ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪ੍ਰੇਰਨਾ ਪਹਿਚਾਣ ਦੀ

ਪ੍ਰੇਰਨਾ ਪਹਿਚਾਣ ਦੀ

ਇਕ ਬਹੁਤ ਮਾਸੂਮ ਲੜਕੀ ਸਟੇਜ ਦੀਆਂ ਪੌੜੀਆਂ ਕੋਲ਼ ਖੜ੍ਹੀ ਸਟੇਜ ਵੱਲ ਦੇਖ ਰਹੀ ਸੀ, ਉਸ ਨੇ ਕੁਝ ਸਮਾਂ ਆਸ-ਪਾਸ ਭੀੜ ਨੂੰ ਦੇਖਿਆ, ਮੁਸਕੁਰਾਈ ਤੇ ਸਟੇਜ ਉੱਤੇ ਚੜ੍ਹ ਗਈ। ਅਸਲ ਵਿੱਚ ਉਹ ਸਟੇਜ ਸਕੱਤਰ ਸੀ,ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਗਈ ਸੀ। ਸਰੀਰਕ ਪੱਖ ਤੋਂ ਬਹੁਤ ਕਮਜ਼ੋਰ ਹੋਣ ਕਰਕੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕੀ ਉਸ ਮਾਸੂਮ ਜਿਹੀ ਕੁੜੀ ਵਿਚ ਏਨੀ ਹਿੰਮਤ, ਆਵਾਜ਼ ਤੇ ਸ਼ਬਦਾਂ ਦਾ ਅਜਿਹਾ ਜਾਦੂ ਹੋਵੇਗਾ ਜੋ ਸਭ ਨੂੰ ਅਚੰਭੇ ਵਿੱਚ ਪਾ ਦੇਵੇਗਾ। ਸਮਾਗਮ ਵਿਚ ਉਸ ਵੱਲੋਂ ਦਿੱਤੇ ਭਾਸ਼ਣ ਦਾ ਸਭ ਤੇ ਬੜਾ ਪ੍ਰਭਾਵ ਪਿਆ ਉਸਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਉਸ ਸਮਾਗਮ ਦੇ ਮੁੱਖ ਮਹਿਮਾਨ ਇਕ ਸਿੱਖਿਆ ਅਧਿਕਾਰੀ ਸੀ,ਸਮਾਗਮ ਵਿਚ ਭੀੜ ਤੇ ਕੰਮ ਕਰਕੇ ਉਹ ਉਸ ਲੜਕੀ ਨੂੰ ਨਾ ਮਿਲ ਸਕੇ।

ਪਰੰਤੂ ਕੁਝ ਮਹੀਨਿਆਂ ਬਾਅਦ ਉਹ ਸਿੱਖਿਆ ਅਫਸਰ ਚੈਕਿੰਗ ਕਰਨ ਇਕ ਪ੍ਰਾਇਮਰੀ ਸਕੂਲ ਵਿੱਚ ਗਏ ਜਿਥੇ ਉਨ੍ਹਾਂ ਨੇ ਓਸੇ ਮਾਸੂਮ ਜਿਹੀ ਲੜਕੀ ਨੂੰ ਬੱਚਿਆਂ ਨਾਲ ਖੇਡਦੇ ਵੇਖਿਆ ਜੋ ਉਸ ਦਿਨ ਸਮਾਗਮ ਵਿਚ ਸਟੇਜ ਸਕੱਤਰ ਸੀ। ਉਥੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕੁੜੀ ਇਕ ਅਧਿਆਪਿਕਾ ਹੈ ਜੋ ਪੂਰੇ ਸਕੂਲ ਦੀ ਚਹੇਤੀ ਹੈ । ਸਾਰਾ ਦਿਨ ਉਸ ਦਾ ਹੱਸਦਾ ਚਿਹਰਾ ਬੱਚਿਆਂ ਤੇ ਬਾਕੀ ਅਧਿਆਪਕਾਂ ਨੂੰ ਆਪਣੇ ਵੱਲ ਖਿੱਚਦਾ ਰਹਿੰਦਾ ਸੀ ਉਸ ਵੱਲੋਂ ਕੀਤੀ ਮਿਹਨਤ ਆਪ ਮੁਹਾਰੇ ਬੋਲਦੀ ਸੀ।ਉਸ ਸਿੱਖਿਆ ਅਫ਼ਸਰ ਨੇ ਉਸ ਅਧਿਆਪਿਕਾ ਨਾਲ ਉਸ ਦੀ ਜਮਾਤ ਵਿੱਚ ਚੈਕਿੰਗ ਦੌਰਾਨ ਗੱਲ ਕੀਤੀ ਤੇ ਉਸ ਨੂੰ ਪਤਾ ਲੱਗਿਆ ਕਿ ਉਸ ਅਧਿਆਪਿਕਾ ਦਾ ਨਾਮ ਹਮਨੂਰ ਹੈ ਤੇ ਉਹ ਸਰੀਰਕ ਕਮਜ਼ੋਰੀ ਕਰਕੇ ਦੇਖਣ ਵਿੱਚ ਛੋਟੀ ਲਗਦੀ ਹੈ ਉਂਝ ਉਸਦੀ ਉਮਰ ਤਾਂ 24 ਵਰ੍ਹਿਆਂ ਦੀ ਹੈ। ਸਕੂਲ ਵਿਚ ਚੈਕਿੰਗ ਹੋਣ ਕਰਕੇ ਉਹ ਸਿੱਖਿਆ ਅਫ਼ਸਰ ਉਸ ਅਧਿਆਪਿਕਾ ਨਾਲ ਚੰਗੀ ਤਰ੍ਹਾਂ ਗੱਲ ਨਾ ਕਰ ਪਾਇਆ ਪ੍ਰੰਤੂ ਉਸਦਾ ਫੋਨ ਨੰਬਰ ਆਪਣੀ ਡਾਇਰੀ ਉੱਤੇ ਨੋਟ ਕਰ ਕੇ ਲੈ ਗਿਆ। ਉਸ ਸਿੱਖਿਆ ਵਿਭਾਗ ਦੇ ਅਫਸਰ ਦੇ ਮਨ ਵਿਚ ਹੁਣ ਉਹੀ ਅਧਿਆਪਿਕਾ ਘੁੰਮਣ ਲੱਗੀ ਕੀ ਉਹ ਹੀ ਕਮਜ਼ੋਰ ਹੋ ਕੇ ਵੀ ਕਿੰਨੀ ਹਿੰਮਤੀ ਹੈ, ਪਿਆਰੀ ਹੈ ਤੇ ਮਿਹਨਤੀ ਹੈ।

ਅਖ਼ੀਰ ਉਸ ਅਫਸਰ ਨੇ ਹਮਨੂਰ ਨੂੰ ਫੋਨ ਕਰਕੇ ਐਤਵਾਰ ਦੀ ਛੁੱਟੀ ਵਾਲੇ ਦਿਨ ਮਿਲਣ ਲਈ ਕਿਹਾ ਤੇ ਹਮਨੂਰ ਨੇ ਉਨ੍ਹਾਂ ਨੂੰ ਆਪਣੇ ਘਰ ਆਉਣ ਲਈ ਕਹਿ ਦਿੱਤਾ। ਜਦੋਂ ਐਤਵਾਰ ਵਾਲੇ ਦਿਨ ਉਹ ਅਫਸਰ ਹਮਨੂਰ ਦੇ ਘਰ ਗਏ ਤਾਂ ਉਹ ਉਸ ਦਾ ਘਰ ਦੇਖ ਕੇ ਹੈਰਾਨ ਰਹਿ ਗਏ,ਹਮਨੂਰ ਦਾ ਸਾਰਾ ਘਰ ਸਨਮਾਨ ਚਿੰਨ੍ਹ ਤੇ ਹੋਰ ਸਰਟੀਫਿਕੇਟਾਂ ਨਾਲ ਭਰਿਆ ਹੋਇਆ ਸੀ। ਹਮਨੂਰ ਦੇ ਪਿਤਾ ਜੀ ਨੇ ਦੱਸਿਆ ਕਿ ਇਹ ਸਭ ਇਸੇ ਕੁੜੀ ਦੀ ਮਿਹਨਤ ਹੈ ਜੋ ਸਾਡਾ ਨਾਮ ਏਨਾ ਉੱਚਾ ਹੈ ਇਹ ਜਿੱਥੇ ਵੀ ਜਾਂਦੀ ਹੈ ਉਹ ਜਗ੍ਹਾ ਇਸਨੂੰ ਤੇ ਇਹ ਉਸ ਜਗ੍ਹਾ ਨੂੰ ਹਮੇਸ਼ਾਂ ਯਾਦ ਰੱਖਦੀ ਹੈ। ਹਮਨੂਰ ਨੇ ਉਸ ਅਫਸਰ ਦਾ ਨਾਮ ਪੁਛਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਨਾਮ ਜਗਜੀਤ ਸਿੰਘ ਮਾਨ ਹੈ।

ਜਗਜੀਤ ਜੀ ਨੇ ਦੱਸਿਆ ਕੀ ਉਨ੍ਹਾਂ ਨੇ ਹਮਨੂਰ ਨੂੰ ਇਕ ਸਮਾਗਮ ਵਿਚ ਦੇਖਿਆ ਸੀ ਤੇ ਉਹ ਉਸ ਦਿਨ ਤੋਂ ਹੀ ਹਮਨੂਰ ਨੂੰ ਮਿਲਣਾ ਤੇ ਉਸ ਨਾਲ ਗੱਲ ਕਰਨਾ ਚਾਹੁੰਦੇ ਸੀ। ਅਸਲ ਵਿੱਚ ਜਗਜੀਤ ਜੀ ਇਹ ਜਾਨਣਾ ਚਾਹੁੰਦੇ ਸੀ ਕਿ ਹਮਨੂਰ ਕੋਲ ਇੰਨਾ ਆਤਮ ਵਿਸ਼ਵਾਸ ਕਿਵੇਂ ਆਇਆ? ਕਿਉਕਿ ਹਮਨੂਰ ਨੂੰ ਦੇਖ ਕੇ ਇਹ ਕਹਿਣਾ ਕਿ ਇਹ ਕੁੜੀ ਇੰਨੀ ਕਾਬਿਲ ਹੋ ਸਕਦੀ ਹੈ, ਅਸੰਭਵ ਸੀ। ਹਮਨੂਰ ਨੇ ਜਗਜੀਤ ਜੀ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੂੰ ਖੁਦ ਵੀ ਇਹ ਲਗਦਾ ਸੀ ਕਿ ਉਹ ਕਿਸੇ ਕਾਬਿਲ ਨਹੀਂ ਹੈ। ਇਹ ਗੱਲ ਸੁਣ ਕੇ ਜਗਜੀਤ ਜੀ ਦੀ ਦਿਲਚਸਪੀ ਹੋਰ ਵੱਧ ਗਈ ਕਿ ਹਮਨੂਰ ਫਿਰ ਇਸ ਤਰ੍ਹਾਂ ਦੀ ਕਿਵੇਂ ਬਣ ਗਈ। ਫ਼ਿਰ ਹਮਨੂਰ ਨੇ ਜਗਜੀਤ ਜੀ ਨੂੰ ਦੱਸਿਆ ਕਿ ਉਹ ਅਸਲ ਵਿਚ ਆਮ ਬੱਚਿਆਂ ਵਾਂਗ ਪੈਦਾ ਨਹੀਂ ਹੋਈ ਸੀ, ਜਿਸ ਕਰਕੇ ਉਸ ਨੂੰ ਬਹੁਤ ਬੀਮਾਰੀਆਂ ਨੇ ਘੇਰਿਆ ਹੋਇਆ ਸੀ ਤੇ ਇਸੇ ਲਈ ਉਹ ਸਰੀਰਕ ਪੱਖੋਂ ਵੀ ਬਹੁਤ ਕਮਜ਼ੋਰ ਸੀ। ਆਪਣੀ ਜ਼ਿੰਦਗੀ ਦੇ 12 ਵਰ੍ਹੇ ਉਸਨੇ ਹਸਪਤਾਲਾਂ ਦੇ ਬੰਦ ਸਫੈਦ ਕਮਰਿਆਂ ਵਿਚ ਗੁਜ਼ਾਰੇ ਸਨ। ਕਿਉਂਕਿ ਉਹ 12 ਸਾਲ ਦੀ ਉਮਰ ਤੱਕ ਆਪਣੇ ਪੈਰਾਂ ਤੇ ਖੜ੍ਹੀ ਵੀ ਨਹੀਂ ਸੀ, ਹੋ ਸਕੀ ਤੇ ਉਸ ਨੇ ਆਪਣੀ ਜ਼ਿੰਦਗੀ ਦੇ 12 ਸਾਲ ਸਿਰਫ ਆਪਣੀ ਮਾਤ-ਭਾਸ਼ਾ ਦੇ ਅਖ਼ਬਾਰਾਂ ਵਿੱਚ ਹੀ ਗੁਜ਼ਾਰ ਦਿੱਤੇ, ਜਿਸ ਨਾਲ ਉਸ ਦੀ ਪਕੜ ਮਾਤ-ਭਾਸ਼ਾ ਉੱਤੇ ਕਾਫੀ ਮਜ਼ਬੂਤ ਹੋ ਗਈ।12 ਸਾਲ ਬਾਅਦ ਜਦੋਂ ਮੈਂ ਸਕੂਲ ਗਈ ਤਾਂ ਪਹਿਲੀ ਵਾਰ ਸਮਾਜ ਵਿੱਚ ਜਾਣ ਦਾ ਡਰ ਮੈਨੂੰ ਖਾ ਰਿਹਾ ਸੀ ਤੇ ਸਕੂਲ ਜਾ ਕੇ ਵੀ ਮੈਂ ਬਹੁਤਾ ਖੁਸ਼ ਨਹੀਂ ਰਹੀ ਕਿਉਂਕਿ ਮੈਂ ਅਜੇ ਵੀ ਸਹੀ ਤਰੀਕੇ ਨਾਲ ਨਹੀਂ ਤੁਰ ਸਕਦੀ ਸੀ।

ਇਸ ਲਈ ਸਾਰੇ ਸਕੂਲ ਦੇ ਬੱਚੇ ਮੈਨੂੰ ਲੰਗੜੀ-ਲੰਗੜੀ ਕਹਿ ਕੇ ਛੇੜਦੇ ਸੀ, ਜਿਸ ਨਾਲ ਮੇਰੇ ਅੰਦਰ ਹੱਦ ਤੋਂ ਜ਼ਿਆਦਾ ਗੁੱਸਾ ਤੇ ਡਰ ਪੈਦਾ ਹੋਣ ਲੱਗ ਪਿਆ ਤੇ ਸ਼ਾਇਦ ਹੁਣ ਵੀ ਇਹ ਮੇਰੇ ਅੰਦਰ ਹੀ ਹੈ। ਜਗਜੀਤ ਜੀ ਚੁੱਪ ਤੇ ਹੈਰਾਨ ਬੈਠੇ ਹਮਨੂਰ ਦੀਆਂ ਗੱਲਾਂ ਸੁਣ ਰਹੇ ਸੀ। ਅਚਾਨਕ ਹਮਨੂਰ ਨੇ ਬੋਲਣਾ ਬੰਦ ਕਰ ਦਿੱਤਾ ਤੇ ਜਗਜੀਤ ਜੀ ਨੇ ਉਸੇ ਪਲ ਕਿਹਾ”ਚੁੱਪ ਕਿਉਂ ਹੋ ਗਏ, ਮੈਂ ਇੱਥੇ ਸਿਰਫ ਇਹ ਜਾਨਣ ਲਈ ਆਇਆ ਹਾਂ, ਕਿ ਤੁਸੀਂ ਇੰਨੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਕਿਵੇਂ ਹੋ? ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਅੱਗੇ ਤੋਰੋ, ਮੈਂ ਜਲਦੀ-ਜਲਦੀ ਸਭ ਕੁਝ ਜਾਨਣਾ ਚਾਹੁੰਦਾ ਹਾਂ। ਇਹ ਸੁਣ ਕੇ ਹਮਨੂਰ ਬੜਾ ਹੱਸੀ ਤੇ ਕਿਹਾ”ਕੀ ਕਰੋਗੇ ਮੇਰੇ ਬਾਰੇ ਜਾਣ ਕੇ” ਤਾਂ ਜਗਜੀਤ ਜੀ ਨੇ ਕਿਹਾ,” ਉਹ ਮੈਂ ਤਦ ਨਹੀਂ ਦੱਸਾਂਗਾ ਜਦ ਤੁਸੀਂ ਆਪਣੇ ਸਫ਼ਰ ਦੀ ਕਹਾਣੀ ਪੂਰੀ ਕਰੋਗੇ, ਨਹੀਂ ਤਾਂ ਮੈਂ ਸਿੱਖਿਆ ਵਿਭਾਗ ਵਿੱਚ ਤੁਹਾਡੀ ਸ਼ਿਕਾਇਤ ਕਰ ਦੇਵਾਂਗਾ”। ਤਾਂ ਹਮਨੂਰ ਨੇ ਕਿਹਾ,”ਕਰ ਦਿਓ ਮੈਂ ਕਿਸੇ ਤੋਂ ਨਹੀਂ ਡਰਦੀ”

ਜਗਜੀਤ ਜੀ ਫਿਰ ਬੋਲੇ ਕਿ”ਇਹੀ ਤਾਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਜੋ ਕੁੜੀ ਕਿਸੇ ਵੇਲੇ ਆਪਣੀ ਜਮਾਤ ਵਿਚ ਜਾਣ ਤੋਂ ਡਰਦੀ ਸੀ ਉਹ ਅਚਾਨਕ ਇੰਨੀ ਬੇਖੌਫ ਕਿਵੇਂ ਹੋ ਗਈ”।

ਆਖ਼ਿਰ ਹਮਨੂਰ ਨੂੰ ਜਗਜੀਤ ਜੀ ਦੇ ਅੱਗੇ ਝੁਕਣਾ ਪਿਆ ਤੇ ਅੱਗੇ ਦੱਸਣ ਲੱਗੀ, ਕੀ ਕੁਝ ਸਮੇਂ ਬਾਅਦ ਮੈਨੂੰ ਘਰੋਂ ਵੀ ਬਹੁਤ ਕੁਝ ਸੁਣਾਈ ਦੇਣ ਲੱਗਾ ਕਿ ਸਰੀਰ ਤਾਂ ਮੇਰਾ ਪਹਿਲਾਂ ਹੀ ਨਹੀਂ ਸਹੀ, ਘੱਟੋ-ਘੱਟ ਮੈਂ ਵਧੀਆ ਪੜ੍ਹ ਤਾਂ ਸਕਦੀ ਹਾਂ।ਪਰ ਉਸ ਵੇਲੇ ਮੇਰੇ ਅੰਦਰ ਦੇ ਹਾਲਾਤਾਂ ਨੂੰ ਕੋਈ ਸਮਝਣ ਲਈ ਤਿਆਰ ਹੀ ਨਹੀਂ ਸੀ ਕਿ ਮੈਂ ਹਰ ਰੋਜ਼ ਸਕੂਲ ਜਾ ਕੇ ਕਿੰਨਾ ਬੁਰਾ ਮਹਿਸੂਸ ਕਰਦੀ ਹਾਂ,ਬਾਕੀ ਬੱਚਿਆਂ ਨੂੰ ਖੇਡਦੇ ਦੇਖ ਕੇ ਮੈਨੂੰ ਆਪਣੇ ਆਪ ਤੇ ਕਿੰਨਾ ਦੁੱਖ ਹੁੰਦਾ ਹੈ ਕਿ ਕਾਸ਼! ਮੈਂ ਵੀ ਇੰਨਾਂ ਵਰਗੀ ਹੁੰਦੀ।ਥੋੜੇ ਸਮੇਂ ਬਾਅਦ ਮੇਰਾ ਸਕੂਲ ਬਦਲ ਦਿੱਤਾ ਗਿਆ ਤੇ ਨਵੇਂ ਸਕੂਲ ਵਿਚ ਮੈਨੂੰ ਹੋਸਟਲ ਵਿੱਚ ਰਹਿਣਾ ਪਿਆ, ਜਿਸ ਕਰਕੇ ਮੈਂ ਸ਼ੁਰੂ-ਸ਼ੁਰੂ ਵਿਚ ਬਹੁਤ ਉਦਾਸ ਤੇ ਇਕੱਲੀ ਰਹਿਣ ਲੱਗ ਪਈ। ਪਰ ਮੇਰੇ ਉਸ ਨਵੇਂ ਸਕੂਲ ਦਾ ਸਟਾਫ਼ ਬਹੁਤ ਵਧੀਆ ਸੀ,ਸਟਾਫ਼ ਦੇ ਨਾਲ-ਨਾਲ ਇੱਥੇ ਮੇਰੇ ਨਾਲ ਦੇ ਵਿਦਿਆਰਥੀ ਵੀ ਬਹੁਤ ਵਧੀਆ ਸੀ।ਓਥੇ ਜਾ ਕੇ ਮੈਂ ਪਹਿਲੀ ਵਾਰ ਪੜ੍ਹਾਈ ਵਿੱਚ ਰੁਚੀ ਮਹਿਸੂਸ ਕੀਤੀ ਤੇ ਹੌਲੀ-ਹੌਲੀ ਮੈਂ ਇੱਕ ਵਿਦਿਆਰਥੀ ਬਣਨ ਲੱਗੀ।ਮੇਰੀ ਮਾਤ ਭਾਸ਼ਾ ਦੀ ਪਕੜ ਨੂੰ ਮੇਰੀ ਅਧਿਆਪਕਾਂ ਨੇ ਪਹਿਚਾਣਿਆਂ ਤੇ ਮੈਨੂੰ ਭਾਸ਼ਣ ਅਤੇ ਲੇਖ ਲਿਖਣ ਦੀ ਪਹਿਲੀ ਯੋਗਤਾ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਪਰੰਤੂ ਮੇਰੀ ਪਹਿਲੀ ਪ੍ਰਤੀਯੋਗਤਾ ਵਿੱਚ ਮੈਂ ਅਸਫ਼ਲ ਰਹੀ ਤੇ ਦੂਸਰੀ ਵਾਰ ਹਿੱਸਾ ਲੈਣ ਬਾਰੇ ਸੋਚ ਕੇ ਵੀ ਮੈਨੂੰ ਡਰ ਲੱਗਣ ਲੱਗ ਪਿਆ। ਪਰ ਮੇਰੇ ਅਧਿਆਪਕਾਂ ਦੀ ਗੱਲ ਸੁਣ ਕੇ ਮੈਂ ਥੋੜ੍ਹੀ ਜਿਹੀ ਹਿੰਮਤ ਕੀਤੀ ਤੇ ਲੇਖ ਮੁਕਾਬਲੇ ਵਿੱਚ ਦੂਸਰੀ ਵਾਰ ਭਾਗ ਲਿਆ ਤੇ ਇਸ ਵਾਰ ਮੈਂ ਦੂਸਰੇ ਸਥਾਨ ਤੇ ਰਹੀ।ਮੇਰੇ ਅਧਿਆਪਕ ਬਿਮਲ ਜੈਨ ਮੈਨੂੰ ਪਹਿਲੀ ਵਾਰ ਸਟੇਜ ਤੇ ਲੈ ਕੇ ਗਏ। ਜਿੱਥੇ ਪਹਿਲੀ ਵਾਰ ਮੇਰੇ ਸਕੂਲ ਦੇ ਪੰਦਰਾਂ ਸੌ ਵਿਦਿਆਰਥੀਆਂ ਨੇ ਮੇਰੇ ਲਈ ਤਾੜੀਆਂ ਵਜਾਈਆਂ ਉਸ ਦਿਨ ਤੋਂ ਪ੍ਰੇਰਿਤ ਹੋ ਕੇ ਮੈਂ ਫਿਰ ਇੱਕ ਭਾਸ਼ਣ ਮੁਕਾਬਲੇ ਵਿੱਚ ਭਾਗ ਲਿਆ ਪਰ ਇਸ ਵਾਰ ਮੇਰੇ ਵਿੱਚ ਸਟੇਜ਼ ਤੇ ਜਾਣ ਦੀ ਹਿੰਮਤ ਨਹੀਂ ਸੀ। ਕੰਬਦੀਆਂ ਲੱਤਾਂ ਨਾਲ ਜਦੋਂ ਮੈਂ ਸਟੇਜ ਤੇ ਚੜ੍ਹੀ ਤਾਂ ਮੇਰੇ ਅਧਿਆਪਕ ਬਿਮਲ ਜੈਨ ਨੇ ਮੈਨੂੰ ਮੋਢਿਆਂ ਤੋਂ ਫੜਿਆ ਤੇ ਕਿਹਾ “ਬੇਟਾ ਡਰ ਨਾ”, ਬਸ ਉਸ ਇਕ ਦਿਨ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ,ਮੇਰੇ ਅਧਿਆਪਕਾਂ ਦੀ ਦਿੱਤੀ ਹਿੰਮਤ,ਪ੍ਰੇਰਨਾ ਤੇ ਸਹਾਰੇ ਨੇ ਮੈਨੂੰ ਹੈ ਇੱਥੇ ਪਹੁੰਚਾਇਆ ਹੈ।ਇਸ ਤੋਂ ਬਾਅਦ ਮੇਰੇ ਦਸਵੀਂ ਤੋਂ ਬਾਰ੍ਹਵੀਂ ਤੱਕ ਦੇ ਅਧਿਆਪਕਾਂ ਤੋਂ ਮੈਨੂੰ ਹਮੇਸ਼ਾ ਮਿਹਨਤ ਕਰਨ ਦੀ ਪ੍ਰੇਰਣਾ ਮਿਲਦੀ ਰਹੀ। ਮੇਰੇ ਕੋਲ ਸ਼ਰੀਰ ਭਲੇ ਹੀ ਕਮਜ਼ੋਰ ਸੀ, ਪਰ ਮੇਰੇ ਅਧਿਆਪਕਾਂ ਨੇ ਮੇਰੇ ਅੰਦਰ ਦੀ ਤਾਕਤ ਨੂੰ ਪਹਿਚਾਣ ਕੇ,ਨਿਖ਼ਾਰ ਕੇ, ਮੈਨੂੰ ਇੱਥੇ ਤੱਕ ਪਹੁੰਚਾਇਆ ਹੈ। ਇਸ ਤੋਂ ਪਹਿਲਾਂ ਮੈਂ ਕਦੇ ਵੀ ਅਧਿਆਪਕ ਨਹੀਂ ਬਣਨਾ ਚਾਹੁੰਦੀ ਸੀ।

ਪਰ ਫਿਰ ਵੀ ਮੇਰੀ ਜਿੰਦਗੀ ਵਿੱਚ ਇੱਕ ਕਮੀ ਜ਼ਰੂਰ ਰਹੀ, ਮੈਂ ਕਦੇ ਆਪਣਾ ਬਚਪਨ ਨਹੀਂ ਜੀਅ ਸਕੀ।ਇਸ ਲਈ ਮੈਂ ਇੱਕ ਪ੍ਰਾਇਮਰੀ ਅਧਿਆਪਕਾਂ ਬਣੀ ਜੋ ਬੱਚਿਆਂ ਵਿੱਚ ਬੱਚਿਆਂ ਵਾਂਗ ਰਹਿ ਕੇ ਕੰਮ ਕਰ ਸਕੇ। ਪ੍ਰਾਇਮਰੀ ਅਧਿਆਪਕ ਦੀ ਟ੍ਰੇਨਿੰਗ ਦੌਰਾਨ ਅਤੇ ਕਾਲਜ ਦੌਰਾਨ ਦੇ ਅਧਿਆਪਕਾਂ ਨੇ ਮੈਨੂੰ ਹਮੇਸ਼ਾ ਆਪਣੇ ਆਪ ਉੱਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੇਰੇ ਅਧਿਆਪਕਾਂ ਦੇ ਸਾਥ ਨੇ ਮੇਰੀ ਪ੍ਰਤਿਭਾ ਪਹਿਚਾਣ ਕੇ ਮੇਰੀ ਇਸ ਮੁਕਾਮ ਤੱਕ ਪਹੁੰਚਣ ਵਿੱਚ ਬਹੁਤ ਮਦਦ ਕੀਤੀ।

ਬੱਸ ਫਿਰ ਕੀ ਹੁਣ ਮੈਂ ਇੱਥੇ ਹਾਂ ਤੇ ਆਪਣੇ ਅਗਲੇਰੇ ਭਵਿੱਖ ਲਈ ਤਿਆਰ ਹਾਂ। ਇਹ ਸੁਣ ਕੇ ਜਗਜੀਤ ਜੀ ਨੇ ਪੁੱਛਿਆ ਭਵਿੱਖ….”ਹੁਣ ਤੁਸੀਂ ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹੋ?” ਹਮਨੂਰ ਨੇ ਹਲਕਾ ਜਿਹਾ ਮੁਸਕਰਾ ਕੇ ਕਿਹਾ ਮੈਂ ਸਾਰੀ ਜ਼ਿੰਦਗੀ ਸਿਰਫ ਅਨਾਥ ਬੱਚਿਆਂ ਤੇ ਆਪਣੇ ਮਾਤਾ-ਪਿਤਾ ਨੂੰ ਦੇਣਾ ਚਾਹੁੰਦੀ ਹਾਂ ਜਿਨ੍ਹਾਂ ਕਰਕੇ ਮੈਂ ਇਸ ਦੁਨੀਆਂ ਵਿੱਚ ਹਾਂ।

ਕਿਉਕਿ,”ਜ਼ਿੰਦਗੀ ਉਹ ਨਹੀਂ ਜੋ ਅਸੀਂ ਆਪਣੇ ਲਈ ਜਿਉਂਦੇ ਹਾਂ,

ਆਪਣੇ ਲਈ ਤਾਂ ਹਰੇਕ ਹੀ ਜਿਉਂਦਾ ਹੈ,
ਜ਼ਿੰਦਗੀ ਜੀਣ ਦਾ ਅਸਲੀ ਮਜ਼ਾ ਤਾਂ ਦੂਸਰਿਆਂ ਲਈ ਜੀ ਕੇ ਆਉਂਦਾ ਹੈ।”
ਇਹ ਸੁਣ ਕੇ ਜਗਜੀਤ ਜੀ ਮੁਸਕਰਾਏ ਤੇ ਓਥੋਂ ਵਿਦਾ ਲੈ ਕੇ ਆਪਣੇ ਘਰ ਵੱਲ ਚੱਲ ਪਏ।

ਹਰਜੋਤ ਕੌਰ
harjotmadam1997@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: