Mon. Apr 22nd, 2019

ਪ੍ਰੋ: ਬਡੂੰਗਰ ਨੇ ਨਿਊਯਾਰਕ ਵਿਚ ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਕੀਤੀ ਨਿੰਦਾ

ਪ੍ਰੋ: ਬਡੂੰਗਰ ਨੇ ਨਿਊਯਾਰਕ ਵਿਚ ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਕੀਤੀ ਨਿੰਦਾ

ਅਮਰੀਕਾ ਦੀ ਨਿਊਯਾਰਕ ਸਟੇਟ ‘ਚ ਸਿੱਖ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਨ ਅਤੇ ਉਸਦੀ ਦਸਤਾਰ ਉਤਾਰਨ ਦੀ ਘਟਨਾ ‘ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਦੁਨੀਆਂ ਭਰ ਵਿਚ ਫੈਲੇ ਹੋਏ ਸਿੱਖ ਜਿਸ ਦੇਸ਼ ਵਿਚ ਵੀ ਵੱਸਦੇ ਹਨ, ਉਥੋਂ ਦੀ ਤਰੱਕੀ, ਖ਼ੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਬਣੇ ਹਨ। ਸਿੱਖ ਟੈਕਸੀ ਚਾਲਕ ‘ਤੇ ਹਮਲੇ ਦੌਰਾਨ ਉਸ ਦੀ ਦਸਤਾਰ ਉਤਾਰਨ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਦਸਤਾਰ ਸਿੱਖ ਗੌਰਵ ਦਾ ਪ੍ਰਤੀਕ ਹੈ ਅਤੇ ਇਸ ਦਸਤਾਰ ਦਾ ਬੇਹੱਦ ਸ਼ਾਨਮੱਤਾ ਇਤਿਹਾਸ ਹੈ। ਪ੍ਰੋ: ਬਡੂੰਗਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੌਮਾਂਤਰੀ ਪ੍ਰਸੰਗ ਵਿਚ ਇਕ ਮਿਹਨਤੀ ਅਗਾਂਹਵਧੂ ਤੇ ਮਨੁੱਖੀ ਏਕਤਾ ਦੀ ਹਮਾਇਤੀ ਕੌਮ ਨੂੰ ਨਸਲੀ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਣਾ ਬਹੁਤ ਮਾੜੀ ਗੱਲ ਹੈ।  ਉਨ੍ਹਾਂ ਸਿੱਖ ਪਛਾਣ ਸਬੰਧੀ ਸਿੱਖਾਂ ਵੱਲੋਂ ਅਮਰੀਕਾ ਵਿਚ ਵਿੱਢੀ ਗਈ ਮੁਹਿੰਮ ਦੀ ਗੱਲ ਕਰਦਿਆਂ ਆਖਿਆ ਕਿ ਪਛਾਣ ਦੇ ਨਾਲ ਨਾਲ ਸਿੱਖ ਸੱਭਿਆਚਾਰ ਅਤੇ ਸਿੱਖ ਪ੍ਰੰਪਰਾਵਾਂ ਦਾ ਪ੍ਰਚਾਰ ਵੀ ਜ਼ੋਰਦਾਰ ਢੰਗ ਨਾਲ ਕੀਤਾ ਜਾਵੇ। ਸਿੱਖ ਕੌਮ ਦੀ ਭਾਈਚਾਰਕ ਸਾਂਝ ਅਤੇ ਆਪਸੀ ਮਿਲਵਰਤਨ ਵਾਲੀ ਮਜ਼ਬੂਤ ਪ੍ਰੰਪਰਾ ਨੂੰ ਵੀ ਉਜਾਗਰ ਕਰਨ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਉਹ ਵਿਦੇਸ਼ਾਂ ਅੰਦਰ ਸਿੱਖਾਂ ਨਾਲ ਹੁੰਦੇ ਨਸਲੀ ਵਿਤਕਰੇ ਸਬੰਧੀ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਨਾਲ ਸੰਪਰਕ ਕਰਕੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨ ਕਰਨਗੇ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਸਿੱਖਾਂ ਦੀ ਪਛਾਣ ਸਬੰਧੀ ਪੈਦਾ ਹੁੰਦੀ ਦੁਬਿਧਾ ਅਤੇ ਉਨ੍ਹਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇਸ ਮਾਮਲੇ ਦਾ ਸੰਜੀਦਗੀ ਨਾਲ ਹੱਲ ਕੱਢਣ ਲਈ ਪੁਖਤਾ ਉਪਰਾਲੇ ਕਰਨ।

Share Button

Leave a Reply

Your email address will not be published. Required fields are marked *

%d bloggers like this: