ਪੁਲਿਸ ਵੱਲੋਂ ਅਧਿਆਪਕਾਂ ਤੇ ਕੀਤਾ ਗਿਆ ਅੰਨੇਵਾਹ ਤਸ਼ੱਸਦ

ਪੁਲਿਸ ਵੱਲੋਂ ਅਧਿਆਪਕਾਂ ਤੇ ਕੀਤਾ ਗਿਆ ਅੰਨੇਵਾਹ ਤਸ਼ੱਸਦ

ਬਠਿੰਡਾ, 11 ਜੂਨ (ਪਰਵਿੰਦਰ ਜੀਤ ਸਿੰਘ) : ਪੁਲਿਸ ਵੱਲੋਂ ਤਿੰਨ ਥਾਈਂ ਬੇਰੁਜਗਾਰ ਅਧਿਆਪਕਾਂ ਉੱਪਰ ਕੀਤੇ ਵਹਿਸ਼ੀ ਲਾਠੀਚਾਰਜ ਨੇ ਅੱਜ ਅੱਤਵਾਦ ਦੇ ਸਮਿਆਂ ਦੀ ਸਰਕਾਰੀ ਦਹਿਸ਼ਤ ਦੀ ਮੁੜ ਯਾਦ ਤਾਜ਼ਾ ਕਰਵਾ ਦਿੱਤੀ। ਵਿਲੱਖਣ ਪਹਿਲੂ ਇਹ ਹੈ ਕਿ ਇਸ ਲਾਠੀਚਾਰਜ ਦੀ ਅਗਵਾਈ ਖੁਦ ਜਿਲ੍ਹਾ ਪੁਲਿਸ ਮੁਖੀ ਸਮੇਤ ਸੀਨੀਅਰ ਅਧਿਕਾਰੀ ਕਰਦੇ ਦੇਖੇ ਗਏ।
ਕੇਂਦਰੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਪਾਰਲੀਮਾਨੀ ਹਲਕਾ ਹੋਣ ਕਾਰਨ ਕਿਉਂਕਿ ਬਠਿੰਡਾ ਨੂੰ ਪੰਜਾਬ ਦੀ ਰਾਜਸੀ ਰਾਜਧਾਨੀ ਸਮਝਿਆ ਜਾਂਦਾ ਹੈ, ਇਸ ਲਈ ਭਾਵੇਂ ਕਿਸਾਨ ਖੇਤ ਮਜਦੂਰ ਕੱਚੇ ਪੱਕੇ ਸਰਕਾਰੀ ਕਾਮੇ ਵਿਦਿਆਰਥੀ ਜਾਂ ਬੇਰੁਜਗਾਰ ਨੌਜਵਾਨ ਹੋਣ ਆਪਣੀ ਮੰਗਾਂ ਮਨਵਾਉਣ ਲਈ ਹਰ ਜਥੇਬੰਦੀ ਚੀਖ਼ ਪੁਕਾਰ ਕਰਨ ਲਈ ਇੱਧਰ ਵੱਲ ਨੂੰ ਹੀ ਮੂੰਹ ਕਰਦੀ ਹੈ। ਬੇਸੱਕ ਭਾਰਤ ਦੇ ਸੰਵਿਧਾਨ ਨੇ ਇਸ ਦੇਸ ਦੇ ਨਾਗਰਿਕਾਂ ਨੂੰ ਪੁਰਅਮਨ ਰਹਿ ਕੇ ਅੰਦੋਲਨ ਕਰਨ ਦਾ ਅਧਿਕਾਰ ਦਿੱਤਾ ਹੋਇਆ ਹੈ, ਪਰੰਤੂ ਬਠਿੰਡਾ ਅਤੇ ਇਸਦੇ ਆਲੇ ਦੁਆਲੇ ਇਸ ਕਦਰ ਸੁਰੱਖਿਅਤ ਕਿਲ੍ਹਾ ਬਣਾ ਰੱਖਿਆ ਹੈ, ਕਿ ਕਿਸੇ ਨੂੰ ਇਸ ਅਣਐਲਾਨੇ ਵਰਜਿਤ ਖੇਤਰ ਵਿੱਚ ਆਉਣ ਨਹੀਂ ਦਿੱਤਾ ਜਾਂਦਾ।
ਅਜਿਹੀਆਂ ਪੇਸਬੰਦੀਆਂ ਦੇ ਬਾਵਜੂਦ ਕੁਝ ਜਥੇਬੰਦੀਆਂ ਇਸ ਆਸ ਨਾਲ ਇਸ ਸ਼ਹਿਰ ਵਿੱਚ ਦਾਖਲ ਹੋਣ ਵਿੱਚ ਸਫ਼ਲ ਹੋ ਜਾਂਦੀਆਂ ਹਨ, ਕਿ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰਖਦਿਆਂ ਸ਼ਾਇਦ ਸਰਕਾਰ ਉਹਨਾਂ ਦੀ ਚੀਖ਼ ਪੁਕਾਰ ਸੁਣ ਹੀ ਲਵੇ। ਵਿਸੇਸ਼ ਬੱਚਿਆਂ ਨੂੰ ਵਿੱਦਿਆ ਮੁਹੱਈਆ ਕਰਵਾਉਣ ਵਾਲੇ ਅਧਿਆਪਕ ਆਪਣੀ ਜਥੇਬੰਦੀ ਇਨਕਿਉਲਿਸਵ ਐਜੂਕੇਸਨ ਵਲੰਟੀਅਰ ਯੂਨੀਅਨ ਦੀ ਅਗਵਾਈ ਹੇਠ ਜਿਉਂ ਹੀ ਚਿਲਡਰਨ ਪਾਰਕ ਚੋਂ ਚੱਲ ਕੇ ਪ੍ਰਸਾਸਕੀ ਕੰਪਲੈਕਸ ਦੀ ਵੱਖੀ ਵਿੱਚ ਸਥਿਤ ਅੰਬੇਦਕਰ ਪਾਰਕ ਕੋਲ ਪੁੱਜੇ ਤਾਂ ਵਗੈਰ ਕਿਸੇ ਭੜਕਾਹਟ ਤੋਂ ਪੁਲਿਸ ਨੇ ਉਹਨਾਂ ਉੱਪਰ ਇਸ ਕਦਰ ਵਹਿਸ਼ੀ ਲਾਠੀਚਾਰਜ ਕਰ ਦਿੱਤਾ ਕਿ ਬਚਣ ਲਈ ਕੁੜੀਆਂ ਤੇ ਮੁੰਡਿਆਂ ਨੂੰ ਕਿਸਾਨ ਯੂਨੀਅਨ ਵੱਲੋਂ ਲਾਏ ਧਰਨੇ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ।
ਇਸ ਸਰਕਾਰੀ ਦਹਿਸ਼ਤਗਰਦੀ ਦਾ ਵਿਲੱਖਣ ਪਹਿਲੂ ਇਹ ਸੀ, ਕਿ ਵਹਿਸ਼ੀਪੁਣੇ ਦੇ ਇਸ ਅਪਰੇਸਨ ਦੀ ਕਮਾਂਡ ਖੁਦ ਜਿਲ੍ਹੇ ਦਾ ਪੁਲਿਸ ਮੁਖੀ ਸਵਪਨ ਸਰਮਾਂ ਕਰ ਰਿਹਾ ਸੀ। ਹੁਕਮ ਦੇ ਗੁਲਾਮਾਂ ਵਜੋਂ ਬੇਸੱਕ ਪੁਲਿਸ ਕਰਮਚਾਰੀ ਇਹਨਾਂ ਨਿਹੱਥੇ ਅੰਦੋਲਨਕਾਰੀਆਂ ਤੇ ਡਾਂਗ ਵਰ੍ਹਾਉਣ ਲਈ ਤਾਂ ਮਜਬੂਰ ਸਨ, ਲੇਕਿਨ ਅਪਰੇਸਨ ਖਤਮ ਹੋਣ ਤੋਂ ਬਾਅਦ ਕਈ ਮਹਿਲਾ ਪੁਲਿਸ ਮੁਲਾਜਮ ਆਪਣੀ ਲੀਡਰਸਿਪ ਦੇ ਕੁਚੱਜ ਦੀ ਨੁਕਤਾਚੀਨੀ ਕਰਦੀਆਂ ਵੀ ਸੁਣੀਆਂ ਗਈਆਂ।
ਜਦ ਇਹ ਅਪਰੇਸਨ ਖਤਮ ਹੋ ਗਿਆ, ਤਾਂ ਇਹ ਇਤਲਾਹ ਵੀ ਮਿਲ ਗਈ ਕਿ ਟੈੱਟ ਪਾਸ ਬੇਰੁਜਗਾਰ ਬੀ ਐੱਡ ਅਧਿਆਪਕਾਂ ਦਾ ਇੱਕ ਜਥਾ ਡੱਬਵਾਲੀ ਰੋੜ ਤੇ ਸਥਿਤ ਮਿਲਕ ਪਲਾਂਟ ਵਾਲੇ ਓਪਰ ਬ੍ਰਿਜ ਤੋਂ ਆਈ ਟੀ ਆਈ ਵਾਲੇ ਪੁਲ ਨੂੰ ਚੱਲ ਪਿਆ ਹੈ। ਕਵਰੇਜ ਲਈ ਪੱਤਰਕਾਰ ਉਸ ਪਾਸੇ ਨੂੰ ਅਜੇ ਚੱਲੇ ਹੀ ਸਨ, ਕਿ ਗੋਨਿਆਣਾ ਤੋਂ ਵੀ ਇਹ ਖ਼ਬਰ ਆ ਗਈ ਕਿ ਪੁਲਿਸ ਨੇ ਈ ਜੀ ਐਸ ਐਸ ਟੀ ਆਰ ਅਧਿਆਪਕਾਂ ਤੇ ਸਖ਼ਤ ਲਾਠੀਚਾਰਜ ਕਰਕੇ ਉਹਨਾਂ ਦੇ ਹੱਡ ਪੱਸਲੀਆਂ ਪੋਲੇ ਕਰ ਦਿੱਤੇ ਹਨ।
ਜਿਵੇਂ ਹੀ ਟੈੱਟ ਪਾਸ ਬੀ ਐੱਡ ਬੇਰੁਜਗਾਰਾਂ ਨੇ ਆਈ ਟੀ ਆਈ ਵਾਲੇ ਓਵਰ ਬ੍ਰਿਜ ਤੇ ਧਰਨਾ ਦਿੱਤਾ, ਤਾਂ ਐਸ ਪੀ ਸ਼ਹਿਰੀ ਸ੍ਰੀ ਦੇਸ ਰਾਜ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਪੁੱਜ ਗਈ। ਵਗੈਰ ਕੋਈ ਚਿਤਾਵਨੀ ਦਿੱਤਿਆਂ ਪੁਲਿਸ ਨੇ ਬੜੀ ਬੇਦਰਦੀ ਨਾਲ ਉਹਨਾਂ ਤੇ ਡਾਂਗਾ ਵਰ੍ਹਾਉਣੀਆਂ ਸੁਰੂ ਕਰ ਦਿੱਤੀਆਂ। ਕਹਿਰਾਂ ਦੀ ਗਰਮੀ ਅਤੇ ਪੁਲਿਸ ਦੀ ਮਾਰ ਕਾਰਨ ਕਈ ਅੰਦੋਲਨਕਾਰੀ ਕੁੜੀਆਂ ਨੀਮ ਬੇਹੋਸ਼ ਹੋ ਗਈਆਂ। ਪੁਲਿਸ ਜਦ ਉਹਨਾਂ ਤੇ ਕੁਟਾਪਾ ਚਾੜ੍ਹ ਰਹੀ ਸੀ, ਤਾਂ ਇਹਨਾਂ ਅਰਧ ਬੇਹੋਸ਼ ਲੜਕੀਆਂ ਨੂੰ ਰਾਹਗੀਰ ਅਤੇ ਸ਼ਹਿਰੀ ਪਾਣੀ ਪਿਲਾਉਂਦੇ ਦੇਖੇ ਗਏ।
ਪੁਲਸੀਆ ਮਾਰ ਦੇ ਝੰਬੇ ਹੋਏ ਅੰਦੋਲਨਕਾਰੀ ਜਦ ਮਾਨਸਾ ਵਾਲੇ ਪਾਸੇ ਨੂੰ ਬਚਾਅ ਲਈ ਭੱਜ ਪਏ ਤਾਂ ਪੁਲਿਸ ਨੇ ਦੂਰ ਤੱਕ ਪਿੱਛਾ ਕਰਦਿਆਂ ਕੁੜੀਆਂ ਤੇ ਮੁੰਡਿਆਂ ਨੂੰ ਧੂਅ ਧੂਅ ਕੇ ਆਪਣੀਆਂ ਗੱਡੀਆਂ ਵਿੱਚ ਸੁੱਟਣਾ ਸੁਰੂ ਕਰ ਦਿੱਤਾ। ਬੁਰ੍ਹੀ ਤਰ੍ਹਾਂ ਕਰਾਹ ਰਹੇ ਹੁਸਿਆਰਪੁਰ ਦੇ ਅਜੇ ਕੁਮਾਰ ਨੇ ਦੱਸਿਆ ਕਿ ਗੁਰਦਾ ਰੋਗ ਤੋਂ ਪੀੜ੍ਹਤ ਹੋਣ ਦੇ ਬਾਵਜੂਦ ਵੀ ਪੁਲਿਸ ਵਾਲਿਆਂ ਨੇ ਉਸਦੇ ਪੇਟ ਵਿੱਚ ਲੱਤਾਂ ਮਾਰ ਮਾਰ ਮਰਨ ਵਾਲੀ ਹਾਲਤ ਵਿੱਚ ਪਹੁੰਚਾ ਦਿੱਤਾ। ਉਸਨੇ ਇਹ ਵੀ ਖਦਸ਼ਾ ਪ੍ਰਗਟ ਕੀਤਾ ਕਿ ਉਸਦੀ ਇੱਕ ਲੱਤ ਵੀ ਟੁੱਟ ਗਈ ਹੈ। ਮਲੇਰਕੋਟਲਾ ਦੇ ਮੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸ ਉੱਪਰ ਏਨੀ ਦਰਿੰਦਗੀ ਨਾਲ ਡਾਂਗ ਵਰ੍ਹਾਈ ਹੈ ਕਿ ਉਸਦੀ ਇੱਕ ਬਾਂਹ ਟੁੱਟ ਗਈ ਜਾਪਦੀ ਹੈ।
ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ ਇੱਕ ਪੁਲਿਸ ਕਰਮਚਾਰੀ ਨੇ ਹਿੰਦ ਸਮਾਚਾਰ ਪੱਤਰ ਸਮੂੰਹ ਦੇ ਪ੍ਰੈਸ ਫੋਟੋਗ੍ਰਾਫਰ ਸ੍ਰੀ ਨਾਇਬ ਸਿੰਘ ਸਿੱਧੂ ਦੀ ਲੱਤ ਤੇ ਉਸ ਵੇਲੇ ਕਚੀਚੀ ਲੈਂਦਿਆਂ ਡਾਂਗ ਆ ਮਾਰੀ, ਜਦ ਉਹ ਪੁਲਿਸ ਅੱਤਿਆਚਾਰਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਰਿਹਾ ਸੀ। ਇਸ ਸਿਤਮ ਜਰੀਫ਼ੀ ਦਾ ਇਹ ਵੀ ਇੱਕ ਆਲਮ ਹੈ ਕਿ ਜਦ ਕੁਟਾਪਾ ਅਪਰੇਸਨ ਖਤਮ ਹੋ ਗਿਆ ਤਾਂ ਇੱਕ ਅਧਿਕਾਰੀ ਨੇ ਆਪਣੇ ਮਾਤੈਹਿਤ ਨੂੰ ਇਹ ਕਹਿੰਦਿਆਂ ਕਾਗਜ ਅਤੇ ਕਾਰਬਨ ਪੇਪਰ ਲਿਆਉਣ ਦੀ ਹਦਾਇਤ ਕੀਤੀ ਕਿ ਕੀਤੇ ਜਾ ਚੁੱਕੇ ਲਾਠੀਚਾਰਜ ਦੇ ਸਬੰਧ ਵਿੱਚ ਮੌਕੇ ਤੇ ਮੌਜੂਦ ਕਾਰਜਕਾਰੀ ਮੈਜਿਸਟਰੇਟ ਕਮ ਤਹਿਸੀਲਦਾਰ ਤੋਂ ਪ੍ਰਵਾਨਗੀ ਲੈਣੀ ਹੈ।
ਸੀਨੀਅਰ ਪੁਲਿਸ ਅਧਿਕਾਰੀ, ਕਾਰਜਕਾਰੀ ਮੈਜਿਸਟਰੇਟ ਲਖਵਿੰਦਰ ਸਿੰਘ ਨੂੰ ਇੱਕ ਦੁਕਾਨ ਵਿੱਚ ਲੈ ਵੜੇ, ਸੁਚੇਤ ਪੱਤਰਕਾਰਾਂ ਨੇ ਵੀ ਆਪਣੀਆਂ ਨਜਰਾਂ ਤੇ ਕੈਮਰੇ ਉਸੇ ਦੁਕਾਨ ਦੇ ਗੇਟ ਵੱਲ ਸੇਧਤ ਕਰ ਦਿੱਤੇ। ਜਿਉਂ ਹੀ ਸਿਪਾਹੀ ਕਾਗਜ ਲੈ ਕੇ ਅੰਦਰ ਵੜਿਆ, ਤਾਂ ਪੱਤਰਕਾਰ ਵੀ ਨਾਲ ਹੀ ਜਾ ਦਾਖਲ ਹੋਏ। ਇਸਤੋਂ ਪਹਿਲਾਂ ਕਿ ਤਹਿਸੀਲਦਾਰ ਲਿਖਤੀ ਹੁਕਮ ਜਾਰੀ ਕਰਦਾ ਪੱਤਰਕਾਰਾਂ ਨੇ ਸਵਾਲਾਂ ਦੀ ਇਹ ਬੁਛਾੜ ਕਰ ਦਿੱਤੀ ਕਿ ਕੀ ਉਸਤੋਂ ਪੁਲਿਸ ਨੇ ਕੋਈ ਪ੍ਰਵਾਨਗੀ ਲਈ ਸੀ? ਉਸ ਵੇਲੇ ਬਿੱਲੀ ਥੈਲਿਉਂ ਬਾਹਰ ਆ ਗਈ, ਜਦ ਲਖਵਿੰਦਰ ਸਿੰਘ ਨੇ ਇਹ ਇਕਬਾਲ ਕਰ ਲਿਆ, ਨਾ ਤਾਂ ਉਸਦੀ ਡਿਉਟੀ ਹੈ ਨਾ ਹੀ ਉਸਨੂੰ ਪਤਾ ਹੈ ਕਿ ਕੀ ਹੋਇਆ ਹੈ ਅਤੇ ਨਾ ਹੀ ਕੋਈ ਪ੍ਰਵਾਨਗੀ ਦਿੱਤੀ ਹੈ।
ਓਧਰ ਗੋਨਿਆਨਾ ਤੋਂ ਮਿਲੀ ਸੂਚਨਾ ਅਨੁਸਾਰ ਲਾਠੀਚਾਰਜ ਤੋਂ ਉਤੇਜਿਤ ਈ ਜੀ ਐਸ ਐਸ ਟੀ ਆਰ ਦੇ ਅਧਿਆਪਕਾਂ ਨੇ ਸੜਕ ਤੇ ਜਾਮ ਲਾ ਕੇ ਬਠਿੰਡਾ ਗੋਨਿਆਨਾ ਆਵਾਜਾਈ ਠੱਪ ਕਰ ਦਿੱਤੀ। ਖ਼ਬਰ ਲਿਖੇ ਜਾਣ ਵੇਲੇ ਤੱਕ ਇਹ ਜਾਮ ਜਾਰੀ ਸੀ।

Share Button

Leave a Reply

Your email address will not be published. Required fields are marked *

%d bloggers like this: