Sat. Dec 7th, 2019

” ਪ੍ਰਾਰਥਨਾ “

” ਪ੍ਰਾਰਥਨਾ “

” ਪ੍ਰਾਰਥਨਾ ” ਕਿਸੇ ਜੀਵ ਜਾਂ ਮਨੁੱਖ ਵੱਲੋਂ ਪੂਰਨ ਸਮਰਪਿਤ ਹੋ ਕੇ ਉਸ ਰੱਬੀ ਨੂਰ ਅੱਗੇ ਕੀਤੀ ਗਈ ਬੇਨਤੀ ਜਾਂ ਪ੍ਰਗਟਾਏ ਗਏ ਭਾਵ ਹੁੰਦੇ ਹਨ । ਪ੍ਰਾਰਥਨਾ ਮਨੁੱਖ ਨੂੰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਕਰਵਾ ਕੇ ਉਸ ਨੂੰ ਊਰਜਾਵਾਨ ਤਾਂ ਕਰਦੀ ਹੀ ਹੈ , ਨਾਲ ਹੀ ਮਨੁੱਖ ਨੂੰ ਨਕਾਰਾਤਮਕਤਾ ਵਿੱਚੋਂ ਕੱਢ ਕੇ ਉਸ ਨੂੰ ਇੱਕ ਵੱਖਰੀ ਸੋਝੀ ਦੇ ਜਾਂਦੀ ਹੈ । ਜਦੋਂ ਮਨੁੱਖ ਸੱਚੇ – ਸੁੱਚੇ ਮਨੋ ਅਤੇ ਸਮਰਪਿਤ ਭਾਵ ਹਿੱਤ ਹੋ ਕੇ ਪਰਮਾਤਮਾ ਦੀ ਹੋਂਦ ‘ਤੇ ਅਟੱਲ ਵਿਸ਼ਵਾਸ ਕਰਕੇ ਆਪਣੇ ਮਨ ਦੇ ਭਾਵ ਈਸ਼ਵਰ ਅੱਗੇ ਵਿਅਕਤ ਕਰੇ ਤਾਂ ਪ੍ਰਾਰਥਨਾ ਉਸ ਜੀਵ ਨੂੰ ਜੀਵਨ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਦਾ ਬਲ ਬਖਸ਼ਿਸ਼ ਕਰਦੀ ਹੈ ਅਤੇ ਮਨੁੱਖ ਨੂੰ ਇਸ ਨਾਲ ਅਜਿਹੀ ਸਾਕਾਰਾਤਮਕਤਾ ਤੇ ਊਰਜਾ ਮਿਲ ਜਾਂਦੀ ਹੈ ਕਿ ਉਹ ਅਡੋਲਤਾ ਦੀ ਸਥਿਤੀ ਵਿੱਚ ਆ ਜਾਂਦਾ ਹੈ। ਪ੍ਰਾਰਥਨਾ ਆਤਮਾ ਅਤੇ ਪਰਮਾਤਮਾ ਵਿਚਕਾਰ ਪਈ ਹੋਈ ਦੂਰੀ ਘਟਾ ਦਿੰਦੀ ਹੈ ਤੇ ਮਨੁੱਖ ਜੀਵ ਪ੍ਰਾਣੀ ਦੇ ਕਾਰਜ ਸਾਰਥਕ ਕਰਦੀ ਹੈ।

ਸੱਚੀ ਸੁੱਚੀ ਤੇ ਸੰਕਾਲੂ ਪ੍ਰਵਿਰਤੀ ਤੋਂ ਉੱਪਰ ਉੱਠ ਕੇ ਕੀਤੀ ਹੋਈ ਅਰਜ਼ ਪਰਮ ਪਿਤਾ ਪਰਮੇਸ਼ਰ ਅੱਗੇ ਕੀਤੀ ਹੋਈ ਪ੍ਰਾਰਥਨਾ ਉਸ ਪਰਮੇਸ਼ਵਰ ਨਿਰੰਕਾਰ ਪਰਮ ਪਿਤਾ ਪ੍ਰਮਾਤਮਾ ਕੋਲ ਜ਼ਰੂਰ ਪਹੁੰਚ ਕਰਦੀ ਹੈ । ਪ੍ਰਾਰਥਨਾ ਮਾਨਸਿਕ ਤੇ ਆਤਮਿਕ ਸੰਤੁਸ਼ਟੀ ਹੈ , ਇਹ ਪਰਮੇਸ਼ਰ ਨਾਲ ਜੁੜੀ ਹੋਈ ਸੱਚੀ ਸੁੱਚੀ ਲਿਵ ਹੈ , ਲਗਨ ਹੈ । ਸੱਚੀ ਪ੍ਰਾਰਥਨਾ ਤਪਦੇ ਹਿਰਦਿਆਂ ਨੂੰ ਠੰਢਕ ਪਹੁੰਚਾਉਂਦੀ ਹੈ । ਇਹ ਵਿਗੜੇ ਹੋਏ ਕੰਮਾਂ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਵਿੱਚ ਸਹਾਇਕ ਹੁੰਦੀ ਹੈ। ਪ੍ਰਾਰਥਨਾ ਵਿੱਚ ਜੀਵ ਜਿੱਥੇ ਪ੍ਰਮਾਤਮਾ ਦੇ ਅੰਗ ਸੰਗ ਦੀ ਅਨੁਭੂਤੀ ਪ੍ਰਾਪਤ ਕਰਦਾ ਹੈ ,ਪਰਮੇਸ਼ਰ ਨਾਲ ਜੁੜਦਾ ਹੈ ; ਉੱਥੇ ਹੀ ਅਲੌਕਿਕ ਸ਼ਕਤੀ ਅਲੌਕਿਕ ਨੂਰ ਪ੍ਰਾਪਤ ਕਰ ਜਾਂਦਾ ਹੈ ਤੇ ਸਰਵਵਿਆਪੀ ਸ਼ਕਤੀ ਨਾਲ ਜੁੜ ਕੇ ਦੁਨਿਆਵੀ ਪ੍ਰਵਿਰਤੀਆਂ ਤੋਂ ਉਤਾਂਹ ਉੱਠ ਜਾਂਦਾ ਹੈ। ਉਸ ਦੀ ਮਾਨਸਿਕ ਆਤਮਿਕ ਸਥਿਤੀ ਹੋਰ ਜੀਵਾਂ ਨਾਲੋਂ ਕਾਫੀ ਉਸਾਰੂ ਸੁਚਾਰੂ ਤੇ ਸਕਾਰਾਤਮਕ ਹੋ ਨਿੱਬੜਦੀ ਹੈ । ਸੱਚੇ ਸੁੱਚੇ ਤੇ ਨਿਰਮਲ ਹਿਰਦੇ ਨਾਲ ਕੀਤੀ ਸੱਚੀ ਅਰਜ਼ ਸੱਚੀ ਪ੍ਰਾਰਥਨਾ ਸੱਚੀ ਦੁਆ ਪ੍ਰਮੇਸ਼ਰ ਦੇ ਦਵਾਰ ਵਿੱਚ ਜ਼ਰੂਰ ਪਹੁੰਚ ਕਰਦੀ ਹੈ । ਬ੍ਰਹਮ ਮਹੂਰਤ ਪ੍ਰਾਰਥਨਾ ਦਾ ਸਭ ਤੋਂ ਉੱਤਮ ਸਮਾਂ ਦੱਸਿਆ ਗਿਆ ਹੈ । ਪ੍ਰਾਰਥਨਾ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ , ਸਫ਼ਲ ਜੀਵਨ ਦਾ ਸੱਚਾ ਸੁੱਚਾ ਰਸਤਾ ਅਤੇ ਜੀਵਨ ਨੂੰ ਸਹੀ ਸੇਧ ਦੇਣ ਵਾਲੀ ਲੀਹ ਅਤੇ ਬਲ ਬਖਸ਼ਿਸ਼ ਕਰਨ ਵਾਲੀ ਅਲੌਕਿਕ ਤਾਕਤ ਹੈ । ਇਹੋ ਪ੍ਰਾਰਥਨਾ ਦੀ ਮਹਾਨਤਾ ਹੈ , ਇਹੋ ਪ੍ਰਾਰਥਨਾ ਦੀ ਸਾਰਥਕਤਾ ਹੈ, ਇਹੋ ਪ੍ਰਾਰਥਨਾ ਦੀ ਸ਼ਕਤੀ ਹੈ , ਪ੍ਰਾਰਥਨਾ ਦੀ ਅਨੁਭੂਤੀ ਹੈ ਤੇ ਪ੍ਰਾਰਥਨਾ ਦਾ ਅਨੁਭਵ ਹੈ।

ਮਾਸਟਰ ਸੰਜੀਵ ਧਰਮਾਣੀ ,
ਸ੍ਰੀ ਅਨੰਦਪੁਰ ਸਾਹਿਬ
9478561356

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: