Wed. Aug 21st, 2019

ਪੀ. ਏ. ਯੂ. ਵਿੱਚ ਇੱਕ ਦਿਨ

ਪੀ. ਏ. ਯੂ. ਵਿੱਚ ਇੱਕ ਦਿਨ

ਤਿੰਨ ਦਿਨ ਪਹਿਲਾਂ ਰੂਹੀ ਬੇਟੀ ਦੇ ਨਾਂ ਇਕ ਈਮੇਲ ਆਈ ਸੀ, “ਕਹਾਣੀ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਵਧਾਈ!” ਰੂਹੀ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਰਵਾਏ ਕਹਾਣੀ- ਮੁਕਾਬਲੇ ਲਈ ਆਪਣੀ ਕਹਾਣੀ ਭੇਜੀ ਸੀ ਤੇ ਉਸ ਵਿੱਚ ਉਸ ਨੂੰ ਜੇਤੂ ਐਲਾਨਿਆ ਗਿਆ ਸੀ। 15 ਅਗਸਤ ,2017 ਦੇ ਇੱਕ ਰੋਜ਼ਾਨਾ ਅਖ਼ਬਾਰ ਵਿੱਚ ਪੀ ਏ ਯੂ ਨੇ ਪੰਜ ਵੰਨਗੀਆਂ ਲਈ ਐਂਟਰੀਆਂ ਮੰਗੀਆਂ ਸਨ ਤੇ ਰੂਹੀ ਨੇ ਆਪਣੇ ਪਸੰਦੀਦਾ ਕਹਾਣੀ- ਮੁਕਾਬਲੇ ਲਈ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਸੀ। ਐਂਟਰੀਆਂ ਭੇਜਣ ਦੀ ਆਖਰੀ ਤਰੀਕ 25 ਅਗਸਤ ਰੱਖੀ ਗਈ ਸੀ। ਯਾਨੀ ਉਸ ਕੋਲ ਸਿਰਫ਼ ਦਸ ਦਿਨ ਸਨ ਤੇ ਉਧਰੋਂ ਉਹ (ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ) ਬੜੀ ਸਖ਼ਤ ਮਿਹਨਤ ਵਾਲੀ ਪੜ੍ਹਾਈ ਕਰ ਰਹੀ ਸੀ।
ਰੂਹੀ ਨੇ ਪਰਮਾਤਮਾ ਤੇ ਭਰੋਸਾ ਰੱਖ ਕੇ ਪੂਰੀ ਤਿਆਰੀ ਨਾਲ ਜੇਤੂ ਰਹਿਣ ਦਾ ਨਿਸ਼ਾਨਾ ਮਿੱਥ ਕੇ ਆਖ਼ਰੀ ਮਿਤੀ ਤੋਂ ਇੱਕ ਦਿਨ ਪਹਿਲਾਂ,24 ਅਗਸਤ ਨੂੰ ਆਪਣੀ ਕਹਾਣੀ ਈ ਮੇਲ ਰਾਹੀਂ ਭੇਜ ਦਿੱਤੀ। ਕਹਾਣੀ ਦਾ ਸਿਰਲੇਖ ਰੱਖਿਆ ‘ਚੱਲ ਚੱਲੀਏ’। ਇਕਦਮ ਸਿੱਧਾ ਦਿਲ ਨੂੰ ਟੁੰਬਣ ਵਾਲਾ ਸਿਰਲੇਖ ਸੀ ਤੇ ਇਸ ਵਿੱਚ ਪੇਸ਼ ਵਿਸ਼ੇ ਤੇ ਸ਼ੈਲੀ ਲਈ ਉਹਨੇ ਬਹਿੰਦਿਆਂ, ਉੱਠਦਿਆਂ ਤੇ ਇੱਥੋਂ ਤੱਕ ਕਿ ਸੌਂਦਿਆਂ ਵੀ ਵਾਰਤਾਲਾਪ, ਘਟਨਾਵਾਂ ਤੇ ਕਥਾ- ਸਾਮੱਗਰੀ ਜੁਟਾਈ ਸੀ। ਉਹਦੀ ਮਿਹਨਤ ਰੰਗ ਲਿਆਈ ਤੇ ਉਹਨੂੰ 7 ਸਤੰਬਰ ਦੀ ਮੇਲ ਰਾਹੀਂ ਜੇਤੂ ਐਲਾਨਿਆ ਗਿਆ ਸੀ। ਸਾਨੂੰ ਸਭ ਨੂੰ ਰੂਹੀ ਦੀ ਇਸ ਪ੍ਰਾਪਤੀ ਤੇ ਬੜਾ ਮਾਣ ਤੇ ਫ਼ਖ਼ਰ ਮਹਿਸੂਸ ਹੋ ਰਿਹਾ ਸੀ। ਉਸ ਨੂੰ ਪਰਿਵਾਰਿਕ ਮੈਂਬਰਾਂ ਤੇ ਅਧਿਆਪਕਾਂ ਸਮੇਤ ਸਨਮਾਨ ਲੈਣ ਲਈ ਪੀ ਏ ਯੂ ਪਹੁੰਚਣ ਦਾ ਸੱਦਾ ਮਿਲਿਆ ਸੀ।
10 ਸਤੰਬਰ (ਐਤਵਾਰ) ਨੂੰ ਪੀ ਏ ਯੂ ਵੱਲੋਂ ‘ਵਿਸ਼ਵ ਸਿਹਤ ਸੰਗਠਨ’ ਵੱਲੋਂ ਦਿੱਤੇ ਸੱਦੇ ਤੇ ‘ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਵਸ’ ਦਾ ਆਯੋਜਨ ਕੀਤਾ ਗਿਆ ਤੇ ਇਹ ਮੁਕਾਬਲੇ ਇਸੇ ਕੜੀ ਦਾ ਹੀ ਹਿੱਸਾ ਸਨ। ਅਸੀਂ ਤਿੰਨੋਂ ਪਰਿਵਾਰਿਕ ਮੈਂਬਰ(ਮੈਂ,ਪਤਨੀ ਤੇ ਬੇਟੀ) ਟੈਕਸੀ ਕਰਵਾ ਕੇ ਸਮੇਂ ਸਿਰ ਪੀ ਏ ਯੂ ਪਹੁੰਚੇ ਤੇ ਉੱਥੇ ‘ਪਾਲ ਆਡੋਟੋਰੀਅਮ’ ਵਿੱਚ ਰਜਿਸਟ੍ਰੇਸ਼ਨ ਕਰਵਾਈ। ਆਡੋਟੋਰੀਅਮ ਦੇ ਬਾਹਰ ਪੋਸਟਰ- ਮੁਕਾਬਲੇ ਦੇ ਜੇਤੂਆਂ ਵੱਲੋਂ ਬਣਾਏ ਪੋਸਟਰ ਪ੍ਰਦਰਸ਼ਿਤ ਕੀਤੇ ਗਏ ਸਨ। ਇੱਥੇ ਹੀ ਸਾਨੂੰ ਇਸ ਪ੍ਰੋਗਰਾਮ ਦੇ ਰੂਹੇ- ਰਵਾਂ ਡਾ. ਸਰਬਜੀਤ ਸਿੰਘ ਰੇਣੂਕਾ ਮਿਲੇ, ਜਿਨ੍ਹਾਂ ਨੇ ਬੜੀ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ। ਅਜੇ ਪ੍ਰੋਗਰਾਮ ਸ਼ੁਰੂ ਹੋਣ ਵਿੱਚ ਕੁਝ ਸਮਾਂ ਰਹਿੰਦਾ ਸੀ ਤੇ ਅਸੀਂ ਹਾਲ ਤੋਂ ਬਾਹਰ ਖੜ੍ਹੇ ਆਲਾ- ਦੁਆਲਾ ਨਿਹਾਰ ਰਹੇ ਸਾਂ (ਪਹਿਲੀ ਵਾਰ ਜੋ ਪੀ ਏ ਯੂ ਆਏ ਸਾਂ) ਕਿ ਇੱਕ ਨੌਜਵਾਨ ਨੇ ਮੇਰੇ ਪੈਰੀਂ ਹੱਥ ਲਾ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਂ ਵੀ ਉਹਨੂੰ ਪਛਾਣ ਲਿਆ। ਭਾਵੇਂ ਅਸੀਂ ਪਹਿਲੀ ਵਾਰ ਇਕ ਦੂਜੇ ਨੂੰ ਮਿਲ ਰਹੇ ਸਾਂ, ਪਰ ਲਿਖਤਾਂ ਰਾਹੀਂ ਸੰਪਰਕ ਵਿੱਚ ਸਾਂ। ਇਹ ਹਰਗੁਣਪ੍ਰੀਤ ਸਿੰਘ ਸੀ,ਜਿਸ ਨੇ ਇਸ ਮੁਕਾਬਲੇ ਦੀ ਸਲੋਗਨ ਐਂਟਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਤੇ ਕੁਝ ਸਮਾਂ ਇੱਕ ਕਾਲਜ ਵਿੱਚ ਅਧਿਆਪਨ ਕਰਨ ਪਿੱਛੋਂ ਅੱਜ ਕੱਲ੍ਹ ਪੀਐਚ ਡੀ ਕਰ ਰਿਹਾ ਸੀ।
ਦਸ ਕੁ ਵਜੇ ਅਸੀਂ ਹਾਲ ਵਿਚ ਆਪੋ- ਆਪਣੀਆਂ ਸੀਟਾਂ ਤੇ ਬਹਿ ਗਏ। ਉੱਥੇ ਜੇਤੂਆਂ, ਮਾਪਿਆਂ, ਜੱਜਾਂ, ਅਧਿਆਪਕਾਂ ਅਤੇ ਪ੍ਰੈੱਸ ਆਦਿ ਲਈ ਵੱਖ-ਵੱਖ ਥਾਵਾਂ ਨਿਰਧਾਰਤ ਸਨ, ਜਿਸ ਕਰਕੇ ਅਸੀਂ ਆਪਣੀ ਬੇਟੀ ਨਾਲ ਨਾ ਬੈਠ ਸਕੇ।ਇਸ ਸਾਰੇ ਕਾਰਜ ਲਈ ਪ੍ਰੋ. ਸਰਬਜੀਤ ਸਿੰਘ ਤੇ ‘ਉਤਸ਼ਾਹ’ ਪ੍ਰਾਜੈਕਟ ਵਾਲੇ ਵਿਦਿਆਰਥੀ,ਐਨ. ਐਸ. ਐਸ. ਵਾਲੰਟੀਅਰ ਭਰਪੂਰ ਮਦਦ ਕਰ ਰਹੇ ਸਨ। ਜਿਉਂ ਹੀ ਹਾਲ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਪਦਮ ਸ੍ਰੀ ਡਾ. ਸੁਰਜੀਤ ਪਾਤਰ, ਪੀ ਏ ਯੂ ਦੇ ਵੀ.ਸੀ. ਡਾ ਬਲਦੇਵ ਸਿੰਘ ਢਿੱਲੋਂ ਨਾਲ ਪਹੁੰਚੇ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਹਾਜ਼ਰੀਨ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨਾਲ ਸ੍ਰੀਮਤੀ ਭੁਪਿੰਦਰ ਪਾਤਰ, ਸ੍ਰੀਮਤੀ ਢਿੱਲੋਂ ਅਤੇ ਡਾ. ਜਗਦੀਸ਼ ਕੌਰ (ਡੀਨ) ਵੀ ਪਹੁੰਚੇ ਸਨ। ਆਰੰਭ ਵਿੱਚ ਵੱਖ-ਵੱਖ ਮਾਹਿਰਾਂ ਡਾ. ਸੁਖਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਡੀ.ਜੇ.ਸਿੰਘ ਤੇ ਡਾ. ਜਤਿੰਦਰ ਕੌਰ ਗੁਲਾਟੀ ਨੇ ਆਰਥਿਕ, ਮਨੋਵਿਗਿਆਨਕ, ਸੱਭਿਆਚਾਰਕ ਤੇ ਤਣਾਓਮਈ ਸਥਿਤੀਆਂ ਵਿੱਚ ਖ਼ੁਦਕੁਸ਼ੀਆਂ ਦੇ ਕਾਰਨਾਂ ਅਤੇ ਰੋਕਥਾਮ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਇੱਥੇ ਵੀ ਡਾ. ਰੇਣੁਕਾ ਨੇ ਆਪਣੀ ਪ੍ਰਭਾਵਸ਼ਾਲੀ ਸ਼ਖਸੀਅਤ, ਭਾਸ਼ਣ ਅਤੇ ਪੇਸ਼ਕਾਰੀ ਨਾਲ ਸਭ ਨੂੰ ਆਕਰਸ਼ਿਤ ਕੀਤਾ ਤੇ ਉਨ੍ਹਾਂ ਦੇ ਭਾਸ਼ਣ ਵਿੱਚ ਸਭ ਤੋਂ ਵੱਧ ਤਾੜੀਆਂ ਵੱਜੀਆਂ। ਵੀ.ਸੀ. ਡਾ.ਢਿੱਲੋਂ ਨੇ ਸੂਝਵਾਨ ਨੌਜਵਾਨਾਂ ਨੂੰ ਭਾਈਚਾਰਾ ਮਜ਼ਬੂਤ ਕਰਨ ਅਤੇ ਮਿਲਵਰਤਨ ਨਾਲ ਰਹਿਣ ਦਾ ਸੱਦਾ ਦਿੱਤਾ।
ਇਸ ਸਮਾਗਮ ਦੀ ਖਿੱਚ- ਭਰਪੂਰ ਸ਼ਖ਼ਸੀਅਤ ਸੀ- ਡਾ. ਸੁਰਜੀਤ ਪਾਤਰ। ਆਧੁਨਿਕ ਪੰਜਾਬੀ ਕਵਿਤਾ ਦਾ ਸਿਰਮੌਰ ਹਸਤਾਖ਼ਰ ਅਤੇ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ। ਉਸ ਨੇ ਆਪਣੇ ਖੂਬਸੂਰਤ ਤੇ ਕਾਵਿਕ ਬੋਲਾਂ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ ਤੇ ਕੁਝ- ਇੱਕ ਨੇ ਤਾਂ ਉਸ ਦੇ ਭਾਸ਼ਣ ਦੀ ਪੂਰੀ ਦੀ ਪੂਰੀ ਵੀਡੀਓ ਵੀ ਬਣਾ ਲਈ। ਦੋ ਲਘੂ- ਫਿਲਮਾਂ ‘ਚੱਪਲ’ ਅਤੇ ‘ਪੰਡ’ ਤੋਂ ਇਲਾਵਾ ਪੀਏ ਯੂ ਦੇ ਵਿਦਿਆਰਥੀਆਂ ਵੱਲੋਂ ਪ੍ਰਸਤੁਤ ਨੁੱਕੜ ਨਾਟਕ ਇਸ ਸਮਾਗਮ ਦਾ ਹਾਸਲ ਸੀ। ਆਖਰ ਵਿੱਚ ਸਮਾਂ ਆਇਆ ਜੇਤੂਆਂ ਨੂੰ ਸਨਮਾਨਿਤ ਕਰਨ ਦਾ। ਵੱਖ-ਵੱਖ ਵੰਨਗੀਆਂ- ਕਵਿਤਾ, ਕਹਾਣੀ, ਲੇਖ, ਪੋਸਟਰ ਤੇ ਸਲੋਗਨ- ਮੁਕਾਬਲੇ ਦੇ ਪਹਿਲੇ ਤਿੰਨ ਜੇਤੂਆਂ ਤੋਂ ਬਿਨਾਂ ਕਈ ਉਤਸ਼ਾਹ- ਵਧਾਊ ਇਨਾਮ ਵੀ ਦਿੱਤੇ ਗਏ। ਰੂਹੀ ਦੀ ਵਾਰੀ ਆਉਣ ਤੇ ਮੈਂ ਉਹਦੇ ਨਾਲ ਹੀ ਮੰਚ ਤੇ ਗਿਆ, ਤਾਂ ਸਤਿਕਾਰਿਤ ਵੀ.ਸੀ. ਨੇ ਮੈਨੂੰ ਆਪਣੇ ਨਾਲ ਖੜ੍ਹਾ ਕੇ ਮਾਣ ਦਿੱਤਾ। ਬਹੁਤ ਸਾਰੇ ਕੈਮਰਿਆਂ ਦੀ ਕਲਿੱਕ ਹੋਈ। ਇਨ੍ਹਾਂ ਮੁਕਾਬਲਿਆਂ ਦੇ ਦੋ ਪੱਧਰ ਸਨ- ਪਹਿਲਾ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਤੇ ਦੂਜਾ ਅਠਾਰਾਂ ਤੋਂ ਪੈਂਤੀ ਸਾਲ ਤੱਕ। ਰੂਹੀ ਨੇ ਪਹਿਲੇ ਪੱਧਰ ਵਿੱਚ ਕਹਾਣੀ ਵੰਨਗੀ ਅਧੀਨ ਪਹਿਲਾ ਇਨਾਮ ਫੁੰਡਿਆ ਸੀ। ਹਾਲਾਂਕਿ ਉਸਦੀ ਜਮਾਤ ਗ੍ਰੈਜੂਏਸ਼ਨ ਦਾ ਪਹਿਲਾ ਸਾਲ ਹੈ, ਪਰ ਉਮਰ ਮਹਿਜ਼ 16½ ਸੋਲਾਂ ਸਾਲ ਹੈ।
ਸਮੁੱਚਾ ਪ੍ਰੋਗਰਾਮ ਦੋ ਵਜੇ ਸਮਾਪਤ ਹੋ ਗਿਆ, ਜਿਸ ਦੌਰਾਨ ਡਾ. ਦੇਵਿੰਦਰ ਦਿਲਰੂਪ ਨੇ ਕਾਵਿਕ- ਅੰਦਾਜ਼ ਵਿੱਚ ਮੰਚ ਸੰਭਾਲਿਆ। ਸਾਰੇ ਸਰੋਤਿਆਂ ਤੇ ਮਹਿਮਾਨਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੈਰੋਂ ਕਿਸਾਨ ਭਵਨ ਵਿੱਚ ਕੀਤਾ ਗਿਆ ਸੀ। ਇਹ ਭਵਨ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਨੇੜੇ ਹੈ। ਕਿਸਾਨ ਭਵਨ ਵਿੱਚ ਦਾਖਲ ਹੁੰਦਿਆਂ ਹੀ ਸਾਡੀ ਨਜ਼ਰ ਡਾ. ਸੁਰਜੀਤ ਪਾਤਰ ਤੇ ਗਈ ਤਾਂ ਅਸੀਂ ਉਨ੍ਹਾਂ ਨਾਲ ਫੋਟੋ ਖਿਚਵਾਉਣ ਦੀ ਇੱਛਾ ਪ੍ਰਗਟ ਕੀਤੀ, ਜੋ ਉਨ੍ਹਾਂ ਨੇ ਸਹਿਜੇ ਹੀ ਪ੍ਰਵਾਨ ਕਰ ਲਈ। ਅਸੀਂ ਬਾਗ਼- ਬਾਗ਼ ਸਾਂ, ਖਾਸ ਤੌਰ ਤੇ ਬੇਟੀ ਰੂਹੀ। ਖਾਣੇ ਦੌਰਾਨ ਵੀ ਤਿੰਨ- ਚਾਰ ਪਰਿਵਾਰ ਮੈਨੂੰ ਪਛਾਣ ਕੇ ਮੈਨੂੰ ਮਿਲੇ ਅਤੇ ਅਸੀਂ ਇੱਕ ਦੂਜੇ ਨਾਲ ਵਧਾਈ ਸਾਂਝੀ ਕੀਤੀ। ਖਾਣੇ ਦੇ ਹਾਲ ਵਿੱਚ ਇੱਕ ਵਾਰ ਫੇਰ ਡਾ. ਸਰਬਜੀਤ ਸਿੰਘ ਨਾਲ ਮੁਲਾਕਾਤ ਹੋਈ, ਜੋ ਸਾਰੇ ਪ੍ਰਬੰਧਾਂ ਦੀ ਦੇਖ- ਰੇਖ ਨਿੱਜੀ ਦਿਲਚਸਪੀ ਲੈ ਕੇ ਕਰ ਰਹੇ ਸਨ ਤੇ ਹਰ ਜੇਤੂ ਬੱਚੇ ਨੂੰ ਆਸ਼ੀਰਵਾਦ ਦੇ ਕੇ ਮਾਣ ਬਖਸ਼ ਰਹੇ ਸਨ। ਅਸੀਂ ਉਨ੍ਹਾਂ ਦਾ ਸ਼ੁਕਰੀਆ ਕਰਕੇ ਆਗਿਆ ਲਈ ਅਤੇ ਵਾਪਸ ਟੈਕਸੀ ਰਾਹੀਂ ਸ਼ਾਮੀ ਸਵਾ ਛੇ ਵਜੇ ਤਲਵੰਡੀ ਸਾਬੋ ਪਰਤ ਆਏ।
ਪੀ ਏ ਯੂ ਵਿੱਚ ਸਮਾਂ ਨਾ ਹੋਣ ਕਰਕੇ ਤੇ ਉਂਜ ਵੀ ਐਤਵਾਰ ਦਾ ਦਿਨ ਹੋਣ ਕਰਕੇ ਕੁਝ ਖ਼ਾਸ ਨਹੀਂ ਵੇਖ ਸਕੇ। ਹਾਂ, ਰੂਹੀ ਸਮੇਤ ਅਸੀਂ ਵੀ ਪ੍ਰਕਿਰਤੀ ਨੂੰ ਮੋਬਾਈਲ ਕੈਮਰੇ ਵਿੱਚ ਸੰਜੋਇਆ ਅਤੇ ਕਈ ਥਾਂਵਾਂ ਤੇ, ਰੁੱਖਾਂ ਜਾਂ ਮਨਪਸੰਦ ਇਮਾਰਤਾਂ ਕੋਲ ਖੜ੍ਹ ਕੇ ਸੈਲਫੀਆਂ ਲਈਆਂ।
ਹਾਂ ਸੱਚ, ਇੱਕ ਗੱਲ ਦੱਸਣੀ ਰਹਿ ਗਈ ਕਿ ਇਸ ਇਨਾਮ ਬਾਰੇ ਪੰਜਾਬੀ ਦੇ ਇੱਕ ਰੋਜ਼ਾਨਾ ਅਖ਼ਬਾਰ ਵਿੱਚ ਰੂਹੀ ਦੀ ਫੋਟੋ ਸਮੇਤ ਖ਼ਬਰ ਸਮਾਗਮ ਤੋਂ ਇੱਕ ਦਿਨ ਪਹਿਲਾਂ ਛਪ ਗਈ ਸੀ, ਜੋ ਕਿ ਸੋਸ਼ਲ ਮੀਡੀਆ ਰਾਹੀਂ ਫੈਲ ਗਈ।ਜਿਸ ਕਰਕੇ ਵਧਾਈਆਂ ਤੇ ਕੁਮੈਂਟਸ ਆਦਿ ਦੇ ਬਹੁਤ ਸਾਰੇ ਸੰਦੇਸ਼ ਮਿਲੇ। ਰੂਹੀ ਨੂੰ ਉਸ ਦੀਆਂ ਕਲਾਸਫੈਲੋਜ਼, ਅਧਿਆਪਕਾਂ, ਵੀ. ਸੀ., ਰਜਿਸਟਰਾਰ ਤੇ ਡੀਨ ਆਦਿ ਵੱਲੋਂ ਵਧਾਈ ਦੇ ਸੁਨੇਹੇ ਪ੍ਰਾਪਤ ਹੋਏ ਅਤੇ ਕੁਝ- ਇੱਕ ਨੇ ਕਹਾਣੀ ਪੜ੍ਹਨ ਦੀ ਇੱਛਾ ਪ੍ਰਗਟ ਕੀਤੀ। ਰੂਹੀ ਦੇ ਵਿਭਾਗ ਨੇ ਆਪਣੇ ਪੇਜ ‘ਤੇ ਇਹ ਕਹਾਣੀ, ਖ਼ਬਰ ਤੇ ਰੂਹੀ ਦੀ ਫੋਟੋ ਅਪਲੋਡ ਕੀਤੀ, ਤਾਂ ਕਈਆਂ ਨੇ ਇਸ ਨੂੰ ਇੱਕ-ਦੂਜੇ ਨਾਲ ਸਾਂਝਾ ਕੀਤਾ।ਜੰਮੂ ਤੋਂ ਪ੍ਰਕਾਸ਼ਿਤ ਹੁੰਦੇ ਇੱਕ ਤ੍ਰੈਮਾਸਿਕ- ਪੱਤਰ ‘ਆਬਰੂ’ ਨੇ ਤਾਂ ਇਹ ਕਹਾਣੀ ਅਗਲੇ ਅੰਕ ਵਿੱਚ ਪ੍ਰਕਾਸ਼ਿਤ ਕਰਨ ਦੀ ਖ਼ੁਸ਼ੀ ਵੀ ਸਾਂਝੀ ਕੀਤੀ।
ਰੂਹੀ ਨੂੰ ਪ੍ਰਾਪਤ ਹੋਏ ਪਹਿਲੇ ਰਾਜ- ਪੱਧਰੀ ਸਨਮਾਨ ਵਿੱਚ ਇੱਕ ਖ਼ੂਬਸੂਰਤ ਮੋਮੈਂਟੋ,( ਜਿਸ ਉੱਤੇ ਉਹਦਾ ਨਾਂ ਅੰਕਿਤ ਕੀਤਾ ਹੋਇਆ ਹੈ), ਸਰਟੀਫਿਕੇਟ ਅਤੇ ਡਾ. ਰਣਜੀਤ ਸਿੰਘ ਦੀਆਂ ਲਿਖੀਆਂ ਦੋ ਕਿਤਾਬਾਂ ‘ਆਤਮ ਵਿਸ਼ਵਾਸ’ ਤੇ ‘ਸਫ਼ਲਤਾ ਦੇ ਰਾਹ’ ਪ੍ਰਾਪਤ ਹੋਈਆਂ। ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 873 ਬੱਚਿਆਂ ਨੇ ਹਿੱਸਾ ਲਿਆ ਸੀ ਤੇ ਜੇਤੂਆਂ ਸਮੇਤ ਬੱਚਿਆਂ ਦੇ ਮਾਪੇ,ਪਰਿਵਾਰਕ- ਮੈਂਬਰ, ਦੋਸਤ- ਮਿੱਤਰ, ਸਕੂਲ/ ਕਾਲਜ ਦੇ ਅਧਿਆਪਕ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਧਾਰੇ ਸਨ। ਰੂਹੀ ਨੇ ਇਸ ਤੋਂ ਪਹਿਲਾਂ ਜ਼ਿਲ੍ਹਾ ਅਤੇ ਖੇਤਰ- ਪੱਧਰ ਦੇ ਵਿੱਦਿਅਕ- ਮੁਕਾਬਲਿਆਂ ਵਿੱਚ ਕਰੀਬ ਡੇਢ ਦਰਜਨ ਮੈਡਲ ਪ੍ਰਾਪਤ ਕੀਤੇ ਹਨ, ਪਰ ਰਾਜ- ਪੱਧਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਜੋਂ ਸਾਨੂੰ ਸਾਰੇ ਪਰਿਵਾਰ ਨੂੰ ਬੇਹੱਦ ਖੁਸ਼ੀ ਦਾ ਅਨੁਭਵ ਹੋ ਰਿਹਾ ਸੀ।
ਪੀ ਏ ਯੂ ਜਿੱਥੇ ਕਿਸਾਨਾਂ ਅਤੇ ਸੁਧਰੇ ਬੀਜਾਂ ਲਈ ਜਾਣੀ ਜਾਂਦੀ ਹੈ,ਉੱਥੇ ਇਸ ਨੇ ਇਸ ਚੈਲੇਂਜ- ਭਰਪੂਰ ਵਿਸ਼ੇ ਲਈ ਯੁਵਾ- ਵਰਗ ਨੂੰ ਜੋੜ ਕੇ ਇੱਕ ਸ਼ਲਾਘਾਯੋਗ ਮਿਸ਼ਨ ਦਾ ਆਗਾਜ਼ ਕੀਤਾ ਹੈ। ਇਸ ਕਾਰਜ ਲਈ ਪੀ ਏ ਯੂ ਦੇ ਵੀ.ਸੀ. ਅਤੇ ‘ਉਤਸ਼ਾਹ’ ਪ੍ਰਾਜੈਕਟ ਨਾਲ ਜੁੜੇ ਸਮੂਹ ਅਧਿਆਪਕਾਂ ਤੇ ਵਾਲੰਟੀਅਰਾਂ ਦੇ ਜਜ਼ਬੇ ਦੀ ਭਰਪੂਰ ਦਾਦ ਦੇਣੀ ਬਣਦੀ ਹੈ।
ਮੇਰੀ ਜਾਚੇ, ਇਹੋ ਜਿਹੇ ਪ੍ਰੇਰਨਾਮਈ ਸਮਾਗਮਾਂ ਰਾਹੀਂ ਜਿੱਥੇ ਯੁਵਾ- ਵਰਗ ਨੂੰ ਨਵੇਂ- ਨਵੇਂ ਲੋਕਾਂ, ਅਧਿਆਪਕਾਂ, ਸ਼ਖ਼ਸੀਅਤਾਂ ਨੂੰ ਮਿਲਣ/ ਸੁਣਨ ਦਾ ਮੌਕਾ ਮਿਲਦਾ ਹੈ, ਉੱਥੇ ਉਨ੍ਹਾਂ ਵਿੱਚ ਹੋਰ ਮਿਹਨਤ ਕਰਨ ਦਾ ਜਜ਼ਬਾ ਵੀ ਪੈਦਾ ਹੁੰਦਾ ਹੈ। ਜਿਵੇਂ ਕਿ ਇਸ ਪ੍ਰੋਜੈਕਟ ਦਾ ਨਾਮ ਹੀ ਡਾ. ਸਰਬਜੀਤ ਸਿੰਘ ਰੇਣੁਕਾ ਨੇ ‘ਉਤਸ਼ਾਹ’ ਰੱਖਿਆ ਹੈ, ਜਿਸ ਤੋਂ ਵਾਕਈ ਹਿੰਮਤ, ਦਲੇਰੀ, ਜੋਸ਼ ਤੇ ਉਤਸ਼ਾਹ ਦੀ ਭਰਪੂਰ ਪ੍ਰਾਪਤੀ ਹੁੰਦੀ ਹੈ। ਹੁਣ ਵੀ ਜਦੋਂ ਕਿਧਰੇ ਮੈਂ ਅਖ਼ਬਾਰ ਵਿੱਚ ਖੁਦਕੁਸ਼ੀ ਕਾਰਨ ਹੋਈ ਕਿਸੇ ਕਿਸਾਨ, ਮਜ਼ਦੂਰ ਜਾਂ ਵਿਦਿਆਰਥੀ ਦੀ ਮੌਤ ਪੜ੍ਹਦਾ ਹਾਂ ਤਾਂ ਮੈਨੂੰ ਪੀ ਏ ਯੂ ਦੇ ‘ਉਤਸ਼ਾਹ ਪ੍ਰਾਜੈਕਟ’ ਦੀ ਯਾਦ ਆ ਜਾਂਦੀ ਹੈ।

ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ ,
ਤਲਵੰਡੀ ਸਾਬੋ- (ਬਠਿੰਡਾ)
9417692015

Leave a Reply

Your email address will not be published. Required fields are marked *

%d bloggers like this: