ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. May 27th, 2020

ਪੰਜਾਬੀਆਂ ਨੂੰ ਮੰਦਾ ਬੋਲਣ ਵਾਲੇ ਗੁਰਦਾਸ ਮਾਨ ਦਾ ਮੂੰਹ ਕਾਲਾ ਕੀਤਾ

ਪੰਜਾਬੀਆਂ ਨੂੰ ਮੰਦਾ ਬੋਲਣ ਵਾਲੇ ਗੁਰਦਾਸ ਮਾਨ ਦਾ ਮੂੰਹ ਕਾਲਾ ਕੀਤਾ

ਜਲੰਧਰ: ਬੀਤੇ ਕੁਝ ਦਿਨਾਂ ਤੋਂ ਹਿੰਦੀ ਭਾਸ਼ਾ ਮਾਹਿਰਾਂ ਅਤੇ ਕੁਝ ਪੰਜਾਬੀ ਗਾਇਕਾਂ ਵੱਲੋਂ ਪੰਜਾਬੀ ਭਾਸ਼ਾ ਦੇ ਖਿਲਾਫ ਕੀਤੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਪੰਜਾਬੀ ਭਾਸ਼ਾ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਅੱਜ ਸਿੱਖ ਯੂਥ ਆਫ ਪੰਜਾਬ ਦੀ ਜਲੰਧਰ ਇਕਾਈ ਵੱਲੋਂ ਇਹਨਾਂ ਮਾਹਿਰਾਂ ਅਤੇ ਗਾਇਕਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਜਲੰਧਰ ਦੇ ਨਕੋਦਰ ਚੌਕ ਵਿਖੇ ਕੀਤਾ ਗਿਆ ਜਿੱਥੇ ਪਾਰਟੀ ਦੇ ਕਾਰਕੁਨਾਂ ਵੱਲੋਂ ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾਂ ਦੀ ਅਗਵਾਈ ਵਿੱਚ ਨੋਜਵਾਨਾ ਨੇ ਪੰਜਾਬੀ ਬੋਲੀ ਦੇ ਹੱਕ ਵਿੱਚ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਅਤੇ ਗਾਇਕ ਗੁਰਦਾਸ ਮਾਨ ਦੇ ਪੋਸਟਰ ਉਤੇ ਮੂੰਹ ‘ਤੇ ਕਾਲਖ ਵੀ ਮਲੀ ਗਈ।

ਗੁਰਨਾਮ ਸਿੰਘ ਮੂਨਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਮਾਂ ਬੋਲੀ ਪੰਜਾਬੀ ਦੇ ਹੱਕ ਅਤੇ ਹਿੰਦੀਕਰਨ ਦੇ ਖਿਲਾਫ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਗੁਰੂਆਂ, ਪੀਰਾਂ, ਪੈਗ਼ੰਬਰਾਂ, ਸ਼ਹੀਦਾਂ ਵੱਲੋਂ ਵਰਸਾਈ ਹੋਈ ਹੈ ਅਤੇ ਉਹ ਇਸਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਜਾਬੀ ਗਾਇਕ ਗੁਰਦਾਸ ਮਾਨ ਦੇ ਦੁਨੀਆ ਭਰ ਵਿਚ ਹੋ ਰਹੇ ਵਿਰੋਧ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਗੱਲ ਨਹੀਂ।

ਉਨ੍ਹਾਂ ਕਿਹਾ ਕਿ ਇਸ ਸਮੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਪੰਜਾਬੀ ਗੁਰਦਾਸ ਮਾਨ ਵੱਲੋਂ ਪੰਜਾਬੀ ਭਾਸ਼ਾ ਦੇ ਖਿਲਾਫ ਕੀਤੀ ਗਈ ਟਿੱਪਣੀ ਦਾ ਵਿਰੋਧ ਕਰ ਰਹੇ ਹਨ ਅਤੇ ਇਹ ਵਿਰੋਧ ਜਿੱਥੇ ਹੋਰ ਗਾਇਕਾਂ ਅਤੇ ਪੰਜਾਬੀ ਦੇ ਕਪੂਤਾਂ ਨੂੰ ਕੰਨ ਕਰਨਗੇ ਓਥੇ ਇਹ ਵਿਰੋਧ ਪੰਜਾਬੀ ਖਿਲਾਫ ਬੁਣੀਆਂ ਜਾ ਰਹੀਆਂ ਸਾਜ਼ਿਸ਼ਾਂ ਪ੍ਰਤੀ ਪੰਜਾਬੀਆਂ ਨੂੰ ਚੁਕੰਨਾ ਵੀ ਕਰਨਗੇ।

ਸਤਵੀਰ ਸਿੰਘ ਜਮਸ਼ੇਰ , ਮਲਕੀਤ ਸਿੰਘ ਭਿੰਡਰ ਨੇ ਬੋਲਦਿਆ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਬੋਲੀ ਨੂੰ ਬਣਦਾ ਸਤਿਕਾਰ ਦੇਣ। ਉਨ੍ਹਾਂ ਕਿਹਾ ਕਿ ਬੜੀ ਤਰਾਸਦੀ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਸਕੂਲਾਂ ਵਿੱਚ ਹੀ ਪੰਜਾਬੀ ਨੂੰ ਪੜ੍ਹਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਪੜ੍ਹਾਈ ਜਾਂਦੀ ਹੈ ਓਥੇ ਇਸਨੂੰ ਤੀਜੇ ਦਰਜੇ ਦੀ ਬੋਲੀ ਸਮਝਿਆ ਜਾਂਦਾ ਹੈ।

ਉਨ੍ਹਾਂ ਵਿਦਿਅਕ ਅਦਾਰੇ ਚਲਾ ਰਹੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਬੋਲੀ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕਰਨ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵੀਰ ਸਿੰਘ ਜਮਸ਼ੇਰ, ਸੁਖਜਿੰਦਰ ਸਿੰਘ ਜਮਸ਼ੇਰ,ਪ੍ਰਿੰਸ ਜਲੰਧਰ, ਗੁਰਿੰਦਰਪਾਲ ਸਿੰਘ ਸਤਿਕਾਰ ਕਮੇਟੀ ਪੰਜਾਬ,ਬਹਾਦਰ ਸਿੰਘ ਦਲ ਖਾਲਸਾ ,ਜਸਪ੍ਰੀਤ ਸਿੰਘ ਖੁੱਡਾ, ਮਹਿੰਦਰ ਸਿੰਘ ਭਟਨੂਰਾ,ਸੁੱਲਖਣ ਸਿੰਘ ਖਾਲਸਾ, ਕਮਲਜੀਤ ਸਿੰਘ, ਸੁਖਜਿੰਦਰ ਸਿੰਘ ਟੇਰਕਿਆਣਾ, ਪਰਮਜੀਤ ਸਿੰਘ ਜਮਸ਼ੇਰ ਤੋ ਇਲਾਵਾ ਹੋਰ ਵੀ ਨੋਜਵਾਨ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: