Thu. Feb 20th, 2020

ਪੁਸਤਕ ਰੀਵਿਊ: ਮੋਰਾਂ ਰਣਜੀਤ ਸਿੰਘ (ਕਾਵਿ ਨਾਟ)

ਪੁਸਤਕ ਰੀਵਿਊ: ਮੋਰਾਂ ਰਣਜੀਤ ਸਿੰਘ (ਕਾਵਿ ਨਾਟ)

ਪੁਸਤਕ : ਮੋਰਾਂ ਰਣਜੀਤ ਸਿੰਘ (ਕਾਵਿ ਨਾਟ)
ਲੇਖਕ : ਸਵਰਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਪੰਨੇ : 180 ਮੁੱਲ : 325/-
ISBN : 978-81-8299-438-6

‘ਮੋਰਾਂ ਰਣਜੀਤ ਸਿੰਘ’ ਸਵਰਨ ਸਿੰਘ ਦਾ ਦੂਜਾ ਕਾਵਿ ਨਾਟ ਹੈ। ਇਸ ਤੋਂ ਪਹਿਲਾਂ ਉਹ ‘ਸੁੰਦਰਾਂ’ ਕਾਵਿ ਨਾਟ ਦੀ ਰਚਨਾ ਕਰ ਚੁੱਕਿਆ ਹੈ। ‘ਮੋਰਾਂ ਰਣਜੀਤ ਸਿੰਘ’ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਰਾਣੀ ਮੋਰਾਂ ਬਾਰੇ ਇੱਕ ਦਿਲਚਸਪ ਕਥਾ ਦਾ ਵਰਨਣ ਮਿਲਦਾ ਹੈ।
ਇਸ ਕਾਵਿ ਨਾਟ ਬਾਰੇ ਜੋਗਿੰਦਰ ਅਮਰ ਦਾ ਨਜ਼ਰੀਆ ਹੈ ਕਿ,” ਸਵਰਨ ਸਿੰਘ ਨੇ ਇਸ ਨੂੰ ਬਿਲਕੁਲ ਵੱਖਰੇ ਤੇ ਰੌਚਕ ਅੰਦਾਜ਼ ਵਿੱਚ ਪ੍ਰਸਤੁਤ ਕਰਨ ਦੀ ਕੋਸਿਸ਼ ਕੀਤੀ ਹੈ।” ਜਦਕਿ ਪ੍ਰੋਫੈਸਰ ਰਵੇਲ ਸਿੰਘ ਦੇ ਵਿਚਾਰ ਵਿੱਚ “ਇਹ ਕਵਿਤਾ ਉਨ੍ਹਾਂ ਕਾਮਨਾਵਾਂ ਨੂੰ ਸੱਭਿਆਚਾਰਕ ਸੰਕਟ ਵਿੱਚ ਲੈ ਆਉਂਦੀ ਹੈ ਜਿਨ੍ਹਾਂ ਨੂੰ ਇਤਿਹਾਸਕ ਜਾਂ ਅਖੌਤੀ ਆਦਰਸ਼ਕ ਸੋਚ ਨੇ ਦਬਾਅ ਕੇ ਰੱਖਿਆ ਸੀ ਤੇ ਇਹੀ ਇਸ ਕਾਵਿ ਬਿਰਤਾਂਤ ਦੀ ਵਿਸ਼ੇਸ਼ਤਾ ਹੈ।”
ਖ਼ੁਦ ਲੇਖਕ ਸਵਰਨ ਸਿੰਘ ਇਸ ਬਾਰੇ ਲਿਖਦਾ ਹੈ ਕਿ ਇਤਿਹਾਸ ਵਿੱਚੋਂ ਸਾਹਿਤ ਲੱਭਿਆ ਜਾ ਸਕਦਾ ਹੈ ਪਰ ਸਾਹਿਤ ਵਿੱਚੋਂ ਇਤਿਹਾਸ ਲੱਭਣ ਦੀ ਲੋੜ ਨਹੀਂ ਹੁੰਦੀ। ਜੇ ਸਾਹਿਤ ਵਿੱਚੋਂ ਵੀ ਇਤਿਹਾਸ ਦੀ ਤਲਾਸ਼ ਹੋਵੇ ਤਾਂ ਇਹ ਇਤਿਹਾਸਕ ਦਸਤਾਵੇਜ਼ਾਂ ਨੂੰ ਤਰਜੀਹ ਹੋਵੇਗੀ ਤੇ ਸਾਹਿਤ ਪ੍ਰਤੀ ਨਾ ਇਨਸਾਫੀ।
ਲੇਖਕ ਨੇ ਇਸ ਕਾਵਿ ਨਾਟ ਨੂੰ ਨੌਂ ਭਾਗਾਂ ਵਿੱਚ ਵੰਡ ਕੇ ਪੇਸ਼ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਹ ਭਾਗ ਕਸਤੂਰੀ, ਬ੍ਰਿਛ ਬੂਟੀ, ਸਪਨ ਬੂਰ, ਧਰੁਵੀ ਰਾਤਾਂ, ਗੁਰਮੋਹਰ, ਦੀਪਮਾਲਾ, ਮੋਰਾਂ ਸਿੱਕੇ, ਫੁਰਮਾਨ ਅਤੇ ਤਨਖਾਹ ਸਿਰਲੇਖਾਂ ਹੇਠ ਕਲਮਬੱਧ ਹੋਏ ਹਨ। ਲੇਖਕ ਨੇ ਇਨ੍ਹਾਂ ਸਿਰਲੇਖਾਂ ਵਿੱਚ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਿਰਲੇਖ ਭਾਵੇਂ ਉਹਦੇ ਆਪਣੇ ਬਣਾਏ ਹੋਏ ਹਨ ਪਰ ਇਨ੍ਹਾਂ ਵਿੱਚ ਕਲਪਨਾ ਦਾ ਰੰਗ ਭਰ ਕੇ ਉਸ ਨੇ ਇਸ ਕਾਵਿ ਨਾਟ ਨੂੰ ਨਵੀਨਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅੰਤਿਕਾ ਵਾਲੇ ਭਾਗ ਵਿੱਚ ਸਵਰਨ ਸਿੰਘ ਨੇ ਇਸ ਪੁਸਤਕ ਦੀ ਰਚਨਾ ਲਈ ਵਰਤੇ ਗਏ ਹਵਾਲਿਆਂ ਨੂੰ ਇਕੱਠਾ ਕੀਤਾ ਹੈ। ਇਹ ਹਵਾਲੇ ਗੁਰਬਾਣੀ, ਹਾਸ਼ਮ, ਵਿਕੀਪੀਡੀਆ ਤੋਂ ਇਲਾਵਾ ਟ੍ਰਿਬਿਊਨ ਅਤੇ ਕੁਝ ਹੋਰ ਲਿਖਤਾਂ ਨਾਲ ਸਬੰਧਤ ਹਨ।
178 ਪੰਨਿਆਂ ਵਿੱਚ ਫੈਲੀ ਇਸ ਗਾਥਾ ਨੂੰ ਸਵਰਨ ਸਿੰਘ ਨੇ ਜਿਸ ਵਿਧੀ ਵਿੱਚ ਪ੍ਰਸਤੁਤ ਕੀਤਾ ਹੈ, ਉਹ ਆਪਣੇ ਆਪ ਵਿੱਚ ਨਿਵੇਕਲੀ ਹੈ। ਕਿਉਂਕਿ ਉਸ ਨੇ ਮੋਰਾਂ ਰਣਜੀਤ ਸਿੰਘ ਦੇ ਸੰਬੰਧਾਂ ਬਾਰੇ ਪੁਰਾਣੀਆਂ ਲਿਖਤਾਂ ਵਾਚਣ ਦੇ ਨਾਲ- ਨਾਲ ਇਸ ਗਾਥਾ ਨੂੰ ਆਪਣੀ ਕਲਮ ਅਤੇ ਵਿਲੱਖਣ ਸ਼ੈਲੀ ਰਾਹੀਂ ਨਵਾਂ ਰੂਪ ਦਿੱਤਾ ਹੈ। ਇੱਕ ਮੁਲਾਕਾਤ ਵਿੱਚ ਖ਼ੁਦ ਲੇਖਕ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਕਥਾ ਦੀ ਤੰਦ ਉਸ ਦੀ ਪਕੜ ਵਿੱਚ ਆ ਜਾਂਦੀ ਹੈ ਤਾਂ ਉਹ ਮਹਿਜ਼ 15-20 ਦਿਨਾਂ ਵਿੱਚ ਹੀ ਪੂਰੀ ਪੁਸਤਕ ਦੀ ਰਚਨਾ ਕਰ ਦਿੰਦਾ ਹੈ।
ਲੇਖਕ ਨੇ ਸੂਤਰਧਾਰ, ਰਣਜੀਤ ਸਿੰਘ, ਗੁਲਾਬ ਸਿੰਘ, ਅਜ਼ਾਜ਼- ਉਦ-ਦੀਨ, ਮੋਰਾਂ, ਗੋਸ਼ਾ ਖਾਨ, ਦਾਤਾਰ ਕੌਰ, ਮਹਿਤਾਬ ਕੌਰ, ਅੰਗ ਰੱਖਿਅਕ, ਧਿਆਨ ਸਿੰਘ, ਸਾਖੇ ਖਾਨ, ਸੇਵਕਾ, ਦਾਈ, ਹਾਸ਼ਮ ਸ਼ਾਹ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਮੋਮਲਾਂ, ਜਿਹੇ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਇਸ ਕਹਾਣੀ ਨੂੰ ਪੂਰ ਚੜ੍ਹਾਇਆ ਹੈ। ਕੁਝ ਥਾਈਂ ਰਾਗੀ ਸਿੰਘ, ਗ੍ਰੰਥੀ ਆਦਿ ਵੱਲੋਂ ਵੀ ਸ਼ਬਦ ਉਚਾਰੇ ਗਏ ਹਨ। ਲੇਖਕ ਦੁਆਰਾ ਵਰਤੇ ਪਾਤਰਾਂ ਦੇ ਨਾਂ ਅਕਾਲੀ ਫੁੱਲਾ ਸਿੰਘ ਤੇ ਅਜ਼ਾਜ਼- ਉਦ-ਦੀਨ ਕੁਝ ਅੱਖਰਦੇ ਜ਼ਰੂਰ ਹਨ, ਕਿਉਂਕਿ ਇਨ੍ਹਾਂ ਨੂੰ ਵਧੇਰੇ ਕਰਕੇ ਅਕਾਲੀ ਫੂਲਾ ਸਿੰਘ ਅਤੇ ਅਜ਼ੀਜ਼- ਉਦ- ਦੀਨ ਵਜੋਂ ਜਾਣਿਆ ਜਾਂਦਾ ਹੈ।
ਕੁਝ ਵੀ ਹੈ, ਨਿੱਕੀ ਜਿਹੀ ਗਾਥਾ ਨੂੰ ਖ਼ੂਬਸੂਰਤ ਸ਼ਬਦਾਂ ਤੇ ਸੰਵਾਦਾਂ ਵਿੱਚ ਬੰਨ੍ਹ ਕੇ ਪਾਠਕਾਂ ਸਾਹਵੇਂ ਪ੍ਰਸਤੁਤ ਕਰਨਾ ਵਾਕਈ ਸ਼ਲਾਘਾਯੋਗ ਉੱਦਮ ਹੈ। ਸਵਰਨ ਸਿੰਘ ਨੇ ਮੋਰਾਂ ਦੀ ਕਹਾਣੀ ਨੂੰ ਪਹਿਲੀ ਵੇਰ ਪੰਜਾਬੀ ਕਾਵਿ ਨਾਟਕ ਦੇ ਜ਼ਰੀਏ ਸਾਡੇ ਸਾਹਮਣੇ ਲਿਆਂਦਾ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ।

ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ ਬਠਿੰਡਾ
9417692015

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: