ਪ੍ਰਸ਼ਾਸ਼ਨ ਦੀ ਕਿਲ੍ਹਾ ਬੰਦੀ ਦੇ ਬਾਵਜੂਦ ਪੰਦਰਾਂ ਸੌ ਤੋਂ ਵੱਧ ਸੰਗਤਾਂ ਪਹੁੰਚੀਆਂ ਤਲਵੰਡੀ ਸਾਬੋ ਦੇ ਸਰਬੱਤ ਖਾਲਸਾ ‘ਚ

ss1

ਪ੍ਰਸ਼ਾਸ਼ਨ ਦੀ ਕਿਲ੍ਹਾ ਬੰਦੀ ਦੇ ਬਾਵਜੂਦ ਪੰਦਰਾਂ ਸੌ ਤੋਂ ਵੱਧ ਸੰਗਤਾਂ ਪਹੁੰਚੀਆਂ ਤਲਵੰਡੀ ਸਾਬੋ ਦੇ ਸਰਬੱਤ ਖਾਲਸਾ ‘ਚ
ਭਾਈ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਅਮਰੀਕ ਸਿੰਘ ਅਜਨਾਲਾ ਸਮੇਤ ਸੈਂਕੜੇ ਸਿੰਘ ਗ੍ਰਿਫਤਾਰ
ਆਗੂਆਂ ਦੀ ਰਿਹਾਈ ਲਈ ਸੰਗਤਾਂ ਨੇ ਖੰਡਾ ਚੌਂਕ ਲਾਇਆ ਧਰਨਾ

ਤਲਵੰਡੀ ਸਾਬੋ, 8 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਨੱਤ ਰੋਡ ‘ਤੇ ਅੱਜ ਹੋਣ ਵਾਲੇ ਸਰਬੱਤ ਖਾਲਸਾ ਨੂੰ ਰੋਕਣ ਲਈ ਪ੍ਰਸ਼ਾਸ਼ਨ ਵੱਲੋਂ ਤਲਵੰਡੀ ਸਾਬੋ ਦੀ ਕਿਲ੍ਹਾਬੰਦੀ ਦੇ ਚਲਦਿਆਂ ਕੱਚੇ ਰਾਹਾਂ ਅਤੇ ਖੇਤਾਂ-ਖਾਲ੍ਹਾਂ ਵਿੱਚੋਂ ਦੀ ਹੋ ਕੇ ਪੰਦਰਾਂ ਸੌ ਤੋਂ ਉਪੱਰ ਦੀ ਗਿਣਤੀ ਵਿੱਚ ਜਿੱਥੇ ਸਿੱੱਖ ਸੰਗਤਾਂ ਸਰਬੱਤ ਖਾਲਸਾ ਵਾਲੀ ਜਗ੍ਹਾ ‘ਤੇ ਪਹੁੰਚ ਕੇ ਅਸਰਦਾ ਵਿੱਚ ਸ਼ਾਮਿਲ ਹੋਣ ਵਿੱਚ ਸਫਲ ਹੋ ਗਈਆਂ ਉੱਥੇ ਸਰਬੱਤ ਖਾਲਸਾ ਵਿੱਚ ਸ਼ਾਮਿਲ ਹੋਣ ਲਈ ਢਾਈ ਸੌ ਦੇ ਕਰੀਬ ਸਿੱਖਾਂ ਨਾਲ ਆ ਰਹੇ ਭਾਈ ਬਲਜੀਤ ਸਿੰਘ ਖਾਲਸਾ ਸਮੇਤ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਸਾਥੀਆਂ ਸਮੇਤ ਸਥਾਨਕ ਸੰਗਤ ਰੋਡ ਤੋਂ ਅੰਦਰ ਦਾਖਲ ਹੁੰਦਿਆਂ ਹੀ ਗ੍ਰਿਫਤਾਰ ਕਰਨ ਨਾਲ ਸਿੱਖ ਸੰਗਤਾਂ ਵਿੱਚ ਗੁੱਸੇ ਅਤੇ ਰੋਸ ਦੀ ਭਾਵਨਾ ਹੋਰ ਤਿੱਖੀ ਹੋ ਗਈ ਅਤੇ ਇਕੱਠੀਆਂ ਹੋਈਆਂ ਸੰਗਤਾਂ ਨੇ ਗ੍ਰਿਫਤਾਰ ਆਗੂਆਂ ਦੀ ਰਿਹਾਈ ਲਈ ਸਥਾਨਕ ਨਿਸਾਨ-ਏ-ਖਾਲਸਾ (ਖੰਡਾ ਚੌਂਕ) ਵਿੱਚ ਧਰਨਾ ਲਾ ਦਿੱਤਾ ਸੀ ਜਿਹੜਾ ਕਿ ਦੇਰ ਸ਼ਾਮ (6:00ਵਜੇ) ਤਿੰਨੋ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਧਿਆਨ ਸਿੰਘ ਮੰਡ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦੇ ਧਰਨੇ ਵਿੱਚ ਆਉਣ ‘ਤੇ ਚੁੱਕਿਆ ਗਿਆ, ਭਾਵੇਂ ਕਿ ਭਾਈ ਸਿਮਰਨਜੀਤ ਸਿੰਘ ਮਾਨ ਵੀ ਰਿਹਾਅ ਤਾਂ ਕਰ ਦਿੱਤੇ ਗਏ ਹਨ ਪ੍ਰੰਤੂ ਉਹਨਾਂ ਬਾਰੇ ਕੁੱਝ ਪਤਾ ਨਹੀਂ ਚੱਲਿਆ ਕਿ ਉਹ ਕਿੱਥੇ ਹਨ। ਇਸ ਤੋਂ ਇਲਾਵਾ ਚੌਂਕ ਵਿੱਚ ਲੱਗੇ ਧਰਨੇ ਦੌਰਾਨ ਨਿੱਤਨੇਮ ਦੇ ਚਲਦਿਆਂ ਪੂਰੇ ਸ਼ਹਿਰ ਦੀ ਬਿਜਲੀ ਵੀ ਕੱਟ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ ਅੱਜ ਸਰਬੱਤ ਖਾਲਸਾ ਨੂੰ ਲੈ ਕੇ ਪ੍ਰਸ਼ਾਸ਼ਨ ਵੱਲੋਂ ਤਲਵੰਡੀ ਸਾਬੋ ਅੰਦਰ ਦਾਖਲ ਹੋਣ ਦੇ ਸਾਰੇ ਰਸਤਿਆਂ ਨੂੰ ਭਾਰੀ ਪੁਲਿਸ ਬਲ ਲਾ ਕੇ ਐਥੋਂ ਤੱਕ ਸੀਲ ਕੀਤਾ ਹੋਇਆ ਸੀ ਕਿ ਪੱਤਰਕਾਰਾਂ ਨੂੰ ਵੀ ਆਪਣੇ ਪਹਿਚਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਅੱਗੇ ਜਾਣ ਦੀ ਆਗਿਆ ਦਿੱਤੀ ਗਈ। ਪ੍ਰੰਤੂ ਪ੍ਰਸ਼ਾਸ਼ਨ ਦੀਆਂ ਇਹਨਾਂ ਪਾਬੰਦੀਆਂ ਦੇ ਚਲਦਿਆਂ ਸਿੱਖ ਸੰਗਤਾਂ ਜਿੰਨ੍ਹਾਂ ਵਿੱਚ ਔਰਤਾਂ ਅਤੇ ਗੋਦ ਲਏ ਛੋਟੇ-ਛੋਟੇ ਬੱਚੇ ਚੁੱਕੀ ਮੁਟਿਆਰ ਬੀਬੀਆਂ ਵੀ ਸ਼ਾਮਿਲ ਸਨ। ਖਾਲ੍ਹਾਂ-ਸੂਇਆਂ ਅਤੇ ਖੇਤਾਂ ਵਿੱਚੋਂ ਦੀ ਹੋ ਕੇ ਸਰਬੱਤ ਖਾਲਸਾ ਵਾਲੀ ਜਗ੍ਹਾ ਪਹੁੰਚਣ ਵਿੱਚ ਕਾਮਯਾਬ ਹੋ ਗਈਆਂ।
ਸਰਬੱਤ ਖਾਲਸਾ ਵਾਲੀ ਪੰਡਾਲ ਵਿੱਚ ਪਹੁੰਚੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਅਰਮਾਨ ਸਿੰਘ ਮਾਨ, ਭਾਈ ਸੁਖਦੇਵ ਸਿੰਘ ਜੋਗਾਨੰਦ, ਸ. ਜਸਪਾਲ ਸਿੰਘ ਹੇਰਾਂ ਸੰਪਾਦਕ ਪਹਿਰੇਦਾਰ, ਭਾਈ ਪੈਪਲਪ੍ਰੀਤ ਸਿੰਘ, ਭਾਈ ਬਗੀਚਾ ਸਿੰਘ ਬੜੈਚ, ਭਾਈ ਮੱਖਣ ਸਿੰਘ ਸਮਾਓਂ, ਸੰਤ ਹਰਦੇਵ ਸਿੰਘ ੳਤੇ ਹੋਰ ਬੁਲਾਰਿਆਂ ਨੇ ਪੰਜਾਬ ਸਰਕਾਰ ‘ਤੇ ਹੱਲਾ ਬੋਲਦਿਆਂ ਕਿਹਾ ਕਿ ਪੰਥਕ ਸਰਕਾਰ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਤੋਂ ਡੇਢ ਸਾਲ ਦਾ ਲੰਬਾ ਅਰਸਾ ਬੀਤ ਬੀਤ ਜਾਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਹੀਂ ਲੱਭੇ ਗਏ ਅਤੇ ਜੇਕਰ ਪੰਥ ਨੇ ਅਜਿਹੇ ਦੋਸ਼ੀਆਂ ਦੀ ਧਾਰ ਪਕੜ ਅਤੇ ਸਜਾਵਾਂ ਦਿਵਾਉਣ ਲਈ ਸਿੱਖ ਸੰਗਤਾਂ ਨੂੰ ਇਕੱਠੇ ਕਰਕੇ ਸਰਬੱਤ ਖਾਲਸਾ ਦਾ ਸੱਦਾ ਦਿੱਤਾ ਤਾਂ ਇਹਨਾਂ ਔਰੰਗਜ਼ੇਬਾਂ ਨੇ ਸਿੱਖਾਂ ਨੂੰ ਇੱਕਠੇ ਹੋਣੋਂ ਰੋਕਣ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ।
ਸਰੱਬਤ ਖਾਲਸਾ ਵਿੱਚ ਪਹੁੰਚਣ ‘ਤੇ ਸੰਗਤਾਂ ਨੂੰ ਵਧਾਈ ਦਿੰਦਿਆਂ ਬੁਲਾਰਿਆਂ ਨੇ ਕਿਹਾ ਕਿ ਤੁਹਾਡੀ ਹਾਜ਼ਰੀ ਇਸ ਗੱਲ ਦੀ ਗਵਾਹ ਹੈ ਕਿ ਹੁਣ ਗੁਰਦੁਆਰਾ ਸਾਹਿਬਾਨ ਅਤੇ ਪੰਜਾਬ ‘ਤੇ ਬਾਦਲਾਂ ਦਾ ਕਬਜ਼ਾ ਬਹੁਤੀ ਦੇਰ ਨਹੀਂ ਰਹਿਣਾ। ਇਸ ਮੌਕੇ ਬੁਲਾਰਿਆਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਵੀ ਕੀਤਾ ਜਿਸ ਦਾ ਸਮੁੱਚੀਆਂ ਸੰਗਤਾਂ ਨੇ ਨਾਅਰੇ ਲਗਾ ਕੇ ਸਮਰਥਨ ਕੀਤਾ। ਮੋਗਾ ਵਿਖੇ ਰੈਲੀ ਦੇ ਰੂਪ ਵਿੱਚ ਮਨਾਏ ਜਾ ਰਹੇ ਬਾਦਲ ਸਾਹਿਬ ਦੇ ਜਨਮ ਦਿਨ ਸੰਬੰਧੀ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਇਹ ਬਾਦਲ ਸਾਹਿਬ ਮਰਨ ਦਿਨ ਹੋ ਨਿਬੜੇਗਾ ਅਤੇ ਚੰਗਾ ਹੁੰਦਾ ਜੇ ਬਾਦਲ ਦੀ ਮਾਂ ਉਸਨੂੰ ਜਨਮ ਹੀ ਨਾ ਦਿੰਦੀ ਤਾਂ ਸਿੱਖ ਕੌਮ ਨੂੰ ਅੱਜ ਖੇਤਾਂ ਖਾਲਿਆਂ ਵਿੱਚੋਂ ਦੀ ਤਕਲੀਫਾਂ ਦਾ ਸਾਹਮਣਾ ਕਰਕੇ ਇਸ ਰੋਹੀ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਜ਼ਰੂਰਤ ਹੀ ਨਾ ਪੈਂਦੀ।
ਇਸ ਦੌਰਾਨ ਤੈਸ਼ ਵਿੱਚ ਆਏ ਕੁੱਝ ਵਿਅਕਤੀਆਂ ਨੇ ਪੁਲਿਸ ਦੀ ਇੱਕ ਗੱਡੀ ‘ਤੇ ਹਮਲਾ ਕਰਕੇ ਗੱਡੀ ਦਾ ਅਗਲਾ ਸ਼ੀਸ਼ਾ ਭੰਨ੍ਹ ਦਿੱਤਾ ਜਿਸ ਦੌਰਾਨ ਕੁੱਝ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਪ੍ਰੰਤੂ ਪ੍ਰਸ਼ਾਸ਼ਨ ਵੱਲੋਂ ਸਿਰਫ ਨਾਕਿਆਂ ‘ਤੇ ਹੀ ਸਖਤਾਈ ਵਰਤੀ ਗਈ ਅਤੇ ਕੱਚੇ ਰਾਹਾਂ ਸਮੇਤ ਖੇਤਾਂ ਵਿੱਚੋਂ ਦੀ ਆਉਣ ਵਾਲੀਆਂ ਸੰਗਤਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਖੰਡਾ ਚੌਂਕ ‘ਚ ਲੱਗੇ ਧਰਨੇ ਦੌਰਾਨ ਰਿਹਾਅ ਕਰਨ ਤੋਂ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਨੂੰ ਸਵੇਰ ਤੋਂ ਹੀ ਅਗਵਾ ਕੀਤਾ ਹੋਇਆ ਸੀ ਸਾਨੂੰ ਸਵੇਰ ਤੋਂ ਵੀ ਵੱਖ-ਵੱਖ ਥਾਵਾਂ ‘ਤੇ ਘੁਮਾਉਂਦੇ ਰਹੇ ਪ੍ਰਤੂੰ ਸੁਮੱਚੀ ਸੰਗਤ ਨੇ ਸਰਬੱਤ ਖਾਲਸਾ ਵਾਲੀ ਜਗ੍ਹਾ ‘ਤੇ ਇਕੱਠ ਕਰਕੇ ਆਪਣੇ ਦ੍ਰਿੜ ਇਰਾਦੇ ‘ਤੇ ਕਾਇਮ ਰਹਿਕੇ ਸਰਕਾਰ ਨੂੰ ਝੁਕਾਇਆ ਹੈ ਤੁਹਾਡਾ ਬਹੁਤ ਧੰਨਵਾਦ ਹੈ। ਇਸ ਉਪਰੰਤ ਭਾਈ ਅਮਰੀਕ ਸਿੰਘ ਅਜਨਾਲਾ ਨੇ ਧਰਨੇ ‘ਤੇ ਬੈਠੀਆਂ ਸੰਗਤਾਂ ਨੂੰ ਬਾਦਲਾਂ ਦਾ ਆਉਣ ਵਾਲੀਆਂ ਚੋਣਾਂ ਦੌਰਾਨ ਸਿਆਸੀ ਬਾਈਕਾਟ ਕੀਤਾ ਜਾਵੇਗਾ ਜਿਸਦਾ ਸਮੁੱਚੀਆਂ ਸੰਗਤਾਂ ਨੇ ਆਪਣੀਆਂ ਬਾਹਾਂ ਖੜ੍ਹੀਆਂ ਕਰਕੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ।

Share Button

Leave a Reply

Your email address will not be published. Required fields are marked *