Thu. Oct 17th, 2019

ਪੀਸੀਏ ਫਰਿਜ਼ਨੋ ਦੇ ਸੱਭਿਆਚਾਰਕ ਮੇਲੇ ਤੇ ਜਸਲੀਨ ਜੱਸੀ, ਦੀਪ ਢਿੱਲੋ ਅਤੇ ਤਰਸੇਂਮ ਜੱਸੜ ਨੇ ਕਰਵਾਈ ਬਹਿਜਾ ਬਹਿਜਾ

ਪੀਸੀਏ ਫਰਿਜ਼ਨੋ ਦੇ ਸੱਭਿਆਚਾਰਕ ਮੇਲੇ ਤੇ ਜਸਲੀਨ ਜੱਸੀ, ਦੀਪ ਢਿੱਲੋ ਅਤੇ ਤਰਸੇਂਮ ਜੱਸੜ ਨੇ ਕਰਵਾਈ ਬਹਿਜਾ ਬਹਿਜਾ

ਫਰਿਜ਼ਨੋ (ਕੈਲੇਫੋਰਨੀਆਂ) 18 ਜੂਨ ( ਰਾਜ ਗੋਗਨਾ )— ਬੀਤੇਂ ਦਿਨ ਸਥਾਨਕ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਸੱਭਿਆਚਾਰਿਕ ਮੇਲਾ ਸਥਾਨਿਕ ਬਲੱਫ ਪੁਆਇੰਟ ਗੌਲਫ ਕੋਰਸ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਪਾਰਕ ਅੰਦਰ ਸਟੇਜ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਕਹਿੰਦਿਆ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ।ਪੀਸੀਏ ਦੀਆਂ ਮੁਟਿਆਰਾਂ ਅਤੇ ਗੱਭਰੂਆਂ ਦੀਆਂ ਭੰਗੜਾ ਟੀਮਾਂ ਨੇ ਨੱਚ ਨੱਚਕੇ ਪੂਰੇ ਫਰਿਜ਼ਨੋ ਸ਼ਹਿਰ ਨੂੰ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਵਜੋਤ ਫਰਿਜ਼ਨੋ ਨੇ ਧਾਰਮਿਕ ਗੀਤ ਨਾਲ ਕੀਤੀ ।
ਇਸ ਪਿਛੋਂ ਵਾਰੀ ਆਈ ਜਸਪਿੰਦਰ ਰਾਇਨਾਂ ਦੀ ਜੀਹਨੇ ਆਪਣੇ ਸੁਰੀਲੇ ਬੋਲਾਂ ਨਾਲ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਪਿੱਛੋਂ ਵਾਰੀ ਆਈ ਸੁਰੀਲੀ ਜੋੜੀ ਜਸਲੀਨ ਜੱਸੀ ਤੇ ਦੀਪ ਢਿੱਲੋਂ ਦੀ ਜਿਹਨਾਂ ਨੇ ਆਪਣੇ ਨਵੇਂ ਪੁਰਾਣੇਂ ਗੀਤਾ ਦੀ ਐਸੀ ਛਹਿਬਰ ਲਾਈ ਕਿ ਦਰਸ਼ਕ ਅੱਧਾ ਘੰਟਾ ਮਿਆਰੀ ਗਾਇਕੀ ਦਾ ਅਨੰਦ ਮਾਣਦੇ ਮਦਹੋਸ਼ ਹੋਏ ਕਿਸੇ ਵੱਖਰੀ ਮਸਤੀ ਵਿੱਚ ਨਜ਼ਰੀ ਪੈ ਰਹੇ ਸਨ।
ਨਾਲ ਦੀ ਨਾਲ ਹਰਮਨ ਚਾਹਲ ਤੇ ਜੱਸ ਬਾਜਵਾ ਨੇ ਵੀ ਆਪਣੀ ਦਮਦਾਰ ਗਾਇਕੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਅਖੀਰ ਵਿੱਚ ਇੰਤਜ਼ਾਰ ਦੀਆਂ ਘੜੀਆ ਖਤਮ ਹੋਈਆਂ ਤੇ ਤਰਸੇਂਮ ਜੱਸੜ ਨੇ ਆਪਣੇ ਅੰਦਾਜ਼ ਵਿੱਚ ਮੇਲੇ ਨੂੰ ਚਰਮ ਸੀਮਾਂ ਤੱਕ ਪਹੁੰਚਾਉਂਦਿਆਂ ਆਪਣੇ ਬਹੁ-ਚਰਚਤ ਗੀਤ ਗਾਕੇ ਐਸੀ ਭੰਗੜੇ ਦੀ ਧਮਾਲ ਪਾਈ ਕਿ ਪੰਡਾਲ ਅੰਦਰ ਬੈਠੇ ਹਰ ਪੰਜਾਬੀ ਦੇ ਪੱਬ ਢੋਲ ਦੇ ਡਗੇ ਤੇ ਥਿਰਕਦੇ ਮਹਿਸੂਸ ਹੋ ਰਹੇ ਸਨ।
ਇਸ ਮੌਕੇ ਪੀਸੀਏ ਟੀਮ ਵੱਲੋਂ ਉੱਘੇ ਫਾਰਮਰ ਰਾਜ ਕਾਹਲੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਤੁਹਾਨੂੰ ਯਾਦ ਹੋਣਾ ਕਿ ਇਹ ਓਹੀ ਰਾਜ ਕਾਹਲੋਂ ਹੈ ਜਿਸਨੇ ਅਮਰੀਕਾ ਦੀ ਹਿਸਟਰੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਪੰਜ ਮਿਲੀਅਨ ਡਾਲਰ ਯੂ ਸੀ ਮਰਸਿਡ ਨੂੰ ਦਿੱਤਾ ‘ਤੇ ਉਹ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਵੀ ਸਿੱਖ ਚੇਅਰ ਸਥਾਪਿਤ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਆਸ਼ਾ ਸ਼ਰਮਾ ਜਿਹੜੇ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਸਟੇਜਾਂ ਤੇ ਸਰਦਾਰੀ ਕਰਦੇ ਆ ਰਹੇ ਨੇ ਲੋਕੀਂ ਉਹਨਾਂ ਦੀ ਕਿੰਨੀ ਇੱਜ਼ਤ ਕਰਦੇ ਨੇ ਇਸ ਗੱਲ ਦਾ ਅੰਦਾਜ਼ਾ ਉਸ ਸਮੇਂ ਲੱਗਿਆ ਜਦੋਂ ਚਰਮ ਸੀਮਾਂ ਤੇ ਚੱਲ ਰਹੇ ਮੇਲੇ ਦੌਰਾਨ ਕੁਝ ਨੌਜਵਾਨ ਭੰਗੜਾ ਪਾਉਣ ਦੇ ਰੌਅ ਵਿੱਚ ਆ ਗਏ। ਆਸ਼ਾ ਸ਼ਰਮਾ ਨੇ ਬੜੇ ਅਦਬ ਨਾਲ ਸਮਝਾਇਆ ਤੇ ਉਹ ਉੱਥੇ ਹੀ ਬੈਠਕੇ ਸੁਣਨ ਲੱਗੇ। ਤਰਸੇਮ ਜੱਸੜ, ਜੱਸ ਬਾਜਵਾ ਆਦਿ ਨੌਜਵਾਨ ਮੁੰਡੇ ਸ਼ਾਇਦ ਆਸ਼ਾ ਜੀ ਦੇ ਅਮਰੀਕਾ ਆਉਣ ਤੋਂ ਬਾਅਦ ਜੰਮੇ ਹੋਣ ਪਰ ਜੋ ਮਾਣ ਸਤਿਕਾਰ ਚਾਹੇ ਉਹ ਗੁਰਦਾਸ ਮਾਨ ਹੋਵੇ ਚਾਹੇ ਤਰਸੇਮ ਜੱਸੜ ਆਸ਼ਾ ਸ਼ਰਮਾ ਨੂੰ ਸਟੇਜ ਤੇ ਮਿਲਦਾ। ਇਹਦੇ ਮਗਰ ਸ਼ਾਇਦ ਉਹਨਾਂ ਦੀ ਤਿੰਨ ਦਹਾਕਿਆਂ ਦੀ ਮਿਹਨਤ ਦਾ ਕਮਾਲ ਹੈ।
ਇੰਡੀਅਨ ਕਬਾਬ ਪੈਲੇਸ ਰੈਸਟੋਰੈਂਟ ਵਾਲ਼ਿਆ ਵੱਲੋ ਲਾਇਆ ਗੰਨੇ ਦੇ ਰਸ ਅਤੇ ਜਲੇਬੀਆਂ ਦਾ ਸਟਾਲ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਰਿਹਾ। ਖਾਲਸਾ ਏਡ ਦੇ ਸਟਾਲ ਤੇ ਵੀ ਦਰਸ਼ਕਾਂ ਦਾ ਤੰਤਾ ਲੱਗਿਆ ਨਜ਼ਰ ਆਇਆ। ਅਖੀਰ ਵਿੱਚ ਸਪਾਂਸਰ ਸੱਜਣਾ ਨੂੰ ਸਨਮਾਨ ਚਿੰਨ ਦਿੱਤੇ ਗਏ। ਮੇਲੇ ਵਿੱਚ ਲੱਗੇ ਖਰੀਦੋ ਫਰੋਖ਼ਤ ਅਤੇ ਖਾਣ ਪੀਣ ਦੇ ਸਟਾਲ ਪੰਜਾਬ ਦੇ ਕਿਸੇ ਵੱਡੇ ਸੱਭਿਆਚਾਰਿਕ ਮੇਲੇ ਦਾ ਭੁਲੇਖਾ ਪਾ ਰਹੇ ਸਨ। ਇਸ ਤਰਾਂ ਪੀਸੀਏ ਮੈਬਰਾਂ ਦੀ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡਦਾ ਪੀਸੀਏ ਦਾ ਇਹ ਸੱਭਿਆਚਾਰਿਕ ਮੇਲਾ ਹੋ ਕੇ ਨਿਬੜਿਆ।

Leave a Reply

Your email address will not be published. Required fields are marked *

%d bloggers like this: