ਪੁਲਿਸ ਨੂੰ ਝਕਮਾ ਦੇ ਕੇ ਜਥੇਦਾਰ ਧਿਆਨ ਸਿੰਘ ਮੰਡ ਨੇ ਪਹੂਵਿੰਡ ਵਿਖੇ ਸਿੱਖ ਕੌਮ ਦੇ ਨਾਮ ਪੜ੍ਹਿਆ ਸ਼ੰਦੇਸ਼

ss1

ਪੁਲਿਸ ਨੂੰ ਝਕਮਾ ਦੇ ਕੇ ਜਥੇਦਾਰ ਧਿਆਨ ਸਿੰਘ ਮੰਡ ਨੇ ਪਹੂਵਿੰਡ ਵਿਖੇ ਸਿੱਖ ਕੌਮ ਦੇ ਨਾਮ ਪੜ੍ਹਿਆ ਸ਼ੰਦੇਸ਼
ਪੁਲਿਸ ਨੇ ਮੰਡ, ਮਨਾਵਾ, ਬਲ੍ਹੇਰ ਸਣੇ ਦਰਜਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅੱਧੀ ਰਾਤ ਕੀਤਾ ਰਿਹਾਅ

ਭਿੱਖੀਵਿੰਡ 20 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਿੱਖ ਕੌਮ ਦੀ ਧਾਰਮਿਕ ਜਥੇਬੰਦੀ ਐਸ.ਜੀ.ਪੀ.ਸੀ ਵੱਲੋਂ ਥਾਪੇ ਗਏ ਜਥੇਦਾਰ ਵੱਲੋਂ ਬੰਦੀਛੋੜ ਦਿਵਸ ਮੌਕੇ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਦੇ ਨਾਮ ਸ਼ੰਦੇਸ਼ ਦਿੱਤਾ ਜਾਂਦਾ ਰਿਹਾ ਸੀ, ਉਥੇ ਸਰਬੱਤ ਖਾਲਸਾ ਸੰਮੇਲਨ ਦੌਰਾਨ ਥਾਪੇ ਗਏ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੰਦੇਸ਼ ਜਾਰੀ ਕਰਨ ਦੇ ਕੀਤੇ ਗਏ ਐਲਾਨ ਨੂੰ ਮੁੱਖ ਰੱਖਦਿਆਂ ਸ੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ‘ਤੇ ਪੰਜਾਬ ਪੁਲਿਸ ਵੱਲੋਂ ਕਿਸੇ ਅਣਸੁਖਾਂਵੀ ਘਟਨਾ ਨੂੰ ਵਾਪਰਣ ਤੋਂ ਰੋਕਣ ਲਈ ਸਰਬੱਤ ਖਾਲਸਾ ਦੇ ਜਥੇਦਾਰਾਂ ਦੀ ਫੜੋ-ਫੜੀ ਸ਼ੁਰੂ ਕਰਦਿਆਂ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਘਰ ਵਿਚ ਹੀ ਨਜਰਬੰਦ ਕਰ ਦਿੱਤਾ ਗਿਆ ਅਤੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਗੁਰਦੁਆਰਾ ਗੁਰੂ ਕੀ ਜੰਡੋਲੀ (ਨੇੜੇ ਦਮਦਮਾ ਸਾਹਿਬ) ਵਿਖੇ ਜਬਰਦਸਤੀ ਰੋਕ ਦਿੱਤਾ ਗਿਆ। ਜਦੋਂ ਕਿ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਸਰਬੱਤ ਖਾਲਸਾ ਦੇ ਬੁਲਾਰੇ ਜਥੇਦਾਰ ਸਤਨਾਮ ਸਿੰਘ ਮਨਾਵਾ ਨੂੰ ਫੜਣ ਲਈ ਪੁਲਿਸ ਵੱਲੋਂ ਬਹੁਤ ਸਾਰੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਸਤਨਾਮ ਸਿੰਘ ਮਨਾਵਾਂ ਆਪਣੇ ਸਾਥੀਆਂ ਜਥੇਦਾਰ ਹਰਪਾਲ ਸਿੰਘ ਬਲ੍ਹੇਰ, ਬਾਬਾ ਜਗਦੇਵ ਸਿੰਘ ਮਨਾਵਾ, ਹਰਪਾਲ ਸਿੰਘ ਮਨਾਵਾ, ਹੀਰਾ ਸਿੰਘ ਖੇਮਕਰਨ, ਬਲਜੀਤ ਸਿੰਘ ਮਹਿੰਦੀਪੁਰ, ਜਗਮੋਹਨ ਸਿੰਘ ਮਨਾਵਾ, ਚਮਕੌਰ ਸਿੰਘ, ਮੋਤੀ ਮਨਾਵਾ, ਬਲਹਾਰ ਸਿੰਘ ਕਾਲੀਆ, ਮਾਨ ਸਿੰਘ ਆਦਿ ਨਾਲ ਗੱਡੀਆਂ ‘ਤੇ ਸਵਾਰ ਹੋ ਕੇ ਪੰਜਾਬ ਪੁਲਿਸ ਤੇ ਖੁਫੀਆ ਏਜੰਸੀਆਂ ਨੂੰ ਝਮਾਕੀ ਦਿੰਦਿਆਂ ਇਤਿਹਾਸਕ ਪਿੰਡ ਪਹੂਵਿੰਡ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਪਹੁੰਚੇਂ। ਉਥੇ ਗੱਡੀਆਂ ਦਾ ਪਿੱਛੇ ਕਰਦਿਆਂ ਡੀ.ਐਸ.ਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਆਦਿ ਪੁਲਿਸ ਅਧਿਕਾਰੀ ਵੀ ਆ ਧਮਕੇ। ਜਥੇਦਾਰ ਧਿਆਨ ਸਿੰਘ ਮੰਡ ਨੇ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਗ੍ਰੰਥੀ ਵੱਲੋਂ ਜਥੇਦਾਰਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਜਥੇਦਾਰ ਧਿਆਨ ਸਿੰਘ ਮੰਡ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਤੇ ਨਿਸ਼ਾਨ ਸਾਹਿਬ ਨੇੜੇ ਖੜੇ ਹੋ ਕੇ ਸਿੱਖ ਕੌਮ ਦੇ ਨਾਮ ‘ਤੇ ਸ਼ੰਦੇਸ਼ ਪੜਣ ਵਿਚ ਸਫਲ ਹੋ ਗਏ। ਗੁਰਦੁਆਰਾ ਸਾਹਿਬ ਵਿਖੇ ਪਹੁੰਚੇਂ ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ੳ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਸਤਨਾਮ ਸਿੰਘ ਮਨਾਵਾ, ਜਥੇਦਾਰ ਹਰਪਾਲ ਸਿੰਘ ਬਲ੍ਹੇਰ ਸਮੇਤ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਰੀਕੇ ਵਿਖੇ ਲਿਆਣ ਉਪਰੰਤ ਅੱਧੀ ਰਾਤ ਵੇਲੇ ਛੱਡ ਦਿੱਤਾ ਗਿਆ।

Share Button

Leave a Reply

Your email address will not be published. Required fields are marked *