ਪੀ.ਏ. ਨੇ ਐਮ ਪੀ ਪ੍ਰੋ. ਸਾਧੂ ਸਿੰਘ ਨਾਲ ਮਾਰੀ 33 ਲੱਖ ਦੀ ਠੱਗੀ, ਪਰਚਾ ਦਰਜ

ss1

ਪੀ.ਏ. ਨੇ ਐਮ ਪੀ ਪ੍ਰੋ. ਸਾਧੂ ਸਿੰਘ ਨਾਲ ਮਾਰੀ 33 ਲੱਖ ਦੀ ਠੱਗੀ, ਪਰਚਾ ਦਰਜ

ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਪ੍ਰੋ. ਸਾਧੂ ਸਿੰਘ ਨਾਲ ਉਸ ਦੇ ਨਿੱਜੀ ਸਹਾਇਕ ਵੱਲੋਂ 33 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਫ਼ਰੀਦਕੋਟ ਪੁਲੀਸ ਨੇ ਸਾਂਸਦ ਦੇ ਸਾਬਕਾ ਪੀ.ਏ. ਗੁਰਸੇਵਕ ਸਿੰਘ ਉਰਫ਼ ਪ੍ਰੀਤ ਪੁੱਤਰ ਕੇਵਲ ਸਿੰਘ ਵਾਸੀ ਅਮੀ ਵਾਲਾ ਜਿਲਾ ਮੋਗਾ ਖਿਲਾਫ਼ ਆਈ.ਪੀ.ਸੀ ਦੀ ਧਾਰਾ 420, 406 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ 2014 ਤੋਂ ਲੈ ਕੇ 2016 ਤੱਕ ਸਾਂਸਦ ਪ੍ਰੋ. ਸਾਧੂ ਸਿੰਘ ਦਾ ਨਿੱਜੀ ਸਹਾਇਕ ਰਿਹਾ ਹੈ। 2014 ਵਿੱਚ ਸਾਂਸਦ ਅਚਾਨਕ ਬਿਮਾਰ ਹੋਣ ਕਾਰਨ ਡੀ.ਐੱਮ.ਸੀ. ਲੁਧਿਆਣੇ ਦਾਖਲ ਰਹੇ। ਇਸ ਦਰਮਿਆਨ ਪ੍ਰੋ. ਸਾਧੂ ਸਿੰਘ ਨੇ ਭਾਰਤੀ ਸਟੇਟ ਬੈਂਕ ਬਰਾਂਚ ਪਾਰਲੀਮੈਂਟ ਹਾਊਸ ਦਾ ਏ.ਟੀ.ਐਮ ਕਾਰਡ ਆਪਣੇ ਨਿੱਜੀ ਸਹਾਇਕ ਨੂੰ ਦਿੱਤਾ ਹੋਇਆ ਸੀ। ਜਿਸ ਵਿੱਚ ਸਾਂਸਦ ਦੀ ਤਨਖਾਹ ਅਤੇ ਹੋਰ ਭੱਤੇ ਆਉਂਦੇ ਸਨ। ਨਿੱਜੀ ਸਹਾਇਕ ਨੇ ਦੋ ਸਾਲਾਂ ਦੇ ਅਰਸੇ ਦੌਰਾਨ ਪ੍ਰੋ. ਸਾਧੂ ਸਿੰਘ ਦੇ ਖਾਤਾ ਨੰਬਰ 33859204797 ਵਿੱਚੋਂ ਏ.ਟੀ.ਐੱਮ. 33 ਲੱਖ 13 ਹਜ਼ਾਰ 267 ਰੁਪਏ ਕਢਵਾ ਲਏ ਅਤੇ ਇਸ ਨੂੰ ਨਿੱਜੀ ਹਿੱਤਾਂ ਲਈ ਵਰਤ ਲਿਆ। ਇਸ ਠੱਗੀ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰੋ. ਸਾਧੂ ਸਿੰਘ ਨੇ ਆਪਣੇ ਨਿੱਜੀ ਸਹਾਇਕ ਪੈਸੇ ਵਾਪਸ ਜਮਾਂ ਕਰਵਾਉਣ ਲਈ ਕਿਹਾ ਸੀ ਪਰੰਤੂ ਉਸ ਨੇ ਪੈਸੇ ਵਾਪਸ ਜਮਾਂ ਨਹੀਂ ਕਰਵਾਏ। ਇਸ ਉਪਰੰਤ ਸਾਂਸਦ ਨੇ 23 ਮਈ ਨੂੰ ਜਿਲਾ ਪੁਲੀਸ ਮੁਖੀ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲੀਸ ਨੇ ਸਾਂਸਦ ਦੀ ਸ਼ਿਕਾਇਤ ਉੱਪਰ ਤਿੰਨ ਮਹੀਨੇ ਦੀ ਲੰਬੀ ਪੜਤਾਲ ਉਪਰੰਤ ਪੀ.ਏ. ਗੁਰਸੇਵਕ ਸਿੰਘ ਨੂੰ ਸਾਂਸਦ ਨਾਲ ਵਿਸ਼ਵਾਸ਼ਘਾਤ ਕਰਕੇ ਉਸ ਦੀ ਅਮਾਨਤ ਖੁਰਦ ਬੁਰਦ ਕਰਨ ਦਾ ਕਸੂਰਵਾਰ ਮੰਨਦਿਆਂ ਉਸ ਖਿਲਾਫ਼ ਪਰਚਾ ਦਰਜ ਕਰ ਲਿਆ। ਸਾਂਸਦ ਸਾਧੂ ਸਿੰਘ ਨੇ ਕਿਹਾ ਕਿ ਗੁਰਸੇਵਕ ਸਿੰਘ ਨੇ ਉਸ ਨਾਲ ਵਿਸ਼ਵਾਸ਼ਘਾਤ ਕਰਕੇ ਉਸ ਨਾਲ ਠੱਗੀ ਮਾਰੀ ਹੈ। ਉਹਨਾ ਕਿਹਾ ਕਿ ਨਿੱਜੀ ਸਹਾਇਕ ਆਪਣੀ ਗਲਤੀ ਸਵੀਕਾਰ ਕਰਨ ਦੇ ਬਾਵਜੂਦ ਪੈਸੇ ਵਾਪਸ ਜਮਾਂ ਨਹੀਂ ਕਰਵਾਏ। ਜਿਲਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਸਾਂਸਦ ਦੇ ਸਾਬਕਾ ਪੀ.ਏ. ਗੁਰਸੇਵਕ ਸਿੰਘ ਖਿਲਾਫ਼ ਆਈ.ਪੀ.ਸੀ ਦੀ ਧਾਰਾ 420, 406 ਤਹਿਤ ਪਰਚਾ ਦਰਜ ਕਰ ਲਿਆ।

Share Button

Leave a Reply

Your email address will not be published. Required fields are marked *