ਪਿੰਡ ਮਾਣੂੰਕੇ ਵਿਖੇ 20 ਜੂਨ ਤੋਂ ਪਹਿਲਾਂ ਲਾਇਆ ਝੋਨਾ ਖੇਤੀਬਾੜੀ ਵਿਭਾਗ ਨੇ ਵਾਹਿਆ

ss1

ਪਿੰਡ ਮਾਣੂੰਕੇ ਵਿਖੇ 20 ਜੂਨ ਤੋਂ ਪਹਿਲਾਂ ਲਾਇਆ ਝੋਨਾ ਖੇਤੀਬਾੜੀ ਵਿਭਾਗ ਨੇ ਵਾਹਿਆ

ਮਾਣੂੰਕੇ/ਲੁਧਿਆਣਾ, ਜੂਨ -20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਸੱਦੇ ਨੂੰ ਨਜ਼ਰਅੰਦਾਜ਼ ਕਰਕੇ ਪਿੰਡ ਮਾਣੂੰਕੇ ਵਿਖੇ ਇਕ ਕਿਸਾਨ ਵੱਲੋਂ ਲਗਾਏ ਗਏ ਝੋਨੇ ਨੂੰ ਖੇਤੀਬਾੜੀ ਵਿਭਾਗ, ਪੰਜਾਬ ਵੱਲੋਂ ਵਾਹ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੀ ਗਈ।ਇਸ ਕਾਰਵਾਈ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਜਗਰਾਂਉ ਬਲਾਕ ਅਧੀਨ ਪੈਂਦੇ ਪਿੰਡ ਮਾਣੂੰਕੇ ਦਾ ਕਿਸਾਨ ਰਾਜਦੀਪ ਸਿੰਘ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਆਪਣੇ ਇੱਕ ਏਕੜ ਖੇਤ ਵਿੱਚ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰ ਰਿਹਾ ਹੈ। ਵਿਭਾਗ ਨੇ ਇਸ ਸੂਚਨਾ ਦਾ ਗੰਭੀਰ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਅਤੇ ਇਹ ਖੇਤ ਵਾਹ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕਿਸਾਨਾਂ ਵੱਲੋਂ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਵਾਈ ਜਾਵੇ, ‘ਤੇ ਵਿਭਾਗ ਵੱਲੋਂ ਬਕਾਇਦਾ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਹਰ ਉਪਰਾਲਾ ਕੀਤਾ ਜਾਵੇਗਾ।ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰਜ਼ਰਵੇਸ਼ਨ ਆਫ਼ ਸਬ ਸੁਆਇਲ ਐਕਟ 2009 ਅਧੀਨ ਕਿਸੇ ਵੀ ਕਿਸਾਨ ਨੂੰ ਝੋਨੇ ਦੀ ਪਨੀਰੀ ਦੀ ਲਵਾਈ 20 ਜੂਨ, 2018 ਤੋਂ ਪਹਿਲਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕਿਸਾਨ ਨੂੰ 10000/- ਪ੍ਰਤੀ ਹੈਕਟੇਅਰ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ।

ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਕਣਕ ਦੀ ਫਸਲ ਨੂੰ ਪੂਰੀ ਡੀ.ਏ.ਪੀ. ਖਾਦ ਪਾਈ ਹੈ ਤਾਂ ਝੋਨੇ ਦੀ ਫਸਲ ਵਿੱਚ ਡੀ.ਏ.ਪੀ. ਖਾਦ ਪਾਉਣ ਦੀ ਲੋੜ ਨਹੀਂ ਅਤੇ ਝੋਨੇ ਦੇ ਝਾੜ ‘ਤੇ ਕੋਈ ਫਰਕ ਨਹੀਂ ਪੈਂਦਾ। ਇਸ ਨਾਲ ਕਿਸਾਨ ਤੇ ਆਰਥਿਕ ਬੋਝ ਘਟੇਗਾ ਅਤੇ ਵਾਤਾਵਰਣ ਸਵੱਛ ਰਹੇਗਾ।

Share Button

Leave a Reply

Your email address will not be published. Required fields are marked *