ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ: ਤ੍ਰਿਪਤ ਬਾਜਵਾ

ss1

ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ: ਤ੍ਰਿਪਤ ਬਾਜਵਾ

ਕਾਂਗਰਸ ਭਵਨ ਵਿਖੇ ‘ਪੰਚਾਇਤ ਦਿਵਸ’ ਮਨਾਉਣ ਲਈ ਕਰਵਾਇਆ ਗਿਆ ਪ੍ਰਭਾਵਸ਼ਾਲੀ ਸਮਾਗਮ

ਚੰਡੀਗੜ, 25 ਅਪ੍ਰੈਲ 2018: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਪੰਚਾਇਤੀ ਰਾਜ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਸੂਬੇ ਦੇ ਵਾਤਾਵਰਣ ਖਾਸ ਕਰਕੇ ਪਾਣੀ ਦੀ ਸੰਭਾਲ ਕਰਨ ਲਈ ਅੱਗੇ ਆਉਣ। ਉਨਾਂ ਚਿਤਾਵਨੀ ਦਿੱਤੀ ਕਿ ਹੈ ਕਿ ਜੇਕਰ ਪੰਜਾਬੀਆਂ ਨੇ ਅਜੇ ਵੀ ਪਾਣੀ ਨੂੰ ਸੰਭਾਲਣ ਅਤੇ ਇਸ ਦੀ ਸੰਕੋਚਵੀਂ ਵਰਤੋਂ ਨਾ ਕੀਤੀ ਤਾਂ ਕੁਝ ਸਾਲਾਂ ਬਾਅਦ ਪੰਜਾਬ ਨੂੰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ।
ਰਾਜੀਵ ਗਾਂਧੀ ਪੰਚਾਇਤੀ ਰਾਜ ਸੰਚਾਲਨ ਦੀ ਪੰਜਾਬ ਇਕਾਈ ਵਲੋਂ ਅੱਜ ਇਥੋਂ ਦੇ ਪੰਜਾਬ ਕਾਂਗਰਸ ਭਵਨ ਵਿਚ ‘ਪੰਚਾਇਤ ਦਿਵਸ’ ਮਨਾਉਣ ਲਈ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ 148 ਬਲਾਕਾਂ ਵਿਚੋਂ 122 ਬਲਾਕਾਂ ਵਿਚ ਪਾਣੀ ਬਹੁਤ ਹੀ ਡੂੰਘਾ ਹੋ ਜਾਣ ਕਾਰਨ ਨਵੇਂ ਟਿਊਬਵੈਲ ਲਗਾਉਣ ਉੱਤੇ ਪਾਬੰਦੀ ਲਾਉਣੀ ਪੈ ਗਈ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਥਾਂ ਹੋਰ ਫਸਲਾਂ ਨੂੰ ਤਰਜੀਹ ਦੇਣੀ ਪਵੇਗੀ ਕਿਉਂਕਿ ਇੱਕ ਕਿੱਲੋ ਝੋਨਾ ਪੈਦਾ ਕਰਨ ਲਈ 5000 ਤੋਂ 6000 ਲੀਟਰ ਪਾਣੀ ਲਾਉਣਾ ਪੈਂਦਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਇਸ ਵੇਲੇ ਤਕਰੀਬਨ 14 ਲੱਖ ਟਿਊਬਵੈਲਾਂ ਨਾਲ ਖੇਤਰੀ ਕੀਤੀ ਜਾ ਰਹੀ ਹੈ ਅਤੇ ਇਨਾਂ ਦੀ ਸੰਕੋਚਵੀ ਵਰਤੋਂ ਕਰਨ ਲਈ ਹੀ ਸੂਬਾ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਲੀ ਸਬਸਿਡੀ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਸੂਬੇ ਵਿਚ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੀ ਤਿਆਰੀ ਸਬੰਧੀ ਦੱਸਦਿਆਂ, ਸ੍ਰੀ ਬਾਜਵਾ ਨੇ ਕਿਹਾ ਕਿ ਇਹਨਾਂ ਚੋਣਾਂ ਦੀ ਵਾਰਡਬੰਦੀ ਅਤੇ ਰਾਖਵੇਂਕਰਨ ਦਾ ਚਲ ਰਿਹਾ ਕੰਮ ਇਸ ਮਹੀਨੇ ਦੇ ਅਖੀਰ ਤੱਕ ਨਿਬੜ ਜਾਵੇਗਾ। ਉਨਾਂ ਕਿਹਾ ਕਿ ਦੋ ਪੜਾਵਾਂ ਵਿਚ ਹੋਣ ਵਾਲੀਆਂ ਇਹਨਾਂ ਚੋਣਾਂ ਦੇ ਪਹਿਲੇ ਪੜਾਅ ਵਿਚ ਜ਼ਿਲਾ ਪ੍ਰੀਸ਼ਦਾਂ ਅਤੇ ਦੂਜੇ ਪੜਾਅ ਵਿਚ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ।
ਪੰਚਾਇਤ ਮੰਤਰੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਅਤੇ ਸਮੇਂ ਸਿਰ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਇਸ ਵਾਰੀ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਹੋ ਜਾਣ ਕਾਰਨ ਔਰਤਾਂ ਨੂੰ ਹੁਣ ਤੋਂ ਹੀ ਇਹਨਾਂ ਚੋਣਾਂ ਲਈ ਤਿਆਰੀ ਕਰਨੀ ਚਾਹੀਦੀ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇਸ ਸਮੇਂ ਮੁਲਕ ਨੂੰ ਇਕੱਠਾ ਰੱਖ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ‘ਪਾੜੋ ਤੇ ਰਾਜ ਕਰੋ’ ਦੀ ਘਾਤਕ ਨੀਤੀ ਨੇ ਦੇਸ਼ ਨੂੰ ਫਿਰਕੂ ਲੀਹਾਂ ਉਤੇ ਵੰਡ ਦਿੱਤਾ ਹੈ। ਉਨਾਂ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਧੁਰ ਹੇਠਾਂ ਤੱਕ ਲੋਕਾਂ ਨੂੰ ਭਾਜਪਾ ਦੀਆਂ ਲੋਕ ਵਿਰੋਧੀ ਅਤੇ ਮੁਲਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਾਉਣ।
ਸਮਾਗਮ ਦੇ ਸ਼ੁਰੂ ਵਿ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਖਵੰਡ ਸਿੰਘ ਬਰਾੜ ਨੇ ਪੰਚਾਇਤ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਜਥੇਬੰਦੀ ਪੰਚਾਇਤੀ ਰਾਜ ਸੰਸਥਾਵਾਂ ਦੀ ਮਜ਼ਬੂਤੀ ਲਈ ਵਚਨਬੱਧ ਹੈ। ਸੰਗਠਨ ਦੇ ਕੌਮੀ ਜਨਰਲ ਸਕੱਤਰ ਗਗਨਜੀਤ ਸਿੰਘ ਬੌਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਚਾਇਤੀ ਰਾਜ ਐਕਟ ਵਿਚ 73ਵੀਂ ਅਤੇ 74ਵੀਂ ਸੋਧ ਕਰਕੇ ਕਾਂਗਰਸ ਸਰਕਾਰ ਨੇ ਰਾਜਸੀ ਤਾਕਤ ਦੀ ਧੁਰ ਹੇਠਾਂ ਤਕ ਵੰਡ ਕੀਤੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਗਠਨ ਦੀ ਪੰਜਾਬ ਇਕਾਈ ਦੇ ਕੋ-ਕਨਵੀਨਰ ਜਗਦੀਪ ਸਿੰਘ ਸੰਧੂ, ਸ੍ਰੀ ਦੀਪਕ ਵੈਦ, ਕੇਵਲ ਪਠਾਨੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚ ਅਤੇ ਸਰਪੰਚ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *