ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਪ੍ਰਸਿੱਧ ਸਿੱਖ ਚਿੰਤਕ ਅਤੇ ਆਲੋਚਕ ਡਾ. ਗੁਰਭਗਤ ਸਿੰਘ ਦੇ 82ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਸ੍ਰਿਮਤੀ ਸਮਾਗਮ

ਪ੍ਰਸਿੱਧ ਸਿੱਖ ਚਿੰਤਕ ਅਤੇ ਆਲੋਚਕ ਡਾ. ਗੁਰਭਗਤ ਸਿੰਘ ਦੇ 82ਵੇਂ ਜਨਮ ਦਿਨ ਮੌਕੇ ਵਿਸ਼ੇਸ਼ ਸ੍ਰਿਮਤੀ ਸਮਾਗਮ

ਪੰਜਾਬ ਦੇ ਵਿਦਿਆਰਥੀ ਲਈ ਆਦਰਸ਼ ਸਨ ਡਾ. ਗੁਰਭਗਤ ਸਿੰਘ

ਧਰਮ ਅਤੇ ਆਧੁਨਿਕ ਗਿਆਨ ਦਾ ਸੁਜੋੜ ਸਿਰਜਣਾ ਜਰੂਰੀ

ਗੁਰਭਗਤ ਸਿੰਘ ਪੰਜਾਬ ਦੀ ਅਕਾਦਮਿਕਤਾ ਨੂੰ ਪੁਨਰ ਪਰਿਭਾਸ਼ਿਤ ਕਰਨ ਵਾਲਾ ਵਿਦਵਾਨ

ਅੰਮ੍ਰਿਤਸਰ, 22 ਸਤੰਬਰ 2020:  ਅੱਜ ਇੱਥੇ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਗੁਰਪੁਰੀ ਨਿਵਾਸੀ ਪ੍ਰਸਿੱਧ ਚਿੰਤਕ ਡਾ. ਗੁਰਭਗਤ ਸਿੰਘ ਦੇ ਜਨਮ ਦਿਨ ਮੌਕੇ ਵਿਸ਼ੇਸ਼ ਸ੍ਰਿਮਤੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਅਕਾਦਮਿਕ/ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਡਾ. ਗੁਰਭਗਤ ਸਿੰਘ ਪੰਜਾਬੀ ਸਾਹਿਤ ਚਿੰਤਨ ਆਲੋਚਨਾ ਅਤੇ ਸਿੱਖ ਅਧਿਐਨ ਦੇ ਪ੍ਰਮੁੱਖ ਵਿਦਵਾਨ ਸਨ, ਜੋ ਸਾਲ 2014 ਵਿਚ ਅਕਾਲ ਚਲਾਨਾ ਕਰ ਗਏ ਸਨ। ਅੱਜ ਦੇ ਸਮਾਗਮ ਰਾਹੀਂ ਨਾਦ ਪ੍ਰਗਾਸੁ ਵੱਲੋਂ ਡਾ. ਗੁਰਭਗਤ ਸਿੰਘ ਦੁਆਰਾ ਸਾਹਿਤ ਧਰਮ ਚਿੰਤਨ ਵਿਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਗਿਆ।ਪੰਜਾਬ ਤੋਂ ਇਲਾਵਾ ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਦੀਆਂ ਵਿਦਿਅਕ ਸੰਸਥਾਵਾਂ ਤੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ।

ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਦੀਪਿੰਦਰਜੀਤ ਕੌਰ ਰੰਧਾਵਾ ਨੇ ਕਿਹਾ ਕਿ ਡਾ. ਗੁਰਭਗਤ ਸਿੰਘ ਪੂਰਬੀ ਅਤੇ ਪੱਛਮੀ ਕਾਵਿ ਸ਼ਾਸਤਰ ਨੂੰ ਜੋੜ ਕੇ ਨਵੇਂ ਵਿਆਖਿਆ ਸ਼ਾਸਤਰ ਦੀ ਉਸਾਰੀ ਲਈ ਯਤਨਸ਼ੀਲ ਸਨ। ਉਹ ਬਹੁ-ਅਨੁਸ਼ਾਸਨੀ ਵਿਧਾਵਾਂ ਦਾ ਇਕਸੁਰ ਵਿਵਹਾਰ ਸਿਰਜਣ ਵਾਲਾ ਵਿਦਵਾਨ ਸੀ ਜਿਸ ਨੂੰ ਕਿਸੇ ਵੀ ਇਕ ਵਿਸ਼ੇਸ਼ ਵਿਚਾਰਧਾਰਾ ਨਾਲ ਸਬੰਧਤ ਨਹੀਂ ਕਰਨਾ ਚਾਹੀਦਾ ਅਤੇ ਉਸ ਨੇ ਸਿੱਖ ਵਿਆਖਿਆ ਨੂੰ ਇਸਾਈਅਤ ਦੇ ਧਰਮ-ਸ਼ਾਸਤਰੀ ਅਰਥਾਂ ਤੋਂ ਮੁਕਤ ਕਰਵਾਉਣ ਵਿਚ ਪਹਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਦਮਿਕ ਦ੍ਰਿਸ਼ ਵਿਚ ਕਿਸੇ ਵੀ ਖੋਜ ਵਿਧੀ ਨੂੰ ਮਹੱਤਵ ਨਾ ਦੇ ਕੇ ਹਰ ਤਰ੍ਹਾਂ ਦੀ ਵਿਧੀ ਨੂੰ ਉਸਦੀ ਵਿਸ਼ੇਸ਼ਤਾ ਸਹਿਤ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਗੁਰਭਗਤ ਸਿੰਘ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਦੀ ਪਹਿਲੀ ਜਿਲਦ ਮਾਰਚ ਮਹੀਨੇ ਤਕ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।

ਇਸ ਮੌਕੇ ਡਾ. ਸੁਖਵਿੰਦਰ ਸਿੰਘ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਡਾ. ਗੁਰਭਗਤ ਸਿੰਘ ਨੇ ਪੰਜਾਬੀ ਸਾਹਿਤ ਚਿੰਤਨ ਦੇ ਨਾਲ-ਨਾਲ ਸਿੱਖ ਅਧਿਐਨ ਨੂੰ ਵੀ ਪੁਨਰ ਪਰਿਭਾਸ਼ਿਤ ਕਰਨ ਦੀ ਗੰਭੀਰ ਕੋਸ਼ਿਸ਼ ਕੀਤੀ ਹੈ। ਉਸ ਦੁਆਰਾ ਕੀਤੇ ਖੋਜ ਕਾਰਜ ਧਰਮ ਅਤੇ ਆਧੁਨਿਕ ਗਿਆਨ ਨੂੰ ਜੋੜਨ ਲਈ ਪ੍ਰਭਾਵਸ਼ਾਲੀ ਸਿੱਧ ਹੋਏ ਹਨ, ਉਸ ਨੇ ਸਿੱਖੀ ਦੀਆਂ ਵਿਸ਼ਵ-ਵਿਆਪੀ ਸੰਭਾਵਨਾਵਾਂ ਨੂੰ ਸਮਕਾਲੀ ਗਿਆਨ ਪ੍ਰਣਾਲੀਆਂ ਰਾਹੀਂ ਸਮਝਣ ਲਈ ਪੰਜਾਬ ਦੇ ਖੋਜਾਰਥੀਆਂ/ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਗੁਰਬਾਣੀ ਦੇ ਅਰਥ ਕਰਨ ਵੇਲੇ ਗੁਰਮਤਿ ਦੇ ਵਡੇਰੇ ਮਾਹੌਲ ਦੀ ਮੌਲਣਸ਼ੀਲਤਾ ਦਾ ਧਿਆਨ ਰੱਖਣਾ ਅਤਿ ਜਰੂਰੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਕੁੱਝ ਸ਼ਕਤੀਆਂ ਵਲੋਂ ਸਿੱਖ ਅਨੁਭਵ ਵਿਸ਼ੇਸ਼ ਦੇਸ਼-ਕਾਲ ਦੀਆਂ ਸਮਾਜਿਕ-ਰਾਜਨੀਤਿਕ ਸਥਿਤੀਆਂ ਦੇ ਸੀਮਤ ਉਦੇਸ਼ਾਂ ਲਈ ਵਰਤਿਆ ਜਾ ਸਕਦਾ ਹੈ।

ਪੰਜਾਬੀ ਸਾਹਿਤ ਚਿੰਤਨ ਵਿਚ ਪਾਏ ਯੋਗਦਾਨ ਬਾਬਤ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ ਡਾ. ਅਮਰਜੀਤ ਸਿੰਘ ਨੇ ਸੰਬੋਧਿਤ ਹੁੰਦਿਆ ਕਿਹਾ ਕਿ ਡਾ. ਗੁਰਭਗਤ ਸਿੰਘ ਨੂੰ ਮੌਜੂਦਾ ਸਮੇਂ ਇਸ ਕਰਕੇ ਯਾਦ ਕਰਨਾ ਵੀ ਜਰੂਰੀ ਹੈ ਕਿੳਂੁਕਿ ਸਾਡਾ ਸਮਕਾਲੀ ਅਕਾਦਮਿਕ ਚਿੰਤਨ ਅਕਹਿਰੀਆਂ ਅਤੇ ਖੜੋਤਮਈ ਸਥਿਤੀਆਂ ਨੂੰ ਹੰਢਾ ਰਿਹਾ ਹੈ। ਡਾ. ਗੁਰਭਗਤ ਸਿੰਘ ਦੁਆਰਾ ਕੀਤੇ ਖੋਜ ਕਾਰਜਾਂ ਦਾ ਮਹੱਤਵ ਉਸ ਦੀ ਮੌਲਿਕ ਪਹੁੰਚ ਵਿਧੀ ਅਤੇ ਵਿਆਖਿਆਤਮਕ ਪਰਿਪੇਖ ਦੀ ਦ੍ਰਿਸ਼ਟੀ ਤੋਂ ਹੈ। ਉਹ ਪੰਜਾਬੀ ਸਾਹਿਤ ਚਿੰਤਨ ਵਿਚ ਇੱਕੋ-ਇੱਕ ਅਜਿਹਾ ਵਿਦਵਾਨ ਹੈ ਜੋ ਪੂਰਬੀ ਅਤੇ ਪੱਛਮੀ ਚਿੰਤਨ ਧਰਾਵਾਂ ਦੇ ਸਾਂਝੇ ਅਧਾਰਾਂ ਦੀ ਤਲਾਸ਼ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਰਕਸਵਾਦ ਦੇ ਕਠੋਰ ਵਿਚਾਰਧਾਰਾਈ ਸੰਗਠਨ ਤੋਂ ਬਾਹਰ ਲਿਜਾਣ ਲਈ ਉਹ ਇਕ ਸਮਰੱਥ ਵਿਦਵਾਨ ਹੈ।

ਭਾਸ਼ਣਾ ਤੋਂ ਉਪਰੰਤ ਹੋਈ ਵਿਚਾਰ ਚਰਚਾ ਵਿਚ ਕਈ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਦਾ ਕੇਂਦਰੀ ਵਿਚਾਰ ਡਾ. ਗੁਰਭਗਤ ਸਿੰਘ ਦੁਆਰਾ ਅਪਨਾਈ ਪਹੁੰਚ ਵਿਧੀ ਦੀ ਦਾਰਸ਼ਨਿਕ ਪੜਚੋਲ ਅਤੇ ਉਸ ਦਾ ਪੰਜਾਬੀ ਚੇਤਨਾ ਦੇ ਪ੍ਰਸੰਗ ਵਿਚ ਵਿਹਾਰਕ ਦ੍ਰਿਸ਼ਟੀਕੋਣ ਪਛਾਨਣਾ ਸੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: