰ ਲਾਈ। ਉਨ੍ਹਾਂ ਨਾਲ ਹਰਮੋਨੀਅਮ ‘ਤੇ ਡਾ. ਅਲੰਕਾਰ ਸਿੰਘ ਅਤੇ ਤਬਲੇ ‘ਤੇ ਸ੍ਰੀ ਸੁਨੀਲ ਕੁਮਾਰ ਨੇ ਸੰਗਤ ਕੀਤੀ। ਮੰਚ ਸੰਚਾਲਣ ਡਾ. ਵਿੰਪੀ ਸਿੱਧੂ ਨੇ ਕੀਤਾ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਓ.ਐਸ.ਡੀ. ਸ. ਗੁਰਦਰਸ਼ਨ ਸਿੰਘ ਬਾਹੀਆ, ਐਸ.ਡੀ.ਐਮ. ਪਟਿਆਲਾ ਸ. ਅਨਮੋਲ ਸਿੰਘ ਧਾਲੀਵਾਲ, ਪ੍ਰੋ. ਧਿਆਨ ਕੌਰ ਘੁੰਮਣ, ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਜੀ.ਐਸ. ਬੱਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਝਰ, ਵਿਭਾਗ ਦੇ ਮੁਖੀ ਡਾ. ਹਰਜੋਧ ਸਿੰਘ, ਡਾ. ਅੰਮ੍ਰਿਤਪਾਲ ਕੌਰ, ਡਾ. ਗੁਰਨਾਇਬ ਸਿੰਘ, ਡਾ. ਪਰਮੀਤ ਕੌਰ, ਡਾ. ਰਾਜਿੰਦਰ ਭੰਡਾਰੀ, ਡਾ. ਮੋਹਨ ਸਿੰਘ ਤਿਆਗੀ, ਡਾ. ਜਸਵੀਰ ਕੌਰ, ਸ. ਦਲੀਪ ਸਿੰਘ ਉਪਲ, ਡਾ. ਭੀਮ ਇੰਦਰ ਸਿੰਘ, ਡੀ.ਐਸ.ਪੀ. ਸੁਖਅੰਮ੍ਰਿਤ ਰੰਧਾਵਾ, ਹੋਰ ਪਤਵੰਤੇ, ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: