Thu. Jun 20th, 2019

ਪੜੋ ਪੰਜਾਬ ਪੜਾਓ ਪੰਜਾਬ ਜ਼ਿਲਾ ਰੂਪਨਗਰ ਦੇ ਝਰੋਖੇ ਵਿੱਚ

ਪੜੋ ਪੰਜਾਬ ਪੜਾਓ ਪੰਜਾਬ ਜ਼ਿਲਾ ਰੂਪਨਗਰ ਦੇ ਝਰੋਖੇ ਵਿੱਚ

ਵਿਦਿਆਰਥੀਆਂ ਦੇ ਸਿੱਖਣ ਪੱਧਰ ਅਤੇ ਉਨਾਂ ਨੂੰ ਅਜੋਕੀ ਵਿੱਦਿਅਕ ਪ੍ਰਣਾਲੀ ਦੇ ਹਾਣ ਦਾ ਬਣਾਉਣ ਦੇ ਉਦੇਸ਼ ਨਾਲ ਪੜੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਅਗਸਤ 17 ਵਿੱਚ ਜਾਰੀ ਹੋਇਆ । ਉਸ ਸਮੇੇਂ ਸਿੱਖਣ ਸਿਖਾਉਣ ਦੀ ਪ੍ਰਕ੍ਰਿਆ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੀ ਸੀ ਭਾਵੇਂ ਕਿ ਪੜਾਉਣ ਵਾਲੇ ਅਧਿਆਪਕ ਪੜਾ ਰਹੇ ਸਨ ਪਰ ਬਗੈਰ ਕਿਸੇ ਏਜੰਡੇ ਦੇ, ਬਗੈਰ ਕਿਸੇ ਟੀਚੇ ਦੇ ਬਗੈਰ ਸੁਚੱਜੇ ਨਿਰੀਖਣ ਦੇ ਅਤੇ ਬਗੈਰ ਸਿਹਤਮੰਦ ਮੁਕਾਬਲੇ ਦੇ ਇਹ ਚੱਲੀ ਜਾ ਰਹੀ ਸੀ । ਚੰਗੇ ਅਧਿਆਪਕ ਵੀ ਅਜਿਹੇ ਸਮੇਂ ਰੁਟੀਨ ਦਾ ਸ਼ਿਕਾਰ ਹੋ ਰਹੇ ਸਨ । ਅਜਿਹੇ ਸਮੇਂ ਨਵੀਂ ਤਕਨੀਕ, ਨਵੇਂ ਟੀਚੇ ਅਤੇ ਨਵੇਂ ਦ੍ਰਿਸ਼ਟੀਕੋਣ ਨਾਲ ਲਬਰੇਜ਼ ਇਹ ਪ੍ਰੋਜੈਕਟ ਅਧਿਆਪਕਾਂ ਦੇ ਸਾਹਮਣੇ ਆਇਆ, ਤਾਂ ਸਾਰਿਆਂ ਨੇ ਪੂਰੇ ਜੋਰ ਸ਼ੋਰ ਨਾਲ ਇਸ ਦਾ ਸਵਾਗਤ ਕੀਤਾ । ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ, ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਉਨਾਂ ਨੂੰ ਮੰਚ ਪ੍ਰਦਾਨ ਕਰਨਾ ਇਸ ਦਾ ਮੁੱਖ ਏਜੰਡਾ ਸੀ । ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਇਹ ਪ੍ਰਬਲ ਇੱਛਾ ਸੀ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀ ਵੀ ਹਰ ਇੱਕ ਉਸ ਤਕਨੀਕ ਤੋਂ ਜਾਣ  ਹੋਣ, ਜੋ ਕਿ ਦੂਜੇ ਵਿਦਿਆਰਥੀ ਸਿੱਖ ਰਹੇ ਹਨ । ਇਸ ਕਾਰਜ ਲਈ ਵਿੱਦਿਅਕ ਚਿੰਤਕ ਡਾ ਦਵਿੰਦਰ ਸਿੰਘ ਬੋਹਾ ( ਜਿਨਾਂ ਦਾ ਪੰਜਾਬੀ ਆਲੋਚਨਾ ਵਿੱਚ ਉੱਘੜਵਾਂ ਨਾਂ ਹੈ ) ਨੇ ਮੋਰਚਾ ਸੰਭਾਲਿਆ ਅਤੇ 22 ਜ਼ਿਲਿਆਂ ਵਿੱਚੋਂ ਚੁਣੀਂਦੇ ਅਧਿਆਪਕ ਲੈ ਕੇ ਉਨਾਂ ਨੂੰ ਜ਼ਿਲਾ ਕੋਆਰਡੀਨੇਟਰ ਦਾ ਕਾਰਜ ਸੌਂਪਿਆ । ਇਹ ਉਹ ਅਧਿਆਪਕ ਸਨ, ਜਿਨਾਂ ਨੇ ਦਿਨ ਰਾਤ ਦੀ ਪ੍ਰਵਾਹ ਕੀਤੇ ਬਗੈਰ ਪ੍ਰਾਇਮਰੀ ਸਿੱਖਿਆ ਨੂ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਫੁੱਲਤ ਕਰਨ ਲਈ ਬੀੜਾ ਚੁੱਕਿਆ । ਉਨਾਂ ਫੇਰ ਬਲਾਕ ਵਾਰ ਮਿਹਨਤੀ ਅਧਿਆਪਕ ਚੁਣੇ ਅਤੇ ਉਹ ਮਾਸਟਰ ਟਰੇਨਰ ਬਣਾਏ ਗਏ, ਇਸੇ ਤਰਾਂ ਕਲੱਸਟਰ ਮਾਸਟਰ ਟਰੇਨਰ ਨੇ ਆਪਣੇ ਆਪਣੇ ਕਲੱਸਟਰ ਅਤੇ ਬਲਾਕ ਦੀ ਜਿੰਮੇਵਾਰੀ ਕਿਓਟੀ । ਇਸ ਸਾਰੀ ਟੀਮ ਦਾ ਮੰਤਵ ਪ੍ਰਾਇਮਰੀ ਸਿੱਖਿਆ ਅਤੇ ਅਧਿਆਪਕਾਂ ਨੂੰ ਨਵੀਂਆਂ ਵਿਧੀਆਂ ਨਾਲ ਲੈੱਸ ਕਰਨਾ, ਟਰੇਨਿੰਗ, ਟੈਸਟਿੰਗ, ਵਿਦਿਆਰਥੀਆਂ ਨੂੰ ਪੱਧਰ ਅਨੁਸਾਰ ਬਿਠਾਉਣਾ, ਸਵੇਰ ਦੀ ਸਭਾ ਅਤੇ ਬਾਲ ਸਭਾ ਨੂੰ ਪ੍ਰਭਾਵਸਾਲੀ ਬਣਾਉਣਾ, ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਕਰਾ ਕੇ ਉਨਾਂ ਦਾ ਸਰਵਪੱਖੀ ਵਿਕਾਸ ਕਰਨਾ, ਵਿਦਿਆਰਥੀਆਂ ਦੇ ਮਨਾਂ ਚੋਂ ਪੜਾਈ, ਸਕੂਲ ਅਤੇ ਕਿਤਾਬਾਂ ਦਾ ਡਰ ਕੱਢ ਕੇ ਉਸ ਦੇ ਪੱੱਧਰ ਉੱਤੇ ਜਾ ਕੇ ਗਤੀਵਿਧੀਆਂ ਕਰਾਉਣੀਆਂ, ਕਮਜੋਰ ਵਿਦਿਆਰਥੀਆਂ ਦਾ ਗਰਾਫ ਉੱਚਾ ਚੁੱਕਣ ਚ ਮੱਦਦ ਕਰਨੀ ਅਤੇ ਪਹਿਲਾਂ ਤੋਂ ਹੀ ਹੁਸ਼ਿਆਰ ਵਿਦਿਆਰਥੀਆਂ ਨੂੰ ਸਿਲੇਬਸ ਨਾਲ ਜੋੜ ਕੇ ਪੜਾਉਣਾ ਸੀ । ਇਸ ਤੋਂ ਇਲਾਵਾ ਰੀਡਿੰਗ ਸੈੱਲ ਨੂੰ ਖੂਬਸੂਰਤ ਬਣਾਉਣਾ ਵੀ ਇਸ ਪ੍ਰੋਜੈਕਟ ਦਾ ਅਹਿਮ ਕਾਰਜ ਸੀ , ਜੋ ਕਿ ਟੀਮ ਵੱਲੋਂ ਬਾਖੂਬੀ ਕੀਤਾ ਜਾਂਦਾ ਸੀ ।
ਅਗਸਤ 17 ਨੂੰ ਜਦੋਂ ਪੜੋ ਪੰਜਾਬ ਪੜਾਓ ਪੰਜਾਬ ਨੇ ਅੰਗੜਾਈ ਲਈ, ਤਾਂ ਰੋਪੜ ਦੀ ਬੇਸ ਲਾਇਨ ਤਿਆਰ ਕੀਤੀ ਗਈ । ਰੋਪੜ ਵਿੱਚ 8 ਬਲਾਕ ਹਨ ਅਤੇ 60 ਕਲੱਸਟਰ ਹਨ । ਮੁੰਡਿਆਂ ਦੀ ਗਿਣਤੀ11889 ( 52 ਫੀਸਦੀ ) ਅਤੇ ਕੁੜੀਆਂ ਦੀ ਗਿਣਤੀ 10975 ( 48 ਫੀਸਦੀ ) ਹੈ । 558 ਸਕੂਲਾਂ ਦੇ ਅੰਦਰ ਲੱਗਪੱਗ 1300 ਦੇ ਕਰੀਬ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ । ਬਲਾਕ ਵਾਰ ਦੇਖਿਆ ਜਾਵੇ ,ਤਾਂ ਵਿਦਿਆਰਥੀ ਅਧਿਆਪਕ ਅਨੁਪਾਤ ਨੰਗਲ 17, ਆਨੰਦਪੁਰ ਸਾਹਿਬ 21, ਨੂਰਪੁਰਬੇਦੀ 20, ਤਖਤਗੜ 17, ਰੋਪੜ 1 18, ਰੋਪੜ 2 16, ਚਮਕੌਰ ਸਾਹਿਬ 17 ਅਤੇ ਮੋਰਿੰਡਾ ਵਿੱਚ 16 ਹੈ । ਜਦੋਂ ਬੇਸ ਲਾਇਨ ਕੀਤੀ ਗਈ , ਤਾਂ ਰੋਪੜ ਦਾ ਨਤੀਜਾ 35 ਫੀਸਦੀ ਸੀ, ਜਦੋਂ ਨਵੰਬਰ ਵਿੱਚ ਟੈਸਟਿੰਗ ਹੋਈ, ਤਾਂ ਰੋਪੜ ਦਾ ਨਤੀਜਾ 68 ਫੀਸਦੀ ਹੋ ਗਿਆ ਅਤੇ ਪੋਸਟ ਟੈਸਟ ਵੇਲੇ ਮਾਰਚ 18 ਵਿੱਚ ਇਹ ਨਤੀਜਾ 78.27 ਫੀਸਦੀ ਆਇਆ । ਯਾਨਿ ਕਿ ਅਗਸਤ 17 ਤੋਂ ਮਾਰਚ 18 ਤੱਕ 42 ਫੀਸਦੀ ਪ੍ਰਗਤੀ ਕੀਤੀ ਗਈ । ਇਹ ਪ੍ਰਗਤੀ ਕਿਸ ਨੇ ਕੀਤੀ । ਇਹ ਪ੍ਰਗਤੀ ਬਿਨਾਂ ਝਿਜਕ ਅਧਿਆਪਕ ਨੇ ਕੀਤੀ ਅਤੇ ਉਸਦੀ ਸਹਾਇਤਾ ਲਈ ਪੜੋ ਪੰਜਾਬ ਪੜਾਓ ਪੰਜਾਬ ਦੀ ਪੂਰੀ ਟੀਮ ਤਿਆਰ ਬਰ ਤਿਆਰ ਖੜੀ ਸੀ । ਜੇਕਰ ਬਲਾਕ ਵਾਰ ਨਤੀਜੇ ਉੱਤੇ ਪੜਚੋਲ ਮਾਰੀ ਜਾਵੇ, ਤਾਂ ਨੰਗਲ ਦੀ ਬੇਸ ਲਾਇਨ 30.42 ਸੀ, ਜੋ ਕਿ ਪੋਸਟ ਟੈਸਟ ਵੇਲੇ 82.35 ਸੀ । ਇਸੇ ਤਰਾਂ ਆਨੰਦਪੁਰ ਸਾਹਿਬ 31.94 ਤੋਂ 76.57, ਨੂਰਪੁਰ ਬੇਦੀ 33.15 ਤੋਂ 76.57, ਤਖਤਗੜ 42.83 ਤੋਂ 82.37, ਰੋਪੜ 1 35.92 ਤੋਂ 74.45, ਰੋਪੜ 2 26.04 ਤੋਂ 81.62, ਚਮਕੌਰ ਸਾਹਿਬ 28.78 ਤੋਂ 76.46 ਅਤੇ ਮੋਰਿੰਡਾ 31.57 ਤੋਂ 72.56 ਤੱਕ ਪੁੱਜ ਗਿਆ । ਪੰਜਾਬੀ, ਅੰਗਰੇਜੀ, ਹਿਸਾਬ ਅਤੇ ਹਿੰਦੀ ਵਿੱਚ ਵਿਦਿਆਰਥੀਆਂ ਦੀ ਪ੍ਰਗਤੀ ਦੇਖਣ ਯੋਗ ਸੀ । ਪੰਜਾਬੀ ਵਿੱਚ 40.9 ਤੋਂ 79.55, ਗਣਿਤ ਵਿੱਚ 41.2 ਤੋਂ 86.75, ਅੰਗਰੇਜੀ 25.5 ਤੋਂ 69.07 ਅਤੇ ਮਗਰੋਂ ਹਿੰਦੀ ਵਿੱਚ 42.35 ਤੋਂ 76.88 ਫੀਸਦੀ ਵਾਧਾ ਰਿਕਾਰਡ ਕੀਤਾ ਗਿਆ । ਇਹ ਵੀ ਸਾਫ ਹੈ ਕਿ ਇਹ ਉਹੀ ਵਿਦਿਆਰਥੀ ਸਨ, ਜੋ ਅਗਸਤ ਵਿੱਚ ਆਪਣੇ ਟੀਚਿਆਂ ਤੋਂ ਕਾਫੀ ਪਿੱਛੇ ਦਿਖਾਈ ਦੇ ਰਹੇ ਸਨ ।
ਫਿਰ ਅਜਿਹਾ ਕੀ ਹੋਇਆ ਕਿ ਰੋਪੜ ਜ਼ਿਲੇ ਨੇ ਯਕਦਮ ਵਿਕਾਸ ਕਰ ਲਿਆ । ਇਹ ਇੱਕ ਸਿਆਣਪ ਭਰੀ ਪਲਾਨਿੰਗ ਸੀ, ਜਿਸ ਤਹਿਤ ਨਵੰਬਰ ਦੀ ਟੈਸਟਿੰਗ ਤੋਂ ਬਾਅਦ ਹਰ ਇੱਕ ਬਲਾਕ ਦੇ ਹਰ ਇੱਕ ਸਕੂਲ ਅਤੇ ਇੱਥੋਂ ਤੱਕ ਕਿ ਹਰ ਇੱਕ ਅਧਿਆਪਕ ਤੋਂ ਜਵਾਬ ਲਿਆ ਗਿਆ । ਜ਼ਿਲਾ ਸਿੱਖਿਆ ਅਫਸਰ ਸ੍ਰੀ ਦਿਨੇਸ਼ ਕੁਮਾਰ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਪੜੋ ਪੰਜਾਬ ਪੜਾਓ ਪੰਜਾਬ ਦੀ ਟੀਮ ਨਾਲ ਰਲ ਕੇ ਚੰਗੇ ਅਧਿਆਪਕ ਨੂੰ ਬਲਾਕ ਚ ਜਾ ਕੇ ਸਨਮਾਨਿਤ ਕੀਤਾ ਅਤੇ ਘੱਟ ਨਤੀਜਿਆਂ ਵਾਲਿਆਂ ਦੀ ਪੁੱਛ ਗਿੱਛ ਕੀਤੀ ਗਈ । ਸੁਝਾਓ ਲਏ ਗਏ ਅਤੇ ਸੁਝਾਓ ਦਿੱਤੇ ਗਏ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ । ਵਿਊਂਤਬੰਦੀ ਇੰਨੇ ਛੋਟੇ ਪੱਧਰ ਉੱਤੇ ਕੀਤੀ ਗਈ ਕਿ ਹਰ ਸਕੂਲ, ਹਰ ਵਿਸ਼ਾ ਅਤੇ ਹਰ ਜਮਾਤ ਦਾ ਨਤੀਜਾ ਸਾਹਮਣੇ ਪ੍ਰਤੱਖ ਹੋ ਗਿਆ । ਸਕੂਲਾਂ ਵਿੱਚ ਛੁੱਟੀਆਂ ਦੇ ਦੌਰਾਨ ਵੀ ਇਹ ਐਕਸਰਸਾਇ?? ਚੱਲਦੀ ਰਹੀ ।
ਇਸਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਪਹਾੜਿਆਂ ਦੇ ਮੁਕਾਬਲੇ ਕਰਵਾਏ ਗਏ । ਸੁੰਦਰ ਲਿਖਾਈ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਮੁਕਾਬਲੇ ਕਰਵਾਏ ਗਏ । ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਪੜਨ ਦੇ ਮੁਕਾਬਲੇ ਵੀ ਕਰਵਾਏ ਗਏ । ਜੇਤੂ ਵਿਦਿਆਰਥਆਂ ਨੂੰ ਸਰਟੀਫਿਕੇਟ ਦਿੱਤੇ ਗਏ । ਇਸਤੋਂ ਇਲਾਵਾ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਹੋਏ । ਅਧਿਆਪਕਾਂ ਦੇ ਸਾਹਿਤਕ ਮੁਕਾਬਲੇ ਹੋਏ ਅਤੇ ਅਧਿਆਪਕਾਂ ਦੇ ਕਵਿਤਾ ਅਤੇ ਗੀਤ ਉਚਾਰਨ ਦੇ ਮੁਕਾਬਲੇ ਵੀ ਰੋਪੜ ਵਿੱਚ ਕਰਵਾਏ ਗਏ । ਸਰੀਰਤ ਤੰਦਰੁਸਤੀ ਲਈ ਵੱਖ ਵੱਖ ਖੇਡਾਂ ਦੇ ਮੁਕਾਬਲੇ ਵੀ ਰੋਪੜ ਵਿਖੇ ਹੋਏ, ਕਿਉਂਕਿ ਜੇਕਰ ਸਰੀਰ ਤੰਦਰੁਸਤ ਰਹੇਗਾ, ਤਦੇ ਹੀ ਬੱਚਾ ਵਧੀਆ ਤਰੀਕੇ ਨਾਲ ਗਿਆਨ ਗ੍ਰਹਿਣ ਕਰ ਸਕੇਗਾ ।
ਮਸ਼ਾਲ ਰਾਹੀਂ ਪੂਰੇ ਜ਼ਿਲੇ ਵਿੱਚ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਦਾ ਸੰਦੇਸ਼ ਬਾਖੂਬੀ ਦਿੱਤਾ ਗਿਆ । ਨੰਗਲ ਤੋਂ ਚੱਲ ਕੇ ਇਹ ਮਸ਼ਾਲ ਪੂਰੇ ਜ਼ਿਲੇ ਵਿੱਚ ਘੁੰਮੀ ਅਤੇ ਚਮਕੌਰ ਸਾਹਿਬ ਬਲਾਕ ਦੇ ਬੇਲਾ ਸਕੂਲ ਵਿੱਚ ਜ਼ਿਲਾ ਪੱਧਰੀ ਸਮਾਗਮ ਕੀਤਾ ਗਿਆ । ਮੜੌਲੀ ਕਲਾਂ ਵੀ ਇੱਕ ਸਮਾਗਮ ਉਲੀਕਿਆ ਗਿਆ ਅਤੇ ਮਸ਼ਾਲ ਮੋਹਾਲੀ ਨੂੰ ਸੌਂਪ ਦਿੱਤੀ ਗਈ । ਇਸਦਾ ਸਿੱਟਾ ਇਹ ਨਿਕਲਿਆ ਕਿ ਰੋਪੜ ਵਿੱਚ 4399 ਵਿਦਿਆਰਥੀਆਂ ਨੇ ਪ੍ਰੀ ਪ੍ਰਾਇਮਰੀ ਸਕੂਲਾਂ ਵਿੱਚ ਦਸਤਕ ਦਿੱਤੀ ।
ਸਟੇਟ ਪੱਧਰ ਉੱਤੇ ਗਏ ਸਾਡੇ ਸਕੂਲਾਂ ਅਤੇ ਅਧਿਆਪਕਾਂ ਨੇ ਚੰਗੀ ਵਾਹ ਵਾਹ ਖੱਟੀ । ਝਾਂਗੜੀਆਂ, ਮੀਰਪੁਰ, ਪੱਸੀਵਾਲ, ਭੱਟੋਂ ਸਕੁੂਲਾਂ ਨੇ ਪੂਰੇ ਪੰਜਾਬ ਸਾਹਮਣੇ ਆਪਣੀ ਛਾਪ ਛੱਡੀ । ਫਰਾਟੇਦਾਰ ਅੰਗਰੇਜੀ ਬੋਲਣ ਵਿੱਚ, ਜਨਰਲ ਨਾਲਿਜ ਵਿੱਚ , ਭਾਸ਼ਣ ਦੇਣ ਵਿੱਚ ਅਤੇ ਲੋਕ ਨਾਚਾਂ ਦੀ ਵਿਧਵਤਾ ਨੇ ਸਭ ਨੂੰ ਦੰਗ ਕਰ ਦਿੱਤਾ ਅਤੇ ਸਾਡੇ ਵਿਦਿਆਰਥੀਆਂ ਨਾਲ ਲੋਕ ਤਸਵੀਰਾਂ ਖਿਚਵਾ ਕੇ ਪ੍ਰਸੰਨ ਹੋ ਰਹੇ ਸਨ ।
ਇਹੋ ਨਹੀਂ ਪੋਸਟ ਟੈਸਟ ਵੇਲੇ ਚਾਰ ਸਕੂਲ ਅਜਿਹੇ ਸਨ, ਜਿਨਾਂ ਨੇ ਸੌ ਫੀਸਦੀ ਟੀਚੇ ਹਾਸਲ ਕਰ ਲਏ । ਪੱਸੀਵਾਲ, ਪੱਟੀ, ਸੰਗਤਪੁਰ ਅਤੇ ਮੀਰਪੁਰ ਨੇ ਇਸ ਅਹਿਮ ਕਾਰਜ ਨੂੰ ਨੇਪਰੇ ਚਾੜਿਆ । ਇਸ ਤੋਂ ਇਲਾਵਾ ਨੱਬੇ ਫੀਸਦੀ ਤੋਂ ਉੱਤੇ 81 ਸਕੂਲ ਅਤੇ ਅੱਸੀ ਫੀਸਦੀ ਤੋਂ ਉੱਤੇ 212 ਸਕੂਲਾਂ ਨੇ ਆਪਣਾ ਨਾਂ ਇਸ ਲੜੀ ਵਿੱਚ ਦਰਜ ਕਰਵਾਇਆ ।
ਰੋਪੜ ਦੀ ਟੀਮ ਨੇ ਚੰਡੀਗੜ ਵਿੱਚ ਆਰ ਆਈ ਸੀ ਐਮ ਸੈਕਟਰ 32 ਵਿੱਚ ਪ੍ਰੀ ਪ੍ਰਾਇਮਰੀ ਦੀ ਬਾਖੂਬੀ ਟਰੇਨਿੰਗ ਲਈ । ਦੋ ਟੀਮ ਦੇ ਮੈਂਬਰ ਜੋਤੀ ਮਰਾਠਾ ਅਤੇ ਰਾਜ ਕੁਮਾਰ ਸਟੇਟ ਰਿਸੋਰਸ ਪਰਸਨ ਵੀ ਰਹੇ ਅਤੇ ਹੁਣ ਬਾਖੂਬੀ ਸਾਰੀ ਟੀਮ ਪੂਰੇ ਜੋਸ਼ੋ ਖਰੋਸ਼ ਨਾਲ ਜ਼ਿਲੇ ਵਿੱਚ ਪ੍ਰੀ ਪ੍ਰਾਇਮਰੀ ਦੀਆਂ ਟਰੇਨਿੰਗਾਂ ਦੇ ਰਹੀ ਹੈ । ਪ੍ਰੀ ਪ੍ਰਾਇਮਰੀ ਦੀਆਂ ਕਿੱਟਾਂ ਲਗਾਤਾਰ ਸਕੂਲਾਂ ਵਿੱਚ ਜਾ ਰਹੀਆਂ ਹਨ । ਕਿਤਾਬਾਂ ਦੀ ਦਿੱਖ ਸੁੰਦਰ ਹੈ ਅਤੇ ਅਧਿਆਪਕ ਸੱਚੇ ਮਨੋਂ ਬਗੈਰ ਕਿਸੇ ਝਿਜਕ ਦੇ ਇਨਾਂ ਦੀ ਖੁੱਲ ਕੇ ਤਾਰੀਫ ਕਰ ਰਹੇ ਹਨ ।
ਪੜੋ ਪੰਜਾਬ ਪੜਾਓ ਪੰਜਾਬ ਦੇ ਨਿਰੀਖਣ ਮੌਕੇ ਵੀ ਜ਼ਿਲਾ ਸਿੱਖਿਆ ਅਫਸਰ ਸ੍ਰੀ ਦਿਨੇਸ਼ ਕੁਮਾਰ ਨੇ ਸਿਰਫ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਹੀ 44, ਉੱਪ ਜ਼ਿਲਾ ਸਿੱਖਿਆ ਅਫਸਰ 30, ਪ੍ਰਿੰਸੀਪਲ ਡਾਇਟ 22, ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ 100 ਸਕੂਲਾਂ ਦਾ ਨਿਰੀਖਣ ਕੀਤਾ । ਇਹੋ ਨਹੀਂ , ਸਗੋਂ ਸਮੂਹ ਸੀ ਐਚ ਟੀਜ਼ ਨੂੰ ਬੁਲਾ ਕੇ ਉਨਾਂ ਨਾਲ ਏਜੰਡੇ ਬਾਰੇ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ ਅਤੇ ਹੋਰ ਸੁਝਾਓ ਵੀ ਮੰਗੇ ਗਏ ਅਤੇ ਉਨਾਂ ਦੀ ਕਲੱਸਟਰ ਵਿੱਚ ਜਿੰਮੇਵਾਰੀ ਹੋਰ ਵੀ ਪ੍ਰਭਾਵੀ ਬਣਾਈ ਗਈ ।
ਕੁੱਲ ਮਿਲਾ ਕੇ ਪੜੋ ਪੰਜਾਬ ਪੜਾਓ ਪੰਜਾਬ ਰੋਪੜ ਲਈ ਵਰਦਾਨ ਸਾਬਤ ਹੋਇਆ ਹੈ । ਇਹ ਅੰਕੜੇ ਦੱਸਦੇ ਹਨ । ਰਿਕਾਰਡ ਦੱਸਦਾ ਹੈ । ਸਭ ਤੋਂ ਵੱਧ ਕੇ ਉਹ ਅਧਿਆਪਕ ਅਤੇ ਵਿਦਿਆਰਥੀ ਦੱਸਦੇ ਹਨ, ਜਿਨਾਂ ਦੇ ਸਿੱਖਣ ਪੱਧਰ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ । ਇਸ ਲਈ ਇਹ ਲਹਿਰ ਇਸੇ ਤਰਾਂ ਚੱਲਦੀ ਰਹੇ ਅਤੇ ਉਨਾਂ ਵਿਦਿਆਰਥੀਆਂ ਲਈ ਪ੍ਰੇਰਿਕ ਦਾ ਕੰਮ ਕਰੇ, ਜੋ ਆਪਣੇ ਟੀਚੇ ਤੋਂ ਪਿੱਛੇ ਚੱਲ ਰਹੇ ਹਨ ਅਤੇ ਜੋ ਟੀਚੇ ਤੇ ਪੁੱਜ ਚੁੱਕੇ ਹਨ,ਉਨਾਂ ਲਈ ਰਾਹ ਦਸੇਰੇ ਵਜੋਂ ਅੱਗੇ ਆਏ ।

ਰਾਬਿੰਦਰ ਸਿੰਘ ਰੱਬੀ
8968946129

Leave a Reply

Your email address will not be published. Required fields are marked *

%d bloggers like this: