ਪੈਲਿਸ ਵਿਚ ਚੱਲੀ ਗੋਲੀ ਨਾਲ 14 ਸਾਲਾਂ ਲੜਕੇ ਦੀ ਬਚੀ ਜਾਨ, ਗੋਲੀ ਲੱਤ ਨੂੰ ਲੱਗੀ
ਪੈਲਿਸ ਵਿਚ ਚੱਲੀ ਗੋਲੀ ਨਾਲ 14 ਸਾਲਾਂ ਲੜਕੇ ਦੀ ਬਚੀ ਜਾਨ, ਗੋਲੀ ਲੱਤ ਨੂੰ ਲੱਗੀ
ਜੰਡਿਆਲਾ ਗੁਰੂ 18 ਜਨਵਰੀ ਵਰਿੰਦਰ ਸਿੰਘ :- ਪੰਜਾਬੀ ਵਿਆਹਾਂ ਵਿਚ ਆਏ ਦਿਨ ਕੋਈ ਨਾ ਕੋਈ ਗੋਲੀ ਕਾਂਡ ਸੁਣਨ ਨੂੰ ਮਿਲ ਰਿਹਾ ਹੈ ਜਿਸਦੇ ਚਲਦੇ ਪ੍ਰਸ਼ਾਸ਼ਨ ਨੇ ਵੀ ਪੈਲਿਸਾਂ ਵਿਚ ਕਿਸੇ ਕਿਸਮ ਦਾ ਹਥਿਆਰ ਲੈਕੇ ਜਾਣ ਦੀ ਮੁਕੰਮਲ ਪਾਬੰਦੀ ਵੀ ਲਗਾਈ ਹੋਈ ਹੈ । ਪਰ ਫਿਰ ਵੀ ਕੁਝ ਭੜਕਾਊ ਗਾਣਿਆਂ ਤੇ ਜੋਸ਼ ਜੋਸ਼ ਵਿਚ ਨੌਜਵਾਨ ਗੋਲੀ ਚਲਾਉਣਾ ਆਪਣਾ ਸ਼ੋਂਕ ਸਮਝ ਰਹੇ ਹਨ ਅਤੇ ਸੋਸਾਇਟੀ ਵਿਚ ਆਪਣਾ ਦਬਦਬਾ ਬਣਾਈ ਰੱਖਣ ਲਈ ਪ੍ਰਸ਼ਾਸ਼ਨ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਸ਼ਰੇਆਮ ਕਿਸੇ ਦੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪੈਲਿਸ ਵਿਚ ਗੋਲੀਆਂ ਚਲਾ ਰਹੇ ਹਨ । ਅਜਿਹੀ ਹੀ ਇਕ ਘਟਨਾ ਦੇਰ ਸ਼ਾਮ ਜੰਡਿਆਲਾ ਗੁਰੂ ਤਰਨਤਾਰਨ ਬਾਈਪਾਸ ਤੇ ਸਥਿਤ ਜੈ ਰਿਸੋਰਟ ਵਿਚ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਤਲਾਵਾਂ ਤੋਂ ਇਕ ਸ਼ਗਨ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਸਮਾਗਮ ਦੀ ਸਮਾਪਤੀ ਦੇ ਸਮੇਂ ਇਹ ਘਟਨਾ ਵਾਪਰੀ ਹੈ ।
ਜੰਡਿਆਲਾ ਗੁਰੂ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ 14 ਸਾਲਾਂ ਅਕਾਸ਼ਦੀਪ ਪੁੱਤਰ ਸੁਰਿੰਦਰ ਸਿੰਘ ਵਾਸੀ ਸੁਲਤਾਨਵਿੰਡ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਪੜ੍ਹਦਾ ਹੈ ਅੱਜ ਆਪਣੇ ਭਰਾ ਨਾਲ ਪੈਲਸ ਵਿਆਹ ਵਿੱਚ ਕੰਮਕਾਰ ਕਰਨ ਆਇਆ ਸੀ ਕਿ ਅਚਾਨਕ ਵਿਆਹ ਵਿੱਚ ਆਏ ਲੜਕਿਆਂ ਵਿਚੋਂ ਇਕ ਨੇ ਹਵਾਈ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਚੱਲੀ ਨਹੀਂ ਅਤੇ ਉਸਨੇ ਥੱਲੇ ਕਰਕੇ ਜਦ ਦੁਬਾਰਾ ਠੀਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਚਲ ਗਈ ਜੋ ਉਸਦੀ ਖੱਬੀ ਲਤ ਦੇ ਗੋਡੇ ਥੱਲੇ ਲੱਗੀ ਅਤੇ ਲੜਕੇ ਤੁਰੰਤ ਫਰਾਰ ਹੋ ਗਏ । ਹਸਪਤਾਲ ਵਿਚ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ ਐਚ ਉ ਹਰਸੰਦੀਪ ਸਿੰਘ ਨੇ ਦੱਸਿਆ ਕਿ ਅਜੇ ਗੋਲੀ ਚਲਣ ਦੀ ਪੂਰੀ ਪੁਸ਼ਟੀ ਨਹੀਂ ਹੋ ਸਕੀ । ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਦੱਸਿਆ ਜਾ ਸਕਦਾ ਹੈ ਅਤੇ ਲੜਕੇ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਥੇ ਇਹ ਦੱਸਣਯੋਗ ਹੈ ਗੋਲੀ ਚੱਲਣ ਦੀ ਪੁਸ਼ਟੀ ਖੁਦ ਪੈਲਿਸ ਦੇ ਕਰਮਚਾਰੀਆਂ ਅਤੇ ਮੌਕੇ ਤੇ ਸ਼ਗਨ ਵਿਚ ਮੌਜੂਦ ਮਹਿਮਾਨਾਂ ਵਲੋਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਕੀਤੀ ਗਈ ਹੈ । ਹੁਣ ਇਹ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸ਼ਨ ਇਹਨਾਂ ਪੈਲਿਸ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹਨ ਜਾਂ ਨਹੀਂ ?