Wed. Apr 24th, 2019

ਪੀ.ਡੀ.ਐਫ਼.ਏ. ਦਾ ਡੇਅਰੀ ਤੇ ਖੇਤੀਬਾੜੀ ਮੇਲਾ ਅੰਤਰ-ਰਾਸ਼ਟਰੀ ਪੱਧਰ ਦਾ ਮੇਲਾ ਬਣ ਚੁੱਕੈ : ਸਿੱਧੂ

ਪੀ.ਡੀ.ਐਫ਼.ਏ. ਦਾ ਡੇਅਰੀ ਤੇ ਖੇਤੀਬਾੜੀ ਮੇਲਾ ਅੰਤਰ-ਰਾਸ਼ਟਰੀ ਪੱਧਰ ਦਾ ਮੇਲਾ ਬਣ ਚੁੱਕੈ : ਸਿੱਧੂ

ਪੀ. ਡੀ. ਐਫ. ਏ. ਵੱਲੋਂ ਕਰਵਾਏ ਜਾ ਰਹੇ 13ਵੇਂ ਏਸ਼ੀਆ ਦੇ ਸਭ ਤੋਂ ਵੱਡੇ ਡੇਅਰੀ ਅਤੇ ਖੇਤੀਬਾੜੀ ਮੇਲੇ ਦੇ ਦੂਸਰੇ ਦਿਨ ਪੂਰੇ ਦੇਸ਼ ਤੋਂ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕਰਕੇ ਨਵੀਆਂ ਤਕਨੀਕਾਂ ਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਅੱਜ ਮੇਲੇ ਦੇ ਦੂਸਰੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਪੁੱਜੇ ਤੇ ਮੇਲੇ ‘ਚ ਲੱਗੀਆਂ ਸਟਾਲਾਂ ਅਤੇ ਦੂਰੋਂ-ਦੂਰੋਂ ਵਧੀਆ ਨਸਲਾਂ ਦੇ ਪਹੁੰਚੇ ਪਸ਼ੂਆਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਇਸ ਸਮੇਂ ਡੇਅਰੀ ਦੇ ਖੇਤਰ ‘ਚ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਸਮੇਂ ਜਿੱਥੇ ਰਾਜ ਦੀ ਕਿਸਾਨ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਲਈ ਖੇਤੀ ਖਰਚਿਆਂ ਦੇ ਬਰਾਬਰ ਕਿਸਾਨਾਂ ਨੂੰ ਸਬਸਿਡੀਆਂ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਪੰਜਾਬ ‘ਚ ਡੇਅਰੀ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।

ਸਿੱਧੂ ਨੇ ਪੀ. ਡੀ. ਐਫ. ਏ. ਵਲੋਂ ਰਾਜ ਦੀ ਕਿਸਾਨੀ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੇਲੇ ਦੇ ਪ੍ਰਬੰਧਾਂ ਨੂੰ ਦੇਖ ਕੇ ਖੁਸ਼ੀ ਦਾ ਇਜਹਾਰ ਕੀਤਾ। ਉਨ੍ਹਾਂ ਪੀ. ਡੀ. ਐਫ. ਏ. ਟੀਮ ਨੂੰ ਮੇਲੇ ਦੀ ਵਧਾਈ ਵੀ ਦਿਤੀ। ਇਸ ਮੌਕੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮੇਲੇ ‘ਤੇ ਜੇਤੂਆਂ ਪਸ਼ੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋਗਰੈਸਿਵ ਡੇਅਰੀ ਫਾਰਮਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਡੇਅਰੀ ਧੰਦੇ ਦੇ ਖੇਤਰ ‘ਚ ਪੰਜਾਬ ਹਰ ਸਾਲ ਅੱਗੇ ਵੱਧ ਰਿਹਾ ਹੈ।

ਉਨ੍ਹਾਂ ਇਥੋਂ ਤੱਕ ਵੀ ਕਿਹਾ ਕਿ ਪੰਜਾਬ ਦੇ ਕਿਸਾਨ ਖੇਤੀਬਾੜੀ ਦੇ ਨਾਲ-ਨਾਲ ਕਮਰਸ਼ੀਅਲ ਡੇਅਰੀ ਨੂੰ ਅਪਨਾਉਣ ਨੂੰ ਪਹਿਲ ਦੇ ਰਹੇ ਹਨ। ਸ. ਸਦਰਪੁਰਾ ਨੇ ਦਾਅਵਾ ਕੀਤਾ ਕਿ ਪੀ. ਡੀ. ਐਫ. ਏ. ਪੰਜਾਬ ਦੀ ਧਰਤੀ ‘ਤੇ ਅਜਿਹੇ ਅੰਤਰਰਾਸ਼ਟਰੀ ਪੱਧਰ ਦੇ ਮੇਲੇ ਲਗਾਉਣ ਦਾ ਇੱਕੋ-ਇਕ ਮਕਸਦ ਪੰਜਾਬ ਦੀ ਕਿਸਾਨੀ ਨੂੰ ਆਰਥਿਕ ਪੱਖੋਂ ਉਚਾ ਚੁੱਕਣਾ ਤੇ ਰਾਜ ਨੂੰ ਡੇਅਰੀ ਸੂਬੇ ਵਜੋਂ ਉਭਾਰਨਾ ਹੈ। ਇਸ ਮੌਕੇ ਪੀ. ਡੀ. ਐਫ. ਏ. ਦੇ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਡੇਅਰੀ ਮੇਲੇ ਦੇ ਅਖੀਰਲੇ ਦਿਨ ਸਮੁੱਚੇ ਪਸ਼ੂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ।

ਇਸ ਮੌਕੇ ਡੇਅਰੀ ਡਾਇਰੈਕਟਰ ਇੰਦਰਜੀਤ ਸਿੰਘ, ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ, ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਬਲਵੀਰ ਸਿੰਘ ਨਵਾਂ ਸ਼ਹਿਰ, ਹਰਿੰਦਰ ਸਿੰਘ ਸ਼ਾਹਪੁਰ, ਡਾ: ਜਸਵਿੰਦਰ ਸਿੰਘ ਭੱਟੀ, ਸਰਪੰਚ ਸੁਖਪਾਲ ਸਿੰਘ ਵਰਪਾਲ, ਸੁਖਜਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਸਠਿਆਲਾ, ਪ੍ਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: