Tue. Jul 23rd, 2019

ਪੁਸਤਕ ਰੀਵਿਊ: ਗੁਰੂ ਨਾਨਕ ਜਿਨ ਸੁਣਿਆ ਪੇਖਿਆ

ਪੁਸਤਕ ਰੀਵਿਊ: ਗੁਰੂ ਨਾਨਕ ਜਿਨ ਸੁਣਿਆ ਪੇਖਿਆ

~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ

* ਲੇਖਕ : ਡਾ. ਮਨਦੀਪ ਸਿੰਘ
* ਪ੍ਰਕਾਸ਼ਕ: ਗੁਰਦੁਆਰਾ ਸ਼੍ਰੀ ਸਿੰਘ ਸਭਾ
ਵੈੱਲਫੇਅਰ ਸੁਸਾਇਟੀ,
ਅਜ਼ੀਮਗੜ੍ਹ, ਅਬੋਹਰ,
ਜ਼ਿਲ੍ਹਾ ਫਾਜ਼ਿਲਕਾ
* ਕੀਮਤ : 50/- ਪੰਨੇ : 84

ਇਸ ਸਾਲ (2019 ਵਿੱਚ) ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼- ਪੁਰਬ ਸਾਰੇ ਸੰਸਾਰ ਵਿੱਚ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵੱਖ- ਵੱਖ ਸਭਾ- ਸੁਸਾਇਟੀਆਂ, ਧਾਰਮਿਕ ਸੰਸਥਾਵਾਂ, ਸਰਕਾਰਾਂ, ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਇਸ ਉਤਸਵ ਨੂੰ ਵੱਖ- ਵੱਖ ਢੰਗ- ਤਰੀਕਿਆਂ ਨਾਲ ਮਨਾ ਕੇ ਆਪੋ- ਆਪਣਾ ਯੋਗਦਾਨ ਪਾ ਰਹੀਆਂ ਹਨ।
ਸ਼ਰਧਾਲੂ ਸਿੱਖ, ਵਿਦਵਾਨ, ਲੇਖਕ, ਕਵੀ, ਕਵੀਸ਼ਰ, ਖੋਜੀ, ਕਥਾਵਾਚਕ ਵੀ ਇਸ ਪ੍ਰਥਾਇ ਵਿੱਤ ਮੂਜਬ ਹਿੱਸਾ ਪਾ ਰਹੇ ਹਨ। ਇਹੋ ਜਿਹੇ ਹੀ ਸੂਝਵਾਨ ਤੇ ਵਿਦਵਾਨ ਲੇਖਕ ਡਾ. ਮਨਦੀਪ ਸਿੰਘ ਦੀ ਇੱਕ ਪੁਸਤਕ ਇੰਨੀਂ ਦਿਨੀਂ ਚਰਚਾ ਵਿੱਚ ਹੈ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੇ ਪੱਧਰ ਤੇ ਇੱਕ ਧਾਰਮਿਕ ਪ੍ਰੀਖਿਆ ਦਾ ਪ੍ਰਬੰਧ ਕੀਤਾ ਗਿਆ ਹੈ-‘ਮੈਨੂੰ ਅਹਿਸਾਸ ਹੈ’ ਜਿਸ ਵਿੱਚ ਸਕੂਲ/ ਕਾਲਜ/ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਬਿਨਾਂ ਹੋਰ ਹਰ ਤਰ੍ਹਾਂ ਦੇ ਵਿਅਕਤੀ ਹਿੱਸਾ ਲੈ ਸਕਦੇ ਹਨ ਤੇ ਇਸ (ਆਬਜੈਕਟਿਵ ਟਾਈਪ) ਪ੍ਰੀਖਿਆ ਲਈ ਡਾ. ਮਨਦੀਪ ਸਿੰਘ ਦੀ ਉਕਤ- ਕਥਿਤ ਪੁਸਤਕ ਸਿਲੇਬਸ ਲਈ ਵਿਉਂਤੀ ਗਈ ਹੈ। ਇਹ ਪੁਸਤਕ ਪ੍ਰਸ਼ਨ- ਉੱਤਰ ਦੀ ਵਿਧੀ ਵਿੱਚ ਲਿਖੀ ਗਈ ਹੈ, ਜਿਸ ਵਿੱਚ ਕੁੱਲ 443 ਪ੍ਰਸ਼ਨ ਹਨ ਤੇ ਲੇਖਕ ਨੇ ਵਿਭਿੰਨ ਪੁਸਤਕਾਂ ਦੇ ਹਵਾਲਿਆਂ ਨਾਲ ਉਨ੍ਹਾਂ ਦੇ ਜਵਾਬ ਦਿੱਤੇ ਹਨ। ਜਿਨ੍ਹਾਂ ਪੁਸਤਕਾਂ ਨੂੰ ਪ੍ਰਸ਼ਨਾਂ ਦੇ ਜਵਾਬ ਲਈ ਆਧਾਰ ਬਣਾਇਆ ਗਿਆ ਹੈ, ਉਨ੍ਹਾਂ ਦੇ ਨਾਂ ਵੀ ਰੀਵਿਊ ਅਧੀਨ ਪੁਸਤਕ ਦੇ ਅੰਤ ਵਿੱਚ ਦਿੱਤੇ ਗਏ ਹਨ। ਇਨ੍ਹਾਂ ਵਿੱਚ ਪੰਜ ਪੁਸਤਕਾਂ ਸ਼ਾਮਿਲ ਹਨ: ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ (ਪ੍ਰੋਫੈਸਰ ਸਾਹਿਬ ਸਿੰਘ); ਜੀਵਨ ਯਾਤਰਾ ਸ੍ਰੀ ਗੁਰੂ ਨਾਨਕ ਦੇਵ ਜੀ (ਸਿੱਖ ਮਿਸ਼ਨਰੀ ਕਾਲਜ); ਕੱਤਕ ਕਿ ਵਿਸਾਖ (ਕਰਮ ਸਿੰਘ ਹਿਸਟੋਰੀਅਨ); ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (ਡਾ.ਜੀਤ ਸਿੰਘ ਸੀਤਲ ਤੇ ਡਾ. ਮੇਵਾ ਸਿੰਘ); ਸੰਜੀਵਨੀ ਸਦਾ ਵਾਸਤੇ (ਡਾ. ਗੁਰਸ਼ਰਨਜੀਤ ਸਿੰਘ)।
ਪੁਸਤਕ ਦੇ ਆਰੰਭ ਵਿੱਚ ਡਾ. ਮਨਦੀਪ ਸਿੰਘ ਨੇ ਸੰਖੇਪ ਭੂਮਿਕਾ ਵਿੱਚ ਸਪਸ਼ਟ ਕੀਤਾ ਹੈ ਕਿ ਪੁਸਤਕ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਕੁ ਸਾਖੀਆਂ ਨੂੰ ਸੁਆਲ- ਜਵਾਬ ਵਜੋਂ ਪੇਸ਼ ਕੀਤਾ ਗਿਆ ਹੈ ਤੇ ਹਰ ਸਾਖੀ ਦੇ ਅੰਤ ਵਿੱਚ ਉਸ ਨਾਲ ਸਬੰਧਿਤ ਸਿੱਖਿਆ ਦਿੱਤੀ ਗਈ ਹੈ। ਲੇਖਕ ਨੇ ਗੁਰੂ ਸਾਹਿਬ ਦੇ ਦੱਸੇ ਸਿਧਾਂਤਾਂ ਨੂੰ ਵਿਚਾਰਨ ਅਤੇ ਆਪਣੇ ਜੀਵਨ ਵਿੱਚ ਅਪਣਾਉਣ ਉੱਤੇ ਵੀ ਵਿਸ਼ੇਸ ਜ਼ੋਰ ਦਿੱਤਾ ਹੈ।
ਪੁਸਤਕ ਵਿੱਚ ਬਹੁਤ ਸਾਰੇ ਪ੍ਰਸ਼ਨ- ਉੱਤਰ ਅਜਿਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਆਮ ਲੋਕ ਸੁਣੀਆਂ- ਸੁਣਾਈਆਂ ਗੱਲਾਂ ਦੇ ਆਧਾਰ ‘ਤੇ ਠੀਕ ਸਮਝੀ ਬੈਠੇ ਹਨ। ਜਿਵੇਂ ਕਿ ਸੰਸਾਰ ਵਿੱਚ ਅੱਜ ਵੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼- ਪੁਰਬ ਕੱਤਕ ਦੀ ਪੂਰਨਮਾਸ਼ੀ (ਅਕਤੂਬਰ/ ਨਵੰਬਰ ਦੇ ਮਹੀਨੇ) ਨੂੰ ਮਨਾਇਆ ਜਾਂਦਾ ਹੈ, ਜਦਕਿ ਉਨ੍ਹਾਂ ਦਾ ਆਗਮਨ ਵਿਸਾਖ ਦੇ ਮਹੀਨੇ (15 ਅਪਰੈਲ ਨੂੰ) ਹੋਇਆ ਸੀ। (ਇਸ ਸਬੰਧੀ ਕਰਮ ਸਿੰਘ ਹਿਸਟੋਰੀਅਨ ਦੀ ਇਕ ਕਿਤਾਬ ਹੈ- ‘ਕੱਤਕ ਕਿ ਵਿਸਾਖ’, ਜਿਸ ਵਿੱਚ ਉਨ੍ਹਾਂ ਨੇ ਅਕੱਟ ਦਲੀਲਾਂ ਰਾਹੀਂ ਸਪਸ਼ਟ/ਸਿੱਧ ਕੀਤਾ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਵਿਸਾਖ ਦੇ ਮਹੀਨੇ ਵਿੱਚ ਹੋਇਆ ਸੀ, ਨਾ ਕਿ ਕੱਤਕ ਦੇ ਮਹੀਨੇ ਵਿੱਚ)।
ਡਾ. ਮਨਦੀਪ ਸਿੰਘ ਨੇ ਪੁਸਤਕ ਵਿੱਚ ਗੁਰੂ ਜੀ ਦੇ ਪ੍ਰਕਾਸ਼, ਜੀਵਨ, ਉਦਾਸੀਆਂ, ਉਦਾਸੀਆਂ ਦੌਰਾਨ ਮਿਲੇ ਲੋਕਾਂ ਆਦਿ ਬਾਰੇ ਪੁਖ਼ਤਾ ਤੇ ਸਟੀਕ ਜਾਣਕਾਰੀ ਦਿੱਤੀ ਹੈ।ਵਿਗਿਆਨਕ ਦ੍ਰਿਸ਼ਟੀਕੋਣ/ ਖੋਜ- ਵਿਧੀ ਤੋਂ ਲਿਖੀ ਇਸ ਪੁਸਤਕ ਵਿੱਚ ਚਲੰਤ ਗੱਲਾਂ ਜਾਂ ਸਾਖੀਆਂ ਨਹੀਂ ਲਿਖੀਆਂ ਗਈਆਂ, ਸਗੋਂ ਹਰ ਪ੍ਰਸ਼ਨ ਦਾ ਜਵਾਬ ਦਲਿਤ ਸਹਿਤ ਦਿੱਤਾ ਗਿਆ ਹੈ।
ਪਾਠਕਾਂ ਨੂੰ ਇਹ ਪੜ੍ਹ ਕੇ ਵੀ ਹੈਰਾਨੀ ਹੁੰਦੀ ਹੈ ਕਿ ਜਿਸ ਇਕਲੌਤੇ ਮੁਰੀਦ (ਭਾਈ ਮਰਦਾਨਾ) ਨੇ ਗੁਰੂ ਜੀ ਦੀਆਂ ਉਦਾਸੀਆਂ ਵੇਲੇ ਸਾਥ ਦਿੱਤਾ ਸੀ, ਉਨ੍ਹਾਂ ਦਾ ਦੇਹਾਂਤ 1534 ਈ. ਵਿੱਚ ਹੋਇਆ- ਕਰਤਾਰਪੁਰ ਵਿਖੇ। ਜਦਕਿ ਆਮ ਪਾਠਕ ਅਜੇ ਤੱਕ ਵੀ ਇਹੀ ਸਮਝਦਾ ਹੈ ਕਿ ਭਾਈ ਮਰਦਾਨਾ ਜੀ ਤਾਂ ਗੁਰੂ ਜੀ ਦੀਆਂ ਉਦਾਸੀਆਂ ਦੌਰਾਨ ਅਫਗਾਨਿਸਤਾਨ ਵਿਖੇ ਕੁੱਰਮ ਦਰਿਆ ਦੇ ਨੇੜੇ ਵਫ਼ਾਤ ਪਾ ਗਏ ਸਨ। ਇਹੋ ਜਿਹੀਆਂ ਸਾਖੀਆਂ ਸ਼ਰਧਾਵਾਨ ਸਿੱਖਾਂ ਵੱਲੋਂ ਪ੍ਰਚਾਰੀਆਂ ਗਈਆਂ ਹਨ, ਜਿਨ੍ਹਾਂ ਦੀ ਆਮ ਲੋਕਾਂ ਵਿੱਚ ਵਧੇਰੇ ਮਾਨਤਾ ਹੈ ਤੇ ਉਹੀ ਗੱਲਾਂ ਹੀ ਫਿਰ ਸਾਡੀ ਮਾਨਸਿਕਤਾ ਦਾ ਹਿੱਸਾ ਬਣ ਗਈਆਂ ਹਨ। ਗੁਰੂ ਜੀ ਬਾਰੇ ਲਿਖੀਆਂ ਜਨਮਸਾਖੀਆਂ ਵਿੱਚ ਇਹੋ ਜਿਹੀਆਂ ਮਨਘੜਤ ਗੱਲਾਂ ਦਾ ਥਾਂ- ਥਾਂ ਤੇ ਜ਼ਿਕਰ ਹੈ ਕਿ ਗੁਰੂ ਨਾਨਕ ਦਾ ਘਰ ਵਿੱਚ ਦਿਲ ਨਹੀਂ ਸੀ ਲੱਗਦਾ, ਉਹ ਮੜ੍ਹੀਆਂ ਉਜਾੜਾਂ ਵਿੱਚ ਬੈਠੇ ਰਹਿੰਦੇ ਸਨ, ਘਰ ਵਾਲੇ ਉਨ੍ਹਾਂ ਨੂੰ ਰੋਗੀ ਸਮਝਣ ਲੱਗ ਪਏ ਸਨ, ਆਪ ਜੀ ਦੀ ਨਾ ਤਾਂ ਪੜ੍ਹਨ ਵਿੱਚ ਤੇ ਨਾ ਹੀ ਕਿਸੇ ਹੋਰ ਕੰਮ ਵਿੱਚ ਕੋਈ ਰੁਚੀ ਸੀ, ਇਤਿਆਦਿ…।
ਇਸ ਪੁਸਤਕ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਗੁਰੂ ਜੀ ਨੇ ਸਤਿਸੰਗਤ ਵਿੱਚ ਆ ਕੇ ਨਾਮ ਜਪਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਰੱਬ ਦੀ ਪ੍ਰਾਪਤੀ ਗ੍ਰਹਿਸਥੀ ਜੀਵਨ ਜਿਉਂਦਿਆਂ, ਕਿਸਾਨ ਖੇਤੀ ਕਰਦਿਆਂ, ਵਪਾਰੀ ਵਪਾਰ ਕਰਦਿਆਂ, ਰਾਜਾ ਰਾਜ ਕਰਦਿਆਂ, ਦੁਕਾਨਦਾਰ ਦੁਕਾਨ ਸੰਭਾਲਦਿਆਂ ਕਰ ਸਕਦਾ ਹੈ।
ਲੇਖਕ ਨੇ ਆਪਣੇ ਮੱਤ ਦੀ ਪੁਸ਼ਟੀ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਜੀ ਦੇ ਹਵਾਲਿਆਂ ਨੂੰ ਵਰਤਿਆ ਹੈ, ਕਿਸੇ ਸਾਖੀਕਾਰ ਵੱਲੋਂ ਲਿਖੀਆਂ ਮਨਘੜਤ ਕਥਾ ਕਹਾਣੀਆਂ ਨੂੰ ਆਧਾਰ ਨਹੀਂ ਬਣਾਇਆ। ਸਾਖੀ- ਕਾਰਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਂ ਭਾਈ ਬਾਲਾ ਤੇ ਮਰਦਾਨਾ ਨਾਮੀ ਦੋ ਮੁਰੀਦਾਂ ਦੇ ਨਾਲ ਹੋਣ ਦਾ ਜ਼ਿਕਰ ਕੀਤਾ ਹੈ, ਜਦਕਿ ਇਸ ਪੁਸਤਕ ਵਿੱਚ ਭਾਈ ਗੁਰਦਾਸ ਦੇ ਹਵਾਲੇ (‘ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ’) ਨੂੰ ਆਧਾਰ ਬਣਾ ਕੇ ਸਿਰਫ਼ ਮਰਦਾਨਾ ਜੀ ਦੇ ਹੀ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਰ ਗਾਥਾ ਨੂੰ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਪਸ਼ਟ ਕੀਤਾ ਗਿਆ ਹੈ।
ਇਸ ਦੁਰਲੱਭ ਤੇ ਮਹੱਤਵਪੂਰਨ ਜਾਣਕਾਰੀ ਵਾਲੀ ਪੁਸਤਕ ਲਈ ਮੈਂ ਲੇਖਕ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਵਧਾਈ ਦਿੰਦਾ ਹਾਂ ਤੇ ਇਸ ਕਿਤਾਬ ਨੂੰ ਹਰ ਘਰ/ ਹਰ ਲਾਇਬਰੇਰੀ ਵਿੱਚ ਰੱਖੇ ਜਾਣ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ, ਤਾਂ ਜੋ ਸਾਰਾ ਸੰਸਾਰ ਗੁਰੂ ਜੀ ਦੇ ਉਪਦੇਸ਼ ਤੋਂ ਸਿਰਫ ਜਾਣੂੰ ਹੀ ਨਾ ਹੋਵੇ, ਸਗੋਂ ਆਪਣੇ ਜੀਵਨ ਵਿੱਚ ਧਾਰਨ ਕਰਨ ਦਾ ਸੰਕਲਪ ਕਰੇ। ਜਿਵੇਂ ਕਿ ਡੰਕਨ ਗ੍ਰੀਨਲੀਜ਼ (‘ਦ ਗੌਸਪਲ ਆਫ ਗੁਰੂ ਗ੍ਰੰਥ ਸਾਹਿਬ’) ਦਾ ਕਥਨ ਹੈ- ਅਸੀਂ ਗੁਰੂ ਨਾਨਕ ਸਾਹਿਬ ਦੇ ਦੇਣਦਾਰ ਹਾਂ, ਜਿਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਸਿੱਖ ਧਰਮ ਇੱਕ ਸੁਚੱਜੀ ਜੀਵਨ ਜਾਚ ਹੈ ਅਤੇ ਆਦਰਸ਼ਕ ਭਾਈਚਾਰੇ ਦਾ ਨਾਂ ਹੈ, ਜਿਸ ਉੱਤੇ ਪ੍ਰਭੂ ਭਗਤੀ ਦੀ ਸੱਚੀ ਸਦੀਵੀ ਪਾਣ ਚੜ੍ਹੀ ਹੋਈ ਹੈ ਅਤੇ ਗੁਰੂ ਸਾਹਿਬ ਨੇ ਆਪ ਇਹ ਜੀਵਨ ਜਿਉਂ ਕੇ ਦੱਸਿਆ ਹੈ।
=================================

 ਪ੍ਰੋ. ਨਵ ਸੰਗੀਤ ਸਿੰਘ

# ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ-151302
( ਬਠਿੰਡਾ) 9417692015.

Leave a Reply

Your email address will not be published. Required fields are marked *

%d bloggers like this: