ਪੰਜਾਬੀ ਡਾਕਟਰ ਪਤੀ-ਪਤਨੀ ਉਪਰ ਕਈ ਤਰਾਂ ਦੀਆਂ ਪਾਬੰਦੀਆਂ ਲਾਗੂ

ਪੰਜਾਬੀ ਡਾਕਟਰ ਪਤੀ-ਪਤਨੀ ਉਪਰ ਕਈ ਤਰਾਂ ਦੀਆਂ ਪਾਬੰਦੀਆਂ ਲਾਗੂ

ਮੋਡੈਸਟੋ, ਕੈਲੀਫੋਰਨੀਆ (ਰਾਜ ਗੋਗਨਾ)-ਇਥੇ ਆਪਣੀ ਕਲੀਨਕ ਚਲਾ ਰਹੇ ਪੰਜਾਬੀ ਡਾਕਟਰ ਪਤੀ-ਪਤਨੀ ਨੂੰ ਮੈਡੀਕਲ ਬੋਰਡ ਆਫ ਕੈਲੀਫੋਰਨੀਆ ਨੇ ਵੱਖ ਵੱਖ ਦੋਸ਼ਾਂ ਤਹਿਤ ਦੋਸ਼ੀ ਕਰਾਰ ਦੇ ਕੇ ਉਨਾਂ ਉਪਰ ਕਈ ਤਰਾਂ ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਡਾਕਟਰ ਨਿਰਮਲ ਸਿੰਘ ਰਾਏ ਤੇ ਉਨਾਂ ਦੀ ਪਤਨੀ ਡਾਕਟਰ ਮੀਤਇੰਦਰ ਕੌਰ ਰਾਏ ਨੇ ਖੁਦ ਮੈਡੀਕਲ ਬੋਰਡ ਆਫ ਕੈਲੀਫੋਰਨੀਆ ਸਾਹਮਣੇ ਆਪਣੇ ਦੋਸ਼ਾਂ ਨੂੰ ਮੰਨ ਲਿਆ ਹੈ। ਬੋਰਡ ਨੇ ਡਾ ਨਿਰਮਲ ਸਿੰਘ ਰਾਏ ਨੂੰ ਵੱਖ ਵੱਖ 6 ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਨਾਂ ਵਿੱਚ ਆਪਣੇ ਮਰੀਜਾਂ ਪ੍ਰਤੀ ਸਿਰੇ ਦੀ ਲਾਪ੍ਰਵਾਹੀ ਵਰਤਣਾ, ਮਰੀਜਾਂ ਵੱਲੋਂ ਇਲਾਜ਼ ਦਾ ਅਸਰ ਨਾ ਹੋਣ ਬਾਰੇ ਵਾਰ ਵਾਰ ਕਹਿਣ ਦੇ ਬਾਵਜੂਦ ਇਕੋ ਢੰਗ- ਤਰੀਕੇ ਨਾਲ ਉਨਾਂ ਦਾ ਇਲਾਜ ਕਰਨਾ , ਪੈਸੇ ਕਮਾਉਣ ਲਈ ਮਰੀਜਾਂ ਦਾ ਸ਼ੋਸ਼ਣ ਕਰਨਾ, ਮੈਡੀਕਲ ਇੰਸ਼ੋਰੈਂਸ ਤੋਂ ਪੈਸੇ ਲੈਣ ਲਈ ਗਲਤ ਢੰਗ ਤਰੀਕੇ ਅਪਣਾਉਣਾ, ਝੂਠਾ ਰਿਕਾਰਡ ਬਣਾਕੇ ਬਿੱਲ ਪਾਉਣਾ ਤਾਂ ਜੋ ਵਧ ਤੋਂ ਵਧ ਪੈਸੇ ਕਮਾਏ ਜਾ ਸਕਣ ਤੇ ਮਰੀਜਾਂ ਦੇ ਇਲਾਜ਼ ਦਾ ਰਿਕਾਰਡ ਠੀਕ ਤਰਾਂ ਨਾ ਰੱਖਣਾ ਆਦਿ ਦੋਸ਼ ਸ਼ਾਮਿਲ ਹਨ। ਬੋਰਡ ਨੇ ਡਾਕਟਰ ਰਾਏ ਦਾ ਮੈਡੀਕਲ ਲਾਇਸੰਸ ਰੱਦ ਕਰਨ ਉਪਰੰਤ ਉਸ ਉਪਰ ਸਟੇਅ ਲਾ ਕੇ 5 ਸਾਲ ਲਈ ਪ੍ਰੋਬੇਸ਼ਨ ‘ਤੇ ਮੁੜ ਬਹਾਲ ਕਰ ਦਿੱਤਾ ਹੈ। ਇਸ ਤਰਾਂ ਬੋਰਡ ਨੇ ਡਾਕਟਰ ਲਈ 5 ਸਾਲ ਦਾ ਪ੍ਰੋਬੇਸ਼ਨ ਸਮਾਂ ਤੈਅ ਕਰ ਦਿੱਤਾ ਹੈ। ਬੋਰਡ ਨੇ ਡਾਕਟਰ ਨੂੰ ਆਦੇਸ਼ ਦਿੱਤਾ ਹੈ ਕਿ ਉਹ ਮੈਡੀਕਲ ਸਿੱਖਿਆ ਤੇ ਰਿਕਾਰਡ ਰੱਖਣ ਲਈ ਬਕਾਇਦਾ ਕਲਾਸਾਂ ਲਵੇ। ਉਸ ਨੂੰ ਮਰੀਜਾਂ ਨਾਲ ਨੈਤਿਕਤਾ ਨਾਲ ਪੇਸ਼ ਆਉਣ ਬਾਰੇ ਕੋਰਸ ਕਰਨਾ ਪਵੇਗਾ। ਬੋਰਡ ਨੇ ਡਾਕਟਰ ਦੀਆਂ ਗਤੀਵਿਧੀਆਂ ਉਪਰ ਨਜਰ ਰੱਖਣ ਲਈ ਉਸ ਉਪਰ ਇਕ ਨਿਗਰਾਨ ਲਾ ਦਿੱਤਾ ਹੈ ਜੋ ਉਸ ਉਪਰ ਨਜਰ ਰਖੇਗਾ ਤੇ ਹਰ 3 ਮਹੀਨੇ ਬਾਅਦ ਬੋਰਡ ਨੂੰ ਰਿਪੋਰਟ ਦੇਵੇਗਾ। ਬੋਰਡ ਦੇ ਅਧਿਕਾਰੀ 5 ਸਾਲ ਦੌਰਾਨ ਕਿਸੇ ਵੀ ਵੇਲੇ ਕਲੀਨਿਕ ਵਿਚ ਆ ਕੇ ਰਿਕਾਰਡ ਆਦਿ ਚੈੱਕ ਕਰ ਸਕਦੇ ਹਨ। ਡਾਕਟਰ ਨੂੰ ਪ੍ਰੋਬੇਸ਼ਨ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹਰ ਤਿਮਾਹੀ ਬਾਅਦ ਰਿਪੋਰਟ ਦੇਣੀ ਪਵੇਗੀ ਕਿ ਉਹ ਬੋਰਡ ਦੇ ਆਦੇਸ਼ ਅਨੁਸਾਰ ਕੰਮ ਕਰ ਰਿਹਾ ਹੈ। ਦਫਤਰ ਆਦਿ ਦੀ ਜਗਾ ਬਦਲਣ ਦੀ ਸੂਰਤ ਵਿਚ ਬੋਰਡ ਨੂੰ ਜਾਣਕਾਰੀ ਦੇਣੀ ਪਵੇਗੀ। 30 ਦਿਨ ਤੋਂ ਵਧ ਕੈਲੀਫੋਰਨੀਆ ਤੋਂ ਬਾਹਰ ਜਾਣ ਵਾਸਤੇ ਬੋਰਡ ਤੋਂ ਮਨਜੂਰੀ ਲੈਣੀ ਪਵੇਗੀ। ਜੇਕਰ ਪ੍ਰੋਬੇਸ਼ਨ ਸਮੇਂ ਦੌਰਾਨ ਕੋਈ ਕੁਤਾਹੀ ਕਰੇਗਾ ਤਾਂ ਉਸ ਦਾ ਮੈਡੀਕਲ ਲਾਇਸੰਸ ਰੱਦ ਕੀਤਾ ਜਾ ਸਕਦਾ ਹੈ। ਮੈਡੀਕਲ ਬੋਰਡ ਨੇ ਡਾਕਟਰ ਨਿਰਮਲ ਰਾਏ ਦੀ ਪਤਨੀ ਡਾਕਟਰ ਮੀਤਇੰਦਰ ਕੌਰ ਵਿਰੁੱਧ ਵੀ ਸਿਰੇ ਦੀ ਲਾਪਰਵਾਹੀ ਵਰਤਣ, ਪੈਸੇ ਕਮਾਉਣ ਲਈ ਵਾਰ ਵਾਰ ਮਰੀਜਾਂ ਦਾ ਇਕੋ ਢੰਗ- ਤਰੀਕੇ ਨਾਲ ਇਲਾਜ਼ ਕਰਨ ਤੇ ਦਫਤਰ ਦਾ ਰਿਕਾਰਡ ਠੀਕ ਨਾ ਰੱਖਣ ਵਰਗੇ ਦੋਸ਼ ਲਾਏ ਹਨ। ਬੋਰਡ ਨੇ ਇਸ ਦਾ ਮੈਡੀਕਲ ਲਾਇਸੰਸ ਰੱਦ ਕਰਕੇ ਸਟੇਅ ਦੇਣ ਉਪਰੰਤ 4 ਸਾਲ ਲਈ ਪ੍ਰੋਬੇਸ਼ਨ ਤਹਿਤ ਮੁੜ ਬਹਾਲ ਕਰ ਦਿੱਤਾ ਹੈ। ਇਸ ਪ੍ਰੋਬੇਸ਼ਨ ਸਮੇਂ ਦੌਰਾਨ ਉਨਾਂ ਉਪਰ ਡਾ ਨਿਰਮਲ ਸਿੰਘ ਰਾਏ ਵਰਗੀਆਂ ਪਾਬੰਦੀਆਂ ਹੀ ਲਾਗੂ ਹੋਣਗੀਆਂ।

Share Button

Leave a Reply

Your email address will not be published. Required fields are marked *

%d bloggers like this: