ਪ੍ਰਵਾਸੀ ਸ਼ਾਇਰ, ਕਹਾਣੀਕਾਰ ਤੇ ਨਾਵਲਕਾਰ– ਸੁਰਿੰਦਰ ਸਲੀਮ

ss1

ਪ੍ਰਵਾਸੀ ਸ਼ਾਇਰ, ਕਹਾਣੀਕਾਰ ਤੇ ਨਾਵਲਕਾਰ– ਸੁਰਿੰਦਰ ਸਲੀਮ

SONY DIGITAL CAMERA

ਸੱਤ ਸਮੁੰਦਰੋਂ ਪਾਰਲੇ, ਯੁ. ਕੇ. ਇੰਗਲੈਡ ਵਰਗੇ ਐਸੇ ਮੁਲਕ ਦੀ ਧਰਤ ਉਤੇ, ਜਿੱਥੇ ਕਿ ਬੰਦੇ ਵੀ ਹਰ ਪਲ ਮਸ਼ੀਨਾਂ ਹੀ ਬਣੇ ਰਹਿੰਦੇ ਹਨ, ਐਸੇ ਮੁਲਕ ਵਿਚ ਪਿਛਲੇ 31 ਸਾਲਾਂ ਤੋਂ ਚੋਗ ਚੁਗਦਿਆਂ ਸੁਰਿੰਦਰ ਸਲੀਮ ਆਪਣੀ ਕਲਮ ਨਾਲ ਲਗਾਤਾਰ ਮੋਹ ਪਾਲਦਾ ਆ ਰਿਹਾ ਹੈ। ਸਾਹਿਤ ਦੀ ਝੋਲੀ ‘ਪਹਿਲੀ ਝੜੀ’, ‘ਤੁਮ ਲੌਟ ਆਨਾ’, ਪਹਿਲੀ ਉਡਾਣ’, ਅਤੇ ‘ਕਹਿਕਸਾਂ’ ਪੁਸਤਕਾਂ, ਪਾਉਣ ਵਾਲਾ ਸਲੀਮ, ਹਿੰਦੀ ਤੇ ਪੰਜਾਬੀ ਦਾ ਜਿੰਨਾ ਪਰਪੱਕ ਕਵੀ ਹੈ, ਉਤਨਾ ਹੀ ਪਰਪੱਕ ਉਹ ਨਾਵਲਕਾਰ ਅਤੇ ਕਹਾਣੀਕਾਰ ਵੀ ਹੈ।
ਸਰੀਰਕ ਤੌਰ ਤੇ ਸਲੀਮ ਬੇਸ਼ਕ ਇੰਗਲੈਡ ‘ਚ ਬੈਠਾ ਕੰਮ ਕਰ ਰਿਹਾ ਹੁੰਦਾ ਹੈ, ਪਰ ਯਾਦਾਂ ਵਿਚ ਘਿਰਿਆ ਉਹ ਆਪਣੀ ਜਨਮ-ਭੂਮੀ ਲੁਧਿਆਣੇ ਸ਼ਹਿਰ ਦੀਆਂ ਗਲੀਆਂ-ਬਜਾਰਾਂ ਅਤੇ ਸੜਕਾਂ ਉਤੇ ਹੀ ਘੁੰਮਦਾ ਰਹਿੰਦਾ ਹੈ, ਦਿਨੇ-ਰਾਤ। ਫੁਰਸ਼ਿਤ ਦੇ ਪਲਾਂ ਵਿਚ ਫੋਨ ਉਤੇ ਲੱਗਾ ਉਹ, ਤਿਰਲੋਕੀ ਸਚਦੇਵਾ, ਰਾਹੁਲ ਸਚਦੇਵਾ ਅਤੇ ਦੇਵਿੰਦਰ ਜੋਸ਼ੀ ਜਿਹੇ ਆਪਣੇ ਕਾਲਜ ਦੇ ਸਾਥੀਆਂ ਦੀਆਂ ਵਫਾਦਾਰੀ ਦੀਆਂ ਸੁਣਾਉਦਾ-ਸੁਣਾਉਦਾ ਕਈ ਬਾਰ ਭਾਵਕ ਹੋ ਜਾਂਦਾ ਹੈ।
ਮਾਤਾ ਨਸੀਬ ਕੌਰ ਦੀ ਪਾਕਿ ਕੁੱਖੋਂ ਪਿਤਾ ਰਾਮ ਦਾਸ ਦੇ ਗ੍ਰਹਿ ਵਿਖੇ ਲੁਧਿਆਣਾ ਸ਼ਹਿਰ ਵਿਚ ਜਨਮਿਆ ਸੁਰਿੰਦਰ ਦੱਸਦਾ ਹੈ ਕਿ ਉਸ ਨੇ ਗਿਆਰਵੀ ਤਕ ਦੀ ਸਿੱਖਿਆ – ਐਸ. ਡੀ. ਪੀ. ਸਕੂਲ ਤੋਂ ਅਤੇ ਐਮ. ਏ. (ਹਿੰਦੀ) ਤੱਕ ਦੀ ਸਿੱਖਿਆ ਐਸ. ਸੀ. ਡੀ. ਗੌਰਮਿੰਟ ਕਾਲਿਜ, ਲੁਧਿਆਣਾ ਤੋਂ ਕੀਤੀ। ਕਵਿਤਾ ਦੀ ਪਹਿਲੀ ਤੁਕ-ਬੰਦੀ ਇਸੇ ਕਾਲਿਜ ਵਿਚ ਆਣਕੇ 1980 ਵਿਚ ਉਸ ਕੀਤੀ। ਦਰਿਆ ਦੇ ਕੰਢੇ ਬੈਠਕੇ ਲਿਖੀ ਪਹਿਲੀ ਕਵਿਤਾ, ‘ਤੇਰੇ ਖੁਆਬ ਸਜਾਤਾ ਹੈ ਕੋਈ, ਤੁਝੇ ਤੇਰੇ ਦਰ ਸੇ ਬੁਲਾਤਾ ਹੈ ਕੋਈ’, ‘ਵੀਰ ਪ੍ਰਤਾਪ’, ਜਲੰਧਰ ਵਿਚ ਛਪੀ। ਇਕ ਤੋਂ ਬਾਅਦ ਦੂਜੀ : ਦੂਜੀ ਤੋਂ ਬਾਅਦ ਤੀਜੀ : ਗੱਲ ਕੀ ਹਫਤੇ ਵਿਚ 20-20 ਕਵਿਤਾਵਾਂ, ਕੋਈ ਕਿਸੇ ਪੇਪਰ ਵਿਚ ਅਤੇ ਕੋਈ ਕਿਸੇ ਪੇਪਰ ਵਿਚ ਲਗਾਤਾਰ ਛਪਣ ਲੱਗੀਆਂ। ਫਿਰ ਅਚਾਨਕ ਇਕ ਕਹਾਣੀ, ‘ਮਜਾਕ ਔਰ ਪ੍ਰਤੀਕਿਰਿਆ’ ਲਿਖੀ, ਜਿਹੜੀ ਉਨਾਂ ਦੇ ਕਲਾਸ-ਫੈਲੋ ਤੇ ਜਿਗਰੀ ਯਾਰ ਦੇਵਿੰਦਰ ਜੋਸ਼ੀ (ਅੱਜ ਕਲ ਪ੍ਰਫੈਸਰ, ਕਾਲਿਜ, ਅੰਮ੍ਰਿਤਸਰ), ਦੀ ਬਦੌਲਤ ਅਖ਼ਬਾਰ ਵਿਚ ਛਪੀ। ਪਾਠਕਾਂ ਖੂਬ ਪਸੰਦ ਕੀਤੀ, ਤਾਂ ਕਹਾਣੀ ਲਿਖਣ ਦਾ ਸਿਲਸਿਲਾ ਵੀ ਨਾਲ-ਦੀ-ਨਾਲ ਹੀ ਆਪ-ਮੁਹਾਰੇ ਚੱਲ ਪਿਆ।
ਅੱਠ-ਦਸ ਕਹਾਣੀਆਂ ਲਿਖਣ ਤੋਂ ਬਾਅਦ, ਇਕ ਕਹਾਣੀ ਐਸੀ ਲਿਖੀ, ਜਿਸਨੇ ਨਾਵਲ ਦਾ ਹੀ ਰੂਪ ਧਾਰ ਲਿਆ। ਇਸ ਦਾ ਨਾਮ ਸੀ, ‘ਤੁਮ ਲੌਟ ਆਨਾ’। ਇਹ ਨਾਵਲ, ਦੇਵਿੰਦਰ ਜੋਸ਼ੀ ਜੀ ਨੂੰ ਦਿਖਾਇਆ। ਉਨਾਂ ਵੱਲੋਂ ਦਿੱਤੀਆਂ ਸਲਾਹਵਾਂ ਮੁਤਾਬਿਕ ਜਦੋਂ ਦੋਬਾਰਾ ਸੋਧਕੇ ਨਾਵਲ ਲਿਖਿਆ ਤਾਂ ਨਾਵਲ ਦੀ ਸ਼ਕਲ ਸੁਧਰ ਕੇ ਜਾਣੋ ਜੂਨ ਹੀ ਬਦਲ ਗਈ।
ਛੋਟੀਆਂ-ਛੋਟੀਆਂ ਰਚਨਾਵਾਂ ਦੇ ਪੈਰਾਂ ਨਾਲ ਤੁਰਦਾ-ਤੁਰਦਾ ਹੁਣ ਉਨਾਂ ਦੇ ਜਿਹਨ ਵਿਚ ਕਹਾਣੀ ਅਤੇ ਨਾਵਲ ਦੇ ਕੱਦ-ਬੁੱਤ ਦੇ ਮੇਚ ਦੇ ਪੈਰ ਪੁੱਟਣ ਦੀ ਕੋਸ਼ਿਸ਼ ਕਰਦਾ ਇਕ ਲੇਖਕ ਜਨਮ ਲੈ ਚੁੱਕਾ ਸੀ। ਲੁਧਿਆਣਾ ਦੇ ਰੱਖ ਬਾਗ ਵਿਚ ਯਾਰਾ-ਦੋਸਤਾਂ ਦੀ ਲੱਗਦੀ ਮਹਿਫ਼ਲ ਵਿਚ ਕਈ ਦਿਨ ਨਾਵਲ ਦੀ ਚਰਚਾ ਕੀਤੇ ਜਾਣ ਤੋਂ ਬਾਅਦ 1983 ਵਿਚ ਇਕ ਦਿਨ ਦੋਸਤ ਤਿਰਲੋਕੀ ਸਚਦੇਵਾ ਨੇ ਗੱਲਾਂ-ਗੱਲਾਂ ਵਿਚ ਸਿੱਧ-ਸੁਭਾਅ ਹੀ ਸਲੀਮ ਨੂੰ ਕਿਹਾ, ‘ਯਾਰ ਇਹ ਨਾਵਲ ਮੈਨੂੰ ਦੇ ਦੇ।’ ਸਚਦੇਵਾ ਯਾਰ ਸੀ, ਯਾਰ ਨੂੰ ਨਾਂਹ ਕਰਨ ਦਾ ਹੌਸਲਾ ਨਾ ਪਿਆ ਅਤੇ ਨਾਵਲ ਤਿਰਲੋਕੀ ਸਚਦੇਵਾ ਨੂੰ ਦੇ ਦਿੱਤਾ।
1984 ਦਾ ਇਕ ਦਿਨ ਸੁਰਿੰਦਰ ਲਈ ਐਸਾ ਬਹਾਰਾਂ ਭਰਿਆ ਚੜਿਆ, ਜਦੋਂ ‘ਵੀਰ ਪ੍ਰਤਾਪ’ ਅਖ਼ਬਾਰ ਖੋਲਦੇ ਸਾਰ ਹੀ ਪਹਿਲੇ ਸਫੇ ਉਤੇ, ‘ਤੁਮ ਲੌਟ ਆਨਾ’, ਲੜੀਵਾਰ ਰੂਪ ਵਿਚ ਉਸ ਨੂੰ ਪੜਨ ਨੂੰ ਮਿਲਿਆ। ਖੁਸ਼ੀ ਭਰੇ ਉਨਾਂ ਪਲਾਂ ਦੌਰਾਨ ਸੁਰਿੰਦਰ ਸਲੀਮ ਨੂੰ ਸਿਰ ਉਤੇ ਅਸਮਾਨ ਦੇ ਨਾ ਹੋਣ ਦਾ ਅਤੇ ਪੈਰਾਂ ਹੇਠਾਂ ਜਮੀਨ ਦੇ ਨਾ ਹੋਣ ਦਾ ਅਹਿਸਾਸ ਲੱਗ ਰਿਹਾ ਸੀ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਸਲੀਮ ਨੇ ਕਿਹਾ, ‘ਜਦੋਂ ਮੈਂ ਐਮ. ਏ. (ਹਿੰਦੀ) ਕਰ ਰਿਹਾ ਸੀ ਤਾਂ ਮੇਰੇ ਕਾਫੀ ਸਾਥੀ ਅਖ਼ਬਾਰ ਵਿਚ, ‘ਤੁਮ ਲੌਟ ਆਨਾ’ ਦੀ ਕਿਸ਼ਤ ਪੜਕੇ ਆਉੁਂਦੇ ਅਤੇ ਉਹ ਨਾਵਲ ਦੀ ਕਹਾਣੀ ਮੈਨੂੰ ਕਾਲਜ ਆਕੇ ਵੀ ਸੁਣਾਉੁਂਦੇ। ਮੈ ਕਦੀ ਵੀ ਉਨਾਂ ਨੂੰ ਸ਼ੋਅ ਨਹੀ ਸੀ ਕਰਦਾ ਕਿ ਇਸ ਨਾਵਲ ਦਾ ਲੇਖਕ ਮੈਂ ਹੀ ਹਾਂ।
ਪਰ, ਜਦੋਂ ਉਨਾਂ ਨੂੰ ਪਤਾ ਲੱਗਿਆ ਤਾਂ ਉਨਾਂ ਦੀ ਨਜ਼ਰ ਵਿਚ ਮੇਰਾ ਰੁੱਤਬਾ ਜਾਣੋ ਜ਼ਰਰੇ ਤੋਂ ਆਫ਼ਤਾਬ ਵਰਗਾ ਹੋ ਗਿਆ। ਇਹ ਨਾਵਲ ਲਗਾਤਾਰ ਡੇਢ ਸਾਲ ਤੱਕ ਹਰ ਹਫਤੇ ਛਪਦਾ ਰਿਹਾ। ਪਾਠਕਾਂ/ ਪ੍ਰਸ਼ੰਸ਼ਕਾਂ ਦੇ ਰੋਜਾਨਾ 10-10 ਆਉੁਂਦੇ ਖਤ ਮੇਰੇ ਹੌਸਲੇ ਬੁਲੰਦ ਕਰਦੇ ਗਏ ਅਤੇ ਮੈਂ ਨਿੱਤ ਨਵੇ ਤੋਂ ਨਵਾਂ ਲਿਖਣ ਦੀ ਕੋਸ਼ਿਸ਼ ਕਰਦਾ ਰਿਹਾ।’
ਐਮ. ਏ (ਹਿੰਦੀ) ਕਰਨ ਬਾਅਦ ਸੁਰਿੰਦਰ ਨੇ ਐਮ. ਫਿਲ ਕਰਨ ਲਈ ਆਸਪਾਸ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਫਾਰਮ ਭਰਕੇ ਭੇਜੇ, ਪਰ ਕਿੱਧਰੇ ਵੀ ਸੀਟ ਨਾ ਮਿਲ ਸਕੀ। ਫਿਰ ਉਸ ਨੇ ਪੰਜਾਬ ਯੁਨੀਵਰਸਿਟੀ, ਚੰਡੀਗੜ ਵਿਚ ਗੁਰੂ ਰਵੀਦਾਸ ਜੀ ਦੀ ਬਾਣੀ ਉਪਰ ਪੀ-ਐਚ. ਡੀ ਕਰਨ ਲਈ ਦਾਖਲਾ ਲੈ ਲਿਆ। ਪਰ, ਉਸੇ ਹੀ ਦੌਰਾਨ ਉਨਾਂ ਦੀ ਵੱਡੀ ਭੈਣ ਦਾ ਇੰਗਲੈਡ ਤੋਂ ਫੋਨ ਆ ਗਿਆ ਕਿ ਪੇਪਰ ਜਲਦੀ ਤਿਆਰ ਕਰੋ। ਗੱਲ ਕੀ, ਫਿਰ 6 ਅਕਤੂਬਰ, 1986 ਨੂੰ ਸਾਰਾ ਕੁਝ ਵਿਚ-ਵਿਚਾਲੇ ਛੱਡਕੇ ਉਹ ਇੰਗਲੈਡ ਚਲਾ ਗਿਆ।
ਯੁ. ਕੇ. ਇੰਗਲੈਡ ਦੀ ਰੰਗੀਲੀ ਦੁਨੀਆ : ਇਕ ਜਿੰਦਾ ਧਰਤੀ : ਜਿੱਥੇ ਬਸ ਐਸ਼-ਹੀ-ਐਸ਼ ਸੁਣੀ ਸੀ, ਉਥੇ ਅੱਪੜਕੇ ਪਤਾ ਲੱਗਿਆ ਕਿ ਕਿਸ ਭਾਅ ਵਿਕਦੀ ਹੈ। ਉਹ ਤਾਂ ਕੁਝ ਦਿਨਾਂ ਲਈ ਸੈਰ-ਸਪਾਟਾ ਕਰਨ ਦੇ ਮੂਡ ‘ਚ ਹੀ ਗਿਆ ਸੀ। ਸੁਪਨਾ ਤਾਂ ਉਸਦਾ ਪੀ-ਐਚ ਡੀ. ਕਰਨ ਉਪਰੰਤ ਨੌਕਰੀ ਕਰਨ ਦਾ ਸੀ : ਆਪਣਾ ਸਾਹਿਤਕ ਸਫਰ ਜਾਰੀ ਰੱਖਦਿਆਂ ਵੱਡਾ ਲੇਖਕ ਬਣਨੇ ਦਾ ਸੀ। ਪਰ, ਕਿਸਮਤ ਵਿਚ ਕੀ ਲਿਖਿਆ ਸੀ, ਇਹ ਤਾਂ ਓਸ ਉਪਰ ਵਾਲੇ ਲਿਖਣਹਾਰ ਨੂੰ ਹੀ ਪਤਾ ਸੀ। ਉਹਨੀ ਦਿਨੀਂ ਇੰਡੀਆ ਤੋ ਜਾਣ ਵਾਲੇ ਲੋਕਾਂ ਲਈ ਵੀਜਾ ਇੰਗਲੈਡ ਜਾ ਕੇ ਏਅਰਪਰਟ ਤੇ ਹੀ ਮਿਲਦਾ ਸੀ। ਬਸ ਟਿਕਟ ਲਓ ਤੇ ਇੰਗਲੈਡ ਪਹੁੰਚ ਜਾਓ। ਸੁਰਿੰਦਰ ਨੇ ਵੀ ਐਸਾ ਹੀ ਕੀਤਾ ਸੀ। ਫਿਰ, ਤੀਜੇ ਕੁ ਦਿਨ ਟੀ. ਵੀ. ਉਤੇ ਖਬਰਾਂ ਆਈਆਂ ਕਿ 15 ਅਕਤੂਬਰ 1986 ਤੋਂ ਬਾਅਦ ਜੋ ਵੀ ਇੰਡੀਆ ਤੋਂ ਇੰਗਲੈਡ ਆਵੇਗਾ ਉਹ ਵੀਜਾ ਇੰਡੀਆ ਤੋਂ ਹੀ ਲੈਕੇ ਆਵੇਗਾ। ਇਸ ਤਰਾਂ ਸਲੀਮ ਬੜਾ ਖੁਸ਼-ਕਿਸਮਤ ਨਿਕਲਿਆ ਜਿਹੜਾ ਕਿ ਇੰਗਲੈਡ ਅਸਾਨੀ ਨਾਲ ਪੁੱਜ ਗਿਆ।
ਇੰਡੀਆ ਦਾ ਸਹਿਜਾਦਾ ਇੰਗਲੈਡ ਦੀ ਧਰਤ ਉਤੇ ਵੱਖ-ਵੱਖ ਫੈਕਟਰੀਆਂ, ਦੁਕਾਨਾਂ ਅਤੇ ਬਿਲਡਰਾਂ ਕੋਲ ਮਜਦੂਰੀ ਕਰਨ ਲੱਗਿਆ ਤਾਂ ਹਫਤੇ ਵਿਚ ਹੀ ਲਕੀਰਾਂ ਨਿਕਲ ਗਈਆਂ। ਰੋਣਹਾਕਾ ਹੋ ਕੇ ਵਾਪਿਸ ਇੰਡੀਆ ਲਈ ਤਿਆਰ ਹੋ ਗਿਆ। ਭੈਣ ਤੇ ਜੀਜੇ ਨੇ ਵੀ ਅੱਗੋਂ ਸੌ ਨਾਲ ਦੀ ਇਕੋ ਹੀ ਆਖ ਸੁਣਾਈ ਕਿ ਇਕ ਗੱਲ ਯਾਦ ਰੱਖੀਂ, ਸਾਨੂੰ ਫਿਰ ਕਦੀ ਨਾ ਕਹਿਣਾ ਕਿ ਇੰਡੀਆ ਵਿਚ ਗਰੀਬੀ ਹੈ, ਮੇਰੀ ਮਦਦ ਕਰੋ। ਫਿਰ ਨਾ ਤਾਂ ਤੇਰੇ ਲਈ ਅਸੀ ਕੁਝ ਕਰ ਸਕਾਂਗੇ ਅਤੇ ਨਾ ਹੀ ਸਾਥੋਂ ਆਸ-ਉਮੀਦ ਰੱਖੀਂ।
ਮੁਲਾਕਾਤ ਦੌਰਾਨ ਸਲੀਮ ਨੇ ਕਿਹਾ, ‘ਜਿਸ ਇੰਗਲੈਡ ਨੂੰ ਲੋਕ ਮਿੱਠੀ ਜੇਲ ਵੀ ਕਹਿੰਦੇ ਹਨ, ਭੈਣ ਅਤੇ ਜੀਜਾ ਜੀ ਦੀ ਕੋਰੀ-ਕਰਾਰੀ ਸੁਣ ਕੇ ਮੈਂ ਵੀ ਸਭ ਕੁਝ ਸਹਿਣਾ ਸਿੱਖ ਲਿਆ ਅਤੇ ਮੈਂ ਵੀ ਉਸ ਮਿੱਠੀ ਜੇਲ ਦਾ ਕੈਦੀ ਬਣ ਕੇ ਰਹਿ ਗਿਆ। ਭੁੱਲ ਗਿਆ ਗੀਤ-ਕਵਿਤਾਵਾਂ ਅਤੇ ਨਾਵਲ ਲਿਖਣੇ। ਨਾਵਲਾਂ-ਕਹਾਣੀਆਂ ਦੇ ਸਾਰੇ ਪਲਾਟ ਭੁੱਲ ਗਏ। ਸਾਰੇ ਪਾਤਰ ਗੁਆਚ ਗਏ। ਲਫ਼ਜ ਸਾਰੇ ਰੁੱਸ ਗਏ। ਮੈਂ ਇਕ ਕਵੀ, ਕਹਾਣੀਕਾਰ ਅਤੇ ਨਾਵਲਕਾਰ ਤੋਂ ਡਿੱਗ ਕੇ ਇਕ ਆਮ ਆਦਮੀ ਬਣਕੇ ਰਹਿ ਗਿਆ, ਰੋਜੀ-ਰੋਟੀ ਲਈ ਜੱਦੋ-ਜਹਿਦ ਕਰਦਾ ਹੋਇਆ।’
ਦਿਨ ਬੀਤਦੇ ਗਏ। ਅਹਿਸਾਸ ਦੇ ਪਰਿੰਦੇ, ਸੋਚਾਂ ਦੇ ਫੁੱਲ, ਖਿਆਲਾਂ ਦੀ ਉਹ ਦੁਨੀਆਂ, ਜੋ ਇੰਡੀਆ ਵਿਚ ਹੁੰਦੇ ਹੋਏ ਹਰ ਪਲ, ਹਰ ਘੜੀ ਸਲੀਮ ਦੇ ਆਸਪਾਸ ਰਹਿੰਦੇ ਸਨ, ਪਤਾ ਹੀ ਨਹੀ ਲੱਗਾ ਕਿੱਥੇ ਉਡਾਰੀ ਮਾਰ ਚਲੇ ਗਏ। ਬਸ, ਹੁਣ ਤਾਂ ਸਿਰਫ ਵਕਤ ਦਾ ਪਰਿੰਦਾ ਹੀ ਉਸ ਦੇ ਮੂਹਰੇ ਉਡਦਾ ਜਾ ਰਿਹਾ ਸੀ। ਇਕ ਫੈਕਟਰੀ ਜਿੱਥੇ ਉਨਾਂ ਨੇ ਟਿਕ ਕੇ ਚਾਰ ਪੰਜ ਸਾਲ ਕੰਮ ਕੀਤਾ, ਉਥੇ ਕੁਝ ਕਵਿਤਾਵਾਂ ਵੀ ਲਿਖੀਆਂ। ਉਹਨੀ ਹੀ ਦਿਨੀ ਸਾਊਥ ਹਾਲ (ਮਿੰਨੀ ਪੰਜਾਬ) ਤੋਂ ਦੋ ਪੇਪਰ ਛਪਦੇ ਸਨ, ‘ਅਮਰਦੀਪ’ ਪੇਪਰ ਹਿੰਦੀ ਵਿਚ ਅਤੇ ‘ਪੰਜਾਬ ਟਾਈਮਜ’, ਪੰਜਾਬੀ ਵਿਚ। ਉਨਾਂ ਵਿਚ ਕੁਝ ਕਵਿਤਾਵਾਂ, ਗੀਤ ਅਤੇ ਕਹਾਣੀਆਂ ਛਪੀਆਂ। ਕੋਰਾ ਸੱਚ ਇਹ ਸੀ ਕਿ ਬਾਰਾਂ-ਬਾਰਾਂ ਘੰਟੇ ਦੀ ਡਿਉਟੀ ਤੋਂ ਬਾਅਦ ਨਾ ਲਿਖਣ ਨੂੰ ਟਾਈਮ ਮਿਲਦਾ ਸੀ ਅਤੇ ਨਾ ਹੀ ਕੁਝ ਸੋਚਣ ਨੂੰ। ਪਰ, ਇਸ ਦੇ ਬਾਵਜੂਦ ਫਿਰ ਵੀ ਜਿਹਨ ‘ਚ ਛੁਪਿਆ ਬੈਠਾ ਲੇਖਕ ਉਸ ਦੀ ਨੀਂਦ ਹਰਾਮ ਕਰੀ ਰੱਖਦਾ। ਨਤੀਜਨ, ‘ਪਹਿਲੀ ਝੜੀ’, ‘ਤੁਮ ਲੌਟ ਆਨਾ’ ਅਤੇ ‘ਪਹਿਲੀ ਉਡਾਣ’ ਤੋਂ ਬਾਅਦ ਹੁਣ ਸੁਰਿੰਦਰ ਸਲੀਮ ਦੀ ਪੁਸਤਕ, ‘ਕਹਿਕਸਾਂ’ (ਹਿੰਦੀ), ਹਰਪਿੰਦਰ ਰਾਣਾ ਅਤੇ ਮੈਡਮ ਮੀਨਾਕਸ਼ੀ ਮਨਹਰ ਦੀ ਅਗਵਾਈ ਹੇਠ ਉਨਾਂ ਦੀ ਸਾਹਿਤ ਸਭਾ, ‘ਸੁਖਨ ਸੁਨੇਹੇ’ ਵਿਚ ਲੋਕ-ਅਰਪਣ ਕੀਤੀ ਗਈ ਹੈ, ਜਿਸ ਵਿਚ ਉਚੇਚੇ ਤੌਰ ਤੇ ਸਲੀਮ ਜੀ ਵੀ ਹਾਜ਼ਰ ਸਨ। ਇਸ ਉਪਰੰਤ ਅਗਲੀ ਪੁਸਤਕ ਦਾ ਉਪਰਾਲਾ ਵੀ ਅੰਤਮ ਪੜਾਅ ਵਿਚ ਹੈ ਅਤੇ ਜਲਦੀ ਹੀ ਉਹ ਵੀ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਈ ਜਾ ਰਹੀ ਹੈ।
ਸਲੀਮ ਨੇ ਕਿਹਾ, ‘ਜਿੰਦਗੀ ਦੇ ਇਸ ਸਾਹਿਤਕ ਸਫਰ ਵਿਚ ਤ੍ਰਿਲੋਕੀ ਸਚਦੇਵਾ, ਰਾਹੁਲ ਸਚਦੇਵਾ, ਪ੍ਰੋ ਦਵਿੰਦਰ ਜੋਸ਼ੀ, ਧਰਮਪਾਲ ਰਾਣਾ, ਵਿਜੇ ਕੁਮਾਰ, ਹਰਪਿੰਦਰ ਰਾਣਾ, ਮੀਨਾਕਸ਼ੀ ਮਨਹਰ , ਪ੍ਰਿੰ: ਨਿਰੰਜਣ ਸਿੰਘ ਢਿੱਲੋਂ, ਮਹਿੰਦਰ ਦਿਲਬਰ ਅਤੇ ਡਾ. ਰਤਨ ਰੀਹਲ ਜਿਹੇ ਮੇਰੇ ਹਮਸਫਰ ਰਹੇ, ਜਿਨਾਂ ਸਭਨਾਂ ਦਾ ਮੈਂ ਤਹਿ ਦਿਲੋਂ ਰਿਣੀ ਹਾਂ।’
ਸ਼ਾਲਾ ! ਕਲਮ ਅਤੇ ਆਪਣੀ ਜਨਮ-ਭੂਮੀ ਨਾਲ ਅੰਤਾਂ ਦਾ ਮੋਹ ਪਾਲ ਰਹੇ ਸੁਰਿੰਦਰ ਸਲੀਮ ਦੇ ਸੁਪਨਿਆਂ ਨੂੰ ਐਸਾ ਭਰਵਾਂ ਬੂਰ ਪਵੇ ਕਿ ਇਹ ਕਲਮ ਸਾਹਿਤ ਅਤੇ ਸਮਾਜ ਲਈ ਚਾਨਣ-ਮੁਨਾਰਾ ਹੋ ਨਿੱਬੜੇ ! ਆਮੀਨ !

ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਸੁਰਿੰਦਰ ਸਲੀਮ, ਇੰਗਲੈਡ (ਯੂ. ਕੇ ) (00447472660258)

Share Button

Leave a Reply

Your email address will not be published. Required fields are marked *