ਪੈਸਾ ਬਹੁਤ ਕੁੱਝ ਹੈ,ਸੱਭ ਕੁੱਝ ਨਹੀਂ

ਪੈਸਾ ਬਹੁਤ ਕੁੱਝ ਹੈ,ਸੱਭ ਕੁੱਝ ਨਹੀਂ

ਪੈਸੇ ਨੇ ਦੁਨੀਆ ਐਸੀ ਗੱਧੀ ਗੇੜ ਪਾਈ ਹੈ ਕਿ ਇਸਦੇ ਬਗੈਰ ਹੋਰ ਕੁੱਝ ਸੋਚਣ ਸਮਝਣ ਦਾ ਵਕਤ ਵੀ ਨਹੀਂ ਤੇ ਲੋਕ ਇਸ ਬਗੈਰ ਹੋਰ ਕਿਸੇ ਦੇ ਬਾਰੇ ਸੋਚਣਾ ਜ਼ਰੂਰੀ ਹੀ ਨਹੀਂ ਸਮਝਦੇ।ਪੈਸੇ ਬਗੈਰ ਸੱਚੀ ਗੁਜ਼ਾਰਾ ਨਹੀਂ, ਵਕਤ ਦੇ ਬਦਲ ਜਾਣ ਕਰਕੇ ਹੁਣ ਤਾਂ ਸਵਾਹ ਵੀ ਮੁੱਲ ਵਿਕਦੀ ਹੈ।ਪੈਸੇ ਕਮਾਉਣਾ ਜ਼ਰੂਰੀ ਹੈ ਘਰ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ।ਪਰ ਸਵਾਲ ਏਹ ਹੈ ਕਿ ਇਹ ਕਿਵੇਂ ਤਹਿ ਹੋਏਗਾ ਕਿ ਏਹ ਜ਼ਰੂਰਤ ਹੈ।ਵਕਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਗਈਆਂ ਤੇ ਜ਼ਰੂਰਤਾਂ ਦੀ ਪ੍ਰੀਭਾਸ਼ਾ ਵੀ ਬਦਲ ਗਈ।ਹੁਣ ਸਧਾਰਨ ਜ਼ਿੰਦਗੀ ਜਿਉਣ ਵਾਲੇ ਨੂੰ ਇਜ਼ੱਤ ਦੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ।ਜਿਸ ਤਰ੍ਹਾਂ ਦੀ ਜ਼ਿੰਦਗੀ ਲੋਕ ਜਿਉ ਰਹੇ ਨੇ ਉਹ ਫੁਕਰੇਪਣ ਵਾਲੀ ਤੇ ਜਾਅਲੀ ਜਿਹੀ ਹੈ।ਸਿਡਨੀ ਜੇ ਹੈਰਸ ਅਨੁਸਾਰ,”ਮਨੁੱਖ ਜਾਅਲੀ ਨਕਦੀ ਬਣਾਉਂਦੇ ਹਨ ਪਰ ਜ਼ਿਆਦਾਤਰ ਹਾਲਾਤ ਵਿੱਚ ਦੌਲਤ ਮਨੁੱਖ ਨੂੰ ਜਾਅਲੀ ਬਣਾਉਂਦੀ ਹੈ”ਜਦੋਂ ਮਨੁੱਖ ਏਹ ਭਰਮ ਪਾਲ ਲਵੇ ਕਿ ਮੇਰੇ ਕੋਲ ਬਹੁਤ ਪੈਸਾ ਹੈ ਤੇ ਮੈ ਸੱਭ ਤੋਂ ਬੇਹਤਰ ਹਾਂ ਤਾਂ ਉਹ ਹਕੀਕਤ ਤੋਂ ਦੂਰ ਜਾ ਰਿਹਾ ਹੁੰਦਾ ਹੈ ਤੇ ਸਮਝੋ ਉਹ ਨਕਲੀ ਜਿੰਦਗੀ ਜਿਉ ਰਿਹਾ ਹੈ।ਇਸ ਨਾਲ ਉਹ ਆਪਣੇ ਆਪ ਨੂੰ ਦੂਸਰਿਆਂ ਤੋਂ ਵੱਖਰਾ ਤੇ ਅਲੱਗ ਸਮਝਣ ਲੱਗ ਜਾਂਦਾ ਹੈ।ਉਸ ਵਿੱਚ “ਮੈਂ”ਆ ਜਾਂਦੀ ਹੈ।ਪੈਸੇ ਨੇ ਤੇਰੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ,ਏਹ ਤੇਰੀਆਂ ਆਪਣੀਆਂ ਵਧਾਈਆਂ ਹੋਈਆਂ ਨੇ, ਤੇਰੇ ਹਿਸਾਬ ਨਾਲ ਉਹ ਸੱਭ ਜ਼ਰੂਰਤ ਹੋਏਗਾ, ਕਿਸੇ ਦੂਸਰੇ ਵਾਸਤੇ ਉਹ ਮਹਿੰਗੀ ਜਾਂ ਬਹੁਤ ਮਹਿੰਗੀ ਚੀਜ਼ ਹੋਏਗੀ।ਬਹੁਤੀ ਵਾਰ ਜਾਅਲੀ ਜ਼ਿੰਦਗੀ ਜਿਉਣ ਵਾਲਾ ਆਪ ਇੰਨਾ ਜਾਅਲੀ ਹੋ ਜਾਂਦਾ ਹੈ ਕਿ ਉਸ ਨੂੰ ਅਸਲੀ ਬੰਦੇ ਤੇ ਰਿਸ਼ਤੇ ਦੀ ਪਹਿਚਾਣ ਹੀ ਨਹੀਂ ਰਹਿੰਦੀ।ਪੈਸੇ ਨੂੰ ਉਨੀ ਹੀ ਅਹਿਮੀਅਤ ਦਿਉ ਜਿਸ ਨਾਲ ਰਿਸ਼ਤੇ ਜਾਅਲੀ ਨਾ ਹੋ ਜਾਣ।ਪੈਸਾ ਬਹੁਤ ਕੁਝ ਤਾਂ ਹੋ ਸਕਦਾ ਹੈ ਸੱਭ ਕੁਝ ਨਹੀਂ ਹੋ ਸਕਦਾ।
    ਪੈਸਾ ਚਾਹੀਦਾ ਹੈ ਬੱਚੇ ਦੀ ਪੜ੍ਹਾਈ ਵਾਸਤੇ,ਉਸ ਨੂੰ ਵਧੀਆ ਸਕੂਲ ਵਿੱਚ ਦਾਖਿਲਾ ਮਿਲ ਜਾਣ ਵਾਸਤੇ ਪੈਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ,ਕਿਤਾਬਾਂ, ਕਪੜੇ ਤੇ ਹੋਰ ਸਮਾਨ ਖਰੀਦ ਕੇ ਦਿੱਤਾ ਜਾ ਸਕਦਾ ਹੈ ਪਰ ਬੱਚੇ ਨੂੰ ਪੜ੍ਹਨਾ ਤਾਂ ਪਵੇਗਾ, ਉਸਦੀ ਆਪਣੀ ਰੁਚੀ ਹੋਣੀ ਵੀ ਜ਼ਰੂਰੀ ਹੈ,ਉਹ ਪੈਸੇ ਨਾਲ ਨਾ ਖਰੀਦੀ ਜਾ ਸਕਦੀ ਹੈ ਤੇ ਨਾ ਹੀ ਪੈਦਾ ਕੀਤੀ ਜਾ ਸਕਦੀ ਹੈ।ਮੈਂ ਇੱਕ ਅਜਿਹੇ ਪਰਿਵਾਰ ਨੂੰ ਜਾਣਦੀ ਹਾਂ ਜਿੰਨਾ ਨੇ ਆਪਣੀ ਇੱਕਲੌਤੀ ਬੇਟੀ ਨੂੰ ਡਾਕਟਰ ਬਣਾਉਣ ਵਾਸਤੇ, ਦਾਖਲੇ ਵਾਸਤੇ ਬਹੁਤ ਸਾਰਾ ਪੈਸਾ ਲਗਾ ਦਿੱਤਾ ਪਰ ਬੇਟੀ ਨੇ ਨਾ ਮਿਹਨਤ ਕੀਤੀ, ਨਾ ਉਸ ਪੈਸੇ ਦੀ ਕਦਰ ਕੀਤੀ ਤੇ ਡਾਕਟਰੀ ਦੀ ਪੜ੍ਹਾਈ ਛੇ ਮਹੀਨਿਆ ਦੇ ਅੰਦਰ ਹੀ ਛੱਡਕੇ ਘਰ ਆ ਗਈ।ਪੈਸੇ ਨੇ ਦਾਖਲਾ ਤਾਂ ਦਵਾ ਦਿੱਤਾ ਪਰ ਡਾਕਟਰ ਬਣਨ ਵਾਲੀ ਰੁਚੀ ਨਹੀਂ ਪੈਦਾ ਕਰ ਸਕਿਆ।ਸਿੱਧੇ ਜਿਹੇ ਹਿਸਾਬ ਨਾਲ ਕਹਿ ਸਕਦੇ ਹਾਂ ਇਸ ਤੋਂ ਕਿ ਪੈਸਾ ਬਹੁਤ ਕੁਝ ਤਾਂ ਹੋ ਸਕਦਾ ਹੈ ਸੱਭ ਕੁਝ ਨਹੀਂ ਹੋ ਸਕਦਾ।
ਕਿਸੇ ਵੀ ਘਰ ਵਿੱਚ ਪੈਸੇ ਤੋਂ ਬਗੈਰ ਡੰਗ ਨਹੀਂ ਟਪਾਇਆ ਜਾ ਸਕਦਾ।ਆਟਾ, ਦਾਲ,ਦੁੱਧ ਸਬਜ਼ੀ ਸੱਭ ਚਾਹੀਦਾ ਹੈ,ਪਰ ਕੀ ਜਿੰਨੀ ਰਿਸ਼ਵਤ ਵਾਸਤੇ ਮੂੰਹ ਖੁੱਲੇ ਹੋਏ ਹਨ,ਇੰਨੀ ਨਾਲ ਰਾਸ਼ਨ ਆਉਂਦਾ ਹੈ,ਏਹ ਤਾਂ ਬੇਇਮਾਨੀ ਨਾਲ ਪੈਸੇ ਇੱਕਠੇ ਕਰਨਾ ਹੈ।ਬੇਇਮਾਨੀ ਨਾਲ ਲਏ ਪੈਸੇ ਜ਼ਰੂਰਤਾਂ ਪੂਰੀਆਂ ਨਹੀਂ ਕਰਦਾ ਸਗੋਂ ਜ਼ਰੂਰਤਾਂ ਤੋਂ ਹੱਟਕੇ ਗਲਤ ਰਸਤੇ ਵੱਲ ਲੈ ਤੁਰਦੇ ਹਨ।ਸੱਭ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਦਫਤਰ ਵਿੱਚ ਕੌਣ ਰਿਸ਼ਵਤ ਲੈਕੇ ਸਾਰੇ ਕੰਮ ਕਰਾ ਸਕਦਾ ਹੈ।ਲੋਕਾਂ ਨੇ ਕੰਮ ਕਰਵਾਉਣਾ ਹੁੰਦਾ ਹੈ,ਉਨ੍ਹਾਂ ਨੂੰ ਰਿਸ਼ਵਤ ਦੇਣ ਵਾਸਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ।ਜੋ ਵੀ ਰਿਸ਼ਵਤ ਦੇਂਦਾ ਹੈ ਜੋ ਰਿਸ਼ਵਤਖੋਰਾਂ ਲਈ ਲਫਜ਼ ਵਰਤਦਾ ਹੈ,ਕਿਧਰੇ ਨਾ ਕਿਧਰੇ ਰਿਸ਼ਵਤ ਲੈਣ ਵਾਲਿਆਂ ਨੂੰ ਵੀ ਪਤਾ ਹੁੰਦੇ ਹਨ।ਏਹ ਪੈਸੇ ਵਿਖਾਵਾ ਤਾਂ ਕਰਨ ਵਿੱਚ ਤਾਂ ਸਹਾਈ ਹੋ ਸਕਦਾ ਹੈ,ਇੱਜ਼ਤ ਬਣਾਉਣ ਵਿੱਚ ਨਹੀਂ।ਮਹਾਤਮਾ ਗਾਂਧੀ ਨੇ ਕਿਹਾ ਸੀ,”ਬੇਇਮਾਨੀ ਨਾਲ ਧੰਨ ਇਕੱਠਾ ਕਰਨ ਦੀ ਬਜਾਏ ਮੈਂ ਗਰੀਬ ਰਹਿਣਾ ਪਸੰਦ ਕਰਦਾ ਹਾਂ।”ਸਹੀ ਜਿਸ ਧੰਨ ਨਾਲ ਇਜ਼ੱਤ ਹੀ ਨਹੀਂ ਉਸ ਰੁਪਏ ਪੈਸੇ ਤੇ ਉਸ ਨਾਲ ਬਣਾਈ ਜਾਇਦਾਦ ਦਾ ਕੀ ਫਾਇਦਾ।ਇਮਾਨਦਾਰ ਹੋ ਪਰ ਗਰੀਬ ਹੋ ਤਾਂ ਵੀ ਇਜ਼ੱਤ ਹੋਏਗੀ।ਪੈਸੇ ਨਾਲ ਅਸਲੀ ਇਜ਼ੱਤ ਹੋਏ ਏਹ ਜ਼ਰੂਰੀ ਨਹੀਂ।
ਜਦੋਂ ਪੈਸਾ ਸਿਰ ਚੜ੍ਹ ਬੋਲਦਾ ਹੈ ਤਾਂ ਹੰਕਾਰ ਨਾਲ ਬੰਦਾ ਆਪਣੇ ਆਪਨੂੰ ਰੱਬ ਸਮਝਣ ਲੱਗ ਜਾਂਦਾ ਹੈ।ਏਹ ਬਦਕਿਸਮਤੀ ਦੀ ਨਿਸ਼ਾਨੀ ਹੈ।ਵਾਲ ਟੇਅਰ ਨੇ ਲਿਖਿਆ ਹੈ,”ਉਹ ਭਾਗਾਂ ਵਾਲਾ ਹੈ ਜਿਸਦੀ ਮਾਇਆ ਗੁਲਾਮ ਹੈ ਅਤੇ ਅਭਾਗਾ ਉਹ ਹੈ ਜੋ ਮਾਇਆ ਦਾ ਗੁਲਾਮ ਹੈ।”ਪੈਸੇ ਦੀ ਗੁਲਾਮੀ ਗਲਤ ਕੰਮ ਕਰਵਾਉਂਦੀ ਹੈ।ਪੈਸੇ ਦੀ ਭੁੱਖ ਹਰ ਕਿਸੇ ਦੇ ਹੱਕ ਨੂੰ ਖੋਹਣ,ਪੈਸੇ ਦੇ ਜ਼ੋਰ ਤੇ ਆਪਣਾ ਬਣਾਉਣ ਦੀ ਗੰਦੀ ਸੋਚ ਨੂੰ ਵੀ ਜਨਮ ਦੇਂਦੀ ਹੈ।ਜਦੋਂ ਝੂਠ ਬੋਲਕੇ ਤੇ ਗਲਤ ਤਰੀਕੇ ਨਾਲ ਪੈਸੇ ਤੇ ਜਾਇਦਾਦ ਹਥਿਆਈ ਹੁੰਦੀ ਹੈ,ਕੁਦਰਤ ਹਿਲਾਉਂਦੀ ਹੈ ਉਸ ਬੰਦੇ ਨੂੰ, ਪਰ ਹੰਕਾਰ ਕਰਕੇ ਉਹ ਸਮਝਦਾ ਹੀ ਨਹੀਂ।ਹਾਂ ਪ੍ਰੇਸ਼ਾਨ ਹੁੰਦਾ ਜ਼ਰੂਰ ਹੈ ਪਰ ਮੰਨਦਾ ਨਹੀਂ।ਸੇਖ ਸਾਅਦੀ ਨੇ ਬਹੁਤ ਵਧੀਆ ਕਿਹਾ ਹੈ,”ਉਸ ਮਨੁੱਖ ਦਾ ਚਿੱਤ ਕਦੇ ਪ੍ਰਸੰਨ ਨਹੀਂ ਹੋ ਸਕਦਾ, ਜਿਸਨੇ ਪੈਸੇ ਲਈ ਇਮਾਨ ਵੇਚ ਦਿੱਤਾ ਹੈ।”ਇਮਾਨ ਵੇਚਕੇ ਜਿਉਣਾ, ਰੋਜ਼ ਮਰਨਾ ਹੁੰਦਾ ਹੈ।ਪੈਸੇ ਬਿੰਨਾ ਗੁਜ਼ਾਰਾ ਨਹੀਂ ਪਰ ਉਹ ਇੰਨਾ ਵੀ ਮਹੱਤਵਪੂਰਨ ਨਹੀਂ ਕਿ ਰਿਸ਼ਤੇ ਵੀ ਪੈਸੇ ਦੀ ਭੇਂਟ ਚੜ੍ਹ ਜਾਣ,ਦੇਸ਼ ਘਪਲਿਆਂ ਤੇ ਸਕੈਂਡਲਾ ਵਿੱਚ ਫੱਸਕੇ ਗਿਰਾਵਟ ਵੱਲ ਦੌੜ ਪਵੇ।ਪੈਸੇ ਤਾਂ ਮਰਨ ਤੋਂ ਬਾਦ ਕਫ਼ਨ ਲਈ ਵੀ ਚਾਹੀਦਾ ਹੈ ਪਰ ਉਸ ਨੂੰ ਜੇਬ ਨਹੀਂ ਲਗਾਉਂਦੇ।ਕੁਝ ਵੀ ਨਾਲ ਨਹੀਂ ਜਾਣਾ।ਅਰਵਿੰਦ ਨੇ ਕਿਹਾ ਹੈ,”ਦਫਨ ਕਰਨ ਲਈ ਦੋ ਗਜ਼ ਜ਼ਮੀਨ ਤੋਂ ਜ਼ਿਆਦਾ ਆਦਮੀ ਨੂੰ ਹੋਰ ਕੀ ਚਾਹੀਦਾ ਹੈ।ਪਰ ਮਾਇਆ ਦੇ ਮੋਹ ਨੇ ਉਸਨੂੰ ਸਵਾਰਥੀ ਬਣਾ ਰੱਖਿਆ ਹੈ।”ਪੈਸਾ ਬਹੁਤ ਕੁਝ ਹੈ ਪਰ ਸੱਭ ਕੁਝ ਨਹੀਂ ਹੈ।ਧਨੀ ਬੰਦਾ ਵਾਲ ਟੇਅਰ ਮੁਤਾਬਿਕ ਉਹ ਹੈ,”ਉਹ ਵਿਅਕਤੀ ਕਿਸਮਤ ਦਾ ਧਨੀ ਕਿਹਾ ਜਾ ਸਕਦਾ ਹੈ ਜਿਸ ਦੀ ਗੁਲਾਮੀ ਧੰਨ ਕਰਦਾ ਹੈ।”

Prabhjot Kaur Dillon

Contact No. 9815030221

Share Button

Leave a Reply

Your email address will not be published. Required fields are marked *

%d bloggers like this: