ਪ੍ਰੋ. ਬਡੂੰਗਰ ਵੱਲੋਂ ‘ਖ਼ਾਲਿਸਤਾਨ’ ਦੇ ਕੌਮੀ ਮੁੱਦੇ ਸੰਬੰਧੀ ਨਿਧੱੜਕ ਹੋਕੇ ਗੱਲ ਕਰਨਾ ਸਿੱਖ ਕੌਮ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਦੇ ਉਦਮ : ਮਾਨ

ss1

ਪ੍ਰੋ. ਬਡੂੰਗਰ ਵੱਲੋਂ ‘ਖ਼ਾਲਿਸਤਾਨ’ ਦੇ ਕੌਮੀ ਮੁੱਦੇ ਸੰਬੰਧੀ ਨਿਧੱੜਕ ਹੋਕੇ ਗੱਲ ਕਰਨਾ ਸਿੱਖ ਕੌਮ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਦੇ ਉਦਮ : ਮਾਨ

ਜੰਡਿਆਲਾ ਗੁਰੂ 10 ਨਵੰਬਰ ( ਵਰਿੰਦਰ ਮਲਹੋਤਰਾ)  “ਅਸੀਂ ਬਹੁਤ ਲੰਮੇ ਸਮੇਂ ਤੋਂ ਇਸ ਗੱਲ ਦੇ ਹਾਮੀ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਕਾਨੂੰਨੀ ਮਾਨਤਾ ਅਨੁਸਾਰ ਪਾਰਲੀਮੈਂਟ ਹੈ, ਉਸਦੇ ਮਹੱਤਵ ਅਤੇ ਜਿੰਮੇਵਾਰੀਆਂ ਨੂੰ ਕਤਈ ਵੀ ਘਟਾਕੇ ਨਹੀਂ ਵੇਖਿਆ ਜਾ ਸਕਦਾ, ਭਾਵੇ ਕਿ ਇਸ ਕੌਮੀ ਸਿੱਖ ਸੰਸਥਾਂ ਉਤੇ ਬੀਤੇ ਕਾਫ਼ੀ ਲੰਮੇ ਸਮੇਂ ਤੋਂ ਗੈਰ-ਇਖ਼ਲਾਕੀ, ਗੈਰ-ਕਾਨੂੰਨੀ, ਗੈਰ-ਸਮਾਜਿਕ ਨੁਮਾਇੰਦਿਆ ਦੀ ਗਲਤ ਢੰਗਾਂ ਰਾਹੀ ਨੁਮਾਇੰਦਗੀ ਜਿੱਤਕੇ ਸਾਹਮਣੇ ਆਉਦੀ ਰਹੀ ਹੈ ਅਤੇ ਇਸਦੇ ਪ੍ਰਬੰਧ ਵਿਚ ਤਹਿਸ-ਨਹਿਸ ਹੋਣ ਦਾ ਵੱਡਾ ਕਾਰਨ ਵੀ ਇਹੀ ਹੈ ਕਿ ਬਾਦਲ ਦਲ ਦੇ ਗੁਲਾਮ ਬਣੇ ਲੋਕ ਧਨ-ਦੌਲਤਾਂ ਦੇ ਭੰਡਾਰਾਂ ਅਤੇ ਬਦਮਾਸ਼ੀ ਢੰਗ ਰਾਹੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਜ਼ਬਰੀ ਜਿੱਤਕੇ ਇਸ ਸੰਸਥਾਂ ਉਤੇ ਕਾਬਜ ਹੋ ਜਾਂਦੇ ਹਨ । ਜਦੋਂਕਿ ਇਹ ਮਹਾਨ ਸੰਸਥਾਂ ਵੱਡੀ ਕੌਮੀ ਸੋਚ ਅਤੇ ਗੁਰੂਘਰਾਂ ਦੇ ਹਰਮਨ-ਪਿਆਰੇ ਉਸਾਰੂ ਪ੍ਰਬੰਧ ਲਈ ਹੋਈ ਸੀ ।

ਅੱਜ ਜਦੋਂ ਵਿਦਵਤਾ ਦੇ ਭੰਡਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੰਸਥਾਂ ਵਿਚ ਲੰਮੇ ਸਮੇਂ ਤੋਂ ਉਤਪੰਨ ਹੋ ਚੁੱਕੀਆ ਖਾਮੀਆ ਨੂੰ ਦੂਰ ਕਰਨ ਲਈ ਉਪਰਾਲੇ ਹੋ ਰਹੇ ਹਨ ਅਤੇ ਅੱਜ ਜਦੋਂ ਉਨ੍ਹਾਂ ਨੇ ਕੌਮ ਦੀ ਆਵਾਜ਼ ਉਤੇ ਪਹਿਰਾ ਦਿੰਦੇ ਹੋਏ ਨਿਧੜਕ ਹੋ ਕੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਗੱਲ ਨੂੰ ਦ੍ਰਿੜਤਾ ਨਾਲ ਕਾਨੂੰਨੀ ਦਾਇਰੇ ਵਿਚ ਰੱਖਦੇ ਹੋਏ ਕੌਮ ਦੇ ਹੱਕ-ਹਕੂਕ ਦੀ ਗੱਲ ਕੀਤੀ ਹੈ, ਤਾਂ ਇਹ ਖ਼ਾਲਿਸਤਾਨ ਦੀ ਗੱਲ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਵੱਲੋ ਹੀ ਉਜਾਗਰ ਹੋਈ ਹੈ । ਪ੍ਰੋ. ਬਡੂੰਗਰ ਵੱਲੋਂ ਬਾਦਲੀਲ ਢੰਗ ਨਾਲ ਕੌਮੀ ਸੋਚ ਨੂੰ ਉਜਾਗਰ ਕਰਨ ਦੇ ਅਮਲ ਜਿਥੇ ਪ੍ਰਸ਼ੰਸ਼ਾਂਯੋਗ ਹਨ, ਉਥੇ ਸਮੁੱਚੀ ਕੌਮ ਲਈ ਵੱਡੇ ਫਖ਼ਰ ਕਰਨ ਵਾਲੇ ਵੀ ਹਨ । ਕਿਉਂਕਿ ਅੱਜ ਸਿੱਖ ਕੌਮ ਦੀ ਪਾਰਲੀਮੈਂਟ ਤੋ ਉਸੇ ਤਰ੍ਹਾਂ ਆਵਾਜ਼ ਉੱਠੀ ਹੈ ਜਿਵੇ 1946 ਵਿਚ ਸ. ਬਸੰਤ ਸਿੰਘ ਕੁੱਕੜ ਵੱਲੋਂ ਐਸ.ਜੀ.ਪੀ.ਸੀ. ਦੇ ਹਾਊਸ ਵਿਚ ਖ਼ਾਲਿਸਤਾਨ ਦਾ ਮਤਾ ਰੱਖਕੇ ਸਰਬਸੰਮਤੀ ਨਾਲ ਪਾਸ ਕਰਵਾਇਆ ਗਿਆ ਸੀ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਵਿਸ਼ਾਲ ਵਿਦਵਤਾ ਅਤੇ ਦ੍ਰਿੜਤਾ ਨੂੰ ਸਲਿਊਟ ਕਰਦੇ ਹੋਏ ਅਤੇ ਸਮੁੱਚੀ ਐਸ.ਜੀ.ਪੀ.ਸੀ. ਦੀ ਸੰਸਥਾਂ ਨੂੰ ਇਸ ਸੰਬੰਧੀ ਫਿਰ ਤੋਂ ਐਸ.ਜੀ.ਪੀ.ਸੀ. ਦੇ 28 ਨਵੰਬਰ ਨੂੰ ਹੋਣ ਵਾਲੇ ਸਲਾਨਾ ਇਜਲਾਸ ਵਿਚ ‘ਖ਼ਾਲਿਸਤਾਨ’ ਦਾ ਮਤਾ ਰੱਖਦੇ ਹੋਏ 1946 ਦੇ ਉਪਰੋਕਤ ਮਤੇ ਦੀ ਪ੍ਰੋੜ੍ਹਤਾ ਕਰਨੀ ਬਣਦੀ ਹੈ ਤਾਂ ਕਿ ਕੋਈ ਵੀ ਫਿਰਕੂ ਬੀਜੇਪੀ, ਕਾਂਗਰਸ, ਕਾਉਮਨਿਸਟ, ਆਮ ਆਦਮੀ ਪਾਰਟੀ ਜਾਂ ਹੋਰ ਫਿਰਕੂ ਸੰਗਠਨ ਸਾਡੀ ਇਸ ਕੌਮੀ ਆਵਾਜ਼ ਨੂੰ ਸਾਜ਼ਸੀ ਢੰਗਾਂ ਨਾਲ ਦਬਾਉਣ ਦੇ ਅਮਲ ਨਾ ਕਰ ਸਕਣ ਅਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨੂੰ ਸਿੱਖ ਕੌਮ ਦੀ ਪਾਰਲੀਮੈਂਟ ਵੱਲੋਂ ਪਾਸ ਕੀਤੇ ਜਾਣ ਵਾਲੇ ਖ਼ਾਲਿਸਤਾਨ ਦੇ ਮਤੇ ਦੇ ਤਹਿਤ ਸਿੱਖ ਕੌਮ ਦੇ ਨਿਸ਼ਾਨੇ ਪ੍ਰਤੀ ਸੁਹਿਰਦਤਾ ਨਾਲ ਸਾਨੂੰ ਹਰ ਪੱਖੋ ਮਦਦ ਕਰ ਸਕਣ ਅਤੇ ਅਸੀਂ ਸਮੁੱਚੇ ਸਿੱਖ ਕੌਮ ਨਾਲ ਸੰਬੰਧਤ ਆਗੂ ਤੇ ਸੰਗਠਨ ਇਕ ਆਵਾਜ਼ ਹੋ ਕੇ ਆਪਣੇ ਕੌਮੀ ਘਰ ਦੀ ਸਥਾਪਨਾ ਕਰਨ ਵਿਚ ਕਾਮਯਾਬ ਹੋ ਸਕੀਏ । ਸ. ਮਾਨ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਤੇ ਉਨ੍ਹਾਂ ਦੇ ਵਿਦਵਾਨ ਸਾਥੀਆਂ ਨੂੰ ਤੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜੋ ਆਪ ਜੀ ਨੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਸੰਬੰਧ ਵਿਚ ਨਿਧੜਕ ਹੋ ਕੇ ਬਾਦਲੀਲ ਕੌਮੀ ਗੱਲ ਕੀਤੀ ਹੈ, ਇਹ ਸਿੱਖ ਕੌਮ ਦੇ ਇਤਿਹਾਸ ਦੇ ਪੰਨਿਆ ਵਿਚ ਜਿਥੇ ਸੁਨਹਿਰੀ ਅੱਖਰਾਂ ਵਿਚ ਲਿਖੀ ਜਾਵੇਗੀ, ਉਥੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਨਾਮ ਵੀ ਸਤਿਕਾਰ ਨਾਲ ਆਉਣ ਵਾਲੀਆ ਸਿੱਖ ਕੌਮ ਦੀਆਂ ਨਸ਼ਲਾਂ ਲੈਣਗੀਆ ਅਤੇ ਅੱਛੇ ਕਾਰਜ ਲਈ ਅਜਿਹੇ ਉਦਮ ਅਗਵਾਈ ਕਰਨਗੇ । ਉਨ੍ਹਾਂ ਪ੍ਰੋ. ਬਡੂੰਗਰ ਨੂੰ ਇਹ ਵੀ ਸੁਝਾਅ ਦਿੱਤਾ ਕਿ ਜਿੰਨੇ ਵੀ ਨਾਨਕਸ਼ਾਹੀ ਕੈਲੰਡਰ, ਗੁਰਪੁਰਬ, ਕੌਮੀ ਦਿਹਾੜੇ, ਦਸਮ ਗ੍ਰੰਥ, ਸਿੱਖ ਕੌਮ ਨਾਲ ਸੰਬੰਧਤ ਗੰਭੀਰ ਮੁੱਦੇ ਸਾਹਮਣੇ ਹਨ, ਉਨ੍ਹਾਂ ਨੂੰ ਵੀ ਇਸੇ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਹੱਲ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਉਣ ਤਾਂ ਕਿ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਕੌਮਾਂਤਰੀ ਪੱਧਰ ਤੇ ਜੋ ਹੁਕਮਰਾਨਾਂ ਵੱਲੋ ਸਾਜ਼ਸੀ ਢੰਗਾਂ ਰਾਹੀ ਸਾਖ ਨੂੰ ਸੱਟ ਮਾਰੀ ਗਈ ਹੈ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕੀਤਾ ਗਿਆ ਹੈ, ਉਸਦੀ ਕੌਮਾਂਤਰੀ ਪੱਧਰ ਤੇ ਬਹਾਲੀ ਹੋ ਸਕੇ ਅਤੇ ਸਿੱਖ ਕੌਮ ਕੋਸੋਵੋ ਦੀ ਤਰ੍ਹਾਂ ਆਪਣਾ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕ ਇਸਲਾਮਿਕ-ਪਾਕਿਸਤਾਨ, ਹਿੰਦੂ-ਭਾਰਤ ਅਤੇ ਕਾਉਮਨਿਸਟ-ਚੀਨ ਦੀ ਤ੍ਰਿਕੋਣ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ, ਗੁਜਰਾਤ ਦਾ ਕੱਛ ਵਿਖੇ ਜਿਥੇ ਸਿੱਖ ਵਸੋਂ ਵੱਸਦੀ ਹੈ, ਉਥੇ ਬਫ਼ਰ ਸਟੇਟ ਖ਼ਾਲਿਸਤਾਨ ਕਾਇਮ ਕਰਕੇ ਆਪਣੀ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਵਿਚ ਯੋਗਦਾਨ ਪਾ ਸਕੀਏ ।

Share Button

Leave a Reply

Your email address will not be published. Required fields are marked *