ਪੁਲਸ ਭਰਤੀ ਨੇ ਨਸ਼ਿਆਂ ਸੰਬੰਧੀ ਕੂੜ-ਪ੍ਰਚਾਰ ਦੀ ਕੱਢੀ ਫੂਕ

ਪੁਲਸ ਭਰਤੀ ਨੇ ਨਸ਼ਿਆਂ ਸੰਬੰਧੀ ਕੂੜ-ਪ੍ਰਚਾਰ ਦੀ ਕੱਢੀ ਫੂਕ

ਜਲੰਧਰ – ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਕਰਵਾਈ ਜਾ ਰਹੀ ਭਰਤੀ ਦੌਰਾਨ ਸਾਹਮਣੇ ਆਏ ਵੇਰਵਿਆਂ ਨੇ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਨਸ਼ਾਖੋਰੀ ਦੇ ਇਲਜ਼ਾਮਾਂ ਦੀ ਫੂਕ ਪੂਰੀ ਤਰ੍ਹਾਂ ਕੱਢ ਦਿੱਤੀ। ਪੰਜਾਬ ਪੁਲਸ ਵਿਚ ਸਿਪਾਹੀ ਦੀ ਨੌਕਰੀ ਲਈ ਕੁਲ ਇਕ ਲੱਖ ਤੀਹ ਹਜ਼ਾਰ ਤੋਂ ਵੀ ਵੱਧ (130219) ਪੰਜਾਬੀ ਨੌਜਵਾਨਾਂ ਨੇ ਅਰਜ਼ੀਆਂ ਦਿੱਤੀਆਂ ਅਤੇ ਇਨ੍ਹਾਂ ਵਿਚੋਂ ਇਕ ਲੱਖ ਦਸ ਹਜ਼ਾਰ ਤੋਂ ਜ਼ਰਾ ਵੱਧ ਨੌਜਵਾਨ ਜਿਸਮਾਨੀ ਤੇ ਹੋਰ ਟੈਸਟ ਦੇਣ ਲਈ ਪਹੁੰਚੇ। ਜਿਸਮਾਨੀ ਫਿੱਟਨੈੱਸ ਟੈਸਟ ਵਿਚ ਲਏ ਗਏ ਨਮੂਨਿਆਂ ‘ਚ ਸਭ ਤੋਂ ਦਿਲਚਸਪ ਤੱਥ ਇਹ ਸਾਹਮਣੇ ਆਏ ਕਿ ਇਕ ਲੱਖ ਤੀਹ ਹਜ਼ਾਰ ਤੋਂ ਵੱਧ ਨੌਜਵਾਨਾਂ ਦੇ ਇਸ ਵੱਡੇ ਸੈਂਪਲ ਵਿਚੋਂ ਸਿਰਫ 497 ਨੌਜਵਾਨ ਅਜਿਹੇ ਨਿਕਲੇ, ਜਿਨ੍ਹਾਂ ਦੇ ਸੈਂਪਲ ਵਿਚੋਂ ਕਿਸੇ ਨਾ ਕਿਸੇ ਨਸ਼ੇ ਦੇ ਸੇਵਨ ਦਾ ਸਬੂਤ ਮਿਲਿਆ। ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਵੀ ਨਸ਼ੇੜੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਨ੍ਹਾਂ ਵਿਚੋਂ ਕਈ ਤਾਂ ਉਹ ਵੀ ਹਨ, ਜਿਨ੍ਹਾਂ ਨੇ ਟੈਸਟ ਵਿਚ ਬਿਹਤਰ ਕਾਰਗੁਜ਼ਾਰੀ ਦਿਖਾਉਣ ਲਈ ਕਿਸੇ ਨਾ ਕਿਸੇ ਕਿਸਮ ਦੇ ਨਸ਼ੇ ਦਾ ਇਸਤੇਮਾਲ ਕੀਤਾ ਹੋਵੇਗਾ। ਪਰ ਜੇ ਇਨ੍ਹਾਂ ਨੂੰ ਨਸ਼ੇੜੀ ਮੰਨ ਵੀ ਲਿਆ ਜਾਵੇ ਤਾਂ ਇਨ੍ਹਾਂ ਦੀ ਗਿਣਤੀ 497 ਕੁਲ ਉਮੀਦਵਾਰਾਂ ਦੀ ਗਿਣਤੀ 130219 ਦਾ ਸਿਰਫ 1.36 ਫੀਸਦੀ ਬਣਦਾ ਹੈ।
ਇਸੇ ਤਰ੍ਹਾਂ ਮੁੱਢਲੇ ਫੌਜੀ ਕੈਂਪ ਪਟਿਆਲਾ ਵਿਖੇ ਹੋਈ ਭਰਤੀ ਦੌਰਾਨ 18429 ਪੰਜਾਬੀ ਨੌਜਵਾਨ ਉਮੀਦਵਾਰਾਂ ਵਿਚੋਂ ਸਿਰਫ 4 ਨੌਜਵਾਨ ਨਸ਼ਿਆਂ ਦਾ ਸੇਵਨ ਕਰਦੇ ਪਾਏ ਗਏ ਅਤੇ ਇਨ੍ਹਾਂ ਵਿਚੋਂ ਵੀ ਕੁਝ ਅਜਿਹੇ ਸਨ, ਜਿਨ੍ਹਾਂ ਨਸ਼ਾ ਸਿਰਫ ਵਕਤੀ ਤੌਰ ‘ਤੇ ਆਪਣੀ ਕਾਰਗੁਜ਼ਾਰੀ ਬਿਹਤਰ ਦਿਖਾਉਣ ਲਈ ਕੀਤਾ ਸੀ। ਇਥੇ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਔਸਤ 1 ਫੀਸਦੀ ਤੋਂ ਘਟ ਕੇ ਸਿਰਫ 0.2 ਫੀਸਦੀ ਰਹੀ। ਇਨ੍ਹਾਂ ਤੱਥਾਂ ਨੇ ਉਨ੍ਹਾਂ ਦਾਅਵਿਆ ਦੀ ਫੂਕ ਕੱਢ ਦਿੱਤੀ ਹੈ, ਜਿਨ੍ਹਾਂ ਵਿਚ ਪੰਜਾਬ ਵਿਚ ਨਸ਼ਿਆਂ ਦੇ ਰੁਝਾਨ ਨੂੰ ਆਮ ਅਤੇ ਵਿਆਪਕ ਦੱਸਿਆ ਗਿਆ ਸੀ। ਆਮ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਪਾਰਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ 70 ਫੀਸਦੀ ਤੋਂ ਵੱਧ ਪੰਜਾਬੀ ਨੌਜਵਾਨਾਂ ਨੂੰ ਨਸ਼ੇੜੀ ਦੱਸ ਚੁੱਕੇ ਹਨ। ਸਿਆਸੀ ਪਾਰਟੀਆਂ ਵਲੋਂ ਪੰਜਾਬ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਨਸ਼ਿਆਂ ਦੀ ਸਮੱਸਿਆ ਨੂੰ ਕਈ ਗੁਣਾ ਵਧਾ ਕੇ ਦੱਸਿਆ ਗਿਆ। ਪੁਲਸ ਭਰਤੀ ਨੇ ਕੇਜਰੀਵਾਲ ਅਤੇ ਰਾਹੁਲ ਗਾਂਧੀ ਸਮੇਤ ਉਨ੍ਹਾਂ ਆਗੂਆਂ ਨੂੰ ਝੂਠੇ ਸਿੱਧ ਕਰ ਦਿੱਤਾ ਹੈ, ਜੋ ਇਹ ਕਹਿ ਰਹੇ ਸਨ ਕਿ 70 ਤੋਂ 80 ਫੀਸਦੀ ਪੰਜਾਬੀ ਬੁਰੀ ਤਰ੍ਹਾਂ ਨਸ਼ਿਆਂ ਦੀ ਮਾਰ ਹੇਠ ਆ ਚੁੱਕੇ ਹਨ। ਫੌਜੀ ਕੈਂਪ ਅਤੇ ਪੁਲਸ ਦੀ ਭਰਤੀ ਦੇ ਵੇਰਵਿਆਂ ਨੂੰ ਇਕੱਠਿਆਂ ਕਰ ਕੇ ਵੇਖਿਆ ਜਾਵੇ ਤਾਂ ਸਿਰਫ 1 ਫੀਸਦੀ ਤੋਂ ਵੀ ਘੱਟ ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਦੇ ਦੋਸ਼ੀ ਪਾਏ ਗਏ ਹਨ। ਕੁਲ ਉਮੀਦਵਾਰਾਂ ਵਿਚੋਂ 512 ਅਜਿਹੇ ਹਨ, ਜਿਨ੍ਹਾਂ ਨੇ ਭੰਗ ਵਰਗੇ ਨਸ਼ੇ ਦਾ ਸੇਵਨ ਕੀਤਾ ਸੀ ਅਤੇ 379 ਅਜਿਹੇ ਉਮੀਦਵਾਰ ਸਨ, ਜਿਨ੍ਹਾਂ ਨੇ ਅਫੀਮ ਜਾਂ ਅਫੀਮ ਤੋਂ ਬਣਨ ਵਾਲੇ ਕਿਸੇ ਨਸ਼ੇ ਦਾ ਸੇਵਨ ਕੀਤਾ ਸੀ।
ਭਰਤੀ ਦੌਰਾਨ ਸਾਹਮਣੇ ਆਏ ਇਨ੍ਹਾਂ ਤੱਥਾਂ ਨੇ ਜਿਥੇ ਪੰਜਾਬ ਤੇ ਪੰਜਾਬੀ ਗੱਭਰੂਆਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਕੂੜ-ਪ੍ਰਚਾਰ ਨੂੰ ਮੁੱਢੋਂ ਗਲਤ ਸਿੱਧ ਕੀਤਾ ਹੈ, ਉੱਥੇ ਹੀ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਉਨ੍ਹਾਂ ਬਿਆਨਾਂ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਸਿਰਫ ਇਕ ਤੋਂ ਦੋ ਫੀਸਦੀ ਤੱਕ ਹੈ ਅਤੇ ਇਸ ਸਮੱਸਿਆ ਨੂੰ ਸਿਆਸੀ ਕਾਰਨਾਂ ਕਰਕੇ ਵਧਾ-ਚੜ੍ਹਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਮਾਹਿਰ ਡਾਕਟਰਾਂ ਵਲੋਂ ਭਰਤੀ ਹੋਣ ਆਏ ਨੌਜਵਾਨਾਂ ਦੇ ਸੈਂਪਲ ਲਏ ਗਏ ਸਨ। ਇਸ ਤਰ੍ਹਾਂ ਇਹ ਅੰਕੜੇ ਸਰਕਾਰੀ ਨਾ ਹੋ ਕੇ ਮਾਹਿਰ ਡਾਕਟਰਾਂ ਵਲੋਂ ਕੀਤਾ ਗਿਆ ਸਰਵੇ ਹੋ ਨਿੱਬੜਿਆ ਹੈ।

Share Button

Leave a Reply

Your email address will not be published. Required fields are marked *

%d bloggers like this: