Sun. Apr 21st, 2019

ਪੁਲੀਸ ਨੇ ਜਬਰੀ ਖਤਮ ਕਰਵਾਇਆ ਕਿਸਾਨ ਯੂਨੀਅਨ ਦਾ ਧਰਨਾ

ਪੁਲੀਸ ਨੇ ਜਬਰੀ ਖਤਮ ਕਰਵਾਇਆ ਕਿਸਾਨ ਯੂਨੀਅਨ ਦਾ ਧਰਨਾ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਗੰਨੇ ਦੇ 100 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਬੈਰੀਅਰ ਤੇ ਬੀਤੇ ਕੱਲ ਤੋਂ ਆਰੰਭ ਕੀਤਾ ਗਿਆ ਧਰਨਾ ਅੱਜ ਬਾਅਦ ਦੁਪਹਿਰ ਪੁਲੀਸ ਵਲੋਂ ਜਬਰੀ ਖਤਮ ਕਰਵਾ ਦਿੱਤਾ ਗਿਆ| ਪੰਜਾਬ ਪੁਲੀਸ ਦੇ ਡੀ ਆਈ ਜੀ ਸ੍ਰੀ ਬੀ ਐਸ ਮੀਣਾ ਦੀ ਅਗਵਾਈ ਵਿੱਚ ਕੀਤੀ ਗਈ ਇਸ ਕਾਰਵਾਈ ਦੌਰਾਨ ਪੁਲੀਸ ਵਲੋਂ ਧਰਨੇ ਤੇ ਬੈਠੇ ਕਿਸਾਨਾਂ ਨੂੰ ਧਰਨੇ ਤੋਂ ਉਠਾ ਕੇ ਅਤੇ ਬਸਾਂ ਵਿੱਚ ਭਰ ਕੇ ਅਣਦੱਸੀ ਥਾਂ ਭੇਜ ਦਿੱਤਾ ਗਿਆ| ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ ਆਈ ਜੀ ਸ੍ਰੀ ਮੀਣਾ ਨੇ ਕਿਹਾ ਕਿ ਪੁਲੀਸ ਵਲੋਂ ਧਰਨਾਕਾਰੀਆਂ ਕਿਸਾਨਾਂ ਨੂੰ ਆਪਣਾ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਕਿਸਾਨਾਂ ਵਲੋਂ ਪੁਲੀਸ ਦੀ ਅਪੀਲ ਨਾ ਮੰਨਣ ਤੇ ਉਹਨਾਂ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਇੱਥੋਂ ਹਟਾ ਦਿੱਤਾ ਗਿਆ ਹੈ ਇਸ ਮੌਕੇ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਹਿਲ ਸਮੇਤ ਵੱਡੀ ਗਿਣਤੀ ਪੁਲੀਸ ਅਧਿਕਾਰੀ ਹਾਜਿਰ ਸਨ| ਕਿਸਾਨਾਂ ਦਾ ਧਰਨਾ ਖਤਮ ਕਰਵਾਉਣ ਤੋਂ ਬਾਅਦ ਪੁਲੀਸ ਵਲੋਂ ਕਿਸਾਨਾਂ ਦਾ ਟੈਂਟ ਵੀ ਉੱਥੋਂ ਹਟਵਾ ਦਿੱਤਾ ਗਿਆ|
ਇਸ ਤੋਂ ਪਹਿਲਾਂ ਅੱਜ ਸਾਰਾ ਦਿਨ ਕਿਸਾਨ ਵਾਈ ਪੀ ਐਸ ਚੌਂਕ ਤੋਂ ਅੱਗੇ ਚੰਡੀਗ੍ਹੜ ਦੇ ਬੈਰੀਅਰ ਤੇ ਧਰਨਾ ਦੇ ਕੇ ਬੈਠੇ ਰਹੇ| ਬੀਤੇ ਕੱਲ੍ਹ ਜਦੋਂ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ਤੇ ਜਾ ਕੇ ਧਰਨਾ ਦੇਣ ਲਈ ਮਾਰਚ ਕਰ ਰਹੇ ਸਨ ਤਾਂ ਚੰਡੀਗੜ੍ਹ ਪੁਲੀਸ ਵੱਲੋਂ ਉਹਨਾਂ ਨੂੰ ਬੈਰੀਅਰ ਤੇ ਹੀ ਰੋਕ ਲਿਆ ਗਿਆ ਸੀ ਅਤੇ ਕਿਸਾਨਾਂ ਨੇ ਬੈਰੀਅਰ ਤੇ ਹੀ ਧਰਨਾ ਲਗਾ ਦਿੱਤਾ ਸੀ| ਧਰਨੇ ਵਾਲੀ ਥਾਂ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ ਦੇ ਪ੍ਰਧਾਨ ਸ੍ਰ.  ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਬੀਤੀ ਰਾਤ ਕਿਸਾਨਾਂ ਦੀ ਮੁੱਖ ਮੰਤਰੀ ਤੇ ਪ੍ਰਿੰਸੀਪਲ ਸਕੱਤਰ ਸ੍ਰੀ ਸੁਰੇਸ਼ ਕਮਾਰ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਗੰਨੇ ਦੀ ਰੁਕੀ ਹੋਈ ਰਕਮ ਦੀ ਅਦਾਇਗੀ ਪੰਜ ਕਿਸ਼ਤਾਂ ਵਿੱਚ ਕੀਤੀ ਜਾਵੇਗੀ ਅਤੇ ਇਸ ਵਿੱਚੋਂ 20 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਤੁਰੰਤ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਸੀ ਪਰੰਤੂ ਕੁੱਝ ਵੀ ਨਹੀਂ ਹੋਇਆ| ਉਹਨਾਂ ਕਿਹਾ ਕਿ ਕਿਸਾਨ ਹੁਣ ਫੋਕੇ ਲਾਰਿਆਂ ਤੇ ਭਰੋਸਾ ਨਹੀਂ ਕਰਨਗੇ ਅਤੇ ਗੰਨੇ ਦੀ ਰੁਕੀ ਹੋਈ ਅਦਾਇਗੀ ਲੈ ਕੇ ਹੀ ਮੁੜਣਗੇ| ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਉਹਨਾਂ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ|
ਇਸ ਦੌਰਾਨ ਅੱਜ ਕਿਸਾਨਾਂ ਵੱਲੋਂ  ਆਪਣੇ ਗਲੇ ਵਿੱਚ ਆਲੂਆਂ ਦੀ ਮਾਲਾ ਬਣਾ ਕੇ ਆਲੂਆਂ ਦੀ ਘੱਟ ਕੀਮਤ ਕਾਰਣ ਕਿਸਾਨਾਂ ਨੂੰ ਹੋਰ ਰਹੇ ਨਕਸਾਨ ਵਿਰੁੱਧ ਰੋਸ ਜਾਹਿਰ ਕੀਤਾ ਗਿਆ| ਇਸ ਮੌਕੇ ਕਿਸਾਨਾਂ ਵੱਲੋਂ ਟ੍ਰਾਲੀਆਂ ਵਿੱਚ ਭਰ ਕੇ ਲਿਆਂਦੇ ਆਲੂਆਂ ਦੀ ਸੜਕ ਤੇ ਢੇਰੀਆਂ ਵੀ ਲਗਾ ਦਿਤੀਆਂ ਗਈਆਂ| ਵਾਈ ਪੀ ਐਸ ਚੌਂਕ ਤੇ ਵੀ ਕਿਸਾਨਾਂ ਵੱਲੋਂ ਕਈ ਬੋਰੀ ਆਲੂ ਸੁੱਟੇ ਗਏ ਅਤੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਗਿਆ|
ਧਰਨਾ ਚੁਕਵਾਏ ਜਾਣ ਤੋਂ ਬਾਅਦ ਕਿਸਾਨ ਆਗੁ ਸ੍ਰ. ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੁਲੀਸ ਵਲੋਂ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਕਿਸਾਨਾਂ ਨੂੰ ਜਬਰੀ ਉਠਾਇਆ ਗਿਆ ਹੈ ਅਤੇ ਉਹਨਾਂ ਦੇ ਇੱਕ ਹਜਾਰ ਦੇ ਕਰੀਬ ਸਾਥੀਆਂ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ ਪਰੰਤੂ ਪੁਲੀਸ ਕਿਸਾਨਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕੇਗੀ ਅਤੇ ਭਲਕੇ ਪੰਜਾਬ ਤੋਂ ਵੱਡੀ ਗਿਣਤੀ ਕਿਸਾਨ ਸਾਥੀ ਇੱਥੇ ਨਵੇਂ ਸਿਰੇ ਤੋਂ ਧਰਨਾ ਲਾਉਣਗੇ|

Share Button

Leave a Reply

Your email address will not be published. Required fields are marked *

%d bloggers like this: