Fri. May 24th, 2019

ਪਿੰਡ ਲਹਿਰੀ ਵਿੱਚ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਸਿਖਰ ਦੁਪਹਿਰੇ ਵਿਅਕਤੀ ਦਾ ਕਤਲ

ਪਿੰਡ ਲਹਿਰੀ ਵਿੱਚ ਪੁਰਾਣੀ ਰੰਜ਼ਿਸ਼ ਦੇ ਚਲਦਿਆਂ ਸਿਖਰ ਦੁਪਹਿਰੇ ਵਿਅਕਤੀ ਦਾ ਕਤਲ
ਲਲਕਾਰੇ ਮਾਰਕੇ ਕਾਤਲਾਂ ਨੇ ਪਿੰਡ ਨੂੰ ਖੁਦ ਕਤਲ ਕਰਨ ਬਾਰੇ ਦੱਸਿਆ

ਤਲਵੰਡੀ ਸਾਬੋ, 20 ਮਾਰਚ (ਗੁਰਜੰਟ ਸਿੰਘ ਨਥੇਹਾ)- ਅੱਜ ਨਜਦੀਕੀ ਪਿੰਡ ਲਹਿਰੀ ਵਿਖੇ ਸਿਖਰ ਦੁਪਿਹਰੇ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਖੇਤੋਂ ਘਰ ਆ ਰਹੇ ਇੱਕ ਵਿਅਕਤੀ ਨੂੰ ਦੁਸ਼ਮਣਾਂ ਨੇ ਐਨੀ ਬੁਰੀ ਤਰ੍ਹਾਂ ਤੇਜ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਕਿ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਉਰਫ਼ ਮਿਸ਼ਰਾ ਸਿੰਘ (50) ਪੁੱਤਰ ਗੁਰਦਿਆਲ ਸਿੰਘ ਅੱਜ ਸਵੇਰੇ ਆਪਣੀ ਪਤਨੀ ਗੁਰਮੀਤ ਕੌਰ ਨੂੰ ਨਾਲ ਲੈ ਕੇ ਦੁਪਹਿਰ ਕਰੀਬ ਸਵਾ ਕੁ ਬਾਰਾਂ ਵਜੇ ਆਪਣੇ ਘਰ ਆ ਰਿਹਾ ਸੀ ਤਾਂ ਪਿੰਡ ਦੀ ਫ਼ਿਰਨੀ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਪਿੰਡ ਨਥੇਹਾ ਵਾਲੇ ਰਾਹ ਵਿੱਚ ਦੁਸ਼ਮਣਾਂ ਨੇ ਘੇਰ ਲਿਆ। ਮਿਲੀ ਜਾਣਕਾਰੀ ਮੁਤਾਬਿਕ ਕਥਿਤ ਦੋਸ਼ੀ ਜਗਸੀਰ ਸਿੰਘ, ਰਘੁਬੀਰ ਸਿੰਘ ਪੁੱਤਰਾਂਨ ਬਲਦੇਵ ਸਿੰਘ ਅਤੇ ਉਕਤ ਬਲਦੇਵ ਸਿੰਘ ਪੁੱਤਰ ਜੰਗੀਰ ਸਿੰਘ ਆਪਣੇ ਟਰੈਕਟਰ ਜਿਸ ਨੂੰ ਬਲਦੇਵ ਸਿੰਘ ਚਲਾ ਰਿਹਾ ਸੀ ਤੇ ਸਵਾਰ ਹੋ ਕੇ ਆ ਰਹੇ ਸਨ ਅਤੇ ਉਹਨਾਂ ਨੇ ਆਪਣਾ ਟਰੈਕਟਰ ਬਲਵੰਤ ਸਿੰਘ ਦੇ ਮੋਟਰ ਸਾਇਕਲ ਵਿੱਚ ਮਾਰ ਕੇ ਉਸਨੂੰ ਡੇਗ ਲਿਆ। ਮੋਟਰ ਸਾਇਕਲ ਦੇ ਡਿਗਦਿਆਂ ਹੀ ਬਲਵੰਤ ਸਿੰਘ ਨੂੰ ਉਕਤ ਤਿੰਨੇਂ ਪਿਓ ਪੁੱਤਰਾਂ ਨੇ ਕਥਿਤ ਤੌਰ ‘ਤੇ ਤੇਜਧਾਰ ਹਥਿਆਰਾਂ ਨਾਲ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ।
ਪਿੰਡ ਵਿੱਚੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬਲਵੰਤ ਸਿੰਘ ਦੀ ਵੱਢਾ ਟੁੱਕੀ ਕਰਨ ਬਾਅਦ ਪਿੰਡ ਵਿੱਚ ਆਕੇ ਕਥਿਤ ਤੌਰ ‘ਤੇ ਗਲੀਆਂ ਵਿੱਚ ਰੌਲਾ ਪਾ ਦਿੱਤਾ ਕਿ ਅਸੀਂ ਬਲਵੰਤ ਸਿੰਘ ਨੂੰ ਵੱਢ ਦਿੱਤਾ ਹੈ, ਜੀਹਨੇ ਚੁੱਕਣਾ ਹੈ ਜਾ ਕੇ ਚੁੱਕ ਲਵੇ। ਪਤਾ ਲੱਗਣ ‘ਤੇ ਜ਼ਖ਼ਮੀ ਹਾਲਤ ਵਿੱਚ ਪਿੰਡ ਵਾਸੀਆਂ ਨੇ ਬਲਵੰਤ ਸਿੰਘ ਨੂੰ ਇਲਾਜ਼ ਲਈ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਦਾ ਕੀਤਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਲਵੰਤ ਸਿੰਘ ਦੀ ਕਰੀਬ 30-32 ਸਾਲ ਪਹਿਲਾਂ ਟੂਟੀ ਦੇ ਪਾਣੀ ਨੂੰ ਲੈ ਕੇ ਹਮਲਾਵਰ ਧਿਰ ਨਾਲ ਲੜਾਈ ਹੋ ਗਈ ਸੀ ਜਿਸ ਦੌਰਾਨ ਬਲਵੰਤ ਸਿੰਘ ਵੱਲੋਂ ਚਲਾਈ ਗੋਲੀ ਨਾਲ ਹਮਲਾਵਰਾਂ ਦਾ ਸੀਰੀ ਜ਼ਖ਼ਮੀ ਹੋ ਗਿਆ ਸੀ ਪ੍ਰੰਤੂ ਉਸ ਕੇਸ ਵਿੱਚੋਂ ਅਦਾਲਤ ਨੇ ਬਲਵੰਤ ਸਿੰਘ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਸੀ, ਜਿਸਦੇ ਬਦਲੇ ਵਜੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਇਕਲੌਤੀ ਬੇਟੀ ਪਿਛਲੇ ਇੱਕ ਸਾਲ ਤੋਂ ਕੈਨੇਡਾ ਗਈ ਹੋਈ ਹੈ ਜਦੋਂ ਕਿ ਮ੍ਰਿਤਕ ਦੀ ਮਾਤਾ, ਪਿਤਾ ਅਤੇ ਪਤਨੀ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਹਨ ਜਦੋਂ ਕਿ ਪਹਿਲੀ ਜਮਾਤ ਵਿੱਚ ਪੜ੍ਹਦਾ ਉਸਦਾ ਗੋਦ ਲਿਆ ਬੇਟਾ ਵੀ ਅਕੈਡਮੀ ‘ਚ ਪੜ੍ਹਨ ਗਿਆ ਹੋਇਆ ਸੀ।
ਘਟਨਾ ਦਾ ਪਤਾ ਲਗਦਿਆ ਹੀ ਡੀ. ਐੱਸ. ਪੀ. ਸ. ਬਰਿੰਦਰ ਸਿੰਘ ਗਿੱਲ ਅਤੇ ਐੱਸ. ਐੱਚ. ਓ. ਸ਼੍ਰੀ ਸੁਨੀਲ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਲੋਕਾਂ ਤੋਂ ਘਟਨਾ ਬਾਰੇ ਜਾਣਕਾਰੀ ਲਈ। ਇਸ ਸੰਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਪੁੱਛੇ ਜਾਣ ਤੇ ਐੱਸ. ਐੱਚ. ਓ. ਤਲਵੰਡੀ ਸਾਬੋ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ‘ਤੇ ਪਰਚਾ ਦਰਜ਼ ਹੋ ਗਿਆ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪਤਾ ਲੱਗਿਆ ਹੈ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਪੁਲਿਸ ਕਾਰਵਾਈ ਹੋਣ ਤੋਂ ਬਾਅਦ ਮ੍ਰਿਤਕ ਦੀ ਵਿਦੇਸ਼ ਗਈ ਬੇਟੀ ਦੇ ਆਉਣ ‘ਤੇ ਹੀ ਕੀਤਾ ਜਾਵੇਗਾ।

Leave a Reply

Your email address will not be published. Required fields are marked *

%d bloggers like this: