Wed. Apr 24th, 2019

ਪੁਸਤਕ ਰੀਵਿਊ: ਕੇਸ਼ਰ ਕਿਆਰੀ ਵਰਗੀ ਕਾਵਿਕ ਮਹਿਕ- ਧੜਕਣ ਦਾ ਸਫ਼ਰ

ਪੁਸਤਕ ਰੀਵਿਊ: ਕੇਸ਼ਰ ਕਿਆਰੀ ਵਰਗੀ ਕਾਵਿਕ ਮਹਿਕ- ਧੜਕਣ ਦਾ ਸਫ਼ਰ

ਪੁਸਤਕ- ਧੜਕਣ ਦਾ ਸਫ਼ਰ
ਲੇਖਕ – ਕੁਲਵੰਤ ਕਸਕ

ਹੱਥਲੀ ਪੁਸਤਕ ‘ਧੜਕਣ ਦਾ ਸਫ਼ਰ ‘ ਲੇਖਕ ਕੁਲਵੰਤ ਕਸਕ ਦਾ ਬੇਸ਼ੱਕ ਪਲੇਠਾ ਕਾਵਿ ਸੰਗ੍ਰਹਿ ਹੈ ਪਰ ਇਹ ਪੁਸਤਕ ਲੇਖਕ ਦੇ ਤਕਰੀਬਨ 40 ਸਾਲ ਦੇ ਸ਼ਬਦ ਸਾਧਨਾ ਦਾ ਨਮੁਨਾ ਪੇਸ਼ ਕਰਦੀ ਹੈ, ਕੁਲਵੰਤ ਕਸਕ ਨੇ ਜੀਵਨ ਵਿਚ ਜੋ ਵੇਖਿਆ. ਹੰਢਾਇਆ ਜਾਂ ਮਹਿਸੂਸ ਕੀਤਾ ਉਹ ਕੁਝ ਹੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਲੇਖਕ ਦੀ ਕਾਵਿ ਕਲਪਨਾ ਸਾਦਗੀ ਭਰਪੂਰ ਹੋਣ ਦੇ ਬਾਵਜੂਦ ਧੁਰ ਅੰਦਰ ਤੀਕ ਲਹਿ ਜਾਣ ਦੇ ਸਮਰੱਥ ਹੈ ਕਿਉਂਕੀ ਉਸਦੀ ਹਰ ਰਚਨਾ ਦੇ ਅੰਦਰ ਇਕ ਸੁਨੇਹਾ ਹੁੰਦਾ ਹੈ ਇਕ ਸਿੱਖਿਆ ਹੁੰਦੀ ਹੈ

ਜਿੰਦ ਨਾ ਮਾਣੀ ਅਸੀਂ ਮਰਨੋ ਵੀ ਕਤਰਾਂਦੇ ਰਹੇ |
ਨੀਂਦ ਵਿੱਚ ਟੁਰਦੇ ਰਹੇ ਬਸ ਠੋਕਰਾਂ ਖਾਂਦੇ ਰਹੇ |

ਲੇਖਕ ਅੰਦਰ ਬਿਖੜੇ ਪੈਂਡਿਆਂ ‘ਤੇ ਤੁਰਨ ਦੀ ਤਾਕਤ ਉਸਦੇ ਅੱਖਰਾਂ ਵਿੱਚੋਂ ਵੀ ਸਾਫ ਝਲਕਦੀ ਹੈ ਉਹ ਸਿਦਕ ਦਾ ਪੱਲਾ ਫੜਕੇ ਤੂਫ਼ਾਨਾਂ ਨਾਲ ਆਢਾ ਲਉਣ ਦੇ ਸਮਰੱਥ ਹੈ

ਤੁਰਨਾ ਅੱਗੇ ‘ ਕਸਕ ‘ ਹਰ ਹੀਲੇ,
‘ ਗਾਂਹ ਭਾਵੇਂ ਤੂਫ਼ਾਨ ਬਹੁਤ ਨੇ |

ਪੰਜਾਬ ਦੀ ਫ਼ਿਜਾ ਵਿੱਚ ਆਏ ਕਾਲੇ ਸਮੇਂ ਦੀ ਕਸਕ ਲੇਖਕ ਨੂੰ ਅੱਜ ਵੀ ਭੁੱਲੀ ਨਹੀਂ ਚਾਰੇ ਪਾਸੇ ਚੁੱਪ, ਡਰ, ਬੇ ਵਿਸਾਹੀ ਤੇ ਗੈਰ ਮਨੁੱਖੀ ਤਸੱਦਦ ਨਾਲ ਮਰ ਰਹੀ ਮਨੁੱਖਤਾ ਦੀ ਚੀਸ ਉਸਦੀ ਰਚਨਾ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ

ਕਾਲੇ ਬਾਗਾਂ ਵਿੱਚ ਨਾ ਲੱਭੇ ਕਾਲਾ ਹਿਰਨਾ,
ਚਾਰ ਚੁਫੇਰੇ ਪਸਰੀ ਜਿੱਥੇ ਕਾਲੀ ਛਾਂ |

ਹਰ ਹੀਲੇ ਮੰਜਿਲ ਪਾਉਣ ਦੀ ਚਾਹਤ ਨਾਕਾਮਯਾਬੀਆਂ ਨੂੰ ਵੀ ਕਾਮਯਾਬੀ ਵਿੱਚ ਬਦਲਣ ਦੇ ਸਮਰੱਥ ਹੁੰਦੀ ਹੈ ਜਿਸਦੀ ਪ੍ਰੋੜਤਾ ਲੇਖਕ ਨੇ ਖੂਬਸੂਰਤ ਸ਼ੇਅਰ ਰਾਹੀਂ ਕੀਤੀ ਹੈ

ਤੁਰਿਆ ਕੋਈ ਤਲਾਸ਼ ਲਈ ਤਪਦੀ ਰੇਤ ਵੱਲ,
ਓਸੇ ਦਿਸ਼ਾ ਤੋਂ ਆਵੇਗੀ ਸ਼ੀਤਲ ਹਵਾ ਕੋਈ |

ਜਿਸ ਤਰਾਂ ਅੱਜ ਮਨੁੱਖੀ ਸੋਚ ਦਾ ਵਪਾਰੀਕਰਨ ਹੋ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਇਸ ਤਰਾਂ ਮਨੁੱਖ ਇੱਕ ਲੁਕਵੇਂ ਵਿਨਾਸ ਵੱਲ ਤੁਰਿਆ ਜਾ ਰਿਹਾ ਹੈ ਤੇ ਮਨੁੱਖਤਾ ਮਨਫ਼ੀ ਹੋ ਰਹੀ ਹੈ ਤੇ ਘਰਾਂ ਨੇ ਬਾਜ਼ਾਰਾਂ ਦੀ ਥਾਂ ਲੈਣੀ ਆਰੰਭ ਕਰ ਦਿੱਤੀ ਹੈ

ਸਿੱਕਿਆਂ ਦੀ ਖਣਕ ਮਹਿਜ਼ ਸੁਣਦਾ ਗਿਆ |
ਇਹ ਨਗਰ ਬਾਜ਼ਾਰ ਇਉਂ ਬਣਦਾ ਗਿਆ |

ਕੁਲਵੰਤ ਕਸਕ ਦੀ ਕਾਵਿ ਸਿਰਜਣਾ ਦੀ ਪਾਕੀਜਗੀ ਕਿਤੇ ਕਿਤੇ ਸੂਫ਼ੀ ਦਰਵੇਸ਼ਾਂ ਦੀ ਝਲਕ ਪਾਉਂਦੀ ਨਜ਼ਰੀਂ ਪੈਂਦੀ ਹੈ ਤੇ ਪਿਆਰ, ਮੁਹੱਬਤ,ਅਪਣੱਤ ਦਾ ਸੰਗੀਤ ਸੁਣਾਈ ਦੇਵੇ ਤੇ ਸਰਭਸਾਂਝੀਵਾਲਤਾ ਦੀ ਖੁਸ਼ਬੂ ਲੋਕ ਮਨਾਂ ਵਿੱਚ ਵਸ ਜਾਵੇ ਇਹ ਕਾਮਨਾ ਕਰਦੀ ਹੈ

ਜ਼ਿੰਦਗੀ ਪਿਆਰ ਦੀ ਰਬਾਬ ਬਣੇ |
ਗੋਸ਼ਾ-ਗੋਸ਼ਾ ਇਹ ਜਗ ਗੁਲਾਬ ਬਣੇ |

ਵਿਕਾਸ ਦੇ ਨਾਂ ‘ਤੇ ਜਿਸ ਤਰਾਂ ਵਿਨਾਸ ਦਾ ਦੌਰ ਆ ਰਿਹਾ ਹੈ ਜਿਸ ਵਿੱਚ ਲੁੱਟ ਦੇ ਨਵੇਂ ਸਮੀਕਰਨ ਘੜੇ ਜਾ ਰਹੇ ਹਨ ਅਜੋਕੇ ਮਾਨਵ ਨੂੰ ਦੁਵਿਧਾ ਦੇ ਚਕ੍ਰਵਿਊ ਵਿੱਚ ਉਲਝਾਇਆ ਜਾ ਰਿਹਾ ਹੈ ਦੂਰੋਂ ਦਿਖ ਰਹੀ ਚਮਕਦੀ ਲਿਸ਼ਕੋਰ ਵਿੱਚ ਗੁਮਰਾਹ ਕੀਤਾ ਜਾ ਰਿਹਾ ਹੈ ਇਸ ਤਲਿਸਮੀ ਭੁਲੇਖੇ ਬਹੁਤ ਕੁਝ ਗੁੰਮ ਹੋ ਰਿਹਾ ਹੈ

ਉਨਤੀ ਦਾ ਦੌਰ ਬਣ ਇਹ ਕਿਹੀ ਹਨੇਰੀ ਘੁੰਮ ਗਈ |
ਖੇਤ ਮੰਹਿਗੇ ਹੋ ਰਹੇ ਕੀਮਤ ਉਪਜ ਦੀ ਗੁੰਮ ਗਈ |

ਸਾਡੇ ਦੇਸ਼ ਵਿੱਚ ਜੋ ਸਦੀਆਂ ਤੋਂ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ ਉਹ ਉਸੇ ਤਰਾਂ ਹੀ ਅੱਜ ਵੀ ਨਿਰੰਤਰ ਜਾਰੀ ਹੈ ਇਸ ਤੋਂ ਇਹ ਕਹਿਣਾ ਮੁਸ਼ਕਿਲ ਹੈ ਕਿ ਅਸੀਂ ਕਦੀ ਸੰਸਾਰ ਦੇ ਹਾਣੀ ਵੀ ਹੋ ਸਕਾਂਗੇ ਔਰਤ ਮਰਦ ਦੀ ਬਰਾਬਰਤਾ ਨੂੰ ਸਹੀ ਅਰਥਾਂ ਵਿੱਚ ਲਾਗੂ ਕਰ ਸਕਾਂਗੇ ਹਰ ਰੋਜ਼ ਕਿਤੇ ਨਾ ਕਿਤੇ ਹੋ ਰਹੇ ਜਿਨਸੀ ਸ਼ੋਸ਼ਣ ਮੌਤ ਦਾ ਰੂਪ ਧਾਰ ਰਹੇ ਹਨ

ਲੋਥ ਮੁੜ ਇੱਕ ਵੇਖੀ ਅਸਾਂ ਨੋਚੀ ਹੋਈ |
ਬੰਦੇ ਵਿੱਚੋਂ ਨੇਕੀ ਕਿਥਾਂ ਮਨਫ਼ੀ ਹੋਈ |

ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨਾ ਸਤਿਕਾਰ ਦੇਣਾ ਹਰ ਪੰਜਾਬੀ ਦਾ ਮੁੱਢਲਾ ਫਰਜ਼ ਬਣਦਾ ਹੈ ਕੁਲਵੰਤ ਕਸਕ ਦੇ ਸ਼ਬਦਾਂ ‘ਚੋਂ ਭਾਸ਼ਾ ਦਾ ਪਿਆਰ ਡੁੱਲ -ਡੁੱਲ ਪੈਂਦਾ ਹੈ

ਵੰਞਲੀ ਹਾਂ ਰਾਂਝਣੇ ਦੀ, ਗੁਰਬਾਣੀ ਦਾ ਮਾਣ ਹਾਂ |
ਪੰਜ ਪਾਣੀਆਂ ਦੀ ਧੀ, ਮੈਂ ਪੰਜਾਬੀ ਜ਼ੁਬਾਨ ਹਾਂ |

ਇਸ ਪੁਸਤਕ ਦਾ ਕਾਵਿ ਪਾਠ ਕਰਦਿਆਂ ਮੈਂ ਇਹ ਜਾਣਿਆ ਕਿ ਲੇਖਕ ਕੁਲਵੰਤ ਕਸਕ ਨੇ ਕਾਵਿਕ ਸੂਝ ਦਾ ਨਮੂਨਾ ਬਾ-ਕਮਾਲ ਦਾ ਪੇਸ਼ ਕੀਤਾ ਕਿਉਂਕੀ ਲੇਖਕ ਕਿਤੇ ਵੀ ਕਾਵਿ ਕਲਪਨਾ ਵਿੱਚ ਮਾਨਵ ਹਿੱਤ ਤੋਂ ਲਾਂਭੇ ਨਹੀਂ ਹੋਇਆ, ਇਸੇ ਲਈ ਇਸ ਪੁਸਤਕ ਦੀ ਹਰ ਰਚਨਾ ਰਾਹਾਂ ਵਿੱਚ ਚੇਤਨਦਾ ਦੇ ਦੀਵੇ ਬਾਲਕੇ ਧਰਦੀ ਹੋਈ ਚਾਨਣ ਦੇ ਨਵੇਂ ਦਿਸਹੱਦੇ ਸਿਰਜਣ ਦੇ ਸਮਰੱਥ ਹੈ |

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 98550-91442

Share Button

Leave a Reply

Your email address will not be published. Required fields are marked *

%d bloggers like this: