Tue. Jul 23rd, 2019

ਪਿੰਡ ਘਲੋਟੀ ਦੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ

ਪਿੰਡ ਘਲੋਟੀ ਦੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ

ਰਾੜਾ ਸਾਹਿਬ : ਸਬ-ਡਵੀਜ਼ਨ ਪਾਇਲ ਦੇ ਪਿੰਡ ਘਲੋਟੀ ਦੇ ਗੁਰਦੁਆਰਾ ਗੁਰੂ ਰਵਿਦਾਸ ਭਗਤ ਦੇ ਦਰਬਾਰ ਹਾਲ ਵਿਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਜਾਣ ‘ਤੇ ਪਿੰਡ ਦਾ ਮਾਹੌਲ ਗ਼ਮਗੀਨ ਹੋ ਗਿਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਪ੍ਰਬੰਧਕੀ ਕਮੇਟੀ ਵੱਲੋਂ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ।

ਇਸ ਘਟਨਾ ਦਾ ਉਸ ਵੇਲੇ ਪਤਾ ਲੱਗਾ ਜਦੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਅੰਦਰ ਸੇਵਾਦਾਰ ਰਮਨਦੀਪ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਦਰਬਾਰ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰੋਂ ਅੱਗ ਦੀਆਂ ਲਾਟਾਂ ਤੇ ਧੂੰਆਂ ਨਿਕਲ ਰਿਹਾ ਸੀ। ਪ੍ਰਕਾਸ਼ ਅਸਥਾਨ ‘ਤੇ ਇੰਨੀ ਭਿਆਨਕ ਅੱਗ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਮੰਜੀ ਸਾਹਿਬ, ਰੁਮਾਲੇ, ਸਾਊਂਡ ਸਿਸਟਮ, ਬਾਲਫੈਨ ਪੱਖਾ, ਚੰਦੋਆ ਤੋਂ ਇਲਾਵਾ ਹੋਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਜਦਕਿ ਪ੍ਰਕਾਸ਼ ਅਸ਼ਥਾਨ ‘ਤੇ ਉੱਪਰ ਬਣੇ ਸੱਚਖੰਡ ਸਾਹਿਬ ਵਿਖੇ ਬਿਰਾਜਮਾਨ ਗੁਰੂ ਸਾਹਿਬ ਦੇ ਚਾਰ ਸਰੂਪ ਸੁਰੱਖਿਅਤ ਰਹੇ। ਉਹ ਚਾਰੇ ਪਾਵਨ ਸਰੂਪ ਨਜ਼ਦੀਕੀ ਗੁਰਦੁਆਰਾ ਸ੍ਰੀ ਚੋਹਲਾ ਸਾਹਿਬ ਘੁਡਾਣੀ ਕਲਾਂ ਵਿਖੇ ਲਿਜਾਏ ਗਏ ਜਦੋਂਕਿ ਅਗਨ ਭੇਂਟ ਹੋ ਚੁੱਕੇ ਪਾਵਨ ਸਰੂਪ ਦੀ ਰਾਖ ਨੂੰ ਗੁਰਮਰਿਯਾਦਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਲਿਜਾਇਆ ਗਿਆ। ਇਸ ਮੰਦਭਾਗੀ ਘਟਨਾ ਦੀ ਖ਼ਬਰ ਮਿਲਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨਮਾਜਰਾ, ਜਥੇ. ਹਰਪਾਲ ਸਿੰਘ ਜੱਲ੍ਹਾ, ਮੈਨੇਜਰ ਜਗਤਾਰ ਸਿੰਘ ਜੰਡਾਲੀ, ਮੈਨੇਜਰ ਰੇਸ਼ਮ ਸਿੰਘ ਆਲਮਗੀਰ, ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ, ਮੁੱਖ ਗ੍ਰੰਥੀ ਭਾਈ ਅਜਵਿੰਦਰ ਸਿੰਘ ਗੁਰਦੁਆਰਾ ਕਰਮਸਰ ਰਾੜਾ ਸਾਹਿਬ, ਗੁਰਦੁਆਰਾ ਤੱਪੋਬਣ ਢੱਕੀ ਸਾਹਿਬ ਮਕਸੂਦੜਾ ਤੋਂ ਜੱਥਾ, ਭਾਈ ਘਨ੍ਹਈਆ ਜੀ ਸੁਸਾਇਟੀ ਦੇ ਭਾਈ ਜਸਵਿੰਦਰ ਸਿੰਘ ਬਿਲਾਸਪੁਰ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ।

ਇ ਸ ਸਮੇਂ ਐੱਸਪੀਡੀ ਜਸਵੀਰ ਸਿੰਘ ਖੰਨਾ, ਤਹਿਸੀਲਦਾਰ ਹਰਜੀਤ ਸਿੰਘ, ਡੀਐੱਸਪੀ ਪਾਇਲ ਸੁਰਜੀਤ ਸਿੰਘ ਧਨੋਆ, ਐੱਸਐੱਚਓ ਮਨਪ੍ਰੀਤ ਸਿੰਘ ਦਿਉਲ, ਐੱਸਐੱਚਓ ਗੁਰਦੀਪ ਸਿੰਘ ਬਰਾੜ, ਐੱਸਐੱਚਓ ਪਵਨਦੀਪ ਸਿੰਘ ਤੋਂ ਇਲਾਵਾ ਫੋਰੈਂਸਿਕ ਮੋਬਾਈਲ ਟੀਮ ਤੇ ਫਿੰਗਰ ਪ੍ਰਿੰਟ ਟੀਮ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਵਾਪਰੀ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਡੀਐੱਸਪੀ ਪਾਇਲ ਨੇ ਦੱਸਿਆ ਕਿ ਪੁਲਿਸ ਵੱਲੋਂ ਵਾਪਰੀ ਇਸ ਮੰਦਭਾਗੀ ਘਟਨਾ ਦੀ ਹਰ ਪੱਖੋਂ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਸੇ ਗੁਰੂ ਘਰ ਵਿਚ ਭਗਤ ਰਵਿਦਾਸ ਦੀ ਮੂਰਤੀ ਸਥਾਪਿਤ ਕਰਨ ਦਾ ਵਿਵਾਦਿਤ ਮਾਮਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਾ ਸੀ ਜਿਸ ਵੱਲੋਂ ਭੇਜੀ ਪੜਤਾਲੀਆ ਟੀਮ ਦੇ ਭਾਈ ਗੁਰਪ੍ਰੀਤ ਸਿੰਘ, ਭਾਈ ਹਰਪ੍ਰੀਤ ਅਤੇ ਪਰਮਜੀਤ ਸਿੰਘ ਵੱਲੋਂ ਕਮੇਟੀ ਨੂੰ ਰੋਕਿਆ ਗਿਆ ਸੀ ਪਰ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਗੁਰੂ ਘਰ ਦੇ ਮੁੱਖ ਗੇਟ ‘ਤੇ ਮੂਰਤੀ ਸਥਾਪਿਤ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰੂ ਘਰ ਦੀ ਕਮੇਟੀ ਵੱਲੋਂ ਪੁਲਿਸ ਪ੍ਰਸ਼ਾਸਨ ਦੀਆਂ ਵਾਰ-ਵਾਰ ਦਿੱਤੀਆਂ ਹਦਾਇਤਾਂ ਨੂੰ ਅੱਖੋਂ-ਪਰੋਖੇ ਕਰਦਿਆਂ ਸੀਸੀਟੀਵੀ ਕੈਮਰੇ ਵੀ ਬੰਦ ਪਾਏ ਗਏ ਹਨ। ਇਕ ਗੱਲ ਹੋਰ ਵੀ ਸਾਹਮਣੇ ਆਈ ਜੋ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਗੁਰੂ ਘਰ ਦਾ ਪ੍ਰਧਾਨ ਸੌਦਾ ਸਾਧ ਦਾ ਭੰਗੀ ਦਾਸ ਹੈ।

Leave a Reply

Your email address will not be published. Required fields are marked *

%d bloggers like this: