ਪੀਲੀਭੀਤ ਕਾਂਡ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਮਾਮਲਾ ਯੂ.ਪੀ. ਸਰਕਾਰ ਕੋਲ ਉਠਾਇਆ ਜਾਵੇਗਾ ਬਾਦਲ

ਪੀਲੀਭੀਤ ਕਾਂਡ ਦੇ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਮਾਮਲਾ ਯੂ.ਪੀ. ਸਰਕਾਰ ਕੋਲ ਉਠਾਇਆ ਜਾਵੇਗਾ: ਬਾਦਲ

11-23
ਸ੍ਰੀ ਮੁਕਤਸਰ ਸਾਹਿਬ, 11 ਮਈ (ਆਰਤੀ ਕਮਲ) : ਪੀਲੀਭੀਤ ਦੀ ਜ਼ੇਲ ਵਿਚ 1994 ‘ਚ 7 ਸਿੱਖ ਕੈਦੀਆਂ ਦੀ ਹੱਤਿਆਂ ਦੇ ਘਿਣਾਉਣੇ ਕਾਰੇ ਦੇ ਸਬੰਧ ਵਿਚ ਸਖ਼ਤ ਰੁੱਖ ਅਖਤਿਆਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਛੇਤੀ ਹੀ ਇਹ ਮਾਮਲਾ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਉਠਾਉਣਗੇ ਅਤੇ ਪੀੜਤਾਂ ਨੂੰ ਤੇਜੀ ਨਾਲ ਨਿਆਂ ਦਿਵਾਉਣ ਅਤੇ ਇਸ ਗੈਰਮਨੁੱਖੀ ਕਾਰੇ ਦੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿਵਾਉਣ ਲਈ ਉਨਾਂ ਦੇ ਸਿੱਧੇ ਅਤੇ ਨਿੱਜੀ ਦਖਲ ਦੀ ਮੰਗ ਕਰਣਗੇ।
ਅੱਜ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਵੱਲੋਂ 1994 ਵਿਚ ਵਾਪਰੇ ਪੀਲੀਭੀਤ ਕਾਂਡ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਯੂ.ਪੀ. ਸਰਕਾਰ ਉਤੇ ਹਰ ਸੰਭਵ ਦਬਾਅ ਪਾਉਣਗੇ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਨਸ਼ੇੜੀਆਂ ਦਾ ਸੂਬਾ ਆਖਣ ਸਬੰਧੀ ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਨੂੰ ਹਰ ਖੇਤਰ ਵਿਚ ਬਦਨਾਮ ਕਰਨ ਤੇ ਤੁਲੀਆਂ ਹੋਈਆਂ ਹਨ। ਉਨਾਂ ਕਿਹਾ ਕਿ ਪੰਜਾਬੀਆਂ ਨੇ ਖੇਤੀ ਸਮੇਤ ਵੱਖ ਵੱਖ ਖੇਤਰਾਂ ਵਿਚ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਕੋਈ ਨਸ਼ੇੜੀ ਸੂਬਾ ਇਸ ਤਰਾਂ ਵੱਡੀਆਂ ਮੱਲਾਂ ਨਹੀਂ ਮਾਰ ਸਕਦਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸੂਬੇ ਦੀਆਂ ਪ੍ਰਮੁੱਖ ਦੋਖੀ ਪਾਰਟੀ ਦੱਸਦੇ ਹੋਏ ਉਨਾਂ ਕਿਹਾ ਕਿ ਇੰਨਾਂ ਦੋਹਾਂ ਪਾਰਟੀਆਂ ਵੱਲੋਂ ਸੂਬੇ ਦੀਆਂ ਜੜਾਂ ਵਿਚ ਤੇਲ ਪਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ ਹੈ। ਉਨਾਂ ਕਿਹਾ ਕਿ ਪੰਜਾਬੀ ਇਕ ਬਹਾਦਰ ਕੌਮ ਹੈ ਅਤੇ ਇਸ ਕੌਮ ਤੇ ਇਸ ਤਰਾਂ ਦੇ ਬੇਬੁਨਿਆਦ ਦੋਸ਼ਾਂ ਦਾ ਕੋਈ ਅਸਰ ਹੋਣ ਵਾਲਾ ਨਹੀਂ ਹੈ।
ਸਾਲ 2017 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਮੁੱਦਿਆਂ ਬਾਰੇ ਪੁੱਛੇ ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਅਗਲੀਆਂ ਚੋਣਾਂ ਅਮਨ ਸਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੇ ਮੁੱਦੇ ਤੇ ਲੜੇਗਾ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦਾ ਸੂਬੇ ਵਿਚ ਅਮਨ ਸਾਂਤੀ ਬਹਾਲ ਰੱਖਣਾ ਮੁੱਖ ਮੁੱਦਾ ਰਿਹਾ ਹੈ ਅਤੇ ਇਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿਚ ਭਾਈਚਾਰਕ ਸਾਂਝ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ। ਉਨਾਂ ਕਿਹਾ ਕਿ ਅਮਨ ਸਾਂਤੀ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੋ ਸਕਦਾ ਜਿਸ ਕਰਕੇ ਅਕਾਲੀ ਭਾਜਪਾ ਗਠਜੋੜ ਅਮਨ ਸਾਂਤੀ ਨੂੰ ਸਭ ਤੋਂ ਉਪਰ ਰੱਖਦਾ ਹੈ। ਉਨਾਂ ਕਿਹਾ ਕਿ ਅਗਲੀਆਂ ਚੋਣਾਂ ਦੌਰਾਨ ਵਿਕਾਸ ਨੂੰ ਵੀ ਅਹਿਮ ਮੁੱਦਾ ਬਣਾਇਆ ਜਾਵੇਗਾ ਕਿਉਂਕਿ ਸਰਕਾਰ ਨੇ ਪਿੱਛਲੇ 9 ਸਾਲਾਂ ਵਿਚ ਚੌਤਰਫਾ ਵਿਕਾਸ ਯਕੀਨੀ ਬਣਾਇਆ ਹੈ ਅਤੇ ਹਾਲ ਹੀ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ 12 ਹਜਾਰ ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਹਨ।
ਜ਼ੇਲਾਂ ਵਿਚ ਕਾਨੂੰਨ ਵਿਵਸਥਾ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਦੇ ਪੱਖ ‘ਤੇ ਪੂਰੀ ਤਰਾਂ ਨਾਲ ਪੈਣੀ ਨਜਰ ਰੱਖੀ ਜਾ ਰਹੀ ਹੈ ਅਤੇ ਇਸ ਸਬੰਧ ਵਿਚ ਕਿਸੇ ਨੂੰ ਵੀ ਕਿਸੇ ਵੀ ਤਰਾਂ ਦੀ ਢਿੱਲ ਨਹੀਂਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸੰਗਤ ਦਰਸ਼ਨ ਸਮਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਅੱਜ ਦੀਆਂ ਸਮੂਹ ਮੁਸਕਿਲਾਂ ਦੀ ਜੜ ਕਾਂਗਰਸ ਦੀਆਂ ਰਾਜ ਅਤੇ ਕੇਂਦਰ ਵਿਚ ਰਹੀਆਂ ਸਰਕਾਰਾਂ ਨੇ ਲਗਾਈ ਹੈ। ਉਨਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਪੰਜਾਬ ਵਿਰੋਧੀ ਰਿਹਾ ਹੈ ਅਤੇ ਕਾਂਗਰਸ ਨੇ ਹੀ ਪੰਜਾਬ ਦਾ ਪਾਣੀ, ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਖੋਹੇ ਸਨ ਜਦ ਕਿ ਹੁਣ ਨਵੀਂ ਆਈ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਦੀ ਤਰਜ ਦੇ ਪੰਜਾਬ ਵਿਰੋਧੀ ਪਹੰੁਚ ਅਪਨਾਉਂਦਿਆਂ ਸੁਪਰੀਮ ਕੋਰਟ ਵਿਚ ਪਾਣੀਆਂ ਦੇ ਮੁੱਦੇ ਤੇ ਪੰਜਾਬ ਵਿਰੋਧੀ ਸਟੈਂਡ ਲਿਆ ਹੈ। ਉਨਾਂ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਹਮਦਰਦੀ ਹਰਿਆਣਾ ਨਾਲ ਹੈ ਅਤੇ ਆਪ ਸੁਪਰੀਮੋ ਪੰਜਾਬ ਦੇ ਬੁਨਿਆਦੀ ਮੁਸਕਿਲਾਂ ਦੀ ਜਾਣਕਾਰੀ ਤੋਂ ਕੋਰਾ ਹੈ । ਉਨਾਂ ਨੇ ਪਾਣੀਆਂ ਦੇ ਮੁੱਦੇ ਤੇ ਭਵਿੱਖ ਵਿਚ ਹੋਣ ਵਾਲੇ ਤਿੱਖੇ ਸੰਘਰਸ਼ ਲਈ ਸੂਬੇ ਦੇ ਲੋਕਾਂ ਨੂੰ ਪੂਰੀ ਤਰਾਂ ਨਾਲ ਤਿਆਰ ਰਹਿਣ ਦੀ ਅਪੀਲ ਵੀ ਕੀਤੀ।
ਮੁੱਖ ਮੰਤਰੀ ਨੇ ਅੱਜ ਭੁੱਲਰਵਾਲਾ, ਬਰਕੰਦੀ, ਖੋਖਰ, ਥਾਂਦੇਵਾਲਾ, ਮਰਾੜ ਕਲਾਂ, ਬਰੀਵਾਲਾ ਆਦਿ ਥਾਂਵਾਂ ਤੇ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਕੋਈ ਦੋ ਦਰਜਨ ਪੰਚਾਇਤਾਂ ਅਤੇ ਵਾਰਡਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇਣ ਦਾ ਐਲਾਣ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਮਾਲਵਾ ਜੋਨ ਇਕ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ, ਸ: ਮਨਜਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ, ਸਾਬਕਾ ਵਿਧਾਇਕ ਸ: ਸੁਖਦਰਸ਼ਨ ਸਿੰਘ ਮਰਾੜ, ਸ: ਜਗਦੇਵ ਸਿੰਘ ਭੁੱਲਰ, ਭਾਜਪਾ ਆਗੂ ਸ੍ਰੀ ਰਾਜੇਸ ਪਠੇਲਾ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਮੁੱਖ ਮੰਤਰੀ ਦੇ ਸੰਯੂਕਤ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਸ: ਆਰ.ਐਸ. ਰੱਖੜਾ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਏ.ਡੀ.ਸੀ. ਸ: ਕੁਲਵੰਤ ਸਿੰਘ, ਸ੍ਰੀ ਪੱਪੀ ਥਾਂਦੇਵਾਲਾ, ਸ੍ਰੀ ਬਿੰਦਰ ਗੋਣੇਆਣਾ ਆਦਿ ਵੀ ਹਾਜਰ ਸਨ।

 

Share Button

Leave a Reply

Your email address will not be published. Required fields are marked *

%d bloggers like this: