ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ. …

ss1

ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਨੂੰ. …

soniਦੋਸਤੋ ਮੇਰੀ ਸੁੱਧ-ਬੁੱਧ ਅਨੁਸਾਰ ਕਿਸੇ ਵੀ ਇਨਸਾਨ ਨਾਲ ਅੰਤਾਂ ਦਾ ਮੋਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਉਹੀ ਇਨਸਾਨ ਆਪਣੇ ਦਿਲ ਅਤੇ ਜ਼ਿੰਦਗੀ ’ਚੋਂ ਦੂਰ ਹੁੰਦਾ ਹੈ ਤਾਂ ਦਿਲ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਦੀ ਹੈ, ਕਿਉਂਕਿ ਦਿਲ ਨੂੰ ਟੁੰਬਣ ਵਾਲਾ ਇਨਸਾਨ ਜਾਂ ਜਿਸ ਨਾਲ ਤੁਸੀਂ ਹਰ ਗੱਲਬਾਤ ਸ਼ੇਅਰ ਕਰਦੇ ਹੋ ਇਹੋ-ਜਿਹੇ ਦਿਲਾਂ ਦੇ ਜਾਨੀ ਰੱਬ ਵੱਲੋਂ ਦਿੱਤੀਆਂ ਅਨਮੋਲ ਦਾਤਾਂ ਹੀ ਹੁੰਦੀਆਂ ਹਨ। ਸਿਆਣੇ ਕਹਿੰਦੇ ਨੇ ਕਿ ‘ਮਰਨਾ ਸੱਚ ਅਤੇ ਜਿਉਣਾ ਝੂਠ ਹੈ’ ਪਰ ਜਿਸ ਇਨਸਾਨ ਦੇ ਮਨ ਵਿੱਚ ਆਪਣੇ-ਆਪ ਅਤੇ ਪਰਿਵਾਰ ਲਈ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਅਤੇ ਉਹ ਸਾਰੇ ਜਜ਼ਬਾਤ ਆਪਣੇ ਮਨ ਵਿੱਚ ਲੈ ਕੇ ਅਣਮਿਥੀ ਮੌਤ ਨਾਲ ਦੁਨੀਆਂ ਤੋਂ ਚਲਾ ਜਾਵੇ ਤਾਂ ਉਸਦੇ ਚਾਹੁਣ ਵਾਲਿਆਂ ਅਤੇ ਪਰਿਵਾਰ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ ਇਸ ਗੱਲ ਤੋਂ ਅਸੀਂ ਸਭ ਭਲੀ-ਭਾਂਤ ਜਾਣੂ ਹਾਂ। ਇਸ ਧਰਤੀ ’ਤੇ ਬਹੁਤ ਸਾਰੇ ਇਨਸਾਨ ਹਨ ਜੋ ਇੱਕ ਦੂਜੇ ਦੇ ਬਹੁਤ ਹੀ ਪਰਮ ਮਿੱਤਰ, ਦੁੱਖ-ਸੁੱਖ ਦੇ ਵਿੱਚ ਸਹਾਈ ਹੁੰਦੇ ਹਨ ਪਰ ਕਈ ਇਨਸਾਨ ਬਹੁਤ ਘੱਟ ਸਮੇਂ ਵਿੱਚ ਰੂਹ ਦੇ ਅੰਦਰ ਤੱਕ ਇਸ ਤਰ੍ਹਾਂ ਧਸ ਜਾਂਦੇ ਹਨ ਜਿਨ੍ਹਾਂ ਨੂੰ ਭੁੱਲ ਜਾਣਾ ਉੱਠਣ, ਬੈਠਣ, ਸਾਉਣ ਅਤੇ ਜਾਗਣ ਮੌਕੇ ਯਾਦ ਨਾ ਕਰਨਾ ਬਹੁਤ ਵੱਡੀ ਮਜਬੂਰੀ ਹੋ ਜਾਂਦੀ ਹੈ। ਇਸੇ ਹੀ ਲੜੀ ਤਹਿਤ ਮੇਰੇ ਮਿੱਤਰਾਂ ਦੀ ਗਾਨੀ ਵਿਚੋਂ ਇਕ ਹੋਰ ਮੇਰਾ ਹੀਰਾ ਮਿੱਤਰ ਸਤਿੰਦਰ ਸਿੰਘ ਰੰਧਾਵਾ (ਜਿਸਨੂੰ ਅਸੀਂ ਪਿਆਰ ਨਾਲ ਸੋਨੀ ਵੀ ਕਹਿੰਦੇ ਸਾਂ) ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਕਿ ਰੱਬ ਨੂੰ ਪਿਆਰਾ ਹੋ ਗਿਆ।

ਸੱਚ ਪੁੱਛੋ ਤਾਂ ਦੋਸਤੋ ਉਸ ਬਾਰੇ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਬਹੁਤ ਥੋੜ੍ਹੀ ਜਾਪਦੀ ਹੈ, ਹਰ ਇਕ ਨੂੰ ਪਿਆਰ ਨਾਲ ਬੁਲਾਉਣਾ ਆਪ ਤੋਂ ਵੱਡਿਆਂ ਦਾ ਸਤਿਕਾਰ ਛੋਟਿਆਂ ਨੂੰ ਬੇਹੱਦ ਪਿਆਰ ਦੇਣਾ ਸਦਾ ਹੱਸਦੇ ਰਹਿਣਾ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਨੂੰ ਅੱਜ ਤੋਂ ਡੇਡ ਕੁ ਸਾਲ ਪਹਿਲਾਂ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੇ ਆਣ ਘੇਰਾ ਪਾ ਲਿਆ ਤੇ ਘੇਰਾ ਵੀ ਇਹੋ ਜਿਹਾ ਪਾਇਆ ਜਿੱਥੋਂ ਉਸ ਬਿਮਾਰੀ ਤੋਂ ਖਹਿੜਾ ਛਡਵਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਖ਼ਰ ਨੂੰ ਅੱਜ ਤੜਕਸਾਰ ਕਰੀਬ 5:30 ਵਜੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਆਖ਼ਰੀ ਸਾਹ ਲਏ। ਦੱਸਣਯੋਗ ਹੈ ਕਿ ਅੱਜ ਤੋਂ ਤਕਰੀਬਨ 17-18 ਸਾਲ ਪਹਿਲਾਂ ਸੋਨੀ ਦੇ ਪਿਤਾ ਜਥੇਦਾਰ ਸਵ: ਰਘਵੀਰ ਸਿੰਘ ਦੀ ਵੀ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਘਰ ਵਿੱਚ ਸਭ ਤੋਂ ਵੱਡਾ ਹੋਣ ਕਰਕੇ ਸਾਰੀ ਹੀ ਜ਼ਿੰਮੇਵਾਰੀ ਸੰਭਾਲ ਲਈ ਅਤੇ ਘਰ ਦੇ ਰੁਝੇਵਿਆਂ ’ਚੋਂ ਟਾਇਮ ਕੱਢ ਕੇ ਹਰ ਇਕ ਦੇ ਦੁੱਖ-ਸੁੱਖ ਵਿਚ ਵੀ ਸਹਾਈ ਹੁੰਦਾ ਸੀ ਜਿਸ ਨਾਲ ਸੋਨੀ ਦੇ ਇਸ ਮਿਲਾਪੜੇਪਨ ਨਾਲ ਇਲਾਕੇ ਅਤੇ ਰਿਸ਼ਤੇਦਾਰਾਂ ਵਿੱਚ ਖ਼ੂਬ ਪ੍ਰਸੰਸਾ ਹੁੰਦੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਸਾਡੇ ਹੀਰੇ ਵਰਗੇ ਯਾਰ ਨੂੰ ਸਾਥੋਂ ਕਰੋੜਾਂ ਮੀਲ ਦੂਰ ਲੈ ਗਈ ਜਿੱਥੇ ਅਸੀਂ ਵਾਰੀ-ਵਾਰੀ ਚਲੇ ਤਾਂ ਸਭ ਨੇ ਹੀ ਜਾਣਾ ਹੈ ਪਰ ਕਿਸੇ ਵਿੱਛੜੇ ਹੋਏ ਨੂੰ ਮਿਲਣ ਲਈ ਚਾਹੁੰਦੇ ਹੋਏ ਵੀ ਉਸ ਤੱਕ ਪਹੁੰਚ ਨਹੀਂ ਸਕਦੇ। ਚਲੋ ਖ਼ੈਰ ਮਾਲਕ ਦੀ ਮਰਜ਼ੀ ਸੀ ਜੋ ਉਸਨੂੰ ਮਨਜ਼ੂਰ ਸੀ, ਜੋ ਉਸਨੂੰ ਚੰਗਾ ਲੱਗਾ ਉਹ ਭਾਣਾ ਵਰਤ ਚੁੱਕਾ ਹੈ ਪਰ ਆਪਣੀ ਮਿੱਠਬੋਲੜੀ ਅਤੇ ਹਰ ਇੱਕ ਨੂੰ ਇੱਜ਼ਤ ਦੇਣ ਵਰਗੇ ਉਚਾਰਨ ਕਰਕੇ ਸਤਿੰਦਰ ਸੋਨੀ ਹਰ ਇੱਕ ਦਾ ਹਰਮਨ ਪਿਆਰਾ ਸੀ ਜੋ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਹਮੇਸ਼ਾਂ ਹੀ ਵੱਸਦਾ ਰਹੇਗਾ। ਸੋਨੀ ਆਪਣੇ ਪਿੱਛੇ ਆਪਣੀ ਮਾਤਾ, ਇਕ ਭੈਣ, ਭਰਾ, ਧਰਮਪਤਨੀ, ਇੱਕ ਪੁੱਤਰ ਅਤੇ ਇਕ ਪੁੱਤਰੀ ਨੂੰ ਰੋਂਦੇ ਵਿਲਕਦੇ ਹਮੇਸ਼ਾਂ ਲਈ ਛੱਡ ਕੇ ਚਲਾ ਗਿਆ। ਮੈਂ ਮਾਲਕ ਅੱਗੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਸੱਚੇ ਦਿਲੋਂ ਦੁਆ ਕਰਦਾ ਹਾਂ ਕਿ ਸੋਨੀ ਵੀਰ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਦੇਣ।

gulzar madinaਗੁਲਜ਼ਾਰ ਮਦੀਨਾ
ਸਾਦਿਕ, ਜ਼ਿਲ੍ਹਾ ਫ਼ਰੀਦਕੋਟ।
94174-48786

Share Button

Leave a Reply

Your email address will not be published. Required fields are marked *