ਪ੍ਰਿੰਸੀਪਲ ਦੀਆਂ ਆਪ ਹੁਦਰੀਆਂ ਤੋਂ ਤੰਗ ਮਾਹੂਆਣਾ ਡਰਾਈਵਿੰਗ ਸਕੂਲ ਦੇ ਸਟਾਫ ਵੱਲੋਂ ਚੱਕਾ ਜਾਮ

ss1

ਪ੍ਰਿੰਸੀਪਲ ਦੀਆਂ ਆਪ ਹੁਦਰੀਆਂ ਤੋਂ ਤੰਗ ਮਾਹੂਆਣਾ ਡਰਾਈਵਿੰਗ ਸਕੂਲ ਦੇ ਸਟਾਫ ਵੱਲੋਂ ਚੱਕਾ ਜਾਮ

ਲੰਬੀ/ਮਲੋਟ, 15 ਦਸੰਬਰ (ਆਰਤੀ ਕਮਲ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਵਿਧਾਨ ਸਭਾ ਹਲਕੇ ਲੰਬੀ ਵਿਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦ ਮੁੱਖ ਮੰਤਰੀ ਵੱਲੋਂ ਪਿੰਡ ਮਾਹੂਆਣਾ ਵਿਖੇ ਟਾਟਾ ਮੋਟਰਜ ਦੇ ਸਹਿਯੋਗ ਨਾਲ ਬਣਾਏ ਗਏ ਸਟੇਟ ਇੰਸਟੀਚਿਊਟ ਆਫ ਡਰਾਈਵਿੰਗ ਸਕਿਲਜ ਮਾਹੂਆਣਾ ਦੇ ਪ੍ਰਿੰਸੀਪਲ ਦੀਆਂ ਕਥਿਤ ਆਪ ਹੁਦਰੀਆਂ ਤੋਂ ਤੰਗ ਆ ਕੇ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕਰ ਦਿੱਤਾ ਗਿਆ । ਸਟਾਫ ਵੱਲੋਂ ਕਲਮ ਛੋਡ ਹੜਤਾਲ ਕਰਦਿਆਂ ਇੰਸਟੀਚਿਊਟ ਦੇ ਗੇਟ ਤੇ ਰੋਸ ਧਰਨਾ ਲਾਇਆ ਗਿਆ ਜਦ ਕਿ ਵਿਦਿਆਰਥੀਆਂ ਤੇ ਕੋਰਸ ਕਰਨ ਆਏ ਸਿਖਿਆਰਥੀਆਂ ਵੱਲੋਂ ਰਾਸ਼ਟਰੀ ਰਾਜ ਮਾਰਗ ਜਾਮ ਕਰ ਦਿੱਤਾ ਗਿਆ । ਇਸ ਮੌਕੇ ਸਭ ਤੋਂ ਪਹਿਲਾਂ ਮਾਹੂਆਣਾ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ, ਮੈਂਬਰ ਡ੍ਰਾ. ਜੰਗ ਸਿੰਘ ਤੇ ਜਸਪਾਲ ਸਿੰਘ ਤੁਰੰਤ ਮੌਕੇ ਤੇ ਪੁੱਜੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਮੁਸ਼ਕਲਾਂ ਪੁੱਛੀਆਂ ਜਿਸ ਉਪਰੰਤ ਉਹਨਾਂ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ । ਉਧਰ ਰਾਸ਼ਟਰੀ ਰਾਜ ਮਾਰਗ ਤੇ ਜਾਮ ਲੱਗਣ ਕਰਨ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਮਲੋਟ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਬਲਜਿੰਦਰ ਸਿੰਘ ਮੌਕੇ ਤੇ ਪੁੱਜੇ । ਇੰਸਟੀਚਿਊਟ ਦੇ ਸਟਾਫ ਨੇ ਤਹਿਸੀਲਦਾਰ ਨੂੰ ਲਿਖਤੀ ਮੰਗ ਪੱਤਰ ਵਿਚ ਦੱਸਿਆ ਕਿ ਪ੍ਰਿੰਸੀਪਲ ਪੀ.ਆਰ ਆਨੰਦ ਦੀਆਂ ਆਪ ਹੁਦਰੀਆਂ ਕਾਰਨ ਪੂਰਾ ਸਟਾਫ ਪਰੇਸ਼ਾਨ ਹੈ ਅਤੇ ਸਟਾਫ ਦੇ ਦੋ ਮੈਂਬਰਾਂ ਬਲਤੇਜ ਸਿੰਘ ਅਤੇ ਮਲਕੀਤ ਸਿੰਘ ਦਾ ਨਾਮ ਸੀਟੀਯੂ ਵੱਲੋਂ ਟੈਸਟ ਲਿਸਟ ਵਿਚ ਨਾਮ ਆਉਣ ਤੇ ਵੀ ਉਹਨਾਂ ਨੂੰ ਇਥੇ ਪੇਪਰ ਦੇਣ ਦੀ ਇਜਾਜਤ ਨਹੀ ਦਿੱਤੀ ਗਈ । ਸਕੂਲ ਦੇ ਸਟਾਫ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ 2009 ਵਿਚ ਉਹ ਅਤੇ ਪ੍ਰਿੰਸੀਪਲ ਇਕੋ ਜਿਹੀਆਂ ਸ਼ਰਤਾਂ ਤੇ ਇਥੇ ਨੌਕਰੀ ਤੇ ਆਏ ਸਨ ਪਰ ਹੁਣ ਪ੍ਰਿੰਸੀਪਲ ਦੀ ਤਨਖਾਹ 35 ਹਜਾਰ ਤੋਂ ਵੱਧ ਕਿ 85 ਹਜਾਰ ਦੇ ਕਰੀਬ ਹੋ ਗਈ ਹੈ ਜਦਕਿ ਉਸਦੀ ਤਨਖਾਹ ਭਰਤੀ ਤੋਂ ਲੈ ਕਿ ਅੱਜ ਤੱਕ ਵੀ 17 ਹਜਾਰ ਦੇ ਕਰੀਬ ਹੀ ਹੈ । ਗੈਸਟ ਫੈਕਿਲਟੀ ਸਟਾਫ ਦਾ ਵੀ ਕਹਿਣਾ ਸੀ ਕਿ ਉਹਨਾਂ ਨੂੰ ਵੀ ਪ੍ਰਿੰਸੀਪਲ ਵੱਲੋਂ ਮਰਜੀ ਨਾਲ 6-7 ਹਜਾਰ ਹੀ ਤਨਖਾਹ ਦਿੱਤੀ ਜਾਂਦੀ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟਾਫ ਮੈਂਬਰਾਂ ਇਹ ਵੀ ਦੱਸਿਆ ਕਿ ਪ੍ਰਿੰਸੀਪਲ ਵੱਲੋਂ ਕਿਸੇ ਦੀ ਉਮਰ ਤੱਕ ਦਾ ਲਿਹਾਜ ਨਹੀ ਕੀਤਾ ਜਾਂਦਾ ਅਤੇ ਬਹੁਤ ਮੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਦਕਿ ਪੱਛੜੀ ਸ਼੍ਰੇਣੀ ਦੇ ਵਿਅਕਤੀਆਂ ਨਾਲ ਹੋਰ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ । ਵਿਦਿਆਰਥੀਆਂ ਨੇ ਤਹਿਸੀਲਦਾਰ ਨੂੰ ਦਿੱਤੇ ਮੰਗ ਪੱਤਰ ਵਿਚ ਲਾਇਬਰ੍ਰੇਰੀ, ਖੇਡਾਂ ਤੇ ਹੋਰ ਸਭਿਆਚਾਰਕ ਗਤੀਵਿਧੀਆਂ ਦੇ ਨਾਮ ਤੇ ਵਾਧੂ ਫੀਸ ਲਏ ਜਾਣ ਦੇ ਦੋਸ਼ ਲਾਏ ਜਦਕਿ ਕਾਲਜ ਵਿਚ ਕੋਈ ਸਹੂਲੀਅਤ ਨਹੀ ਹੈ । ਹੋਸਟਲ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਹੋਸਟਲ ਵਿਚ ਪੀਣ ਵਾਲਾ ਸਾਫ ਪਾਣੀ ਤੱਕ ਨਹੀ ਹੈ ਅਤੇ ਨਾ ਹੀ ਕੋਈ ਵੀ ਮਨੋਰੰਜਨ ਦੇ ਸਾਧਨ ਹਨ । ਡਰਾਈਵਿੰਗ ਲਾਈਸੰਸ ਨਵਿਆਉਣ ਲਈ ਵੀ ਇਥੇ ਦੋ ਦਿਨਾ ਰਿਫਰੈਸ਼ਰ ਕਰਨਾ ਪੈਂਦਾ ਹੈ ਅਤੇ ਇਹ ਕੋਰਸ ਕਰਨ ਆਏ ਵੱਡੀ ਗਿਣਤੀ ਡਰਾਈਵਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਸਰਟੀਫਿਕੇਟ ਦੇਣ ਲਈ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਵਿਵਹਾਰਕ ਤੌਰ ਤੇ ਮਾੜਾ ਵਤੀਰਾ ਅਨਾਇਆ ਜਾਂਦਾ ਹੈ। ਤਹਿਸੀਲਦਾਰ ਅਤੇ ਪਿੰਡ ਦੇ ਸਰਪੰਚ ਨੇ ਸਮੂਹ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੀਆਂ ਮੰਗਾਂ ਸਬੰਧੀ ਪ੍ਰਿੰਸੀਪਲ ਨਾਲ ਗੱਲਬਾਤ ਉਪਰੰਤ ਮੁੁੱਖ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ । ਓਧਰ ਸਟੇਟ ਇੰਸਟੀਚਿਊਟ ਆਫ ਡਰਾਈਵਿੰਗ ਸਕਿਲਜ ਮਾਹੂਆਣਾ ਦੇ ਪ੍ਰਿੰਸੀਪਲ ਪੀਆਰ ਆਨੰਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸੇ ਇੰਸਟੀਚਿਊਟ ਵਿਚ ਠੇਕੇ ਤੇ ਕੰਮ ਕਰਦੇ ਇੰਸਟਰੱਕਟਰਾਂ ਨੂੰ ਇਥੇ ਹੀ ਪੇਪਰ ਦੇਣ ਦੀ ਇਜਾਜਤ ਨਹੀ ਦਿੱਤੀ ਜਾ ਸਕਦੀ ਅਤੇ ਤਨਖਾਹਾਂ ਸਬੰਧੀ ਉਹਨਾਂ ਕਿਹਾ ਕਿ ਇਹ ਸੱਭ ਜਿਲਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਤਹਿ ਕੀਤਾ ਜਾਂਦਾ ਹੈ ਕਿਉਂਕਿ ਇਹ ਇੰਸਟੀਚਿਊਟ ਇਕ ਤਰਾਂ ਨਾਲ ਪੰਜਾਬ ਸਰਕਾਰ ਤੇ ਨਿੱਜੀ ਸੰਸਥਾ ਦੀ ਭਾਈਵਾਲੀ ਹੈ ਅਤੇ ਇਕ ਸੁਸਾਇਟੀ ਸਾਰੀਆਂ ਸ਼ਰਤਾਂ ਤਹਿ ਕਰਦੀ ਹੈ । ਖਬਰ ਲਿਖੇ ਜਾਣ ਤੱਕ ਸਮੂਹ ਪਤਵੰਤਿਆਂ ਦੇ ਵਿਸ਼ਵਾਸ਼ ਤੇ ਰਾਸ਼ਟਰੀ ਰਾਜ ਮਾਰਗ ਤੇ ਜਾਮ ਖਤਮ ਕਰ ਦਿੱਤਾ ਗਿਆ ਸੀ ਪਰ ਸਟਾਫ ਵੱਲੋਂ ਗੇਟ ਤੇ ਸ਼ਾਂਤਮਈ ਧਰਨਾ ਜਾਰੀ ਸੀ । ਸਟਾਫ ਦੀ ਮੰਗ ਸੀ ਕਿ ਉਹਨਾਂ ਨੂੰ ਕੋਈ ਲਿਖਤੀ ਵਿਸ਼ਵਾਸ਼ ਦਵਾਇਆ ਜਾਵੇ ਅਤੇ ਨੌਕਰੀ ਤੇ ਪੱਕਾ ਕੀਤਾ ਜਾਵੇ ।

Share Button

Leave a Reply

Your email address will not be published. Required fields are marked *