Sun. Aug 18th, 2019

ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲ਼ਾਂ ਨਾਲ ਮੁਕਾਬਲਾ ਕਰਨਾ ਤਰਕਸੰਗਤ ਨਹੀਂ

ਪ੍ਰਾਈਵੇਟ ਸਕੂਲਾਂ ਦਾ ਸਰਕਾਰੀ ਸਕੂਲ਼ਾਂ ਨਾਲ ਮੁਕਾਬਲਾ ਕਰਨਾ ਤਰਕਸੰਗਤ ਨਹੀਂ

ਲਾਜ਼ਮੀ ਸਿਖਿਆ 6 ਤੋਂ 14 ਸਾਲ ਦੇ ਬੱਚੇ ਨੂੰ ਦੇਣ ਦਾ ਸਾਡੇ ਸੰਵਿਧਾਂਨ ਵਿੱਚ ਪਹਿਲੇ 10 ਸਾਲ ਤੱਕ ਪੂਰਾ ਕਰਨ ਦਾ ਸੀ ਪਰ ਛੇ ਦਹਾਕੇ ਬੀਤਣ ਉਪਰੰਤ ਇਹ ਟੀਚਾ ਨਾ ਪੂਰਾ ਹੁੰਦਾ ਦੇਖ ਕੇ ਸਰਕਾਰ ਨੇ ਅਗਸਤ 2009 ਵਿੱਚ ਸੰਸਦ ਵਿੱਚ ‘ਰਾਈਟ ਟੂ ਐਜੂਕੇਸਨ ਐਕਟ’ ਪਾਸ ਕਰਕੇ ਦੁਨੀਆਂ ਦੇ ਸਿਖਿਆ ਨੂੰ ਮੁਢਲੇ ਅਧਿਕਾਰਾਂ ਵਿੱਚ ਸਾਮਲ ਕਰਨ ਵਾਲੇ ਦੇਸ਼ਾਂ ਵਿੱਚ 135 ਵਾਂ ਦੇਸ਼ ਬਣ ਗਿਆ ਅਤੇ ਇਸ ਐਕਟ ਨੂੰ 1ਅਪ੍ਰੈਲ 2010 ਤੋਂ ਸਾਰੇ ਦੇਸ਼ ਵਿੱਚ ਲਾਗੂ ਕਰ ਦਿੱਤਾ।ਇਸ ਐਕਟ ਅਧੀਨ ਪਹਿਲੀ ਤੋਂ ਅੱਠਵੀਂ ਸ਼੍ਰੇਣੀ ਤੱਕ ਬੱਚੇ ਨੂੰ ਫੇਲ੍ਹ ਨਹੀਂ ਕਰਨਾ, ਵਾਲੀ ਗੱਲ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਲਈ ਸਿਰਦਰਦੀ ਖੜ੍ਹੀ ਕੀਤੀ ਹੋਈ ਹੈ।ਪਹਿਲਾਂ ਸਕੂਲਾਂ ਵਿੱਚ ਅੱਠਵੀਂ ਤੱਕ ਜਾਂਦੇ- ਜਾਂਦੇ 25 ਪ੍ਰਤੀਸ਼ਤ ਬੱਚੇ ਸਕੂਲ ਛੱਡ ਜਾਂਦੇ ਸੀ।ਉਹ ਪੜ੍ਹਾਈ ‘ਚ ਰੁਚੀ ਨਾ ਹੋਣ ਕਾਰਣ ਭਾਵੇਂ ਪੜ੍ਹ ਤਾਂ ਨਹੀਂ ਸਨ ਸਕਦੇ ਪਰ ਆਪਣੇ ਜੱਦੀ ਕੰਮ ਜਾਂ ਕੋਈ ਹੋਰ ਕੰਮ ਦਿਲ ਲਾ ਕੇ ਜਰੂਰ ਕਰਨ ਲੱਗ ਜਾਂਦੇ ਸੀ।ਪਰ ਹੁਣ ਉਹੋ ਜਿਹੇ ਬੱਚਿਆਂ ਦਾ ਭੱਵਿਖ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਕਿਉੰਕਿ ਅੱਠਵੀਂ ਤੱਕ ਫੇਲ੍ਹ ਨਾ ਕਰਨ ਕਰਕੇ ਹੁਣ ਹਰੇਕ ਨਾ ਲਿਖਣਯੋਗ ਬੱਚਾ ਵੀ ਨੋਵੀਂ ‘ਚ ਦਾਖਲਾ ਲੈ ਲੈਂਦਾ ਹੈ।ਸਰਕਾਰੀ ਹਦਾਇਤਾਂ ਮੁਤਾਬਿਕ ਦਾਖਲੇ ਤੋਂ ਕਿਸੇ ਬੱਚੇ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਅਧਿਆਪਕ ਵੀ ਮਹਿਕਮੇ ਦੇ ਵੱਧ ਨਤੀਜੇ ਦਿਖਾਉਣ ਦੇ ਦਬਾਅ ਨੂੰ ਦੇਖਦੇ ਹੋਏ ਇਹੋ ਜਿਹੇ ਬਹੁਤੇ ਬੱਚੇ ਹੋਣ ਕਾਰਨ ਬਹੁਤਿਆਂ ਨੂੰ ਦਸਵੀਂ ‘ਚ ਧੱਕ ਦਿੰਦੇ ਹਨ ਨਹੀਂ ਤਾਂ ਉਨ੍ਹਾਂ ਦਾ ਨਤੀਜਾ ਘੱਟ ਜਾਂਦਾ ਹੈ।ਇਸ ਲਈ ਇਹੋ ਜਿਹੇ ਬੱਚੇ ਦੂਸਰੇ ਪੜ੍ਹਨ ਵਾਲੇ ਬੱਚਿਆਂ ਲਈ ਵੀ ਸਮੱਸਿਆਵਾਂ ਪੈਦਾ ਕਰਦੇ ਰਹਿੰਦੇ ਹਨ। ਬੋਰਡ ਦੀ ਕਲਾਸ ਨਾ ਪਾਸ ਹੋਣ ਕਾਰਨ ਉਹ ਕਿਸੇ ਪਾਸੇ ਦੇ ਨਹੀਂ ਰਹਿੰਦੇ ਕਿਉਂ ਕਿ ਉਨ੍ਹਾਂ ਦੀ ਨੀਂਹ ਹੀ ਕਮਜੋਰ ਰਹੀ ਹੁੰਦੀ ਹੈ।ਇਸ ਸਾਲ ਤੋਂ ਦੁਬਾਰਾ ਪੰਜਵੀਂ ਅਤੇ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ ਪਹਿਲਾਂ ਵਾਂਗ ਲੈਣ ਦੀ ਗੱਲ ਤੁਰੀ ਹੈ ਜੋ ਕਿ ਸਿੱਖਿਆ ਸੁਧਾਰ ਲਈ ਚੰਗਾ ਕਦਮ ਹੋਵੇਗਾ।
ਸਰਕਾਰੀ ਸਕੂਲਾਂ ਅੰਦਰ ਤਕਰੀਬਨ ਗਰੀਬ,ਪੱਛੜੇ ਪਰਿਵਾਰਾਂ ਦੇ ਬੱਚੇ ਹੀ ਪੜ੍ਹ ਰਹੇ ਹਨ। ਆਰਥਿਕ ਮਜਬੂਰੀਆਂ ਕਾਰਣ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਮਾਪਿਆਂ ਦੇ ਕੰਮਕਾਜ਼ਾਂ ਵਿੱਚ ਸਕੂਲੋਂ ਬਾਅਦ ਹੱਥ ਵਟਾਉਣਾ ਪੈਂਦਾ ਹੈ।ਬਹੁਤਾਤ ਬੱਚਿਆਂ ਕੋਲ ਪੜ੍ਹਨ-ਲਿਖਣ ਸਮੱਗਰੀ ਦੀ ਘਾਟ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਮਾਪੇ ਗਰੀਬੀ ਅਤੇ ਅਨਪੜ੍ਹਤਾ ਕਾਰਨ ਸਿੱਖਿਆ ਦੀ ਮਹੱਤਤਾ ਨਹੀਂ ਸਮਝਦੇ,ਇਸ ਕਰਕੇ ਉਨ੍ਹਾਂ ਦਾ ਇਧਰ ਧਿਆਨ ਹੀ ਨਹੀਂ ਹੁੰਦਾ।ਘਰ ਦਾ ਕੰਮ ਕਰਨ ਜਾਂ ਨਾ ਕਰਨ ਇਸ ਦੀ ਚਿੰਤਾ ਮਾਪਿਆਂ ਨੂੰ ਨਹੀਂ ਹੁੰਦੀ।ਇਨ੍ਹਾਂ ਬਹੁਤੇ ਬੱਚਿਆਂ ਦੀ ਪੜ੍ਹਾਈ ਪੱਖੋਂ ਨੀਂਹ ਕਮਜੌਰ ਰਹਿ ਜਾਂਦੀ ਹੈ।। ਇਨ੍ਹਾਂ ਬੱਚਿਆਂ ਲਈ ਕੋਈ ਟਿਊਸ਼ਨ ਗਰੀਬ ਮਾਪੇ ਨਹੀਂ ਦੇ ਸਕਦੇ। ਇਨ੍ਹਾਂ ਬੱਚਿਆਂ ਦੇ ਮਾਪੇ ਅਕਸਰ ਅਨਪੜ੍ਹ ਹੀ ਹੁੰਦੇ ਹਨ ਉਹ ਆਪਣੇ ਬੱਚਿਆਂ ਦੇ ਹੋਮ ਵਰਕ ਨੂੰ ਵੀ ਗੌਲਦੇ ਨਹੀਂ।ਇਨ੍ਹਾਂ ਦੇ ਘਰਾਂ ਦਾ ਮਾਹੌਲ ਵੀ ਪੜ੍ਹਣ ਲਈ ਵਧੀਆ ਨਹੀਂ ਹੁੰਦਾ।ਕਾਪੀਆਂ ਅਤੇ ਹੋਰ ਸਮੱਗਰੀ ਵਿਰਲੇ ਮਾਪੇ ਹੀ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੇ ਹਨ।ਇਹ ਮਾਪੇ ਆਪਣੇ ਬੱਚੇ ਦੀ ਸਕੂਲ ਦੀ ਕਾਰਗੁਜ਼ਾਰੀ ਦੀ ਸਮੇਂ ਸਮੇਂ ਸਿਰ ਅਧਿਆਪਕਾਂ ਪਾਸੋਂ ਜਾਣਕਾਰੀ ਨਹੀਂ ਲੈਂਦੇ ਭਾਵੇਂ ਕਿ ਵਿਭਾਗ ਵਲੋਂ ਸਮੇਂ ਸਮੇਂ ਸਿਰ ਮਾਪੇ ਅਧਿਆਪਕ ਮਿਲਣੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।ਇਹ ਮਿਲਣੀਆਂ ਮਾਪਿਆਂ ਲਈ ਬਹੁਤੀਆਂ ਸਾਰਥਿਕ ਸਾਬਤ ਨਹੀਂ ਹੋ ਰਹੀਆਂ ਕਿਉਂ ਕਿ ਬਹੁਤੇ ਮਾਪੇ ਦਿਹਾੜੀਦਾਰ / ਕਾਮੇ ਹੁੰਦੇ ਹਨ।ਇਸ ਲਈ ਦਿਹਾੜੀ ਦਾ ਨੁਕਸਾਨ ਨਾ ਕਰਨ ਲਈ ਮਾਪੇ ਮਜਬੂਰ ਹੁੰਦੇ ਹਨ।ਅਧਿਆਪਕਾਂ ਨੂੰ ਮਾਪਿਆਂ ਦਾ ਵੀ ਸਹਿਯੋਗ ਨਹੀਂ ਮਿਲਦਾ।ਇਸ ਲਈ ਪਿਛਲੀਆਂ ਮੀਟਿੰਗਾਂ ਦੀ ਕਾਗਜ਼ੀ ਕਾਰਵਾਈ ਵੀ ਕਈ ਵਾਰੀ ਮਹਿਕਮੇ ਦੀ ਸਖਤੀ ਕਾਰਨ ਇੱਕੋ ਮੀਟਿੰਗ ‘ਚ ਕਰ ਲਈ ਜਾਂਦੀ ਹੈ।ਫਿਰ ਵੀ ਸਰਕਾਰੀ ਅਧਿਆਪਕ ਹੋਰ ਵਾਧੂ ਡਿਊਟੀਆਂ ਨਿਭਾਉਂਦੇ ਹੋਏ ਵੀ ਇਹੋ ਜਿਹੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਉਂਦੇ ਹਨ ਜੋ ਹੁਣ ਪ੍ਰਾਈਵੇਟ ਸਕੂਲਾਂ ਦੇ ਮੋਟੀਆਂ ਰਕਮਾਂ ਖਰਚ ਕੇ ਪੜ੍ਹ ਰਹੇ ਬੱਚਿਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ।ਇਹੋ ਜਿਹੇ ਚੁਣੌਤੀ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਖਾਲਾ ਜੀ ਦਾ ਵਾੜਾ ਨਹੀਂ।ਪਰ ਫਿਰ ਵੀ ਸਰਕਾਰੀ ਸਕੂਲਾਂ ਦੇ ਤਕਰੀਬਨ ਸਾਰੇ ਅਧਿਆਪਕ ਪੂਰੇ ਜ਼ੋਰ-ਸ਼ੋਰ ਨਾਲ ਪੜ੍ਹ ਰਹੇ ਹਨ ।ਇਸ ਸਾਲ ਬਹੁਤਾਤ ਅਧਿਆਪਕਾਂ ਨੇ ਸਵੈ-ਇੱਛਤ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਦੀ ਸ਼ਖਸ਼ੀਅਤ ਨੂੰ ਨਿਖਾਰਣ ਲਈ ਆਂਪਣੇ ਸਕੂਲਾਂ ਵਿੱਚ ਕੈਂਪ ਲਗਾ ਕੇ ਸ਼ਾਨਦਾਰ ਉਪਰਾਲੇ ਕੀਤੇ ਹਨ।ਨਾਭੇ ਨੇੜੇ ਸ.ਹ.ਸ. ਥੂਹੀ ਵਿਖੇ ਹਰਿੰਦਰਪਾਲ ਸਿੰਘ ਡੀ.ਪੀ.ਈ. (ਨੈਸ਼ਨਲ ਅਵਾਰਡੀ) ਨੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀ ਕਰਨ ਵਾਲੀਆਂ ਸਖਸ਼ੀਅਤਾਂ ਜਿਵੇਂ ਕੈਪਟਨ ਅਸ਼ੋਕ ਕੁਮਾਰ ਵਰਗੇ ਸਮਾਜ ਸੇਵਕਾਂ ਨਾਲ ਬੱਚਿਆਂ ਨੂੰ ਨਵਾਂ ਸਿੱਖਣ ਸਿਖਾਉਣ ਲਈ ਪ੍ਰੈਕਟੀਕਲ ਤੌਰ ਤੇ ਪ੍ਰਦਰਸ਼ਨ ਕਰਕੇ ਅਤੇ ਲੈਕਚਰ ਦਵਾ ਕੇ ਵਧੀਆ ਢੰਗ ਨਾਲ ਸਮਰ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹ ਕੇ ਸਕੂਲ ਦਾ ਨਾਂ ਉੱਚਾ ਕੀਤਾ।ਇਸੇ ਤਰ੍ਹਾਂ ਹੀ ਸੁਦੇਸ਼ ਕੁਮਾਰ ਸ.ਸ. ਮਾਸਟਰ (ਸਟੇਟ ਅਵਾਰਡੀ) ਸ.ਮਿ.ਸ. ਤੁੰਗਾਂ ਨੇ ਵੀ ਸਮਰ ਕੈਂਪ ਨੂੰ ਹਰੇਕ ਦਿਨ ਬੱਚਿਆਂ ਨਾਲ ਨਵਾਂ ਮਹਿਮਾਨ ਮਿਲਾ ਕੇ ਬੱਚਿਆਂ ਦੀ ਸਖਸ਼ੀਅਤ ਨਿਖਾਰਨ ਦਾ ਵਧੀਆ ਉਪਰਾਲਾ ਕੀਤਾ।
ਇਸ ਸਾਲ ਸਪੋਰਟਸ ਕੈਟਾਗਰੀ ਵਿੱਚ ਪੰਜਾਬ ਭਰ ‘ਚੋਂ ਸ.ਸ.ਸ.ਸ.ਖਮਾਣੋ (ਫਤਿਹਗੜ੍ਹ ਸਾਹਿਬ) ਦੀ ਜਸਲੀਨ ਕੌਰ ਨੇ ਦੂਜੇ ਸਥਾਨ ਤੇ ਆ ਕੇ ਸਰਕਾਰੀ ਸਕੂਲਾਂ ਦਾ ਮਾਣ ਵਧਾਇਆ ਹੈ।ਪਿਛਲੇ ਸਾਲਾਂ ਨਾਲੋਂ ਐਤਕੀਂ ਮੈਰਿਟ ਵਿੱਚ ਸਰਕਾਰੀ ਸਕੂਲਾਂ ਦਾ ਵੱਧ ਨਾਂ ਚਮਕਿਆ ਹੈ।ਸਰਕਾਰੀ ਸਕੂਲਾਂ ਦੇ ਉੱਚ ਪੁਜ਼ੀਸ਼ਨਾਂ ਵਾਲੇ ਬਹੁਤੇ ਵਿਦਿਆਰਥੀ ਗਰੀਬ ਵਰਗ ਨਾਲ ਸਬੰਧਤ ਹਨ ਜੋ ਕਿ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ।ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 88.21 ,ਐਫੀਲੀਏਟਿਡ / ਆਦਰਸ਼ ਸਕੂਲਾਂ ਦੀ 86.95, ਐਸੋਸੀਏਟਿਡ ਸਕੂਲਾਂ ਦੀ 79.51 ਅਤੇ ਏਡਿਡ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 70.43 ਆਈ ਹੈ।ਜੇਕਰ ਸਰਕਾਰੀ ਅਧਿਆਪਕਾਂ ਦੀ ਕਾਬਲੀਅਤ ਦੀ ਪਰਖ ਹੀ ਕਰਨੀ ਹੈ ਤਾਂ ਪ੍ਰਾਈਵੇਟ ਸਕੁਲਾਂ ਦੇ ਵਿਦਿਆਰਥੀ ਸਰਕਾਰੀ ਸਕੂਲ਼ਾਂ ‘ਚ ਪਾ ਦਿੱਤੇ ਜਾਣ ਤੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਾਲੇ ਪੜ੍ਹਉਣ ਤਾਂ ਨਤੀਜੇ ਦਾ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ।ਸਰਕਾਰੀ ਅਧਿਆਪਕ ਹੋਰ ਵਾਧੂ ਡਿਊਟੀਆਂ ਨਿਭਾਉਂਦੇ ਹੋਏ ਵੀ ਇਹੋ ਜਿਹੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਉਂਦੇ ਹਨ ।ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਮਾਪੇ ਅਕਸਰ ਪੜ੍ਹੇ ਲਿਖੇ ਹੁੰਦੇ ਹਨ ਜੋ ਕਿ ਬੱਚਿਆਂ ਦੇ ਹੋਮ ਵਰਕ, ਕਾਪੀਆਂ, ਕਿਤਾਬਾਂ ਥੇ ਹੋਰ ਸਮੱਗਰੀ ਦਾ ਪੂਰਾ ਪੂਰਾ ਧਿਆਨ ਰੱਖਦੇ ਹਨ।ਅਧਿਆਪਕਾਂ ਨਾਲ ਪੂਰਾ ਸਹਿਯੋਗ ਦਿੰਦੇ ਹਨ।ਉਹ ਆਪਣੇ ਬੱਚਿਆਂ ਲਈ ਕਮਜੌਰ ਵਿਸ਼ਿਆਂ ਦੀ ਟਿਊਸ਼ਨ ਰਖਵਾਕੇ ਦਿੰਦੇ ਹਨ।ਇਹ ਬੱਚੇ ਪੜ੍ਹਾਈ ਤੋਂ ਇਲਾਵਾ ਘਰ ਦਾ ਹੋਰ ਕੰਮ ਨਹੀਂ ਕਰਦੇ।ਇਨ੍ਹਾਂ ਨੂੰ ਹਰ ਰੋਜ਼ ਜੇਬ ਖਰਚ ਵੀ ਮਿਲਦਾ ਹੈ।ਇਨ੍ਹਾਂ ਬੱਚਿਆਂ ਦੇ ਘਰਾਂ ਅੰਦਰ ਪੜ੍ਹਣ ਲਈ ਵਧੀਆ ਮਾਹੌਲ ਹੁੰਦਾ ਹੈ।ਇਸ ਲਈ ਪ੍ਰਾਈਵੇਟ ਅਧਿਆਪਕਾਂ ਲਈ ਇਹੋ ਜਿਹੇ ਬੱਚਿਆਂ ਨੂੰ ਪੜ੍ਹਾਉਣਾ ਕੋਈ ਔਖਾ ਨਹੀਂ ਜਦੋਂ ਕਿ ਮਾਪਿਆਂ ਦਾ ਹਰ ਪੱਖੋਂ ਸਹਿਯੋਗ ਮਿਲਦਾ ਹੋਵੇ।ਸੋ ਸਰਕਾਰੀ ਸਕੂਲਾਂ ਦੇ ਅਧਿਆਪਕ ਸੱਚਮੁੱਚ ਚੁਣੌਤੀ ਭਰਿਆ ਕੰਮ ਬੜੀ ਸਫਲਤਾ ਨਾਲ ਕਰ ਰਹੇ ਹਨ।ਇਨ੍ਹਾਂ ਦਾ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਕਰਨਾ ਕੋਈ ਤਰਕ ਸੰਗਤ ਨਹੀਂ।

ਮੇਜਰ ਸਿੰਘ ਨਾਭਾ
9463553962

Leave a Reply

Your email address will not be published. Required fields are marked *

%d bloggers like this: