Mon. May 27th, 2019

ਪਿੰਡ ਚਮਾਰੂ ਵਿਖੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ 255 ਏਕੜ ‘ਚ ਵਿਕਸਤ ਹੋਣ ਵਾਲੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

?

ਪਿੰਡ ਚਮਾਰੂ ਵਿਖੇ 2000 ਕਰੋੜ ਰੁਪਏ ਦੇ ਨਿਵੇਸ਼ ਨਾਲ 255 ਏਕੜ ‘ਚ ਵਿਕਸਤ ਹੋਣ ਵਾਲੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ

-ਕੁਆਰਕ ਸਿਟੀ ਦੇ ਵਿਕਸਤ ਹੋਣ ਨਾਲ ਰਾਜਪੁਰਾ ਤੇ ਘਨੌਰ ਦੇ 25 ਹਜ਼ਾਰ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ-ਪਰਨੀਤ ਕੌਰ

-ਨਵੀਂ ਉਦਯੋਗਿਕ ਨੀਤੀ ਸਦਕਾ ਹੀ ਗੋਬਿੰਦਗੜ੍ਹ ਦੀਆਂ ਬੰਦ ਪਈਆਂ ਉਦਯੋਗਿਕ ਇਕਾਈਆਂ ਚੱਲੀਆਂ-ਸਿੰਗਲਾ

-ਸੂਚਨਾ ਤਕਨਾਲੋਜੀ ਖੇਤਰ ਨੂੰ ਮਜਬੂਤ ਕਰਕੇ ਘੱਟ ਨਿਵੇਸ਼ ਨਾਲ ਰੋਜ਼ਗਾਰ ਦੇ ਵੱਧ ਮੌਕੇ ਪ੍ਰਦਾਨ ਕਰ ਰਹੀ ਹੈ ਕੈਪਟਨ ਸਰਕਾਰ-ਵਿਜੇ ਇੰਦਰ ਸਿੰਗਲਾ

-ਵੱਡੇ ਪੈਮਾਨੇ ‘ਤੇ ਸਨਅਤਾਂ ਲੱਗਣ ਨਾਲ ਨੌਜਵਾਨਾਂ ਨੂੰ ਵੀ ਵੱਡੇ ਪੈਮਾਨੇ ‘ਤੇ ਮਿਲਣਗੇ ਰੋਜ਼ਗਾਰ-ਸਿੰਗਲਾ

-‘ਪਿਛਲੇ 10 ਸਾਲਾਂ ‘ਚ ਮੈਨੂੰ ਪੰਜਾਬ ਆਉਣ ਦਾ ਅਫ਼ਸੋਸ ਪਿਛਲੇ 22 ਮਹੀਨਿਆਂ ਨੇ ਭੁਲਾਇਆ’-ਫਰੈਡ ਇਬਰਾਹਿਮੀ

-‘ਕੁਆਰਕ ਸਿਟੀ ਦੇ ਚੇਅਰਮੈਨ ਨੇ ਪਿਛਲੀ ਸਰਕਾਰ ਨੂੰ ਕੋਸਿਆ, ਕੈਪਟਨ ਸਰਕਾਰ ਦਾ ਕੀਤਾ ਧੰਨਵਾਦ’

?

ਰਾਜਪੁਰਾ, 8 ਫਰਵਰੀ (ਗੁਰਪ੍ਰੀਤ ਬੱਲ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਰੋਜ਼ਗਾਰ ਦੇ ਲਏ ਗਏ ਸੁਪਨੇ ਨੂੰ ਪੂਰਾ ਕਰਨ ਲਈ ਕਰੀਬ 2000 ਕਰੋੜ ਰੁਪਏ ਦੇ ਨਿਵੇਸ਼ ਨਾਲ ਹਲਕਾ ਘਨੌਰ ਦੇ ਪਿੰਡ ਚਮਾਰੂ ਵਿਖੇ ਕੁਆਰਕ ਸਿਟੀ ਵੱਲੋਂ ਕਰੀਬ 255 ਏਕੜ ‘ਚ ਵਿਕਸਤ ਕੀਤੇ ਜਾ ਰਹੇ ਇੰਡਸਟ੍ਰੀਅਲ ਅਸਟੇਟ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸਾਂਝੇ ਤੌਰ ‘ਤੇ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਕੁਆਰਕ ਸਿਟੀ ਦੇ ਚੇਅਰਮੈਨ ਸ੍ਰੀ ਫਰੈਡ ਇਬਰਾਹਿਮੀ, ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਤੇ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ।

ਅੱਜ ਇੱਥੇ ਅਨਾਜ ਮੰਡੀ ਵਿਖੇ ਕਰਵਾਏ ਇੱਕ ਵਿਸ਼ਾਲ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਇਸ ਇੰਡਸਟ੍ਰੀਅਲ ਅਸਟੇਟ ਦੇ ਵਿਕਸਤ ਹੋਣ ਨਾਲ ਜਿੱਥੇ ਇਲਾਕੇ 25 ਤੋਂ 30 ਹਜ਼ਾਰ ਲੋਕਾਂ ਨੂੰ ਸਿੱਧੇ ਤੌਰ ‘ਤੇ ਰੋਜ਼ਗਾਰ ਮਿਲੇਗਾ, ਉਥੇ ਹੀ ਲੱਖਾਂ ਲੋਕਾਂ ਨੂੰ ਇਸਦਾ ਅਸਿੱਧੇ ਤੌਰ ‘ਤੇ ਵੀ ਲਾਭ ਪੁੱਜੇਗਾ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਇਸੇ ਤਹਿਤ ਹੀ ਘਰ-ਘਰ ਰੋਜ਼ਗਾਰ ਦੇਣ ਦੇ ਵਾਅਦੇ ਅਧੀਨ ਇਹ ਉਦਯੋਗਿਕ ਹੱਬ ਵਿਕਸਤ ਕੀਤੀ ਜਾ ਰਹੀ ਹੈ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਪਿਛਲੇ 10 ਸਾਲਾਂ ਦੌਰਾਨ ਸੂਬੇ ਦੀ ਤਰੱਕੀ ਲਈ ਡੱਕਾ ਦੂਹਰਾ ਨਹੀਂ ਕੀਤਾ ਹੁਣ ਉਹੋ ਕੈਪਟਨ ਸਰਕਾਰ ਵੱਲੋਂ ਅਰੰਭੀਆਂ ਕਿਸਾਨ ਕਰਜ਼ਾ ਰਾਹਤ, ਘਰ-ਘਰ ਰੋਜ਼ਗਾਰ ਤੇ ਹੋਰ ਅਨੇਕਾਂ ਲੋਕ ਭਲਾਈ ਸਕੀਮਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਵਿਧਾ ਇਨਫਰਾਸਟ੍ਰਕਚਰ ਪ੍ਰਾਈਵੇਟ ਕੰਪਨੀ ਵੱਲੋਂ ਵਿਕਸਤ ਹੋਣ ਵਾਲੇ ਇਸ ਉਦਯੋਗਿਕ ਹੱਬ ‘ਚ ਖੇਤੀਬਾੜੀ ਅਧਾਰਤ, ਸਿਹਤ ਸੇਵਾਵਾਂ, ਬੁਨਿਆਦੀ ਢਾਂਚਾ, ਬਿਜਲੀ, ਸੂਚਨਾ ਤਕਨਾਲੋਜੀ ਸਮੇਤ ਹੋਰ ਦਰਜਨਾਂ ਤਰ੍ਹਾਂ ਦੇ ਉਦਯੋਗ ਵਿਕਸਤ ਹੋਣਗੇ। ਉਨ੍ਹਾਂ ਕਿਹਾ ਕਿ ਕੁਆਰਕ ਸਿਟੀ ਵੱਲੋਂ ਇਕੱਲੇ ਰੋਜ਼ਗਾਰ ਦੇ ਮੌਕੇ ਹੀ ਪ੍ਰਦਾਨ ਨਹੀਂ ਕੀਤੇ ਜਾਣਗੇ ਸਗੋਂ ਨੌਜਵਾਨਾਂ ਨੂੰ ਹੁਨਰਮੰਦ ਵੀ ਬਣਾਇਆ ਜਾਵੇਗਾ ਤਾਂ ਕਿ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।

ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਲੈਕੇ ਪੁੱਜੇ ਕੈਬਨਿਟ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਚਨਾ ਤਕਨਾਲੋਜੀ ਦੇ ਖੇਤਰ ਨੂੰ ਮਜ਼ਬੂਤ ਕਰ ਰਹੀ ਹੈ ਤਾਂ ਕਿ ਘੱਟ ਨਿਵੇਸ਼ ਨਾਲ ਵਧੇਰੇ ਆਮਦਨ ਵਾਲੇ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਉਦਯੋਗਿਕ ਨੀਤੀ ਤਹਿਤ ਸਨਅਤਾਂ ਲਈ ਬਣਾਏ ਸਾਜ਼ਗਾਰ ਮਾਹੌਲ ਅਤੇ ਦਿੱਤੀਆਂ ਰਿਆਇਤਾਂ ਸਮੇਤ ਸਸਤੀ ਬਿਜਲੀ ਸਦਕਾ ਹੀ ਪਿਛਲੇ 10 ਸਾਲਾਂ ਦੌਰਾਨ ਗੋਬਿੰਦਗੜ੍ਹ ਦੀਆਂ ਬੰਦ ਹੋਈਆਂ ਉਦਯੋਗਿਕ ਇਕਾਈਆਂ ਦੀਆਂ ਚਿਮਨੀਆਂ ‘ਚੋਂ ਧੂੰਆਂ ਨਿਕਲਣ ਲੱਗਿਆ ਹੈ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਕੁਆਰਕ ਸਿਟੀ ਦੇ ਚੇਅਰਮੈਨ ਸ੍ਰੀ ਫਰੈਡ ਇਬਰਾਹਿਮੀ 2002 ਕੈਪਟਨ ਅਮਰਿੰਦਰ ਸਿੰਘ ਤਤਕਾਲੀ ਸਰਕਾਰ ਸਮੇਂ ਪੰਜਾਬ ਆਏ ਪ੍ਰੰਤੂ ਅਫ਼ਸੋਸ ਕਿ ਪਿਛਲੀ ਸਰਕਾਰ ਨੇ ਇਨ੍ਹਾਂ ਦੇ ਸਾਰੇ ਪ੍ਰਾਜੈਕਟ ਰੋਕ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ ਸਗੋਂ ਸੂਬੇ ਨੂੰ ਖੁਸ਼ਹਾਲ ਬਨਾਉਣ ਲਈ ਲੋਕ ਪੱਖੀ ਨੀਤੀਆਂ ਦੇ ਨਾਲ-ਨਾਲ ਲੀਹੋਂ ਲੱਥੀ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੁਆਰਕ ਸਿਟੀ ਵਰਗੇ ਹੋਰ ਵੀ ਵੱਡੇ ਪ੍ਰਾਜੈਕਟ ਜਲਦ ਹੀ ਪੰਜਾਬ ਆ ਰਹੇ ਹਨ ਅਤੇ ਵੱਡੇ ਪੈਮਾਨੇ ‘ਤੇ ਲੱਗਣ ਵਾਲੀਆਂ ਸਨਅਤਾਂ ਕਰਕੇ ਰਾਜ ਦੇ ਨੌਜਵਾਨਾਂ ਨੂੰ ਵੀ ਵੱਡੇ ਪੈਮਾਨੇ ‘ਤੇ ਰੋਜ਼ਗਾਰ ਮੁਹੱਈਆ ਹੋਣਗੇ।

ਇਸ ਦੌਰਾਨ ਪਿਛਲੀ ਸਰਕਾਰ ਦੇ 10 ਸਾਲਾਂ ‘ਚ ਆਪਣੇ ਵੱਲੋਂ ਕੀਤੇ ਨਿਵੇਸ਼ ਦੀ ਦੁਰਗਤੀ ਹੋਣ ਦਾ ਜ਼ਿਕਰ ਕਰਦਿਆਂ ਕੁਆਰਕ ਸਿਟੀ ਦੇ ਚੇਅਰਮੈਨ ਸ੍ਰੀ ਫਰੈਡ ਇਬਰਾਹਿਮੀ ਨੇ ਕਿਹਾ ਕਿ ਉਸਨੂੰ ਇਸ ਸਮੇਂ ਦੌਰਾਨ ਪੰਜਾਬ ‘ਚ ਆਉਣਾ ਆਪਣੇ ਆਪ ਦੀ ਮੂਰਖਤਾ ਲੱਗ ਰਿਹਾ ਸੀ ਪਰੰਤੂ ਪਿਛਲੇ 22 ਮਹੀਨਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਦਿੱਤੇ ਸਹਿਯੋਗ ਨੇ ਸਭ ਕੁਝ ਭੁਲਾ ਦਿੱਤਾ ਹੈ ਅਤੇ ਹੁਣ ਮੈਂਨੂੰ ਪੰਜਾਬ ਨਾਲ ਮੋਹ ਹੋ ਗਿਆ ਹੈ। ਸ੍ਰੀ ਫਰੈਡ ਨੇ ਕਿਹਾ ਕਿ ਅਮਰੀਕਾ ‘ਚ ਟਰੰਪ ਜੇਕਰ 300 ਨੌਕਰੀਆਂ ਪੈਦਾ ਕਰਦਾ ਹੈ ਤਾਂ ਉਸਨੂੰ ਵੱਡੀ ਪ੍ਰਾਪਤੀ ਦੱਸਿਆ ਜਾਂਦਾ ਹੈ ਪ੍ਰੰਤੂ ਉਨ੍ਹਾਂ ਨੇ 2003 ‘ਚ 10 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਅਤੇ ਹੁਣ ਫ਼ਿਰ ਚਮਾਰੂ ਵਿਖੇ 25 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।

ਸ੍ਰੀ ਇਬਰਾਹਿਮੀ ਨੇ ਅੰਗਰੇਜ਼ੀ ‘ਚ ਦਿੱਤੇ ਆਪਣੇ ਭਾਵੁਕਤਾ ਭਰਪੂਰ ਭਾਸ਼ਣ ਦੌਰਾਨ ਕਿਹਾ ਕਿ, ”ਉਸਦਾ ਦਿਲ ਪੰਜਾਬ ਤੇ ਪੰਜਾਬੀਆਂ ਦੇ ਪਿਆਰ ਨਾਲ ਭਰਿਆ ਹੋਇਆ ਹੈ, ਜਿਸ ਲਈ ਉਹ ਸੰਗਰੂਰ ‘ਚ ਇੱਕ ਸਕੂਲ ਸਮੇਤ ਇੱਕ ਹੁਨਰ ਵਿਕਾਸ ਕੇਂਦਰ ਵੀ ਖੋਲ੍ਹਣਗੇ ਅਤੇ ਬਾਅਦ ‘ਚ ਉਥੇ ਵੀ ਇੰਡਸਟ੍ਰੀਅਲ ਇਸਟੇਟ ਖੋਲ੍ਹਣ ਸਮੇਤ ਪੰਜਾਬ ਦੇ ਹੋਰਨਾਂ ਖੇਤਰਾਂ ‘ਚ ਵੀ ਨਿਵੇਸ਼ ਕਰਨਗੇ ਅਤੇ ਉਨ੍ਹਾਂ ਲਈ ਟਰੰਪ ਦੀ ਥਾਂ ਪੰਜਾਬ ਲਈ ਪਹਿਲੀ ਤਰਜੀਹ ਹੈ।”

ਸ੍ਰੀ ਫਰੈਡ ਨੇ ਪਿਛਲੀ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦੇ ਇੰਡਸਟ੍ਰੀਅਲ ਅਸਟੇਟ ਵਿਖੇ ਦਿੱਤੇ ਜਾਣ ਵਾਲੇ ਸਮੁੱਚੇ ਲਾਭ ਨਿਵੇਸ਼ਕਾਂ ਨੂੰ ਮਿਲਣਗੇ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਖ਼ੁਦ ਉਦਮੀ ਬਣਨ ਅਤੇ ਆਪਣੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਹੋਰਨਾਂ ਲੋਕਾਂ ਨੂੰ ਵੀ ਰੋਜ਼ਗਾਰ ਪ੍ਰਦਾਨ ਕਰਨ ਅਤੇ ਖੁਸ਼ਹਾਲ ਤੇ ਆਰਥਿਕ ਤੌਰ ‘ਤੇ ਮਜ਼ਬੂਤ ਪੰਜਾਬ ਸਿਰਜਣ ‘ਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਉਹ ਦੁਨੀਆਂ ਭਰ ਦੇ ਨਿਵੇਸ਼ਕਾਂ ਨੂੰ ਤਾਂ ਇੱਥੇ ਲਿਆਉਣਗੇ ਪ੍ਰੰਤੂ ਉਨ੍ਹਾਂ ਦੀ ਪਹਿਲ ਸਥਾਨਕ ਨਿਵੇਸ਼ਕਾਂ ਅਤੇ ਸਥਾਨਕ ਵਾਸੀਆਂ ਲਈ ਹੈ।

ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਅਤੇ ਸ੍ਰੀ ਮਦਨ ਲਾਲ ਜਲਾਲਪੁਰ ਨੇ ਸੰਬੋਧਨ ਕਰਦਿਆਂ ਇਸ ਕੁਆਰਕ ਸਿਟੀ ਪ੍ਰਾਜੈਕਟ ਨੂੰ ਇਲਾਕੇ ਲਈ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਵੱਡੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਸ੍ਰੀ ਕੰਬੋਜ ਅਤੇ ਸ੍ਰੀ ਜਲਾਲਪੁਰ ਨੇ ਪਿਛਲੇ 10 ਸਾਲਾਂ ਦੌਰਾਨ ਇਲਾਕੇ ਨੂੰ ਅਣਗੌਲਾ ਕੀਤੇ ਜਾਣ ਦਾ ਜਿਕਰ ਕਰਦਿਆਂ ਦੱਸਿਆ ਕਿ ਹੁਣ ਇਲਾਕੇ ‘ਚ ਪੀਣ ਵਾਲਾ ਨਹਿਰੀ ਪਾਣੀ, ਸੜਕਾਂ, ਸਿੰਚਾਈ ਲਈ ਬਨੂੜ ਕੈਨਾਲ ਸਮੇਤ ਹੋਰ ਅਣਗਿਣਤ ਪ੍ਰਾਜੈਕਟ ਆ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਕੁਆਰਕ ਸਿਟੀ ਇੰਡਸਟ੍ਰੀਅਲ ਅਸਟੇਟ ਇਸ ਪੱਛੜੇ ਇਲਾਕੇ ਲਈ ਵੱਡਾ ਤੋਹਫ਼ਾ ਸਾਬਤ ਹੋਵੇਗਾ।

ਇਸ ਮੌਕੇ ਚਮਾਰੂ ਇੰਡਸਟ੍ਰੀਅਲ ਅਸਟੇਟ ਵਿਖੇ ਆਪਣੀਆਂ ਸਨਅਤਾਂ ਲਾਉਣ ਵਾਲੇ ਨਿਵੇਸ਼ਕਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਦੌਰਾਨ ਸਰਕਾਰੀ ਸਕੂਲ ਚਮਾਰੂ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਦਿੱਤੀ ਅਤੇ ਕੁਆਰਕ ਸਿਟੀ ਵੱਲੋਂ ਪਿੰਡ ਚਮਾਰੂ ਦੇ ਸਕੂਲ ਦੀਆਂ ਕਰੀਬ 150 ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦੇ ਚੈਕ ਤਕਸੀਮ ਕੀਤੇ ਗਏ ਜਦੋਂਕਿ ਕੁਆਰਕ ਸਿਟੀ ਨੇ ਇਲਾਕੇ ਦੇ 1000 ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ। ਮੰਚ ਸੰਚਾਲਨ ਕੁਆਰਕ ਸਿਟੀ ਦੇ ਸੀਨੀਅਰ ਅਧਿਕਾਰੀ ਸ੍ਰੀ ਰਜੇਸ਼ ਸ਼ਰਮਾ ਨੇ ਕੀਤਾ।

ਇਸ ਮੌਕੇ ਉਦਯੋਗ ਵਿਭਾਗ ਦੇ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ, ਸਾਬਕਾ ਵਿਧਾਇਕ ਸ. ਤਰਲੋਚਨ ਸਿੰਘ ਸੂੰਢ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ, ਨਗਰ ਕੌਂਸਲ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਕੁਲਦੀਪ ਸਿੰਘ ਨੱਸੂਪੁਰ, ਸ੍ਰੀ ਜਗਦੀਸ਼ ਜੱਗਾ, ਸ੍ਰੀ ਫ਼ਕੀਰ ਚੰਦ ਬਾਂਸਲ, ਸ. ਬਲਦੇਵ ਸਿੰਘ ਗੱਦੋਮਾਜਰਾ, ਸ. ਗੁਰਿੰਦਰਪਾਲ ਸਿੰਘ ਦੂਆ, ਡਾ. ਸਰਬਜੀਤ ਸਿੰਘ, ਸ੍ਰੀ ਨਰਿੰਦਰ ਸਹਿਗਲ, ਸ. ਬਲਰਾਜ ਸਿੰਘ, ਹੈਪੀ ਸੇਹਰਾ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਸ. ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸ੍ਰੀ ਕੇ.ਕੇ. ਪੈਂਥੇ, ਡੀ.ਐਸ.ਪੀ. ਸ੍ਰੀ ਅਸ਼ੋਕ ਕੁਮਾਰ ਸਮੇਤ ਪਿੰਡ ਚਮਾਰੂ ਦੇ ਵਸਨੀਕ, ਹਲਕਾ ਰਾਜਪੁਰਾ ਤੇ ਘਨੌਰ ਦੇ ਵੱਡੀ ਗਿਣਤੀ ਵਾਸੀਆਂ ਨੇ ਵੀ ਸਮੂਲੀਅਤ ਕੀਤੀ।

Leave a Reply

Your email address will not be published. Required fields are marked *

%d bloggers like this: