ਪੰਜਾਬੀ ਗਾਇਕੀ ਵਿੱਚ ਆਈ ਲੱਚਰਤਾ ਤੇ ਨੱਥ ਪਾਉਣੀ ਜ਼ਰੂਰੀ

ss1

ਪੰਜਾਬੀ ਗਾਇਕੀ ਵਿੱਚ ਆਈ ਲੱਚਰਤਾ ਤੇ ਨੱਥ ਪਾਉਣੀ ਜ਼ਰੂਰੀ

ਸੰਗੀਤ ਕਿਸੇ ਵੀ ਰਾਜ ਦਾ,ਕਿਸੇ ਵੀ ਭਾਸ਼ਾ ਵਿੱਚ ਹੋਏ ਸਕੂਨ ਦੇਣ ਦਾ ਸਾਧਨ ਹੈ।ਸੰਗੀਤ ਆਪਣੇ ਆਪ ਵਿੱਚ ਸਾਧਨਾ ਹੈ।ਹਰ ਧਰਮ ਵਿੱਚ ਸੰਗੀਤ ਦੁਆਰਾ, ਪ੍ਰਮਾਤਮਾ, ਗੁਰੂ,ਪੀਰ ਪੈਗੰਬਰਾ ਦੀ ਸਿਫ਼ਤ ਗਾਈ ਜਾਂਦੀ ਹੈ। ਭਜਨ,ਸ਼ਬਦ ਕੀਰਤਨ, ਸੂਫ਼ੀ ਕਾਵਿ ਸੱਭ ਇਸ ਦੀ ਹੀ ਦੇਣ ਹੈ ਜਿਸ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਤੇ ਸ਼ਾਂਤੀ ਮਿਲਦੀ ਹੈ।ਸੰਗੀਤ ਸਮਾਜ ਦਾ ਅਨਿਖੜਵਾਂ ਅੰਗ ਹੈ, ਜਨਮ ਤੋਂ ਲੈਕੇ ਮਰਨ ਤੱਕ ਜੋ ਵੀ ਖੁਸ਼ੀ ਗਮੀ ਹੋਵੇ,ਗੀਤ ਗਾਏ ਜਾਂਦੇ ਹਨ।ਪਰ ਅਜੋਕੇ ਰੁਝਾਨ ਨੇ ਗੀਤ ਸੰਗੀਤ ਨੂੰ ਇੱਕ ਵੱਖਰਾ ਹੀ ਰੂਪ ਦੇ ਦਿੱਤਾ।ਸ਼ੋਰ ਸ਼ਰਾਬਾ,ਕੰਨ ਪਾੜਵੇਂ ਵੱਜਦੇ ਸਾਜ ਤੇ ਅੱਖਰ ਇੱਕ ਵੀ ਸਮਝ ਨਹੀਂ ਆਉਂਦਾ।ਸਾਰੇ ਗਾਇਕਾਂ ਤੇ ਇਹ ਨਹੀਂ ਢੁੱਕਦਾ,ਬਾਬਾ ਬੋੜ੍ਹ ਕਹੇ ਜਾਂਦੇ ਗਾਇਕ ਗੁਰਦਾਸ ਮਾਨ,ਸਤਿੰਦਰ ਸਿਰਤਾਜ ਤੇ ਹੋਰ ਗਾਇਕਾਂ ਨੂੰ ਇਸ ਤੋਂ ਬਾਹਰ ਰੱਖਿਆ ਜਾਣਾ ਬਣਦਾ ਹੈ।ਇੰਨਾ ਦੇ ਸ਼ਬਦਾਂ ਦੀ ਸਮਝ ਆਉਂਦੀ ਹੈ,ਸਮਾਜ ਵਾਸਤੇ ਕੋਈ ਸੁਨੇਹਾ ਹੁੰਦਾ ਹੈ,ਸਮਾਜ ਦੇ ਦੁੱਖਾਂ ਦਰਦਾਂ ਨੂੰ ਦੱਸਿਆ ਜਾਂਦਾ ਹੈ ਤੇ ਉਸ ਦਾ ਕੋਈ ਮਤਲਬ ਨਿਕਲ ਰਿਹਾ ਹੁੰਦਾ ਹੈ।ਨਾ ਹੁਣ ਕੋਈ ਲੋਰੀ ਸੁਣਾਕੇ ਬੱਚੇ ਨੂੰ ਸੁਵਾਂਉਦਾ ਹੈ, ਨਾ ਕੋਈ ਲੋਹੜੀ ਦੇ ਗੀਤ ਗਾਕੇ ਲੋਹੜੀ ਮੰਗਦਾ ਹੈ,ਨਾ ਵਿਆਹ ਦੇ ਸੁਹਾਗ ਸਿਰ ਜੋੜਕੇ ਗਾਏ ਜਾਂਦੇ ਨੇ ਤੇ ਨਾ ਘੋੜੀਆਂ ਸੁਣਨ ਨੂੰ ਮਿਲਦੀਆਂ ਨੇ।ਇੱਕ ਕੰਨ ਪਾੜਵਾਂ ਡੀ.ਜੇ ਸਿਸਟਮ ਚੱਲ ਪਿਆ।।
   ਪਹਿਲਾਂ ਵਾਲੇ ਗਾਣਿਆਂ ਦੇ ਬੋਲ ਲੋਕਾਂ ਨੂੰ ਯਾਦ ਅੱਜ ਵੀ ਨੇ।ਸੁਰਿੰਦਰ ਕੌਰ ਦੇ ਗਾਏ ਗੀਤ ਲੋਕ ਗੀਤ ਗੀਤ ਹੋ ਗਏ, ਯਮਲਾ ਜੱਟ,ਆਸਾ ਸਿੰਘ ਮਸਤਾਨਾ,ਗੁਰਮੀਤ ਬਾਵਾ, ਨਰਿੰਦਰ ਬੀਬਾ,ਸਰਬਜੀਤ ਕੌਰ ਵੀ ਅਜਿਹੇ ਗੀਤ ਗਾ ਗਏ, ਜੋ ਲਮੇਰੀ ਉਮਰ ਭੋਗਣ ਵਾਲੇ ਨੇ।ਹੁਣ ਤਾਂ ਰੋਜ਼ ਨਵਾਂ ਗੀਤ ਜਨਮ ਲੈਂਦਾ ਹੈ ਤੇ ਫੇਰ ਕਿਧਰੇ ਸੁਣਨ ਨੂੰ ਨਹੀਂ ਲੱਭਦਾ।ਕਈ ਵਾਰ ਚੈਨਲ ਤੇ ਗਾਣੇ ਦੇ ਨਾਲ ਵੀਡੀਓ ਚੱਲ ਰਹੀ ਹੁੰਦੀ ਹੈ,ਗੱਲ ਘੱਗਰੇ ਦੀ ਹੋ ਰਹੀ ਹੁੰਦੀ ਹੈ ਪਰ ਪਾਈਆਂ ਨਿੱਕੀਆਂ ਨਿੱਕੀਆਂ ਨਿੱਕਰਾਂ ਹੁੰਦੀਆਂ ਹਨ।ਉਨਾ ਨੂੰ ਸ਼ੌਰਟਸ ਦਾ ਨਾਮ ਦਿੱਤਾ ਜਾਂਦਾ ਹੈ,ਗੱਲ ਫੁੱਲਕਾਰੀ ਦੀ ਹੋ ਰਹੀ ਹੁੰਦੀ ਹੈ ਪਰ ਦੁਪੱਟਾ ਹੁੰਦਾ ਹੀ ਨਹੀਂ।ਮਿੰਨੀ ਸਕਰਟਾਂ,ਉਸ ਨਾਲ ਸਮਝ ਨਹੀਂ ਆ ਰਹੀ ਹੁੰਦੀ ਕਿ ਉਸ ਨੂੰ ਬਨੈਣ ਕਿਹਾ ਜਾਏ ਜਾਂ ਕੀ ਨਾਮ ਦਿੱਤਾ ਜਾਵੇ ਸਮਝ ਤੋਂ ਬਾਹਰ ਹੁੰਦਾ ਹੈ।ਲਿਖਣ ਵਾਲੇ ਲਿਖ ਦੇਂਦੇ ਨੇ ਤੇ ਗਾਉਣ ਵਾਲੇ ਗਾ ਦਿੰਦੇ ਹਨ।ਪੰਜਾਬੀ ਸਭਿਆਚਾਰ ਦੀ ਦੁਹਾਈ ਪਾਈ ਜਾਂਦੇ ਨੇ।ਹਰ ਇੱਕ ਦੀ ਆਪਣੀ ਸੋਚ ਹੈ।ਪਰ ਸਮਾਜ ਪ੍ਰਤੀ ਜ਼ੁਮੇਵਾਰੀ ਸੱਭ ਦੀ ਹੈ।

ਗਾਣਿਆਂ ਵਿੱਚ ਵਰਤੀ ਜਾ ਰਹੀ ਸ਼ਬਦਾਵਲੀ ਦਾ ਖਾਸ ਤੌਰ ਧਿਆਨ ਰਖਣਾ ਚਾਹੀਦਾ ਹੈ।ਸਮਾਜ ਤੇ ਹਰ ਵਰਗ ਨੂੰ ਕੋਈ ਸੁਨੇਹਾ ਜ਼ਰੂਰ ਮਿਲੇ।ਕੀ ਅਸੀਂ ਆਪਣੀਆਂ ਭੈਣਾਂ, ਬੇਟੀਆਂ ਨੂੰ ਅਜਿਹੇ ਸ਼ਬਦਾਂ ਨਾਲ ਬੁਲਾ ਸਕਦੇ ਹਾਂ ਜਾਂ ਉਸ ਭਾਸ਼ਾ ਨਾਲ ਉਨ੍ਹਾਂ ਨੂੰ ਬੁਲਾਵੇ,ਅਸੀਂ ਬਰਦਾਸ਼ਤ ਕਰਾਂਗੇ?ਹੋ ਸਕਦਾ ਹੈ ਕਿ ਅਜਿਹੇ ਕਪੜੇ ਪਾਉਣੇ ਉਨ੍ਹਾਂ ਦੀ ਮਜ਼ਬੂਰੀ ਏਸ ਕਰਕੇ ਹੋਵੇ ਕਿ ਉਨ੍ਹਾਂ ਨੂੰ ਕੰਮ ਚਾਹੀਦਾ ਹੋਵੇ।ਹਾਂ, ਪੰਜਾਬੀ ਗਾਣਿਆਂ ਵਿੱਚ ਅਜਿਹੇ ਪਹਿਰਾਵੇ ਦੀ ਕੋਈ ਤੁੱਕ ਨਹੀਂ ਹੁੰਦੀ, ਨਾ ਮੇਲ ਖਾਂਦੇ ਨੇ ਅਜਿਹੇ ਕਪੜੇ ਪੰਜਾਬੀ ਗਾਣਿਆਂ ਤੇ ਸਭਿਆਚਾਰ ਨਾਲ।ਸਾਫ਼ ਹੈ ਕਿ ਏਹ ਜਬਰਦਸਤੀ ਦਾ ਸੌਦਾ ਹੈ।
  ਜੱਟਾਂ ਦੇ ਹੱਥਾਂ ਵਿੱਚ ਬੰਦੂਕਾਂ,ਪਿਸਤੌਲ ਤੇ ਹੋਰ ਹਥਿਆਰ ਇਵੇਂ ਵਿਖਾਏ ਜਾਂਦੇ ਹਨ ਕਿ ਦੁਨੀਆ ਵਿੱਚ ਇਸ ਤੋਂ ਵੱਧ ਬਦਮਾਸ਼,ਲੜਾਕਾ,ਛੋਟੀ ਛੋਟੀ ਗੱਲ ਤੇ ਲੜਨ ਵਾਲਾ ਏਹ ਹੀ ਹੈ।ਏਹ ਕੋਈ ਸਿਫ਼ਤ ਨਹੀਂ।ਹੱਥਾਂ ਵਿੱਚ ਫੜੀਆਂ ਬੰਦੂਕਾਂ ਦਾ ਦੌਰ ਜਿੰਨਾ ਨੇ ਵੇਖਿਆ ਹੈ,ਉਨ੍ਹਾਂ ਦੇ ਅੱਜ ਵੀ ਰੌਂਗਟੇ ਖੜੇ ਹੋ ਜਾਂਦੇ ਨੇ।ਗੋਲੀ ਮਾਰ ਦੇਣੀ ਤਾਂ ਇਵੇਂ ਗਾਇਆ ਤੇ ਵਿਖਾਇਆ ਜਾਂਦਾ ਹੈ ਜਿਵੇਂ ਏਹ ਕੋਈ ਮਾਮੂਲੀ ਤੇ ਸਧਾਰਨ ਜਿਹੀ ਗੱਲ ਹੈ।ਅਸਲ ਜਿੰਦਗੀ ਵਿੱਚ ਜਦੋਂ ਅਜਿਹਾ ਵਾਪਰਦਾ ਹੈ ਤਾਂ ਪਰਿਵਾਰ ਤਬਾਹ ਹੋ ਜਾਂਦੇ ਹਨ।ਕਿੰਨੇ ਕੁ ਜੱਟ ਨੇ ਜੋ ਵੱਡੀਆਂ ਵੱਡੀਆਂ ਗੱਡੀਆਂ ਤੇ ਕੋਠੀਆਂ ਵਾਲੇ ਨੇ?ਅਗਰ ਉਨ੍ਹਾਂ ਦੀ ਹਾਲਤ ਇੰਨੀ ਵਧੀਆ ਹੁੰਦੀ ਤਾਂ ਰੋਜ਼ ਖ਼ੁਦਕਸ਼ੀਆਂ ਨਾ ਕਰ ਰਿਹਾ ਹੁੰਦਾ ਜੱਟ।ਉਹ ਤਾਂ ਸਲਫ਼ਾਸ ਤੇ ਗਲੇ ਵਿੱਚ ਫੰਦਾ ਪਾਉਣ ਵਾਲਾ ਸਮਾਨ ਹੱਥ ਵਿੱਚ ਲਈ ਫਿਰਦਾ ਹੈ।ਕੀ ਤੁਸੀਂ ਜ਼ਮੀਨੀ ਹਕੀਕਤ ਜਾਣੇ ਤੋਂ ਬਿਨਾਂ ਗਾਣੇ ਲਿਖੇ ਹੋਏ ਗਾ ਰਹੇ ਹੋ?ਕੀ ਤੁਸੀਂ ਪੰਜਾਬ ਨਾਲ ਜੁੜੇ ਹੋਏ ਨਹੀਂ ਹੋ?ਅਜਿਹੇ ਗਾਣਿਆਂ ਨੂੰ ਲਿਖਣ ਤੇ ਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਏਹ ਸਾਡੇ ਆਪਣੇ ਪਰਿਵਾਰਾਂ, ਸਮਾਜ ਤੇ ਪੰਜਾਬ ਵਾਸਤੇ ਨੁਕਸਾਨ ਦੇਹ ਹੈ।ਅਗਰ ਜੱਟ ਬਾਰੇ ਗੱਲ ਕਰਨੀ ਹੈ ਤਾਂ ਉਸ ਦੀਆਂ ਸਮਸਿਆਵਾਂ ਤੇ ਗੱਲ ਕਰੋ।ਉਸ ਦੇ ਦੁੱਖਾਂ ਦਾ ਮਜ਼ਾਕ ਨਾ ਉੜਾਓ।।
ਹੱਥ ਵਿੱਚ ਸ਼ਰਾਬ ਦੀ ਬੋਤਲ ਫੜੀ,ਬੜੇ ਫ਼ਖਰ ਦੀ ਗੱਲ ਨਹੀਂ।ਏਸ ਸ਼ਰਾਬ ਤੋਂ ਅੱਗੇ ਨੌਜਵਾਨ ਪੀੜ੍ਹੀ ਕਿਸ ਰਾਹ ਪੈ ਗਈ,ਕੀ ਸੱਭ ਜਾਣਦੇ ਨਹੀਂ?ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ, ਲੜਕੀਆਂ ਨੂੰ ਵੀ ਸ਼ਰਾਬ ਪੀਂਦੇ ਵਿਖਾਇਆ ਜਾਂਦਾ ਹੈ।ਸਾਡਾ ਸਮਾਜ ਅਜੇ ਵੀ ਇਸ ਦੀ ਇਜਾਜ਼ਤ ਨਹੀਂ ਦੇਂਦਾ, ਏਹ ਸਾਡਾ ਸਭਿਆਚਾਰ ਨਹੀਂ, ਏਹ ਸਾਡੇ ਪਰਿਵਾਰ ਅਜੇ ਵੀ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ।ਕੁੜੀਆਂ ਦੇ ਹੱਥਾਂ ਵਿੱਚ ਹਥਿਆਰ ਸ਼ਰੇਆਮ ਵਿਖਾਏ ਜਾਂਦੇ ਨੇ, ਏਹ ਆਮ ਹੋ ਗਿਆ ਤਾਂ ਇਸ ਦੇ ਨਤੀਜੇ ਕੀ ਹੋਣਗੇ, ਏਸ ਵੱਲ ਧਿਆਨ ਦੇਣਾਂ ਬੇਹੱਦ ਜ਼ਰੂਰੀ ਹੈ।ਜਿਸ ਤਰ੍ਹਾਂ ਦੀਆਂ ਜ਼ੋਰ ਜ਼ਬਰਦਸਤੀਆਂ ਵਿਖਾਈਆਂ ਤੇ ਗਾਈਆਂ ਜਾ ਰਹੀਆਂ ਹਨ,ਉਨਾਂ ਦਾ ਨੌਜਵਾਨ ਪੀੜ੍ਹੀ ਤੇ ਜੋ ਅਸਰ ਹੋ ਰਿਹਾ ਹੈ,ਉਸ ਦੇ ਕਈ ਥਾਵਾਂ ਤੇ ਭਿਆਨਕ ਨਤੀਜੇ ਨਿਕਲੇ ਨੇ।ਨੰਗੇਜ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ,ਵਧੀਆ ਸ਼ਬਦ ਤੇ ਗਾਇਕੀ ਨੰਗੇਜ ਦੀ ਮੁਹਤਾਜ਼ ਨਹੀਂ।ਏਹ ਸਿਰਫ਼ ਫਾਲਤੂ ਦੀ ਦਲੀਲ ਹੈ ਕਿ ਏਹ ਸਮੇਂ ਦੀ ਮੰਗ ਹੈ।ਏਹ ਗਾਣੇ ਮਰ ਜਾਂਦੇ ਨੇ, ਏਹ ਕਿਸੇ ਦੀ ਜ਼ੁਬਾਨ ਗੁਣ ਗਣਾਉਂਦੀ ਨਹੀਂ।ਕੀ ਜਗਜੀਤ ਸਿੰਘ ਨੂੰ ਕੋਈ ਨਹੀਂ ਸੁਣਦਾ?ਕਈ ਵਾਰ ਤਰਕ ਦਿੱਤਾ ਜਾਂਦਾ ਹੈ ਕਿ ਲੋਕ ਅਜਿਹੇ ਗਾਣੇ ਪਸੰਦ ਕਰਦੇ ਹਨ,ਸ਼ਾਇਦ ਠੀਕ ਵੀ ਹੋਵੇ।ਪਰ ਤੁਸੀਂ ਆਪਣੀ ਜ਼ੁਮੇਵਾਰੀ ਨਿਭਾਉ,ਨਾ ਲੱਚਰ ਗਾਣਾ ਲਿਖੀਏ,ਅਗਰ ਕਿਸੇ ਨੇ ਲਿਖਿਆ ਹੈ ਤਾਂ ਗਾਉਣ ਤੋਂ ਇਨਕਾਰ ਕਰ ਦਿੱਤਾ ਜਾਵੇ।ਇਵੇਂ ਹੀ ਲੋਕਾਂ ਨੂੰ ਚਾਹੀਦਾ ਹੈ ਕਿ ਅਗਰ ਸ਼ਬਦਾਵਲੀ ਠੀਕ ਨਹੀਂ, ਵੀਡੀਓ ਠੀਕ ਨਹੀਂ ਤਾਂ ਉਸ ਨੂੰ ਨਾਕਾਰ ਦਿਉ ਤਾਂ ਕਿ ਅੱਗੇ ਤੋਂ ਕੋਈ ਵੀ ਲਿਖਣ ਤੇ ਗਾਉਣ ਦੀ ਗਲਤੀ ਨਾ ਕਰੇ।ਏਹ ਵੀ ਪ੍ਰਦੂਸ਼ਣ ਹੈ।ਸੋ ਸਮਾਜ ਵਾਸਤੇ ਏਹ ਲੱਚਰ ਗਾਇਕੀ ਨੁਕਸਾਨ ਦੇਹ ਹੈ।
 ਸੰਗੀਤ ਸਾਧਨਾ ਹੈ,ਸਕੂਨ ਦੇਂਦੀ ਹੈ,ਇਸ ਨੂੰ ਸ਼ੋਰ ਸ਼ਰਾਬੇ ਦੇ ਪ੍ਰਦੂਸ਼ਣ ਤੋਂ ਬਚਾਓ।ਗਾਣੇ ਅਜਿਹੇ ਲਿਖੋ ਜੋ ਸਾਹਿਤ ਦਾ ਹਿੱਸਾ ਬਣ ਸਕੇ।ਗਾਣਾ ਉਹ ਤੇ ਇੰਜ ਗਾਉ ਕਿ ਉਹ ਲੋਕ ਗੀਤ ਬਣ ਕੇ ਤੁਹਾਡੀ ਪਹਿਚਾਣ ਬਣਾਵੇ।ਮਰਿਆ, ਅਧਮੋਇਆ ਤੇ ਸਹਿਕਦੀਆਂ ਰਚਨਾਵਾਂ ਨੂੰ ਜਨਮ ਨਾ ਦਿਉ।ਜਿਸ ਗੀਤ ਨੂੰ ਸੁਣਕੇ ਤੁਹਾਡੀ ਨਜ਼ਰ ਆਪਣਿਆਂ ਨਾਲ ਨਹੀਂ ਮਿਲਦੀ, ਉਸ ਨੂੰ ਲੋਕ ਕਚਹਿਰੀ ਵਿੱਚ ਪੇਸ਼ ਨਾ ਕਰੋ।ਦਿਨੋਂ ਦਿਨ ਲੱਚਰਤਾ ਵੱਧ ਰਹੀ ਹੈ,ਇਸ ਤੇ ਨਕੇਲ ਪਾਉਣਾ ਜ਼ਰੂਰੀ ਹੈ ਤੇ ਏਹ ਸਾਡੀ ਸੱਭ ਦੀ ਜ਼ੁਮੇਵਾਰੀ ਹੈ।
Prabhjot Kaur Dillon
Contact No. 9815030221

Share Button

Leave a Reply

Your email address will not be published. Required fields are marked *