ਪੰਜਾਬੀ ਗੀਤਕਾਰੀ ਦਾ ਸਿਰਨਾਵਾਂ ‘ਗੁਰਮਿੰੰਦਰ ਕੈਂਡੋਵਾਲ’

ਪੰਜਾਬੀ ਗੀਤਕਾਰੀ ਦਾ ਸਿਰਨਾਵਾਂ ‘ਗੁਰਮਿੰੰਦਰ ਕੈਂਡੋਵਾਲ’

ਵੈਸੇ ਗੀਤਕਾਰ ਗੁਰਮਿੰਦਰ ਕੈਂਡੋਵਾਲ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ। ਗੁਰਮਿੰਦਰ ਕੈਂਡੋਵਾਲ ਦੇ ਨਾਮ ਦਾ ਜ਼ਿਕਰ ਆਉਂਦਿਆਂ ਉਸਦੇ ਕਲਮਬੱਧ ਗੀਤ ਆਪ-ਮੁਹਾਰੇ ਹੀ ਜ਼ੁਬਾਨੋਂ ਗੁਣਗੁਣਾਉਣ ਲੱਗਦੇ ਹਨ। ਜ਼ਿਲਾ ਹੁਸ਼ਿਆਰਪੁਰ ਦੇ ਮਾਹਿਲਪੁਰ ਨੇੜੇ ਪਿੰਡ ਪੈਂਦਾ ਕੈਂਡੋਵਾਲ, ਜਿਥੋਂ ਦੀਆਂ ਗਲੀਆਂ ਵਿੱਚ ਹੱਸਦਾ-ਖੇਡਦਾ ਹੀ ਗੁਰਮਿੰਦਰ ਜਵਾਨ ਹੋਇਆ। ਉਸ ਨੇ ਮੁੱਢਲੀ ਪੜਾਈ ਪਿੰਡ ਦੇ ਪ੍ਰਾਇਮਰੀ ਸਕੂਲ, 12ਵੀਂ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ, ਗ੍ਰੈਜੂਏਸ਼ਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਅਤੇ ਐੱਮ ਏ ਪੋਲੀਟੀਕਲ ਸਾਇੰਸ ਅਤੇ ਪੰਜਾਬੀ ਡੀ ਏ ਵੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਗੁਰਿਮੰਦਰ ਕੈਂਡੋਵਾਲ ਨੂੰ ਜੇ ਗੁਣਾਂ ਦੀ ਗੁਥਲੀ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ।
ਗੁਰਮਿੰਦਰ ਜਿੰਨਾ ਵਧੀਆ ਗੀਤਕਾਰ ਹੈ, ਓਨਾ ਵਧੀਆ ਇਨਸਾਨ ਵੀ ਹੈ। ਗੀਤਕਾਰੀ ਦੇ ਸ਼ੌਂਕ ਸੰਬੰਧੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਜਦੋਂ ਉਹ ਗੀਤ ਸੁਣਦਾ ਤਾਂ ਗੀਤ ਦੇ ਆਖ਼ਿਰ ਵਿੱਚ ਗੀਤਕਾਰ ਦਾ ਨਾਮ ਸੁਣਦਿਆਂ ਉਸਦੇ ਮਨ ਵਿੱਚ ਵੀ ਇਕ ਤਾਂਘ ਜਿਹੀ ਬਣਦੀ ਕਿ ਉਸਦਾ ਨਾਮ ਵੀ ਇਸੇ ਤਰਾਂ ਗੀਤਾਂ ਵਿੱਚ ਆਵੇ। ਫਿਰ ਉਸਨੇ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਲਿਖਣਾ ਸ਼ੁਰੂ ਕੀਤਾ। ਗੀਤਕਾਰੀ ਵਿੱਚ ਬੇਸ਼ੱਕ ਉਸਨੇ ਰਸਮੀ ਤੌਰ ‘ਤੇ ਕਿਸੇ ਨੂੰ ਆਪਣਾ ਉਸਤਾਦ ਨਹੀਂ ਧਾਰਿਆ, ਪਰ ਚੰਗੀ ਲੇਖਣੀ ਵਾਲੇ ਸਾਰੇ ਲੇਖਕਾਂ ਨੂੰ ਉਹ ਆਪਣਾ ਉਸਤਾਦ ਮੰਨਦਾ।
ਜੇਕਰ ਗੁਰਮਿੰਦਰ ਕੈਂਡੋਵਾਲ ਦੇ ਕਲਮਬੱਧ ਗੀਤਾਂ ਦੀ ਗੱਲ ਕਰੀਏ ਤਾਂ ਉਸਦੀ ਖੁਸ਼ਕਿਸਮਤੀ ਕਿ ਉਸਦਾ ਕਲਮਬੱਧ ਹਰ ਇਕ ਗੀਤ ਮਕਬੂਲ ਹੋਇਆ। ਐੱਮ ਏ ਵਿੱਚ ਪੜਦਿਆਂ 1996 ਵਿੱਚ ਉਸਦਾ ਪਹਿਲਾ ਗੀਤ ‘ਗੁਲਾਬੀ ਪੱਗ ਬੰਨ ਮਿੱਤਰਾ’ ਰਵਿੰਦਰ ਗਰੇਵਾਲ ਦੀ ਆਵਾਜ਼ ਵਿੱਚ ਰਿਕਾਰਡ ਹੋ ਗਿਆ। ਫਿਰ ‘ਗੱਭਰੂ ਸ਼ੌਕੀਨ’ ਗੀਤ ਵੀ ਰਵਿੰਦਰ ਗਰੇਵਾਲ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ, ਜਿਨਾਂ ਨੂੰ ਸਰੋਤਿਆਂ ਬੇਹੱਦ ਪਿਆਰ ਦਿੱਤਾ। ਅਜੇ ਗੀਤਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਤੁਰਿਆ ਹੀ ਸੀ ਕਿ 2002 ਵਿੱਚ ਗਾਇਕ ਨਛੱਤਰ ਗਿੱਲ ਦੀ ਐਲਬਮ ‘ਇਸ਼ਕ ਜਗਾਵੇ’ ਵਿਚਲੇ ਗੀਤ ‘ਤੈਨੂੰ ਕੋਲ ਬਿਠਾ ਕੇ ਪੁੱਛਾਂਗੇ, ਕਿੰਝ ਵਾਅਦੇ ਕਰਕੇ ਭੁੱਲ ਜਾਈ’ਦਾ’ ਨੇ ਤਾਂ ਅੰਤਰ-ਰਾਸ਼ਟਰੀ ਮਕਬੂਲੀਅਤ ਹਾਸਿਲ ਕੀਤੀ ਤੇ ਗੁਰਮਿੰਦਰ ਕੈਂਡੋਵਾਲ ਵੀ ਨਾਮਵਾਰ ਗੀਤਕਾਰਾਂ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਆਣ ਖੜਾ ਹੋਇਆ। ਇਸ ਤੋਂ ਇਲਾਵਾ ਨਛੱਤਰ ਗਿੱਲ ਦੀ ਆਵਾਜ਼ ਵਿੱਚ ਹੀ ਉਸਦੇ ਕਲਮਬੱਧ ਹੋਰ ਗੀਤਾਂ ‘ਸਾਡੀ ਜਾਨ ‘ਤੇ ਬਣੀ’, ‘ਬਿੱਲੋ ਨੀ ਤੇਰੇ ਨਖ਼ਰੇ ਨੇ’, ‘ਆਖਦੇ ਸ਼ਰਾਬੀ’, ‘ਪਿਆਰ ਹੋ ਜਾਊਗਾ’, ‘ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ’ ਤੇ ਫਿਰੋਜ਼ ਖਾਨ ਦੀ ਆਵਾਜ਼ ਵਿੱਚ ‘ਦੱਸੀਂ ਸਾਡੇ ਪਿਆਰ ਵਿੱਚ ਕਮੀ ਕਿਥੇ ਰਹਿ ਗਈ’ ਨੂੰ ਵੀ ਸਰੋਤਿਆਂ ਖੂਬ ਸਲਾਹਿਆ ਤੇ ਅੱਜ ਵੀ ਬੜੇ ਚਾਅ ਨਾਲ ਸੁਣੇ ਜਾਂਦੇ ਹਨ। ‘ਰਾਜ ਦੀਆਂ ਗੱਲਾਂ’ ਮਲਟੀ ਐਲਬਮ, ਜਿਸ ਵਿੱਚ ਸਰਦੂਲ ਸਿਕੰਦਰ, ਮੀਕਾ ਸਿੰਘ, ਮੁਹੰਦਮ ਇਰਸ਼ਾਦ, ਕੰਠ ਕਲੇਰ, ਲਖਵਿੰਦਰ ਵਡਾਲੀ, ਗੁਰਮੀਤ ਸਿੰਘ ਆਦਿ ਗਾਇਕਾਂ ਨੇ ਗਾਇਆ, ਦੇ ਗੀਤਾਂ ਨੂੰ ਵੀ ਗੁਰਮਿੰਦਰ ਕੈਂਡੋਵਾਲ ਨੇ ਹੀ ਕਲਮਬੱਧ ਕੀਤਾ ਹੋਇਐ।
ਗੁਰਮਿੰਦਰ ਕੈਂਡੋਵਾਲ ਦੇ ਗੀਤਾਂ ਦੀ ਲਿਸਟ ਬਹੁਤ ਲੰਮੀ ਹੈ ਤੇ ਉਸਦੇ ਸੈਂਕੜੇ ਹੀ ਗੀਤ ਰਿਕਾਰਡ ਹੋਏ ਹਨ। ਉਨਾਂ ਦੇ ਲਿਖੇ ਗੀਤ ‘ਪਦਮਸ੍ਰੀ ਹੰਸ ਰਾਜ ਹੰਸ’, ਗੁਲਜ਼ਾਰ ਲਾਹੌਰੀਆ, ਮੁਹੰਮਦ ਇਰਸ਼ਾਦ, ਰੌਸ਼ਨ ਪ੍ਰਿੰਸ, ਕਮਲ ਖਾਨ, ਇੰਦਰਜੀਤ ਨਿੱਕੂ, ਸਾਬਰ ਕੋਟੀ, ਅੰਗਰੇਜ਼ ਅਲੀ ਅਤੇ ਹੋਰ ਕਈ ਨਾਮਵਾਰ ਗਾਇਕ ਵੀ ਗਾ ਚੁੱਕੇ ਹਨ। ਵੈਸੇ ਤਾਂ ਉਹ ਉਦਾਸ, ਬੀਟ, ਰੋਮਾਂਟਿਕ ਹਰ ਵੰਨਗੀ ਦੇ ਗੀਤ ਲਿਖ ਲੈਂਦੇ ਹਨ, ਪਰ ਸਰੋਤੇ ਉਨਾਂ ਦੇ ਉਦਾਸ ਗੀਤਾਂ ਨੂੰ ਜ਼ਿਆਦਾ ਪਿਆਰ ਬਖਸ਼ਦੇ। ਉਨਾਂ ਦਾ ਕਹਿਣੈ ਕਿ ਸ਼ਾਇਦ ਉਸਦੇ ਗੀਤਾਂ ਵਿੱਚ ਕੁਝ ਚੰਗੇ ਸ਼ਬਦਾਂ ਦੀ ਭਰਮਾਰ ਜਾਂ ਕੁਝ ਚੰਗੀ ਸ਼ਬਦਾਵਲੀ ਹੁੰਦੀ, ਜੋ ਚਾਹੁਣ ਵਾਲੇ ਉਨਾਂ ਨੂੰ ਇੰਨਾ ਮਾਣ-ਸਤਿਕਾਰ ਦਿੰਦੇ। ਉਨਾਂ ਹੋਰ ਦੱਸਿਆ ਕਿ ਬੀਟ ਜਾਂ ਰੋਮਾਂਟਿਕ ਗੀਤਾਂ ਨਾਲੋਂ ਉਦਾਸ ਗੀਤਾਂ ਦੀ ਉਮਰ ਜ਼ਿਆਦਾ ਲੰਬੀ ਹੁੰਦੀ ਹੈ। ਗੀਤ ਲਿਖਣ ਵੇਲੇ ਉਸ ਨੂੰ ਕਿਸੇ ਖਾਸ ਮਾਹੌਲ ਦੀ ਲੋੜ ਨਹੀਂ ਹੁੰਦੀ, ਜਦੋਂ ਵੀ ਕੁਝ ਯਾਦ ਆਉਂਦਾ, ਉਦੋਂ ਹੀ ਉਹ ਲਿਖ ਲੈਂਦੇ। ਗੀਤ ਤਾਂ ਗੀਤਕਾਰ ਦੀਆਂ ਦਿਲੀ ਭਾਵਨਾਵਾਂ ਦੀ ਉਪਜ ਹੁੰਦੀ ਹੈ। ਗੀਤਕਾਰੀ ਦੇ ਨਾਲ-ਨਾਲ ਅੱਜ-ਕੱਲ ਉਹ ਆਪਣੇ ਸ਼ਿਵਾਲਿਕ ਪਬਲਿਕ ਸਕੂਲ (ਬਾੜੀਆਂ ਕਲਾਂ, ਮਾਹਿਲਪੁਰ) ਵਿੱਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਗਿਆਨ ਦੀ ਰੋਸ਼ਨੀ ਵੀ ਵੰਡ ਰਹੇ ਹਨ।
ਅਜੋਕੀ ਮਾਰਧਾੜ ਤੇ ਅਸ਼ਲੀਲ ਗਾਇਕੀ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਇਹੋ ਜਿਹੀ ਗਾਇਕੀ ਦਾ ਰੁਝਾਨ ਬਹੁੜ ਮਾੜਾ ਹੈ, ਜਿਸ ਦਾ ਨੌਜਵਾਨੀ ‘ਤੇ ਪ੍ਰਭਾਵ ਪੈਣਾ ਸੁਭਾਵਿਕ ਜਿਹਾ ਹੀ ਲੱਗਦੈ। ਅਜੋਕੇ ਗੀਤਾਂ ਨੂੰ ਦੇਖ-ਸੁਣ ਤਾਂ ਇੰਝ ਲੱਗਦਾ ਕਿ ਇਹ ਕੋਈ ਪੰਜਾਬੀ ਕਲਾਕਾਰ ਨਹੀਂ, ਸਗੋਂ ਕੋਈ ਗੈਰ-ਪੰਜਾਬੀ ਹਨ। ਸੋ ਉਨਾਂ ਦੀ ਸੋਚ ਤਾਂ ਇਹੀ ਹੈ ਕਿ ਸਾਰੇ ਗੀਤਕਾਰਾਂ-ਗਾਇਕਾਂ ਦਾ ਫਰਜ਼ ਬਣਦਾ ਹੈ ਕਿ ਇਹੋ ਜਿਹੀ ਵਿਸ਼ਿਆਂ ਵਾਲੀ ਗਾਇਕੀ ਤੋਂ ਪਰਾਂ ਹਟ ਕੁਝ ਅਜਿਹਾ ਲਿਖੋ ਤੇ ਗਾਓ ਕਿ ਪੂਰੀ ਤਰਾਂ ਲੀਹੋਂ ਲੱਥ ਚੁੱਕੀ ਪੰਜਾਬੀ ਗਾਇਕੀ ਨੂੰ ਮੁੜ ਲੀਹਾਂ ‘ਤੇ ਲਿਆਂਦਾ ਜਾ ਸਕੇ।
ਸਰੋਤਿਆਂ ਨੂੰ ਤਾਂ ਉਨਾਂ ਦਾ ਇਹੀ ਸੁਨੇਹਾ ਕਿ ਕੁਝ ਚੰਗੀਆਂ ਚੀਜ਼ਾਂ ਸੁਣੋ, ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਤਾਂ ਜੋ ਲਗਾਤਾਰ ਨਿਘਾਰ ਵੱਲ ਜਾ ਰਿਹਾ ਸਾਡਾ ਪੰਜਾਬੀ ਸੱਭਿਆਚਾਰ ਮੁੜ ਤੋਂ ਪ੍ਰਫੁੱਲਤ ਹੋ ਸਕੇ ਅਤੇ ਪੰਜਾਬੀ ਮਾਂ ਬੋਲੀ ਦਾ ਮਾਣ-ਸਤਿਕਾਰ ਹਮੇਸ਼ਾ ਬਰਕਰਾਰ ਰਹੇ। ਹਾਲ ਹੀ ਵਿੱਚ ਸੁਰਖਾਬ ਇੰਟਰਟੇਨਮੈਂਟ ਦੇ ਬੈਨਰ ਹੇਠ ਹਸ਼ਮਤ-ਸੁਲਤਾਨਾ ਭੈਣਾਂ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਉਨਾਂ ਦੇ ਕਮਲਬੱਧ ਗੀਤ ‘ਇਸ਼ਕ’ ਅਤੇ ‘ਸਾਰੇ ਰੰਗ ਫਿੱਕੇ ਪੈ ਗਏ’ ਗੀਤਾਂ ਨੂੰ ਵੀ ਸਰੋਤਿਆਂ ਮਣਾਂਮੂੰਹੀ ਪਿਆਰ ਬਖਸ਼ਿਆ। ਜਲਦੀ ਹੀ ਹੁਣ ਹਸ਼ਮਤ-ਸੁਲਤਾਨਾ ਭੈਣਾਂ ਅਤੇ ਲਖਵਿੰਦਰ ਵਡਾਲੀ ਦੀ ਆਵਾਜ਼ ਵਿੱਚ ਉਨਾਂ ਦੇ ਲਿਖੇ ਗੀਤ ਰਿਲੀਜ਼ ਹੋ ਰਹੇ ਹਨ। ਪੰਜਾਬੀ ਸੰਗੀਤ ਵਿੱਚ ਆਈਆਂ ਅਨੇਕਾਂ ਕਰਵਟਾਂ ਦੇ ਬਾਵਜੂਦ ਵੀ ਗੁਰਮਿੰਦਰ ਆਪਣੇ ਪੰਜਾਬੀ ਵਿਰਸੇ ਦੀਆਂ ਜੜਾਂ ਨਾਲੋਂ ਨਹੀਂ ਟੁੱਟਿਆ। ਦੁਆ ਕਿ ਸਾਫ-ਸੁਥਰੀ ਕਲਮ ਨੂੰ ਸਮਰਪਿਤ ਇਸ ਗੀਤਕਾਰ ਨੂੰ ਕਦੇ ਤੱਤੀਆਂ ਹਵਾਵਾਂ ਨਾ ਲੱਗਣ ਅਤੇ ਉਸਦੀ ਕਲਮ ਵਿਚੋਂ ਹਮੇਸ਼ਾ ਸਾਫ-ਸੁਥਰੇ ਅਲਫਾਜ਼ ਨਿਕਲਦੇ ਰਹਿਣ।

ਹਨੀ ਸੋਢੀ
9815619248
ਪਿੰਡ ਕੋਟ ਸਦੀਕ, ਜਲੰਧਰ

Share Button

Leave a Reply

Your email address will not be published. Required fields are marked *

%d bloggers like this: